ਭਾਰਤ ਦੀ ਜੀਡੀਪੀ 9.6 ਫੀਸਦ ਡਿੱਗਣ ਦੀ ਪੇਸ਼ੀਨਗੋਈ

Graph showing business decline

ਵਾਸ਼ਿੰਗਟਨ : ਆਲਮੀ ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 9.6 ਫੀਸਦ ਦਾ ਨਿਘਾਰ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਵਾਸ਼ਿੰਗਟਨ ਆਧਾਰਿਤ ਆਲਮੀ ਬੈਂਕ ਨੇ ਕਿਹਾ ਕਿ ਭਾਰਤ ਦੇ ਆਰਥਿਕ ਹਾਲਾਤ ਇਸ ਤੋਂ ਪਹਿਲਾਂ ਇੰਨੇ ਮਾੜੇ ਕਦੇ ਵੀ ਨਹੀਂ ਰਹੇ। ਬੈਂਕ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਰਕੇ ਕੰਪਨੀਆਂ ਅਤੇ ਲੋਕਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਮਹਾਮਾਰੀ ਨੂੰ ਫੈਲਣ ਨੂੰ ਰੋਕਣ ਲਈ ਸਮੁੱਚੇ ਦੇਸ਼ ਵਿੱਚ ਆਇਦ ਕੀਤੀ ਤਾਲਾਬੰਦੀ ਨੇ ਬਲਦੀ ’ਤੇ ਤੇਲ ਪਾਊਣ ਦਾ ਕੰਮ ਕੀਤਾ। ਵਾਸ਼ਿੰਗਟਨ ਆਧਾਰਿਤ ਆਲਮੀ ਰਿਣਦਾਤਾ ਨੇ ਆਲਮੀ ਬੈਂਕ ਤੇ ਕੌਮਾਂਤਰੀ ਮੁਦਰਾ ਫੰਡ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਦੱਖਣੀ ਏਸ਼ੀਆ ਦੇ ਆਰਥਿਕ ਹਾਲਾਤ ਬਾਰੇ ਆਪਣੀ ਸੱਜਰੀ ਰਿਪੋਰਟ ਵਿੱਚ ਖਿੱਤੇ ਵਿੱਚ ਵੱਡਾ ਆਰਥਿਕ ਨਿਘਾਰ ਆਉਣ ਦੀ ਭਵਿੱਖਬਾਣੀ ਕੀਤੀ ਹੈ। ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਸਾਲਾਨਾ 6 ਫੀਸਦ ਦੀ ਦਰ ਨਾਲ ਸਿਖਰ ’ਤੇ ਰਹਿਣ ਮਗਰੋਂ ਸਾਲ 2020 ਵਿੱਚ ਖੇਤਰੀ ਵਿਕਾਸ ਦੇ 7.7 ਫੀਸਦ ਤੱਕ ਡਿੱਗਣ ਦਾ ਖ਼ਦਸ਼ਾ ਹੈ। ਆਲਮੀ ਬੈਂਕ ਨੇ ਇਥੇ ਜਾਰੀ ਰਿਪੋਰਟ ’ਚ ਕਿਹਾ, ‘ਭਾਰਤ ਦੀ ਜੀਡੀਪੀ ਮਾਰਚ ਮਹੀਨੇ ਤੋਂ ਸ਼ੁਰੂ ਹੋੲੇ ਵਿੱਤੀ ਸਾਲ ਵਿੱਚ 9.6 ਫੀਸਦ ਸੁੰਗੜਨ ਦੇ ਆਸਾਰ ਹਨ ਜਦੋਂਕਿ ਸਾਲ 2021 ਵਿੱਚ ਖੇਤਰੀ ਵਿਕਾਸ 4.5 ਫੀਸਦ ਦੀ ਦਰ ਨਾਲ ਵਾਪਸੀ ਕਰੇਗਾ।’ ਆਲਮੀ ਬੈਂਕ ਦੇ ਦੱਖਣ ਏਸ਼ੀਆ ਲਈ ਮੁੱਖ ਅਰਥਸ਼ਾਸਤਰੀ ਹਾਂਸ ਟਿੱਮਰ ਨੇ ਕਿਹਾ, ‘ਭਾਰਤ ਦੇ ਇੰਨੇ ਮਾੜੇ ਆਰਥਿਕ ਹਾਲਾਤ, ਅਸੀਂ ਪਹਿਲਾਂ ਕਦੇ ਨਹੀਂ ਵੇਖੇ। ਭਾਰਤ ਵਿੱਚ ਹਾਲਾਤ ਅਸਾਧਾਰਨ ਹਨ। ਇਹ ਬੜਾ ਭਿਆਨਕ ਨਜ਼ਾਰਾ ਹੈ।’ ਸਾਲ ਦੀ ਦੂਜੀ ਤਿਮਾਹੀ, ਜੋ ਕਿ ਭਾਰਤ ਵਿੱਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਹੈ, ਵਿੱਚ ਜੀਡੀਪੀ ’ਚ 25 ਫੀਸਦ ਦਾ ਨਿਘਾਰ ਆਇਆ ਸੀ। ਆਲਮੀ ਬੈਂਕ ਨੇ ਰਿਪੋਰਟ ਵਿੱਚ ਕਿਹਾ ਕਿ ਕਰੋਨਾਵਾਇਰਸ ਦੇ ਫੈਲਾਅ ਤੇ ਇਸ ਨੂੰ ਰੋਕਣ ਲਈ ਕੀਤੇ ਉਪਰਾਲਿਆਂ ਕਰਕੇ ਸਪਲਾਈ ਤੇ ਮੰਗ ਬੁਰੀ ਤਰ੍ਹਾਂ ਅਸਰਅੰਦਾਜ਼ ਹੋਈ ਹੈ। ਆਲਮੀ ਬੈਂਕ ਮੁਤਾਬਕ ਮੁਦਰਾ ਨੀਤੀ ਨੂੰ ਤੇਜ਼ੀ ਨਾਲ ਲਾਗੂ ਕਰਨ ਸਮੇਤ ਵਿੱਤੀ ਸਰੋਤਾਂ ਨੂੰ ਸਿਹਤ ਤੇ ਸਮਾਜਿਕ ਸੁਰੱਖਿਆ ਜਿਹੇ ਖੇਤਰਾਂ ਵਿੱਚ ਖਰਚਿਆ ਗਿਆ ਹੈ, ਪਰ ਹਾਲਾਤ ਦੇ ਟਾਕਰੇ ਲਈ ਅਜੇ ਵੀ, ਸੋੋਧੇ ਹੋਏ ਦਰਮਿਆਨੀ ਮਿਆਦ ਦੇ ਵਿੱਤੀ ਚੌਖਟੇ ਤਹਿਤ, ਵਾਧੂ ਤੇ ਸਿਲਸਿਲੇਵਾਰ ਊਪਰਾਲਿਆਂ ਦੀ ਲੋੜ ਹੈ।
ਮਹਾਮਾਰੀ ਨੇ ਖਿੱਤੇ ਦੇ ਲੱਖਾਂ ਲੋਕਾਂ ਨੂੰ ਗਰੀਬੀ ’ਚ ਧੱਕਿਆ

ਨਵੀਂ ਦਿੱਲੀ:ਆਲਮੀ ਬੈਂਕ ਦੀ ਰਿਪੋਰਟ ਮੁਤਾਬਕ ਕਰੋਨਾ ਮਹਾਮਾਰੀ ਨੇ ਦੱਖਣੀ ਏਸ਼ੀਆ ਦੇ ਲੱਖਾਂ ਲੋਕਾਂ ਨੂੰ ਸਿਖਰ ਦੀ ਗਰੀਬੀ ਵਿੱਚ ਧੱਕ ਦਿੱਤਾ ਹੈ ਤੇ ਖਿੱਤੇ ਦੀ 25 ਫੀਸਦ ਆਬਾਦੀ ਨੂੰ ਮੰਦੀ ਦੀ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। ਰਿਪੋਰਟ ’ਚ ਚੇਤਾਵਨੀ ਦਿੱਤੀ ਗਈ ਹੈ ਕਿ ਸਰਕਾਰਾਂ ਦੀ ਖਰਚਾ ਕਰਨ ਦੀ ਸੀਮਾ ਨੂੰ ਵਧਾਉਣ ਨਾਲ ਬੈਂਕਿੰਗ ਪ੍ਰਬੰਧ ’ਤੇ ਹੋਰ ਦਬਾਅ ਪਏਗਾ, ਜੋ ਪਹਿਲਾਂ ਹੀ ਡੁੱਬੇ ਕਰਜ਼ਿਆਂ ਦੇ ਭਾਰ ਹੇਠ ਦੱਬਿਆ ਹੋਇਆ ਹੈ।

Leave a Reply

Your email address will not be published. Required fields are marked *