ਟਾਪਦੇਸ਼-ਵਿਦੇਸ਼

   ਆਸਾ ਕੀ ਵਾਰ। ਕੀ ਇਹ ਸਿਰਲੇਖ ਠੀਕ ਹੈ? ਗੁਰਚਰਨ ਸਿੰਘ ਜਿਉਣਵਾਲਾ

ਜਦੋਂ ਹੀ ਕੋਈ ਵਿਆਕਤੀ, ਪ੍ਰਚੱਲਤ ਸਿੱਖ ਧਰਮ ਜਾਂ ਸਿੱਖ ਸਿਧਾਂਤ ਨਾਲ ਸਬੰਧਿਤ ਇਕ-ਅੱਧ ਸਵਾਲ ਉਠਾਉਂਦਾ ਹੈ ਤਾਂ ਇਹ ਗੋਲ ਪੱਗਾਂ ਵਾਲੇ ਰਾਉਲਾ ਪਾਉਂਦੇ ਹਨ ਕਿ ਇਨ੍ਹਾਂ ਨਾਸਤਕਾਂ ਨੇ ਬਾਣੀ ਬਦਲ ਦਿੱਤੀ, ਇਹ ਗੁਰੂ ਗ੍ਰੰਥ ਨੂੰ ਨਹੀਂ ਮੰਨਦੇ, ਬੂ-ਪਹਿਰਿਆ ਕਰਦੇ ਹਨ। ਮੇਰਾ ਇਹ ਮਤਲਬ ਨਹੀਂ ਸਗੋਂ ਉਤਾਰਾ ਕਾਰਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਸਿੱਖ ਸੰਗਤਾਂ ਦੇ ਧਿਆਨ ਗੋਚਰੇ ਕਰਨਾ ਹੈ। ਗੁਰਬਾਣੀ ਦੇ ਰਚੈਤਿਆਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਉਤਾਰਾਕਾਰਾਂ ਨੇ ਬੇਹੱਦ ਗਲਤੀਆਂ ਕੀਤੀਆਂ ਹਨ। ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨਾਂ ਅਤੇ ਹੋਰ ਕਰਿੰਦਿਆਂ ਦੇ ਧਿਆਨ ਵਿਚ ਇਨ੍ਹਾਂ ਗਲਤੀਆਂ ਨੂੰ ਲਿਆਂਦਾ ਗਿਆ ਪਰ ਉਨ੍ਹਾਂ ਨੂੰ ਇਸ ਨਾਲ ਕੀ? ਉਹ ਤਾਂ ਕੁਰਸੀ ਦੇ ਭੁੱਖੇ ਹਨ ਅਤੇ ਸਨ। 1977 ਵਿਚ ਰੀਸਰਚ ਸਕਾਲਰ ਭਾਈ ਰਣਧੀਰ ਸਿੰਘ, ਗਿਆਨੀ ਕੁੰਦਨ ਸਿੰਘ ਅਤੇ ਨਿਹੰਗ ਨਾਹਰ ਸਿੰਘ ਜੀ ਵਲੋਂ ਪਾਠ ਭੇਦਾਂ ਦੀ ਸੂਚੀ ਤਿਆਰ ਕੀਤੀ ਗਈ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਇਕ ਪਾਠ ਭੇਦਾਂ ਦੀ ਸੂਚੀ ਤਿਆਰ ਕੀਤੀ ਪਰ ਉਸ ਵਿਚ ਹਿੰਮਤ ਹੀ ਨਹੀਂ ਪਈ ਕਿ ਉਹ ਉਸ ਨੂੰ ਜੱਗ-ਜ਼ਾਹਰ ਕਰ ਦਿੰਦਾ। ਪਰ ਅੱਜ ਤਕ ਕਿਸੇ ਮੱਖਣ ਖਾਣੇ, ਢਿੱਡ ਵਧਾਣੇ ਅਤੇ ਗੋਲਕ ਤੇ ਮਾਂਜਾ ਫੇਰਨ ਵਾਲੇ ਦੇ ਕੰਨ ਤੇ ਜੂੰ ਨਹੀਂ ਸਰਕੀ।
ਅਜ ਤਕ ਜਿਤਨੇ ਵੀ ਟੀਕੇ (ਉਲੱਥੇ) ਮਿਲੇ ਸਭ ਨੇ ਇਹੀ ਸਿਰਲੇਖ ਲਿਖਿਆ ਜਿਵੇਂ:- ਮਾਝ ਕੀ ਵਾਰ, ਮਲਾਰ ਕੀ ਵਾਰ ਆਦਿ। ਪ੍ਰੋ. ਸਾਹਿਬ ਸਿੰਘ ਜੀ ਦਾ ਮੈਂ ਤਹਿਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਪੰਜਾਬੀ ਦੀ ਵਿਆਕਰਣ ਮੁਤਾਬਕ ਅਰਥ ਕਰਨ ਦਾ ਤਰੀਕਾ ਦੱਸਿਆ। ਪਰ ਵਾਰਾਂ ਦੇ ਸਿਰਲੇਖ ਲਿਖਣ ਵੇਲੇ ਉਨ੍ਹਾਂ ਨੇ ਵੀ ਇਸ ਨੁਕਤੇ ਨੂੰ ਨਹੀਂ ਪਕੜਿਆ ਕਿ ਕਿਹੜਾ ਸਿਰਲੇਖ ਠੀਕ ਤੇ ਕਿਹੜਾ ਗਲਤ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ; ਸਿਰੀ ਰਾਗ ਕੀ ਵਾਰ ਮਹਲਾ 4 ਜਾਂ ਮਾਝ ਕੀ ਵਾਰ ਮਹਲਾ 1 ਜਾਂ ਵਾਰ ਮਾਝ ਕੀ ਮਹਲਾ 1, ਰਾਗ ਗੂਜਰੀ ਵਾਰ ਮਹਲਾ 5 (ਮੰਗਲ) ਆਦਿ ਤਾਂ ਸਿਰੀ ਰਾਗ, ਮਾਝ ਅਤੇ ਗੂਜਰੀ ਵਾਰਾਂ ਦੇ ਕਰਤੇ /ਲਿਖਾਰੀ ਬਣ ਜਾਂਦੇ ਹਨ ਪਰ ਇਹ ਤਾਂ ਰਾਗਾਂ ਦੇ ਨਾਮ ਹਨ। ਪਰ ਜਦੋਂ ਹੀ ਅਸੀਂ ਸਿਰੀਰਾਗ ਕੀ ਵਾਰ ਲਿਖਾਂਗੇ ਤਾਂ ਸਿਰੀਰਾਗ ਇਸ ਵਾਰ ਦਾ ਕਰਤਾ ਬਣ ਜਾਂਦਾ ਹੈ ਜਦੋਂ ਕਿ ਕਰਤਾ ਮਹਲਾ 4 । ਇਸੇ ਹੀ ਤਰ੍ਹਾਂ ‘ਮਾਝ’ ਕੀ ਵਾਰ ਦਾ ਕਰਤਾ ਤਾਂ ਗੁਰੂ ਨਾਨਕ ਪਾਤਸ਼ਾਹ ਹਨ ਪਰ ‘ਮਾਝ’ ਕੀ ਵਾਰ ਲਿਖਣ ਨਾਲ ‘ਮਾਝ’ ਇਸ ਵਾਰ ਦਾ ਕਰਤਾ ਸਮਝਿਆ ਜਾ ਸਕਦਾ ਹੈ ਜਦੋਂ ਕਿ ਮਾਝ ਜਾਂ ਸਿਰੀਰਾਗ ਰਾਗਾਂ ਦੇ ਨਾਮ ਹਨ ਕਿਸੇ ਲਿਖਾਰੀ ਦੇ ਨਹੀਂ। ਅੱਜ ਦੇ ਛਪਾਈ ਵਾਲੇ ਸਰੂਪ ਦੇ 508 ਪੰਨੇ ਤੇ ਗੂਜਰੀ ਕੀ ਵਾਰ ਮਹਲਾ 3 (ਧੁਨੀ) ਲਿਖਿਆ ਹੋਇਆ ਅਤੇ 517 ਪੰਨੇ ਤੇ ਰਾਗ ਗੂਜਰੀ ਵਾਰ ਮਹਲਾ 5 (ਮੰਗਲ)। ਸਿਰਲੇਖ ਠੀਕ ਹੋਣ ਦੇ ਬਾਵਜੂਦ ਵੀ ਗਲਤ ਹੈ ਕਿਉਂਕਿ ਮੰਗਲਾਚਰਣ ਪਹਿਲਾਂ ਹੋਣਾ ਚਾਹੀਦਾ ਹੈ।
ਪੰਨਾ 966 ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ ਦੇ ਸਿਰਲੇਖ ਬਾਰੇ ਪਾਠ ਭੇਦਾਂ ਦੀ ਸੂਚੀ ਵਾਲੇ ਰਣਧੀਰ ਸਿੰਘ ਜੀ ਇਸ ਬਾਰੇ ਚੁੱਪ ਹਨ। ਜ਼ਰਾ ਕੁ ਧਿਆਨ ਨਾਲ ਪੜ੍ਹੀਏ ਤਾਂ ਪਤਾ ਚੱਲਦਾ ਹੈ ਕਿ ‘ਆਖੀ’ ਦਾ ਮਤਲਬ ਗਾਇਣ ਕੀਤੀ ਨਾ ਕਿ ‘ਲਿਖੀ’। 947 ਪੰਨੇ ਤੇ ਮਹਲਾ 3 ਦੀ ਵਾਰ ਅਤੇ 957 ਪੰਨੇ ਤੇ ਮਹਲਾ 5 ਦੀ ਰਾਮਕਲੀ ਦੀ ਵਾਰ ਹੈ।  ਪੰਨਾ 966 ਤੇ ਜਿਸ ਵਾਰ ਦਾ ਸਿਰਲੇਖ ਹੈ ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ। ਇਸ ਤੋਂ ਬਾਅਦ ਪੰਨਾ 968 ਤੇ ਲਿਖਿਆ ਹੈ ਰਾਮਕਲੀ ਬਾਣੀ ਭਗਤਾ ਕੀ॥ ਕਬੀਰ ਜੀਉ ॥ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਵਿਧੀ ਮੁਤਾਬਕ ਗੁਰੂ ਸਹਿਬਾਨ ਅਤੇ ਭਗਤ ਜਨਾਂ ਦੀ ਬਾਣੀ ਦੇ ਵਿਚਕਾਰ ਕਿਸੇ ਹੋਰ ਸਿੱਖ ਜਾਂ ਗੁਰਸਿੱਖ ਦੀ ਬਾਣੀ ਨਹੀਂ ਮਿਲਦੀ। ਹੋਰ ਅੱਗੇ ਚੱਲੀਏ ਤਾਂ ਪੰਨਾ 1086 ਤੇ ਮਾਰੂ ਵਾਰ ਮਹਲਾ 3 (ੴ ਸਤਿਗੁਰ ਪ੍ਰਸਾਦਿ) ਅਤੇ ਮਾਰੂ ਵਾਰ ਮਹਲਾ 5 (ੴਸਤਿਗੁਰ ਪ੍ਰਸਾਦਿ)। ਇਨ੍ਹਾਂ ਦੋਹਾਂ ਸਿਰਲੇਖਾਂ ਵਿਚ ‘ਕੀ’ ਨਹੀਂ ਲਿਖਿਆ ਗਿਆ। 1237 ਪੰਨੇ ਤੇ ਸਾਰੰਗ  ਕੀ ਵਾਰ ਮਹਲਾ 4 ੴ ਸਤਿਗੁਰ ਪ੍ਰਸਾਦਿ ਅਤੇ 1278 ਪੰਨੇ ਤੇ ਵਾਰ ਮਲਾਰ ਕੀ ਮਹਲਾ 1 ( ਧੁਨੀ)। ਪਰ 1237 ਪੰਨੇ ਬਾਰੇ ਪਾਠ ਭੇਦਾਂ ਦੀ ਸੂਚੀ ਸਾਨੂੰ ਇਹ ਦੱਸਦੀ ਹੈ ‘ੴਸਤਿਗੁਰ ਪ੍ਰਸਾਦਿ ਰਾਗ ਸਾਰੰਗ ਮਹਲਾ 4 ਵਾਰ ਸਲੋਕਾਂ ਨਾਲਿ। ਕਿਤੇ ਕਿਤੇ ਸਲੋਕਾਂ ਅਤੇ ਕਿਤੇ ਕਿਤੇ ਸਲੋਕਾ ਲਿਖਿਆ ਮਿਲਦਾ ਹੈ। ਇਹ ਵਖਰੇਵਾਂ ਨਹੀਂ ਹੋਣਾ ਚਾਹੀਦਾ।
ਇਸ ਸਾਰੇ ਪੁਆੜੇ ਦੀ ਜੜ ਹੈ ‘ਸੰਤ ਕਰਤਾਰ ਸਿੰਘ’ ਜੋ ਸੱਤ ਵਿਸ਼ੇਸ਼ਣਾਂ ਵਾਲੇ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਤੋਂ ਵਰੋਸਾਇਆ ਹੋਇਆ, ਇਕ ਉਜੱਡ ਮਨੁੱਖ ਸੀ। ਖਾਲਸਾ ਜੀਵਨ ਅਤੇ ਗੁਰਮਤਿ ਰਹਿਤ ਮਰਯਾਦਾ ਦੇ ਪੰਨਾ 61 ਤੇ ਲਿਖਦਾ ਹੈ ਕਿ 1965 ਵਿਚ ਮੰਗਲਾਂ ਦੀ ਸੁਧਾਈ ਕਰਨ ਦਾ ਕੰਮ ਸੱਚਖੰਡਿ ਵਾਸੀ ‘ਖਾਲਸਾ’ ਜੀ ਨੇ ਆਪਣੇ ਜੁੰਮੇ ਲਾਇਆ। ਸੰਤ ਕਰਤਾਰ ਸਿਆਂ ਭਲਾ ਤੈਨੂੰ ਕੋਈ ਪੁੱਛਣ ਵਾਲਾ ਹੋਵੇ ਕੀ ਤੂੰ ਇਹ ਵੇਖ ਕੇ ਆਇਆ ਹੈਂ ਕਿ ਗੁਰਬਚਨ ਸਿੰਘ ਅਖਾੜੇ ਵਾਲਾ ਸਚਿ ਖੰਡਿ ਵਿਚ ਬੈਠਾ ਹੈ? ਪਰ ਗੁਰਬਾਣੀ ਤਾਂ ਇਸ ਤਰ੍ਹਾਂ ਦੇ ਕਿਸੇ ਸਚਿ ਖੰਡ ਨੂੰ ਮੰਨਦੀ ਹੀ ਨਹੀਂ ਫਿਰ ਤੁਸੀਂ ਕਿਹੜਾ ਸਚਿ ਖੰਡ ਕਿਸੇ ਸੱਤਵੇਂ ਅਕਾਸ਼ ਵਿੱਚ ਦੇਖ ਲਿਆ। ਇਹ ਪਹਿਲੀ ਵਾਰੀ ਸੀ ਜਦੋਂ ਸ਼੍ਰੋ.ਗੁ.ਪ. ਕਮੇਟੀ ਅੰਮ੍ਰਿਤਸਰ ਨੇ, ਸੰਤ ਸਮਾਜ, ਭਿੰਡਰਾਂ ਵਾਲੀ ਟਕਸਾਲ, ਦੇ ਮੂਹਰੇ ਗੋਡੇ ਟੇਕੇ। ਇਨ੍ਹਾਂ ਨੇ ਗੋਲਡਨ ਆਫ ਸੈਟ ਪ੍ਰਿਟਿੰਗ ਪਰੈਸ ਆਪਣੇ ਲੱਠ ਮਾਰ, ਗੁੰਡਾ ਟੋਲੇ, ਕੋਲੋਂ ਭੰਨਵਾਈ ਤੇ ਆਪਣੀ ਗੱਲ ਮਨਾਉਣ ਵਿਚ ਕਾਮਯਾਬ ਹੋਏ। ਅਸਲ ਵਿਚ ਇਨ੍ਹਾਂ ਨੇ ਮੰਗਲ ਸੁੱਧ ਨਹੀਂ ਕੀਤੇ ਸਗੋਂ ਵਿਗਾੜੇ। 1960-62 ਵਿਚ ਪਦ-ਸ਼ੇਦ ਬੀੜਾਂ ਦੀ ਛਪਾਈ ਸ਼ੁਰੂ ਹੋਈ। ਇਹ ਸੰਤ ਟੋਲਾ ਉਦੋਂ ਤੋਂ ਹੀ ਭੂਸਰੇ ਹੋਏ ਸਾਹਨ ਵਾਂਗਰ ਇਕੱਤ੍ਰਤਾਵਾਂ ਕਰਦਾ ਫਿਰਦਾ ਸੀ ਅਤੇ ਪਦ-ਸ਼ੇਦ ਹੋਣ ਦਾ ਵਿਰੋਧ ਵੀ ਕਰਦਾ ਸੀ। ਪ੍ਰੋ. ਉਦੇ ਸਿੰਘ ਕਨੇਡਾ ਵਾਲਾ, ਜੋ ਰਣਧੀਰ ਸਿੰਘੀਆ ਸੀ, ਤਾਂ ਪਦ-ਸ਼ੇਦ ਸਰੂਪ ਨੂੰ ਆਪਣਾ ਗੁਰੂ ਹੀ ਨਹੀਂ ਮੰਨਦਾ ਸੀ। ਕਹਿੰਦਾ ਸੀ ਕਿ ਜਿਵੇਂ ਗੁਰੂ ਸਾਹਿਬ ਲਿਖ ਗਏ ਹਨ ਸਾਨੂੰ ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹਰ ਕੋਈ ਆਪਣੇ ਆਪਣੇ ਘਰ ਬੈਠ ਕੇ ਪਾਠ ਕਰਨਾ ਸਿੱਖ ਜਾਵੇਗਾ ਤਾਂ ਇਨ੍ਹਾਂ ਨੂੰ ਪੱਠੇ ਕੌਣ ਪਾਵੇਗਾ? ਹੁਣ ਤੁਸੀਂ ਵੇਖ ਹੀ ਲਿਆ ਹੈ ਕਿ ਕਿਤੇ ਮੰਗਲ ਅੱਗੇ ਕਿਤੇ ਮੰਗਲ ਪਿੱਛੇ। ਜਦੋਂ ਕਿ, ਮੰਗਲ ਚਾਹੇ ਛੋਟਾ ਹੋਵੇ ਚਾਹੇ ਪੂਰਾ, ਮੰਗਲ (ਪ੍ਰਮਾਤਮਾ ਦੀ ਉਸਤੱਤ) ਸਭ ਤੋਂ ਪਹਿਲਾਂ ਹੀ ਲਿਖਿਆ ਹੋਣਾ ਚਹੀਦਾ ਹੈ।  ਸੱਠਵਿਆਂ ਵਿਚ ਜਦੋਂ ਅਸੀਂ ਆਨੇ ਵਾਲੇ ਕਾਰਡ ਤੇ ਕਿਸੇ ਰਿਸ਼ਤੇਦਾਰ ਨੂੰ ਚਿੱਠੀ ਲਿਖਦੇ ਸੀ ਤਾਂ ੴ ਸਤਿਗੁਰ ਪ੍ਰਸਾਦਿ ਸਭ ਤੋਂ ਉਪਰ ਲਿਖਦੇ ਸੀ। ਇਹ ਸੇਧ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਵਿਧੀ ਤੋਂ ਪ੍ਰਾਪਤ ਹੋਈ ਸੀ।
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 462, ਰਾਗ ਆਸਾ ‘ਚ ਦਰਜ ਗੁਰੂ ਨਾਨਕ ਪਿਤਾ ਦੀ ਵਾਰ ਦਾ ਸਿਰਲੇਖ ਇਉਂ ਹੈ। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ॥ ਜੇਕਰ ਧੁਨੀ ਨੂੰ ਛੱਡ ਦੇਈਏ ਤਾਂ ਇਸ ਵਾਰ ਦਾ ਸਿਰਲੇਖ ਬਿਲਕੁੱਲ੍ਹ ਠੀਕ ਹੈ। ਪਰ ਸਾਡੇ ਟੀਕਾਕਾਰਾਂ ਤੇ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਬੇਵਕੂਫਾਂ ਨੇ ਆਪਣੀਆਂ ਕਿਤਾਬਾਂ ਵਿੱਚ ਬਾਰ ਬਾਰ ਆਸਾ ਕੀ ਵਾਰ, ਆਸਾ ਕੀ ਵਾਰ ਲਿਖ ਕੇ ਸਾਨੂੰ ਪੱਕਾ ਕਰਾ ਦਿੱਤਾ ਹੈ ਕਿ ਇਹ ਵਾਰ ‘ਆਸਾ ਕੀ ਵਾਰ’ ਹੀ ਹੈ ਜਾਣੀ ਇਸ ਵਾਰ ਦਾ ਕਰਤਾ ਆਸਾ ਹੈ। ਗੁਰੂ ਪਿਆਰੇ ਸੱਜਣੋ! ਆਸਾ ਤਾਂ ਰਾਗ ਦਾ ਨਾਮ ਹੈ ,ਆਸਾ ਲਿਖਾਰੀ ਨਹੀਂ। ਇਸ ਵਾਰ ਦੇ ਲਿਖਾਰੀ ਗੁਰੂ ਨਾਨਕ ਪਿਤਾ ਜੀ ਹਨ।
ਅੱਗੇ ਦਿੱਤੀਆਂ ਫੋਟੋ ਸਾਫ ਜ਼ਾਹਰ ਕਰਦੀਆਂ ਹਨ ਕਿ ਕਿਵੇਂ ਸਿਰਲੇਖ ਬਦਲੀ ਕੀਤੇ ਗਏ ਹਨ। ਪਟਿਆਲਾ ਯੂਨੀਵਸਿਟੀ ਦੇ ਰਾਗਾਂ ਦੇ ਮਾਹਰ ਡਾ. ਗੁਰਨਾਮ ਸਿੰਘ ਜੀ ਨੂੰ ਇਕੋ ਸਵਾਲ ਕੀਤਾ ਸੀ ਕਿ ਸਾਨੁੰ ਕਿਵੇਂ ਪਤਾ ਚੱਲੂਗਾ ਕਿ ਕੋਈ ਰਾਗੀ “ ਰਾਗ ਆਸਾ ਵਿਚ ਲਿਖੀ ਗੁਰੂ ਨਾਨਕ ਪਿਤਾ ਦੀ ਵਾਰ ਨੂੰ” ਹੁਣ ਰਾਗ ਆਸਾ ਵਿਚ ਗਾ ਰਿਹਾ ਹੈ ਜਾਂ ਟੁੰਡੇ ਅਸ ਰਾਜੇ ਕੀ ਧੁਨੀ ਵਿਚ ਗਾ ਰਿਹਾ ਹੈ? ਉਸ ਕੋਲ ਕੋਈ ਠੋਸ ਦਲੀਲ ਨਹੀਂ ਸੀ। ਕੀ ਰਾਗ ਆਸਾ ਅਤੇ ਟੁੰਡੇ ਅਸ ਰਾਜੇ ਕੀ ਧੁਨੀ ਸਮਿਲਤ ਹੋ ਸਕਦੀਆਂ ਹਨ ਜਾਂ ਇਕੋ ਹੀ ਹਨ? ਜਦੋਂ ਇਹ ਵਾਰ ਆਸਾ ਰਾਗ ਵਿਚ ਦਰਜ ਕੀਤੀ ਗਈ ਹੈ ਤਾਂ ਫਿਰ ਧੁਨੀ ਲਾਉਣ ਦਾ ਕੀ ਮਤਲਬ? ਇਹ ਸਵਾਲ ਹਰੇਕ ਕਹਿੰਦੇ ਕਹਾਉਂਦੇ ਰਾਗਾਂ ਦੇ ਮਾਹਰ ਨੂੰ ਕਰੋ ਤਾਂ ਕਿ ਸਾਨੂੰ ਠੀਕ-ਠੀਕ ਜਵਾਬ ਮਿਲ ਸਕੇ।

Leave a Reply

Your email address will not be published. Required fields are marked *

Share via
Copy link