ਟਾਪਪੰਜਾਬ

ਕਿਸਾਨਾਂ ਦੀਆਂ ਤਬਾਹ ਹੋਈਆਂ ਫ਼ਸਲਾਂ ਅਤੇ ਘਰਾਂ ਦਾ ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ: ਝਿੰਜਰ

ਘਨੌਰ-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਅੱਜ ਘਨੌਰ ਹਲਕੇ ਦੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕੀਤਾ। ਝਿੰਜਰ ਨੇ ਦੱਸਿਆ ਕਿ 2023 ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਕੋਈ ਸਬਕ ਨਹੀਂ ਲਿਆ। 2 ਸਾਲ ਹੋ ਗਏ ਪਰ ਘੱਗਰ ਦਰਿਆ ਉੱਤੇ ਬੰਨ੍ਹ ਨਹੀਂ ਬਣਾਇਆ ਗਿਆ, ਜਿਸ ਕਾਰਨ ਹੁਣ ਦੁਬਾਰਾ ਦਰਜਨ ਤੋਂ ਵੱਧ ਪਿੰਡਾਂ ਨੂੰ ਪਾਣੀ ਦੀ ਮਾਰ ਝੱਲਣੀ ਪਈ।

ਝਿੰਜਰ ਨੇ ਦੱਸਿਆ ਕਿ ਘਨੌਰ ਹਲਕੇ ਦੇ 24 ਦੇ ਕਰੀਬ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ ਹਨ, ਜਿਨ੍ਹਾਂ ਵਿੱਚੋਂ 13 ਤੋਂ ਵੱਧ ਪਿੰਡਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਿੰਡਾਂ ਦਾ ਦੌਰਾ ਕਰ ਕੇ ਜਦੋਂ ਹੜ੍ਹ ਪੀੜਤ ਪਰਿਵਾਰਾਂ ਦੀ ਹਾਲਤ ਦੇਖੀ, ਤਾਂ ਮਨ ਬਹੁਤ ਦੁਖੀ ਹੋਇਆ।

ਸਰਬਜੀਤ ਝਿੰਜਰ ਨੇ ਸਿੱਧਾ ਇਲਜ਼ਾਮ ਲਾਇਆ ਕਿ “ਪੰਜਾਬ ਸਰਕਾਰ ਅਤੇ ਦਿੱਲੀ ਦੇ ਨਾਟਕਬਾਜ਼ ਕੇਜਰੀਵਾਲ ਨੇ ਪੰਜਾਬ ਨੂੰ ਸਿਰਫ਼ ਝੂਠੇ ਵਾਅਦੇ ਦਿੱਤੇ ਹਨ, ਪਰ ਜ਼ਮੀਨੀ ਹਕੀਕਤ ‘ਚ ਕਿਸੇ ਵੀ ਪੀੜਤ ਦੀ ਕੋਈ ਸੁਣਵਾਈ ਨਹੀਂ ਹੋਈ।”ਉਨ੍ਹਾਂ ਨੇ ਕਿਹਾ ਕਿ “ਘੱਗਰ ਦੀ ਸਮੱਸਿਆ ‘ਤੇ ਸਿਆਸਤ ਨਹੀਂ, ਕੰਮ ਹੋਣਾ ਚਾਹੀਦਾ ਸੀ। ਪਰ ਮੌਜੂਦਾ ਸਰਕਾਰ ਨੇ ਅਜੇ ਤੱਕ ਨਾ ਕੋਈ ਲੰਮੀ ਰਣਨੀਤੀ ਬਣਾਈ, ਨਾ ਹੀ ਪੱਕੇ ਇੰਤਜ਼ਾਮ ਕੀਤੇ।”

ਝਿੰਜਰ ਨੇ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਿੰਡ ਜੰਡ ਮੰਗੋਲੀ, ਸੰਜਰਪੁਰ ਤੇ ਕਾਮੀ ਖ਼ੁਰਦ ਤੇ ਹੋਰ ਵੱਖ-ਵੱਖ ਪਿੰਡਾਂ ਵਿੱਚ ਪੀੜਤ ਪਰਿਵਾਰਾਂ ਨੂੰ ਤੁਰੰਤ ਤਰਪਾਲਾਂ, ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ।

ਝਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ਼ ਕਸਦਿਆਂ ਕਿਹਾ ਕਿ ਭਗਵੰਤ ਮਾਨ ਸਾਬ੍ਹ ਜੀ, ਤੁਸੀਂ ਹਾਲ ਹੀ ਵਿੱਚ ਆਪਣੀ ਹੀ ਪਾਰਟੀ ਦੀ ਇੱਕ ਬੀਬੀ ਨਾਲ ਹਮਦਰਦੀ ਜਤਾਉਣ ਵਾਲਾ ਸਕਰਿਪਟਡ ਡਰਾਮਾ ਕੀਤਾ, ਪਰ ਸਾਡਾ ਸਵਾਲ ਹੈ – ਕੀ ਇਹ ਹਮਦਰਦੀ ਸਿਰਫ਼ ਕੈਮਰੇ ਲਈ ਸੀ? ਜੇ ਅਸਲ ਦਰਦ ਦੇਖਣਾ ਹੈ ਤਾਂ ਕਿਰਪਾ ਕਰ ਕੇ ਜੰਡ ਮੰਗੋਲੀ ਪਿੰਡ ਆ ਕੇ ਵੇਖੋ। ਇਸ ਪਿੰਡ ‘ਚ ਲਗਭਗ 100 ਘਰ ਹਨ ਜਿੱਥੇ ਹਾਲੀਆ ਹੜ੍ਹਾਂ ਕਾਰਨ 5-5 ਫੁੱਟ ਪਾਣੀ ਚੜ ਗਿਆ ਸੀ। ਇਨ੍ਹਾਂ ਘਰਾਂ ਨੂੰ ਇੱਥੋਂ ਦੇ ਲੋਕਾਂ ਨੇ ਨਰੇਗਾ ‘ਚ ਦਿਹਾੜੀਆਂ ਕਰ-ਕਰ ਕੇ ਸਿਰਜਿਆ ਸੀ। ਘਰਾਂ ‘ਚ ਤਰੇੜਾਂ ਪੈ ਗਈਆਂ ਹਨ, ਤੇ ਬੀਬੀਆਂ ਧਾਹਾਂ ਮਾਰ ਰਹੀਆਂ ਹਨ। ਤੁਸੀਂ ਸਿਆਸੀ ਸ਼ੋਅ ਤੋਂ ਉੱਪਰ ਉੱਠ ਕੇ ਜ਼ਮੀਨੀ ਹਕੀਕਤ ਨੂੰ ਵੇਖੋ ਅਤੇ ਪ੍ਰਭਾਵਤ ਪਰਿਵਾਰਾਂ ਦੀ ਤੁਰੰਤ ਮਦਦ ਕਰੋ।

ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾ ਲੋਕਾਂ ਦੀ ਭਲਾਈ ਲਈ ਤਤਪਰ ਰਹੇ ਹਨ। ਜਦੋਂ ਵੀ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਜਾਂ ਹੜ੍ਹ ਆਉਂਦਾ ਹੈ, ਉਹ ਸਦੀਵੀ ਤੌਰ ‘ਤੇ ਪੀੜਤ ਪਰਿਵਾਰਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਹੜ੍ਹ ਪੀੜਤਾਂ ਦੀ ਤੁਰੰਤ ਸਹਾਇਤਾ ਕਰਨਾ, ਉਨ੍ਹਾਂ ਲਈ ਰਾਹਤ ਸਮੱਗਰੀ ਭੇਜਣਾ, ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਕਰਵਾਉਣਾ ਅਤੇ ਪੀੜਤਾਂ ਲਈ ਆਵਾਜ਼ ਚੁੱਕਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੀ ਹੈ। ਉਹ ਸਿਰਫ਼ ਬਿਆਨਬਾਜ਼ੀ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਮੈਦਾਨ ‘ਚ ਉਤਰ ਕੇ ਪੀੜਤਾਂ ਨਾਲ ਸਿੱਧਾ ਸੰਪਰਕ ਕਰਦੇ ਹਨ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਹਰ ਸੰਭਵ ਮਦਦ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਦੀ ਇਹ ਮਨੁੱਖਤਾ ਭਰੀ ਸੋਚ ਤੇ ਜਨਸੇਵਾ ਦੀ ਭਾਵਨਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੀ ਹੈ।

ਝਿੰਜਰ ਨੇ ਮੰਗ ਕੀਤੀ ਕਿ ਬੰਨ੍ਹ ਦਾ ਨਿਰਮਾਣ ਕਾਰਜ ਅਤੇ ਹੜ੍ਹ ਪੀੜਤਾਂ ਲਈ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੇ ਘਰ, ਫਸਲਾਂ ਅਤੇ ਜਾਨੋ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮਾਮਲੇ ‘ਚ ਪੰਜਾਬ ਸਰਕਾਰ ਦੀ ਅਣਦੇਖੀ ਅਤੇ ਢਿੱਲੇਪਣ ਨੂੰ ਲੈ ਕੇ ਉਨ੍ਹਾਂ ਨੇ ਗੰਭੀਰ ਚਿੰਤਾ ਜਤਾਈ।ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਲੀਗਲ ਸੈੱਲ ਦੇ ਇੰਚਾਰਜ ਅਰਸ਼ਦੀਪ ਸਿੰਘ ਕਲੇਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਕਬੂਲਪੁਰ, ਸਤਨਾਮ ਸਿੰਘ ਜੰਡ ਮੰਗੋਲੀ, ਗੁਰਜੰਟ ਸਿੰਘ ਮਹਿਦੂਦਾ, ਪਰਮਿੰਦਰ ਸਿੰਘ ਭੰਗੂ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ।

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੁਰੰਤ ਕਾਰਵਾਈ ਨਹੀਂ ਕਰਦੀ, ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਪੱਧਰ ‘ਤੇ ਵੱਡਾ ਅੰਦੋਲਨ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਅਸੀਂ ਆਪਣਾ ਫ਼ੈਸਲਾ ਰਜ ਸਮਝਦੇ ਹਾਂ ਅਤੇ ਜਦ ਤੱਕ ਹੜ੍ਹ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਚੁੱਪ ਨਹੀਂ ਬੈਠਾਂਗੇ।

Leave a Reply

Your email address will not be published. Required fields are marked *