ਟਾਪਭਾਰਤ

ਕੌਰ ਤੋਂ ਖਾਨ : ਸਿੱਖ ਬੇਟੀਆਂ ਦੀ ਪਹਿਚਾਣ ਅਤੇ ਸੁਰੱਖਿਆ ਸਾਹਮਣੇ ਖੜੀ ਵਿਸ਼ਵ ਚੁਣੌਤੀ। : ਪ੍ਰੋ. ਸਰਚਾਂਦ ਸਿੰਘ ਖਿਆਲਾ

ਪਿਛਲੇ ਕੁਝ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ, ਖ਼ਾਸ ਕਰਕੇ ਬ੍ਰਿਟੇਨ ਅਤੇ ਪਾਕਿਸਤਾਨ ਵਿੱਚ ਸਾਹਮਣੇ ਆ ਰਹੀਆਂ ਕੁਝ ਘਟਨਾਵਾਂ ਨੇ “K2K” ਅਰਥਾਤ “ਕੌਰ ਤੋਂ ਖਾਨ” ਦੀ ਚਰਚਾ ਨੂੰ ਮੁੜ ਕੇਂਦਰ ਵਿੱਚ ਲਿਆ ਦਿੱਤਾ ਹੈ। ਮੁਟਿਆਰ ਸਿੱਖ ਕੁੜੀਆਂ ਨੂੰ ਪਹਿਲਾਂ ਪਿਆਰ ਅਤੇ ਭਰੋਸੇ ਦੇ ਜਾਲ ਵਿੱਚ ਫਸਾ ਕੇ, ਗਰੂਮਿੰਗ, ਬਲੈਕਮੇਲ ਅਤੇ ਫਿਰ ਮਨੋਵਿਗਿਆਨਕ ਦਬਾਅ ਅਤੇ ਧਾਰਮਿਕ ਪ੍ਰਭਾਵ ਰਾਹੀਂ ਉਨ੍ਹਾਂ ਦੀ ਪਹਿਚਾਣ ਬਦਲਣ ਦੀ ਕੋਸ਼ਿਸ਼ ਨਾਲ ਜੁੜੇ ਇਹ ਮਾਮਲੇ ਕੇਵਲ ਧਾਰਮਿਕ ਪਹਿਚਾਣ ਹੀ ਨਹੀਂ, ਸਗੋਂ ਮਹਿਲਾ ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਨੈਤਿਕਤਾ ਲਈ ਵੀ ਗੰਭੀਰ ਪ੍ਰਸ਼ਨ ਖੜ੍ਹੇ ਕਰ ਰਹੇ ਹਨ।
ਨੌਜਵਾਨ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਗਰੂਮਿੰਗ ਗੈਂਗਾਂ ਦੇ ਪਿੱਛੇ ਕੁਝ ਇਸਲਾਮਿਕ ਕੱਟੜਪੰਥੀਆਂ ਦੀ ਭੂਮਿਕਾ ਬਾਰੇ ਸ਼ਨਾਖ਼ਤ ਇੱਕ ਗੰਭੀਰ ਵਿਸ਼ਵ ਪੱਧਰੀ ਚਿੰਤਾ ਦਾ ਵਿਸ਼ਾ ਹੈ।
ਇਹਨਾਂ ਮਾਮਲਿਆਂ ਨੇ ਸਾਨੂੰ ਇੱਕ ਹੋਰ ਗੰਭੀਰ ਸਚਾਈ ਵੱਲ ਧਿਆਨ ਦਿਵਾਇਆ ਹੈ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਨੌਜਵਾਨ ਪੀੜ੍ਹੀ ਸਿਰਫ਼ ਸਮਾਜਕ ਜਾਂ ਧਾਰਮਿਕ ਚੁਨੌਤੀਆਂ ਨਾਲ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਦੀਆਂ ਖ਼ਤਰਨਾਕ ਚਾਲਾਂ ਨਾਲ ਵੀ ਸਾਹਮਣਾ ਕਰ ਰਹੀ ਹੈ।
ਇੱਕ ਘਟਨਾ, ਜੋ ਜਨਵਰੀ 2026 ਵਿੱਚ ਬ੍ਰਿਟੇਨ ਦੇ ਪੱਛਮੀ ਲੰਡਨ ਵਿੱਚ ਵਾਪਰੀ, ਜਿਸ ਨੇ ਇਸ ਚਿੰਤਾ ਨੂੰ ਹੋਰ ਗਹਿਰਾ ਕਰ ਦਿੱਤਾ। ਲਗਭਗ ਦੋ ਸੌ ਬ੍ਰਿਟਿਸ਼ ਸਿੱਖ ਇੱਕ 16 ਸਾਲਾ ਕੁੜੀ ਨੂੰ ਬਚਾਉਣ ਲਈ ਇਕੱਠੇ ਹੋਏ, ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਸ ਨੂੰ ਇੱਕ 34 ਸਾਲਾ ਵਿਅਕਤੀ ਨੇ ਹਾਊਨਸਲੋ ਦੇ ਇੱਕ ਫਲੈਟ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਕਈ ਸਾਲਾਂ ਤੋਂ ਮਨੋਵਿਗਿਆਨਕ ਤਰੀਕਿਆਂ ਨਾਲ ਉਸ ‘ਤੇ ਧਰਮ ਪਰਿਵਰਤਨ ਲਈ ਦਬਾਅ ਬਣਾਇਆ ਜਾ ਰਿਹਾ ਸੀ।
ਜਿਵੇਂ ਹੀ ਇਸ ਘਟਨਾ ਨਾਲ ਸੰਬੰਧਿਤ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, “K2K” ਵਾਲਾ ਮੁੱਦਾ ਮੁੜ ਚਰਮ ਸੀਮਾ ’ਤੇ ਆ ਗਿਆ। ਇਹ ਵੀ ਬਹੁਤ ਹੀ ਚਿੰਤਾਜਨਕ ਹੈ ਕਿ ਕਈ ਮੌਕਿਆਂ ‘ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਮੇਂ ‘ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹੀਆਂ। ਜੇਕਰ ਪੁਲੀਸ ਵੱਲੋਂ ਸਮੇਂ ਸਿਰ ਦਖ਼ਲ ਦਿੱਤਾ ਜਾਂਦਾ ਤਾਂ ਸ਼ਾਇਦ ਸਿੱਖ ਭਾਈਚਾਰੇ ਨੂੰ ਖ਼ੁਦ ਮੈਦਾਨ ਵਿੱਚ ਉਤਰ ਕੇ ਦਖ਼ਲ ਦੇਣ ਦੀ ਲੋੜ ਨਾ ਪੈਂਦੀ।
ਇਹ ਸਿਰਫ਼ ਇਕ ਘਟਨਾ ਨਹੀਂ, ਸਗੋਂ ਇੱਕ ਵੱਡੇ ਪ੍ਰਸ਼ਨ ਵੱਲ ਇਸ਼ਾਰਾ ਕਰਦੀ ਹੈ ਕਿ, ਕੀ ਆਧੁਨਿਕ ਲੋਕਤੰਤਰਿਕ ਸਮਾਜਾਂ ਵਿੱਚ ਘੱਟ ਗਿਣਤੀਆਂ ਦੀਆਂ ਬੇਟੀਆਂ ਸੱਚਮੁੱਚ ਸੁਰੱਖਿਅਤ ਹਨ?
ਬ੍ਰਿਟੇਨ ਵਿੱਚ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ 1997 ਤੋਂ ਹੀ ਦਰਜ ਹੋ ਰਹੀਆਂ ਹਨ। 2010 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬ੍ਰਿਟੇਨ ਅਤੇ ਯੂਰਪ ਵਿੱਚ ਵੱਸਦੇ ਕੁਝ ਸਿੱਖ ਪਰਿਵਾਰਾਂ ਨੇ ਖ਼ੁਲਾਸਾ ਕੀਤਾ ਕਿ ਕੁਝ ਨੌਜਵਾਨ ਕੁੜੀਆਂ ਨੂੰ ਸੋਸ਼ਲ ਮੀਡੀਆ, ਕਾਲਜਾਂ ਜਾਂ ਦੋਸਤੀ ਦੇ ਰਿਸ਼ਤਿਆਂ ਰਾਹੀਂ ਫਸਾਇਆ ਜਾ ਰਿਹਾ ਹੈ।
ਇਸ ਵਕਤ ਬ੍ਰਿਟੇਨ ਵਿੱਚ ਕੁਝ ਸਿੱਖ ਕਾਰਕੁਨਾਂ ਅਤੇ ਸੰਸਥਾਵਾਂ ਨੇ ਇਸ ਮਸਲੇ ‘ਤੇ ਖੁੱਲ੍ਹੀ ਚਰਚਾ ਸ਼ੁਰੂ ਕੀਤੀ ਅਤੇ ਇਸ ਨੂੰ “Grooming Pattern” ਦੇ ਰੂਪ ਵਿੱਚ ਵੇਖਣਾ ਸ਼ੁਰੂ ਕੀਤਾ। Sikh Awareness Society ਸਮੇਤ ਕਈ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਥਾਵਾਂ ‘ਤੇ ਗਰੂਮਿੰਗ ਨੈੱਟਵਰਕ ਨੌਜਵਾਨ ਕੁੜੀਆਂ ਨੂੰ “Love Bombing”, ਭਾਵਨਾਤਮਕ ਮੈਨਿਪੂਲੇਸ਼ਨ ਅਤੇ ਮਨੋਵਿਗਿਆਨਕ ਦਬਾਅ ਰਾਹੀਂ ਆਪਣੇ ਜਾਲ ਵਿੱਚ ਫਸਾਉਂਦੇ ਹਨ। ਇਹ ਪ੍ਰਕਿਰਿਆ ਹੌਲੀ-ਹੌਲੀ ਅੱਗੇ ਵਧਦੀ ਹੈ—ਪਹਿਲਾਂ ਦੋਸਤੀ, ਫਿਰ ਪਿਆਰ ਦਾ ਦਿਖਾਵਾ ਅਤੇ ਆਖ਼ਰ ਵਿੱਚ ਪਹਿਚਾਣ ਅਤੇ ਧਰਮ ਬਦਲਣ ਦਾ ਦਬਾਅ।
ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਹਾਲਾਤ ਬ‌੍ਰਿਟੇਨ ਤੋਂ ਵੀ ਬਦਤਰ ਤੇ ਚਿੰਤਾਜਨਕ ਹੈ, ਜਿੱਥੇ ਘਟ ਗਿਣਤੀਆਂ ਦੀਆਂ  ਬੇਟੀਆਂ ਨਾਲ ਜੁੜੀਆਂ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਕਈ ਵਾਰ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।
ਇਸ ਸੰਦਰਭ ਵਿੱਚ ਭਾਰਤੀ ਨਾਗਰਿਕ ਸਰਬਜੀਤ ਕੌਰ ਦਾ ਮਾਮਲਾ ਹਾਲੀਆ ਸਮੇਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣਿਆ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਪੰਜਾਬ ਤੋਂ ਗੁਰਦੁਆਰਾ ਦਰਸ਼ਨਾਂ ਲਈ ਪਾਕਿਸਤਾਨ ਗਈ ਸਰਬਜੀਤ ਕੌਰ ਬਾਰੇ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਕੇ “ਨੂਰ” ਨਾਮ ਰੱਖ ਲਿਆ ਅਤੇ ਪਾਕਿਸਤਾਨੀ ਨਾਗਰਿਕ ਨਾਸਰ ਹੁਸੈਨ ਨਾਲ ਨਿਕਾਹ ਕਰਵਾ ਲਿਆ।
ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਤਿੱਖਾ ਰੋਸ ਪੈਦਾ ਹੋਇਆ। ਕਈ ਲੋਕਾਂ ਨੇ ਇਸ ਨੂੰ ਸਿੱਖ ਪਹਿਚਾਣ ਲਈ ਚਿੰਤਾਜਨਕ ਮੰਨਦਿਆਂ ਸਰਬਜੀਤ ਬਾਰੇ ਕੜੀ ਪ੍ਰਤੀਕਿਰਿਆ ਦਿੱਤੀ।
ਪਰ ਹੁਣ ਸਾਹਮਣੇ ਆ ਰਹੀਆਂ ਜਾਣਕਾਰੀਆਂ ਨੇ ਇਸ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਇਹ ਘਟਨਾ ਹੁਣ ਕਈਆਂ ਲਈ “ਕੌਰ ਤੋਂ ਖਾਨ” ਦੀ ਪ੍ਰਵਿਰਤੀ ਦਾ ਇੱਕ ਹੋਰ ਉਦਾਹਰਨ ਬਣ ਕੇ ਉੱਭਰ ਰਹੀ ਹੈ। ਸਰਬਜੀਤ ਕੌਰ ਦੇ ਮੁਤਾਬਕ ਨਾਸਰ ਹੁਸੈਨ ਨਾਲ ਉਸ ਦਾ ਰਾਬਤਾ ਸੋਸ਼ਲ ਮੀਡੀਆ ਰਾਹੀਂ ਬਣਿਆ। ਪਹਿਲਾਂ ਦੋਸਤੀ ਅਤੇ ਪਿਆਰ ਦੇ ਨਾਂ ‘ਤੇ ਉਸ ਨਾਲ ਨਜ਼ਦੀਕੀਆਂ ਬਣਾਈਆਂ ਗਈਆਂ ਅਤੇ ਬਾਅਦ ਵਿੱਚ ਉਸ ਦੀਆਂ ਨਿੱਜੀ ਅਤੇ ਅਸ਼ਲੀਲ ਤਸਵੀਰਾਂ ਹਾਸਲ ਕਰ ਲਈਆਂ ਗਈਆਂ।
ਇਨ੍ਹਾਂ ਤਸਵੀਰਾਂ ਦੇ ਆਧਾਰ ‘ਤੇ ਉਸ ਨੂੰ ਬਲੈਕਮੇਲ ਕੀਤਾ ਗਿਆ ਅਤੇ ਦਬਾਅ ਹੇਠ ਪਾਕਿਸਤਾਨ ਬੁਲਾਇਆ ਗਿਆ। ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਬੰਧਕ ਬਣਾ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਨਿਕਾਹਨਾਮੇ ‘ਤੇ ਦਸਤਖ਼ਤ ਕਰਵਾਏ ਗਏ।  ਹਾਲਾਂਕਿ ਇਹ ਮਾਮਲਾ ਇਸ ਵੇਲੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਅਤੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਹੀ ਹੋਵੇਗਾ, ਪਰ ਇਹ ਘਟਨਾ ਇੱਕ ਵੱਡੇ ਸਮਾਜਕ ਸਵਾਲ ਨੂੰ ਜ਼ਰੂਰ ਜਨਮ ਦਿੰਦੀ ਹੈ।
ਜੇਕਰ ਕਿਸੇ ਨੌਜਵਾਨ ਕੁੜੀ ਨੂੰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਫਸਾਇਆ ਜਾਵੇ, ਫਿਰ ਨਿੱਜੀ ਜਾਣਕਾਰੀ ਜਾਂ ਤਸਵੀਰਾਂ ਦੇ ਆਧਾਰ ‘ਤੇ ਬਲੈਕਮੇਲ ਕਰਕੇ ਉਸ ਦੀ ਪਹਿਚਾਣ ਅਤੇ ਧਰਮ ਬਦਲਣ ਲਈ ਮਜਬੂਰ ਕੀਤਾ ਜਾਵੇ, ਤਾਂ ਇਹ ਸਿਰਫ਼ ਇਕ ਵਿਅਕਤੀ ਦੀ ਤਰਾਸਦੀ ਨਹੀਂ ਰਹਿੰਦੀ—ਇਹ ਪੂਰੇ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।
ਇਸ ਤੋਂ ਪਹਿਲਾਂ 2019 ਵਿੱਚ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਧੀ ਜਗਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਉਸ ਦਾ ਨਾਮ ਆਇਸ਼ਾ ਰੱਖ ਕੇ ਮੁਹੰਮਦ ਹਸਨ ਨਾਲ ਨਿਕਾਹ ਕਰਾਇਆ ਗਿਆ। ਇਸ ਮਾਮਲੇ ਨੇ ਵਿਸ਼ਵ ਪੱਧਰ ‘ਤੇ ਚਿੰਤਾ ਪੈਦਾ ਕੀਤੀ ਸੀ।
ਇਸ ਤੋਂ ਬਾਅਦ ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਨਾਬਾਲਗ ਧੀ ਬੁਲਬੁਲ ਕੌਰ ਦੇ ਅਗਵਾ ਹੋਣ ਦੀ ਘਟਨਾ ਨੇ ਵੀ ਸਿੱਖ ਭਾਈਚਾਰੇ ਨੂੰ ਗਹਿਰੇ ਝਟਕੇ ਦਿੱਤੇ ਸਨ।

Leave a Reply

Your email address will not be published. Required fields are marked *