ਟਾਪਦੇਸ਼-ਵਿਦੇਸ਼

ਖੇਤੀ ਅਤੇ ਵਿਰਸੇ ਦੀ ਬੁਨਿਆਦ ਸੀ-ਸਾਂਝਾ ਪਰਿਵਾਰ-ਸੁਖਪਾਲ ਸਿੰਘ ਗਿੱਲ  ਅਬਿਆਣਾ ਕਲਾਂ

“ਏਕਤਾ ਵਿੱਚ ਬਲ ਹੈ” ਸੁਣਿਆ ਤਾਂ ਹੋਇਆ ਹੈ ਪਰ ਇਸ ਦੀ ਝਲਕ ਸਾਂਝੇ ਪ੍ਰੀਵਾਰ ਵਲੋਂ ਖੇਤਾਂ ਦੇ ਕੰਮ ਕਰਨ ਲਈ ਸਾਂਝੇ ਪ੍ਰੀਵਾਰਾਂ ਵਿੱਚ ਮਿਲਦੀ ਸੀ।ਕਿਸਾਨ, ਪੇਂਡੂ ਵਿਰਸਾ ਅਤੇ ਸਾਂਝੇ ਪਰਿਵਾਰ ਇੱਕ ਦੂਜੇ ਦੇ ਅਨੁਪੂਰਕ ਹੁੰਦੇ ਹਨ। ਪਰ ਅੱਜ ਇਹਨਾਂ ਵਿੱਚੋਂ ਖੁਸ਼ਬੂ ਮੱਧਮ ਪੈ ਗਈ ਹੈ। ਵਿਰਸੇ ਨਾਲ ਸਾਡਾ ਪਿਛੋਕੜ ਜਿਉਂਦਾ-ਜਾਗਦਾ ਰਹਿੰਦਾ ਹੈ, ਪਰ ਅਫਸੋਸ਼ ਸਾਡੇ ਵਿਰਸੇ ਦੀਆਂ ਬਹੁਤੀਆਂ ਚੀਜਾਂ ਬੀਤੇ ਦੀ ਕਹਾਣੀ ਬਣ ਗਈਆਂ ਹਨ। ਜਿਹਨਾਂ ਵਿੱਚੋਂ ਸਾਂਝਾ ਪਰਿਵਾਰ ਵੀ ਇਕ ਹੈ। ਸਾਂਝਾ ਪਰਿਵਾਰ ਨਰੋਏ ਸਮਾਜ ਦੀ ਆਧਾਰਸ਼ਿਲਾ ਸੀ। ਸਾਂਝੇ ਪਰਿਵਾਰ ਵਿਚ ਇੱਕ ਬਜੁਰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਰੇ ਕੰਮ ਕਾਰ ਹੁੰਦੇ ਸਨ। ਸਾਂਝਾ ਪਰਿਵਾਰ ਸਮਾਜਿਕ ਸੁਰੱਖਿਆ, ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਜੀਉਂਦੀ ਜਾਗਦੀ ਮਿਸਾਲ ਸੀ। ਸੁਵੱਖਤੇ ਉੱਠ ਕੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਵਿਚ ਲੱਗ  ਜਾਂਦੇ ਸਨ, ਜੋ ਆਥਣੇ ਬਾਣ ਵਾਲੇ ਮੰਜੇ ਤੇ ਸੌਣ ਤੱਕ ਜਾਰੀ ਰਹਿੰਦੇ ਸਨ। ਸਾਂਝੇ ਪ੍ਰੀਵਾਰਾਂ ਵਿੱਚ ਖੇਤੀ ਕਿੱਤੇ ਦਾ  ਅਹਿਸਾਸ ਵੀ ਹਾਲੀ ਅਤੇ ਪਾਲੀ ਚੁੱਕੀ ਫਿਰਦੇ ਸਨ।
ਸਾਂਝੇ ਪ੍ਰੀਵਾਰਾਂ ਵਿੱਚ ਕੰਮ ਲਗਨ ਨਾਲ ਕੀਤੇ ਜਾਂਦੇ ਸਨ। ਇੱਕ ਦੂਜੇ ਨੂੰ ਕਹਿਣ ਅਤੇ ਦੂਜੇ ਤੇ ਜਿੰਮਾ ਸੁੱਟਣ ਦੀ ਆਦਤ ਨਹੀਂ ਹੁੰਦੀ।ਸਾਂਝੇ ਪਰਿਵਾਰ ਵਿਚੋਂ ਸੰਸਕਾਰਾਂ, ਪਹਿਰਾਵੇ ਅਤੇ ਬੋਲੀ ਚਾਲੀ ਦਾ ਮੁੱਢ ਬੱਝਦਾ ਸੀ। ਜਿਸ ਸਦਕੇ ਬੱਚਿਆਂ ਦੀ ਗੁਣਵਤਾ ਵਧਦੀ ਸੀ। ਸਾਂਝਾ ਪਰਿਵਾਰ ਦਾਦੇ ਦਾਦੀ, ਚਾਚੇ ਚਾਚੀ, ਤਾਇਆ ਤਾਈ ਅਤੇ ਮਾਂ ਪਿਉ ਤੋਂ ਮਿਲੀ ਗੁਣਾਂ ਦੀ ਗੁਥਲੀ ਧੀ ਨੂੰ ਸਹੁਰੇ ਘਰ ਵਿਚ ਵੀ ਮਾਣ ਦਿਵਾਉਂਦੀ ਸੀ। ਗੁਰਬਾਣੀ ਵਿੱਚ ਅੰਕਿਤ  ਹੈ।
“ਪੇਈਅੜੈ ਸਹੁ ਤੂੰ ਸਾਹੁਰੜੈ ਸੁਖਿ ਵਸੁ ।
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧ ਕਦੇ ਨ ਲਗੈ ਦੁਖੁ ।।“
ਉਂਝ ਪ੍ਰੀਵਾਰ ਨਾਲ ਖੇਤੀ ਦਾ ਸੰਬੰਧ ਰਹੇਗਾ।ਸਾਂਝੇ ਘਰ ਪ੍ਰੀਵਾਰ ਸਮਾਜੀਕਰਨ ਦੀ ਨੀਂਹ ਹੁੰਦੇ ਸਨ।ਘਰੋਂ ਮਿਲੇ ਵਿਰਸੇ ਦੇ ਨਿਯਮਾਂ ਦੀ ਉਦਾਹਰਣ ਖੇਤਾਂ ਵਿਚ ਭੱਤਾ ਲੈ ਕੇ ਜਾਣਾ, ਆਟਾ ਗੁੰਨ ਕੇ ਚੁੱਲ੍ਹੇ ਦਾ ਕੰਮ ਕਰਨਾ, ਰਾਤ ਨੂੰ ਚੁੱਲ੍ਹੇ ਵਿਚ ਦੱਬੀ ਅੱਗ ਸਵੇਰੇ ਬਾਲਣੀ ਵਗੈਰਾ ਘਰ ਦੀਆਂ ਔਰਤਾਂ ਦੇ ਹਿੱਸੇ ਸਨ। ਇਹ ਹੀ ਕੰਮ ਧੀ ਸਿੱਖਦੀ ਸੀ। ਇਸ ਨਾਲ ਉਸ ਦੇ ਸਮਾਜੀਕਰਨ ਦਾ ਮੁੱਢ ਬੱਝਦਾ ਸੀ। ਘਰ ਦੀਆਂ ਸੁਆਣੀਆਂ ਹਾਲੀ ਅਤੇ ਪਾਲੀ ਦੇ ਕੰਮ ਵਿਚ ਹੱਥ ਵਟਾਉਂਦੀਆਂ ਸਨ। ਸਾਂਝੇ ਪਰਿਵਾਰ ਦੇ ਕੰਮਾਂ ਬਾਰੇ ਸਾਇਰ ਨੇ ਇਹ ਨਜ਼ਾਰਾ ਇਉਂ ਪੇਸ਼ ਕੀਤਾ ਹੈ-
“ਚਿੜੀ ਚਹੁਕਦੀ ਨਾਲ ਉਠ ਤੁਰੇ ਪਾਂਧੀ ਪਾਈਆਂ ਦੁੱਧ ਵਿਚ ਮਧਾਣੀਆਂ  ਨੀ।
ਸੁਬਾ ਸਾਦਕ ਹੋਈ ਜਦੋਂ ਆਣ ਰੋਸ਼ਨ ਤਦੋਂ ਚਾਲੀਆਂ ਆਣ ਚਿਚਲਾਣੀਆਂ ਨੀ।
ਇਕਨਾਂ ਉਠ ਕੇ ਰਿੜਕਣਾ ਪਾ ਦਿੱਤਾ ਕਿ ਇਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਇਕ ਉਠ ਕੇ ਹਲੀ ਤਿਆਰ ਹੋਏ ਇਕ ਢੂੰਡਦੇ ਫਿਰਨ ਪਰਾਣੀਆਂ ਨੀ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ ਸੀਆਂ ਭੋਇ ਨੂੰ ਜਿਹਨਾਂ ਨੇ ਲਾਣੀਆਂ ਨੀ।
ਘਰ ਬਾਰ ਨਾ ਚੱਕੀਆਂ ਝੋਤੀਆਂ ਨੇ ਜਿਹਨਾਂ ਤੌਣਾਂ ਗੁਨ੍ਹੇ ਪਕਾਣੀਆਂ ਨੀ।
ਕਾਰੋਬਾਰ ਵਿਚ ਹੋਇਆ ਜਹਾਨ ਸਾਰਾ ਚਰਖੇ ਡਾਹੁੰਦੀਆਂ ਉਠਣ ਸੁਆਣੀਆਂ ਨੀ”।

ਖੇਤੀ ਦਾ ਕੰਮ ਸਾਂਝੇ ਪ੍ਰੀਵਾਰ ਵਿੱਚ ਜਿੰਮੇ ਹੁੰਦਾ ਸੀ, ਬਚਕਾਨਾ ਕਾਰਵਾਈ ਲਈ ਕੋਈ ਥਾਂ ਨਹੀਂ ਹੁੰਦੀ ਸੀ।ਕਹਿਣ ਦੀ ਲੋੜ ਨਹੀਂ ਸੀ। ਆਪਣੇ ਆਪ ਸਮੇਂ ਤੇ ਹਰ ਜੀਅ ਕੰਮ ਲੱਗ ਜਾਦਾ ਸੀ। ਮਿੱਤਰ ਨੂੰ ਆਸ ਅਤੇ ਦੁਸ਼ਮਨ ਨੂੰ ਭੈਅ ਵੀ ਸਾਂਝੇ ਪਰਿਵਾਰ ਵਿਚ ਸੀ। ਖੂੰਡੇ ਵਾਲਾ ਸਰਦਾਰ ਜਿਸ ਦਾ ਘਰ ਵਿਚ ਸਤਿਕਾਰ ਹੁੰਦਾ ਸੀ, ਉਸ ਤੋਂ ਸਾਰਾ ਪਰਿਵਾਰ ਡਰਦਾ ਸੀ। ਖੰਘੂਰਾ ਮਾਰ ਕੇ ਉਸ ਨੂੰ ਘਰ ਵੜਨਾ ਪੈਂਦਾ ਸੀ। ਬਜੁਰਗ ਮੁੱਖੀ ਘਰ ਦਾ ਸ਼ਿੰਗਾਰ ਅਤੇ ਜਿੰਦਰਾ ਸਮਝਿਆ ਜਾਦਾ ਸੀ। ਇਸ ਦੀ ਮਿਸਾਲ ਕਾਵਿ ਸੱਤਰਾਂ ਵਿੱਚ ਜਿਉਂਦੀ :-
“ਵਿਹੜੇ ਵੜਦਾ ਖਬਰ ਨਹੀਂ ਕਰਦਾ, ਬਾਪੂ ਗਲ ਟੱਲ ਪਾ ਦਿਉ”
ਅੱਜ ਕੰਮ ਹੋਰ ਤਰਾਂ ਦੇ ਹੋ ਗਏ। ਉਸੇ ਤਰਾਂ ਹੀ ਇਨਸਾਨ ਢਲ ਗਿਆ ਹੈ।ਪਰ ਛੋਟੇ ਪਰਿਵਾਰ ਹੋਣ ਕਰਕੇ ਕਿਸੇ ਕੋਲ ਸਮਾਂ ਨਹੀਂ ਹੈ। ਇਸ ਲਈ ਸਮਾਜਿਕ ਝੰਜਟ ਵੀ ਖੜੇ ਹੋਏ ਹਨ। ਸਾਂਝਾ ਪਰਿਵਾਰ ਸਮੁੱਚੀ ਏਕਤਾ ਵਿਚ ਬਲ ਦਾ ਪ੍ਰਤੀਕ ਹੈ। ਸਾਂਝੇ ਪਰਿਵਾਰ ਵਿਚ ਦੋ ਚਾਰ ਮੈਂਬਰ ਘਰ ਰਹਿੰਦੇ ਸਨ। ਜਿਸ ਨਾਲ ਘਰ ਦੀ ਸੁਰੱਖਿਆ ਯਕੀਨੀ ਰਹਿੰਦੀ ਸੀ। ਘਰ ਦਾ ਇਕ ਮੈਂਬਰ ਬੱਚੇ ਸਾਂਭਦਾ, ਦੂਜੇ ਨੇ ਘਰ ਦੇ ਕੰਮ ਕਾਰ ਕਰ ਲੈਣੇ, ਤੀਜੇ ਨੇ ਪਸ਼ੂ ਸਾਂਭ ਲਣੈ। ਤਰਤੀਬ ਅਨੁਸਾਰ ਸਾਰਾ ਦਿਨ ਸੁਖੀ ਸਾਦਗੀ, ਖੁਸ਼ੀ-ਖੁਸ਼ੀ ਨਾਲ ਗੁਜਰ ਜਾਂਦਾ ਸੀ। ਘਰ ਵਿਚ ਬਰਕਤ ਹੁੰਦੀ ਰਹਿੰਦੀ ਸੀ। ਸਾਂਝੇ ਰੂਪ ਵਿਚ ਘਰ ਦੀ ਤਰੱਕੀ ਹੁੰਦੀ ਰਹਿੰਦੀ ਸੀ। ਕੋਈ ਵੀ ਕਿਸੇ ਤੇ ਬੋਝ ਨਹੀਂ ਬਣਦਾ ਸੀ। ਸੱਭ ਤੋਂ ਵੱਡਾ ਗੁਣ ਕਿਸੇ ਵਿੱਚ ਵੀ ਮੇਰ-ਤੇਰ ਦੀ ਭਾਵਨਾ ਨਹੀ ਹੁੰਦੀ ਸੀ।
ਹੁਣ ਖੇਤੀ ਤਕਨੀਕ ਦੀ ਹੋ ਗਈ ਹੈ।1960 ਦੀ ਹਰੀ ਕ੍ਰਾਂਤੀ ਨੇ ਕਣਕ ਝੋਨੇ ਦੇ ਚੱਕਰ ਵਿੱਚ ਮਜਦੂਰੀ ਸੀਮਤ ਕੀਤੀ ਸੀ ਕਿਉਂਕਿ ਤਕਨੀਕ ਵਧੀ।ਦੂਜੇ ਪਾਸੇ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਵੀ ਕਿਸਾਨਾਂ ਲਈ ਸਾਂਝੇ ਪ੍ਰੀਵਾਰ ਵਰਦਾਨ ਸਾਬਤ ਹੋਏ ਕਿਉਕਿ ਮਨੁੱਖੀ ਸ਼ਕਤੀ  ਦੀ ਲੋੜ ਸੀ। ਸਮੇਂ ਦੇ ਹਲਾਤਾਂ, ਵਿਰਸੇ ਨੂੰ ਪੱਛਮੀਕਰਨ ਅਤੇ ਸਾਂਝੇ ਪਰਿਵਾਰਾਂ ਨੂੰ ਸਮੇਂ ਦੀ ਚਾਲ ਨੇ ਹਾਣੀ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਾ ਇੱਧਰ ਦੇ ਨਾ ਉੱਧਰ ਦੇ ਰਹੇ। ਲਾਲਚ, ਈਰਖਾ ਅਤੇ ਸਮਾਜੀਕਰਨ ਦੀ ਘਾਟ ਨੇ ਸਾਂਝੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ। ਚੋਰ ਸੁਭਾਅ ਨੇ ਸਾਂਝੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਸ ਨਾਲ ਵਿਰਸੇ ਅਤੇ ਸਭਿਆਚਾਰ ਨੂੰ ਗ੍ਰਹਿਣ ਲੱਗਣ ਦੇ ਨਾਲ ਕਿਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਸੁਰੱਖਿਆ ਅਤੇ ਤਣਾਅ ਵਧਿਆ।
ਨਵੀਂ ਪੀੜੀ ਸਮੇਂ ਦੀ ਹਾਣੀ ਬਣਨ ਲਈ ਖੇਤੀ ਅਤੇ ਵਿਰਸੇ ਨਾਲੋਂ ਦੂਰ ਹੋ ਰਹੀ ਹੈ। ਹਾਲੀ, ਪਾਲੀ, ਪੰਜਾਲੀ ਅਤੇ ਸੁਆਣੀ ਤੋਂ ਦੂਰ ਚਲੀ ਗਈ ਹੈ।ਮੁੱਕਦੀ ਗੱਲ ਇਹ ਹੈ ਕਿ ਸਾਡੇ ਵਿਰਸੇ ਵਿੱਚੋਂ ਟੁੱਟੇ ਸਾਂਝੇ ਪਰਿਵਾਰਾਂ ਨੇ ਸ਼ਾਨਾਂਮਈ ਵਿਰਸੇ, ਸਭਿਆਚਾਰ ਖੁਸ਼ਹਾਲੀ ਅਤੇ ਕਿਸਾਨੀ ਨੂੰ ਮੈਲਾ ਕੀਤਾ ਹੈ। ਅਗਲੀ ਪੀੜ੍ਹੀ ਸਾਂਝੇ ਪਰਿਵਾਰਾਂ ਪ੍ਰਤੀ, ਕਿਸਾਨੀ ਪਿਛੋਕੜ ਪ੍ਰਤੀ ਅਤੇ ਵਿਰਸੇ ਬਾਰੇ ਹੈਰਾਨੀ ਪ੍ਰਗਟ ਕਰਦੀ ਹੋਈ ਇਹਨਾਂ ਬਾਰੇ ਸਾਹਿਤ ਵਿੱਚ ਪੜ੍ਹਿਆ ਕਰੇਗੀ। ਇਸ ਤੋਂ ਇਲਾਵਾ ਸਾਂਝੇ ਪ੍ਰੀਵਾਰ ਦੇ ਟੁੱਟਣ ਕਰਕੇ ਖੇਤੀ ਰਾਹੀ ਸਿਰਜਿਆ ਸੱਭਿਆਚਾਰ ਵੀ ਘਸਮੈਲਾ ਹੋ ਗਿਆ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

Leave a Reply

Your email address will not be published. Required fields are marked *