ਦਸਤਾਵੇਜ਼ੀ ਫਿਲਮ “ਇਨਕਲਾਬ ਦੀ ਖ਼ੇਤੀ” ਨੂੰ ਮਿਲ਼ਿਆ ਭਰਵਾਂ ਹੁੰਗਾਰਾ
ਬਰੈਂਪਟਨ:- (ਕੁਲਵਿੰਦਰ ਖਹਿਰਾ) 19 ਅਕਤੂਬਰ ਨੂੰ ਬਰੈਂਪਟਨ ਵਿੱਚ ਵਿਖਾਈ ਗਈ ਦਸਤਾਵੇਜ਼ੀ ਫਿਲਮ ਨੂੰ ਜਿੱਥੇ ਭਰਵਾਂ ਹੁੰਗਾਰਾ
ਮਿਲ਼ਿਆ ਓਥੇ ਦਰਸ਼ਕਾਂ ਵੱਲੋਂ ਇਸਦੀ ਖ਼ੂਬ ਪ੍ਰਸੰਸਾ ਵੀ ਕੀਤੀ ਗਈ। ਇਹ ਦਸਤਾਵੇਜ਼ੀ ਫਿਲਮ 2020/21 ਦੇ ਭਾਰਤੀ ਕਿਸਾਨ
ਅੰਦੋਲਨ ਨਾਲ਼ ਸੰਬੰਧਿਤ ਹੈ ਜਿਸ ਵਿੱਚ ਨਾ ਸਿਰਫ ਕਿਸਾਨ ਅੰਦੋਲਨ ਦੀ ਅੰਦਰੂਨੀ ਤਸਵੀਰ ਸਗੋਂ ਕਿਸਾਨਾਂ ਦੀ ਜ਼ਿੰਦਗੀ ਦੀਆਂ
ਦੁਸ਼ਵਾਰੀਆਂ ਅਤੇ ਹੱਕਾਂ ਪ੍ਰਤੀ ਠਾਠਾਂ ਮਾਰਦੇ ਜਜ਼ਬਿਆਂ ਨੂੰ ਵੀ ਪੇਸ਼ ਕੀਤਾ ਗਿਆ ਹੈ।
ਇਸ ਸਮੇਂ ਹਾਜ਼ਰ ਇਸ ਫਿਲਮ ਦੀ ਨਿਰਦੇਸ਼ਕ ਨਿਸ਼ਠਾ ਜੈਨ ਨੇ ਦਿੱਸਿਆ ਕਿ ਉਨ੍ਹਾਂ ਨੇ 135 ਦਿਨ ਕਿਸਾਨ ਅੰਦੋਲਨ ਵਿੱਚ ਹਾਜ਼ਰ
ਰਹਿ ਕੇ ਕੋਈ 600 ਘੰਟੇ ਦੀ ਰੀਕੌਰਡਿੰਗ ਕੀਤੀ ਸੀ ਜਿਸ ਵਿੱਚੋਂ ਸਿਰਫ 105 ਮਿੰਟ ਦੀ ਡਾਕੂਮੈਂਟਰੀ ਬਣਾਉਣੀ ਪਈ ਹੈ। ਇੱਕ
ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬੇਸ਼ੱਕ ਬਹੁਤ ਸਾਰੇ ਥਾਵਾਂ `ਤੇ ਮੋਰਚੇ ਲੱਗੇ ਹੋਏ ਸਨ ਪਰ ਉਨ੍ਹਾਂ ਨੇ ਆਪਣੀਆਂ ਸੀਮਾਵਾਂ
ਕਾਰਨ ਸਿਰਫ ਉਗਰਾਹਾਂ ਜਥੇਬੰਦੀ ਦੇ ਮੋਰਚੇ `ਤੇ ਹੀ ਕੇਂਦਰਿਤ ਕੀਤਾ ਹੈ। ਇਨ੍ਹਾਂ ਸੀਮਾਵਾਂ ਵਿੱਚ ਸਟਾਫ਼ ਦੀ ਘਾਟ ਅਤੇ
ਅੰਦੋਲਨਕਾਰੀਆਂ ਦੇ ਸ਼ੱਕੀ ਨਜ਼ਰੀਏ ਕਾਰਨ ਸਟਾਫ਼ ਦੀ ਸੁਰੱਖਿਆ ਦਾ ਮਸਲਾ ਵੀ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਇੱਕ ਮੋਰਚੇ `ਤੇ
ਉਨ੍ਹਾਂ ਦੇ ਸਟਾਫ ਨੂੰ ‘ਗੋਦੀ ਮੀਡੀਆ’ ਦਾ ਹਿੱਸਾ ਸਮਝ ਕੇ ਪ੍ਰੇਸ਼ਾਨ ਵੀ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਸਿਰਫ ਉਗਰਾਹਾਂ ਜਥੇਬੰਦੀ
ਨਾਲ ਰਹਿਣ ਦਾ ਫੈਸਲਾ ਕੀਤਾ। ਇਸਦੇ ਬਾਵਜੂਦ ਕਿ ਇਹ ਫਿਲਮ ਸਿਰਫ ਇੱਕ ਮੋਰਚੇ `ਤੇ ਕੇਂਦਰਿਤ ਹੈ, ਇਸ ਵਿੱਚੋਂ ਕਿਸਾਨ
ਅੰਦੋਲਨ ਦੀ ਤੇ ਅੰਦਲੋਨਕਾਰੀਆਂ ਦੀ ਸਪਿਰਟ ਦੀ ਸਮੁੱਚੀ ਤਸਵੀਰ ਸਪਸ਼ਟ ਹੁੰਦੀ ਹੈ।
ਨਿਸ਼ਠਾ ਜੈਨ ਨੇ ਦੱਸਿਆ ਕਿ ਸੈਂਸਰ ਬੋਰਡ ਦੀਆਂ ਪਾਬੰਦੀਆਂ ਕਾਰਨ ਇਹ ਫਿਲਮ ਨੈੱਟਫਲੈਕਸ ਜਾਂ ਸਿਨਮਿਆਂ ਵਿੱਚ ਨਹੀਂ ਵਿਖਾਈ
ਜਾ ਰਹੀ ਪਰ ਉਹ ਛੇਤੀ ਹੀ ਕਿਸੇ ਹੋਰ ਤਰੀਕੇ ਨਾਲ਼ ਇਹ ਫਿਲਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।
ਬਰੈਂਪਟਨ ਵਿੱਚ ਇਸ ਫਿਲਮ ਦੀ ਪਰਦਰਸ਼ਨੀ ਬਲਦੇਵ ਰਹਿਪਾ, ਕੁਲਵਿੰਦਰ ਖਹਿਰਾ, ਰਛਪਾਲ ਦੋਸਾਂਝ, ਸੁਖਦੇਵ ਸਿੰਘ ਅਤੇ
‘ਸਰੋਕਾਰਾਂ ਦੀ ਆਵਾਜ਼’ ਦੇ ਯਤਨਾਂ ਨਾਲ਼ ਸੰਭਵ ਹੋ ਸਕੀ।
