ਟਾਪਪੰਜਾਬ

ਪੰਜਾਬ ‘ਚ ਕੱਟੜ ਇਮਾਨਦਾਰ ਨਹੀਂ, ਕੱਟੜ ਲੁਟੇਰੇ ਰਾਜ ਕਰ ਰਹੇ ਹਨ – ਸਰਬਜੀਤ ਸਿੰਘ ਝਿੰਜਰ

ਚੰਡੀਗੜ੍ਹ-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ, ਪੰਜਾਬ ‘ਚ ਗੁੰਡਾ ਟੈਕਸ ਅਤੇ ਮਾਈਨਿੰਗ ਮਾਫ਼ੀਆ ਦੀ ਖੁੱਲ੍ਹੀ ਰਾਜਨੀਤਿਕ ਸ਼ਹਿ ਨਾਲ ਸਰਗਰਮੀ ਜਾਰੀ ਹੈ।ਝਿੰਜਰ ਨੇ ਕਿਹਾ ਕਿ ਅੱਜ ਜ਼ਿਲ੍ਹਾ ਰੋਪੜ ਦੇ ਅਨੰਦਪੁਰ ਸਾਹਿਬ ਅਤੇ ਨੰਗਲ ਖੇਤਰਾਂ ਵਿੱਚ ਰੇਤ ਕ੍ਰੈਸ਼ਰ ਮਾਲਕਾਂ ਤੋਂ ਗੁੰਡਾ ਟੈਕਸ ਵਜੋਂ ਪ੍ਰਤੀ ਫੁੱਟ ਰੇਤੇ ਦੇ ਬਦਲੇ ਚਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਹ ਗੁੰਡਾ ਟੈਕਸ ਇੰਦਰਪਾਲ ਸਿੰਘ ਨਾਂ ਦੇ ਵਿਅਕਤੀ ਵਲੋਂ ਮੰਗਿਆ ਜਾ ਰਿਹਾ ਹੈ।

ਝਿੰਜਰ ਨੇ ਕਿਹਾ ਕਿ ਕੱਟੜ ਇਮਾਨਦਾਰ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸਨ ਕਿ ਅਸੀਂ ਮਾਈਨਿੰਗ ਮਾਫ਼ੀਆ, ਭ੍ਰਿਸ਼ਟਾਚਾਰ ਖ਼ਤਮ ਕਰ ਦਿਆਂਗੇ। ਉਨ੍ਹਾਂ ਆਮ ਆਦਮੀ ਪਾਰਟੀ ਦੀ “ਕੱਟੜ ਇਮਾਨਦਾਰੀ” ਨੂੰ ਝੂਠ ਦਾ ਨਾਟਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਮਾਈਨਿੰਗ ਮਾਫ਼ੀਆ ਅਤੇ ਭ੍ਰਿਸ਼ਟਚਾਰ ਨੂੰ ਖ਼ਤਮ ਕਰਨ ਦੀ ਬਜਾਏ, ਹੁਣ ਉਹਨਾਂ ਨੂੰ ਹੀ ਪਾਲ ਰਹੀ ਹੈ।

ਸਰਬਜੀਤ ਝਿੰਜਰ ਨੇ ਸਿੱਧਾ ਇਸ਼ਾਰਾ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਵੱਲ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਇੰਦਰਪਾਲ ਸਿੰਘ ਵੱਲੋਂ ਗੁੰਡਾ ਟੈਕਸ ਦੀ ਵਸੂਲੀ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਹੋ ਰਹੀ ਹੈ? ਜੇ ਨਹੀਂ, ਤਾਂ ਸਰਕਾਰ ਅਤੇ ਮੰਤਰੀ ਇਸ ਮਾਮਲੇ ’ਚ ਚੁੱਪ ਕਿਉਂ ਹਨ?

 

ਝਿੰਜਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਉਹ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਤੋਂ ਵੀ 20 ਹਜ਼ਾਰ ਕਰੋੜ ਰੁਪਏ ਬਚਾ ਕੇ ਪੰਜਾਬ ਦਾ ਵਿਕਾਸ ਕਰੇਗਾ। ਪਰ ਅਸਲ ਵਿਚ ਰੇਤ ਤੇ ਬਜਰੀ ਦੀ ਨਾਜਾਇਜ਼ ਮਾਈਨਿੰਗ ਪੰਜਾਬ ‘ਚ ਸਭ ਤੋਂ ਵੱਧ ਹੋ ਰਹੀ ਹੈ। ਇਹਨਾਂ ਦੇ ਆਪਣੇ ਮੰਤਰੀ ਕਬੂਲ ਕਰ ਚੁੱਕੇ ਹਨ ਕਿ ਪੰਜਾਬ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਦਾ ਕੇਂਦਰ ਬਣ ਚੁੱਕਾ ਹੈ।

 

ਇਸ ਤਰ੍ਹਾਂ ਦੇ ਹਲਾਤਾਂ ਵਿੱਚ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਈਏ। ਜੇ ਅਸੀਂ ਅੱਜ ਆਵਾਜ਼ ਨਹੀਂ ਚੁੱਕੀ ਤਾਂ ਇਹ ਕੱਟੜ ਲੁਟੇਰੇ ਪੰਜਾਬ ਨੂੰ ਲੁੱਟ ਕੇ ਖਾਲੀ ਕਰ ਦੇਣਗੇ।

 

ਝਿੰਜਰ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਭ੍ਰਿਸ਼ਟਚਾਰ ਅਤੇ ਮਾਫ਼ੀਆ ਰਾਜ ਖ਼ਿਲਾਫ਼ ਆਵਾਜ਼ ਬੁਲੰਦ ਕਰੋ। ਸੱਚ ਨੂੰ ਸਾਹਮਣੇ ਲਿਆਉਣ ਲਈ ਮੇਰਾ ਸਾਥ ਦਿਓ।

Leave a Reply

Your email address will not be published. Required fields are marked *