ਪੰਜਾਬ ਵਿੱਚ ਕਾਨੂੰਨ-ਵਿਵਸਥਾ ਡਿੱਗ ਚੁੱਕੀ, ਭਗਵੰਤ ਮਾਨ ਪੂਰੀ ਤਰ੍ਹਾਂ ਨਾਕਾਮ : ਤਰੁਣ ਚੁੱਘ
ਚੰਡੀਗੜ੍ਹ :ਭਾਜਪਾ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੀਖ਼ੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ ਅਤੇ ਪਰਵਾਸੀਆਂ ਦੀ ਸੁਰੱਖਿਆ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਚੁੱਘ ਨੇ ਕਿਹਾ ਕਿ ਹੋਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਟਰੋਲ ਗੁਆ ਦਿੱਤਾ ਹੈ ਅਤੇ ਪੰਜਾਬ ਵਿੱਚ ਅਸੁਰੱਖਿਆ ਦਾ ਮਾਹੌਲ ਬਣਾਇਆ ਹੈ।
ਉਸਨੇ ਕਿਹਾ ਕਿ ਖੇਤਰ ਜਾਂ ਭਾਈਚਾਰੇ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਚੁੱਘ ਨੇ ਕਿਹਾ, “ਸ਼ਾਂਤੀ ਅਤੇ ਇਕਤਾ ਨੂੰ ਭੰਗ ਕਰਨ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰ ਨਾਗਰਿਕ ਨੂੰ ਸਮਾਨ ਅਧਿਕਾਰ ਅਤੇ ਸੁਰੱਖਿਆ ਮਿਲਣੀ ਚਾਹੀਦੀ ਹੈ। ਇਹੀ ਹੈ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ।” ਸਾਡੇ ਪੰਜਾਬੀ ਭਰਾਵਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤ ਦੇ ਹਰ ਸ਼ਹਿਰ ਅਤੇ ਹਰ ਪ੍ਰਾਂਤ ਵਿੱਚ ਆਪਣੀ ਪਛਾਣ ਬਣਾਈ ਹੈ ਅਤੇ ਦੁਨੀਆ ਦੇ ਹਰ ਦੇਸ਼ ਵਿੱਚ ਪੰਜਾਬੀਆਂ ਦਾ ਝੰਡਾ ਲਹਿਰਾਇਆ ਹੈ।
ਚੁੱਘ ਨੇ ਕਿਹਾ ਕਿ ਭਾਰਤ ਦੀ ਆਤਮਾ ਹਮੇਸ਼ਾਂ ਇਕਤਾ ਦਾ ਸੰਦੇਸ਼ ਦਿੰਦੀ ਹੈ, ਜੋ ਸੰਤ ਬਾਣੀ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਵਿੱਚ ਸਾਫ਼ ਦਰਸਾਇਆ ਗਿਆ ਹੈ। ਉਸਨੇ ਕਿਹਾ ਕਿ ਇਹੀ ਅਬਿਨਾਸ਼ੀ ਦ੍ਰਿਸ਼ਟੀ ਪੰਜਾਬ ਦੀ ਸਭਿਆਚਾਰ ਅਤੇ ਭਾਰਤ ਦੀ ਸਭਿਅਤਾ ਦੀ ਨੀਂਹ ਹੈ ਅਤੇ ਜੋ ਵੀ ਇਸ ਇਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਉਹ ਰਾਸ਼ਟਰ ਦੀ ਆਤਮਾ ਦੇ ਵਿਰੁੱਧ ਕੰਮ ਕਰੇਗਾ। ਇਸੇ ਸੰਦਰਭ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ “ਕਿਰਤ ਕਰੋ, ਵੰਡ ਛਕੋ, ਨਾਮ ਜਪੋ” ਦਾ ਸੰਦੇਸ਼ ਹਰ ਯੁਗ ਵਿੱਚ ਸਾਨੂੰ ਮਿਹਨਤ, ਸਾਂਝ ਅਤੇ ਰੱਬ ਦੀ ਯਾਦ ਰਾਹੀਂ ਸਮਾਜ ਨੂੰ ਜੋੜਨ ਦੀ ਪ੍ਰੇਰਨਾ ਦਿੰਦਾ ਹੈ।
ਚੁੱਘ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਸਮਾਵੇਸ਼ੀ ਸੋਚ ਨਾਲ ਦੁਨੀਆ ਭਰ ਵਿੱਚ ਸਨਮਾਨ ਹਾਸਲ ਕੀਤਾ ਹੈ। ਇਹ ਦੁਖਦਾਈ ਹੈ ਕਿ ਮਾਨ ਸਰਕਾਰ ਉਹ ਹਾਲਾਤ ਬਣਨ ਦੇ ਰਹੀ ਹੈ ਜਿੱਥੇ ਹੋਰ ਰਾਜਾਂ ਤੋਂ ਆਏ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ। ਅਜਿਹੀਆਂ ਵੰਡਣ ਵਾਲੀਆਂ ਪ੍ਰਵਿਰਤੀਆਂ ਪੰਜਾਬ ਦੀ ਅਰਥਵਿਵਸਥਾ, ਖੇਤੀਬਾੜੀ ਅਤੇ ਉਦਯੋਗਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਜੋ ਦੇਸ਼ ਭਰ ਦੇ ਮਜ਼ਦੂਰਾਂ ਦੀ ਮਿਹਨਤ ’ਤੇ ਨਿਰਭਰ ਹਨ।
ਉਸਨੇ ਇਹ ਵੀ ਕਿਹਾ ਕਿ ਅਪਰਾਧੀਆਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਕੇਵਲ ਬਹਾਨੇਬਾਜ਼ੀ ਅਤੇ ਖੋਕਲੇ ਬਿਆਨਬਾਜ਼ੀ ਵਿੱਚ ਲੱਗੀ ਹੋਈ ਹੈ। ਚੁੱਘ ਨੇ ਕਿਹਾ, “ਪੰਜਾਬ ਨੂੰ ਸੁਰੱਖਿਆ, ਸਥਿਰਤਾ ਅਤੇ ਵਿਕਾਸ ਦੀ ਲੋੜ ਹੈ, ਨਾ ਕਿ ਬਹਾਨਿਆਂ ਦੀ ਰਾਜਨੀਤੀ ਦੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇਕਤਾ ਅਤੇ ਤਰੱਕੀ ਵੱਲ ਵਧ ਰਿਹਾ ਹੈ ਅਤੇ ਪੰਜਾਬ ਨੂੰ ਵੀ ਇਸੀ ਰਾਹ ’ਤੇ ਅੱਗੇ ਵਧਣਾ ਚਾਹੀਦਾ ਹੈ।”