ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਜਨਵਰੀ 2026 ਮਿਲਣੀ
(ਉਂਕਾਰਪ੍ਰੀਤ) ਟਰਾਂਟੋ ਦੀ ਪ੍ਰਸਿੱਧ ਸਾਹਿਤਕ ਜਥੇਬੰਦੀ, ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਵਲੋਂ ਸਾਲ 2026 ਦੀ ਪਹਿਲੀ ਮਿਲਣੀ 31 ਜਨਵਰੀ ਨੂੰ ਸਥਾਨਿਕ ਲਾਏਬ੍ਰੇਰੀ ਹਾਲ ‘ਚ ਆਯੋਜਤ ਕੀਤੀ ਗਈ।
ਮੀਟਿੰਗ ਦੀ ਸ਼ੁਰੁਆਤ ਕਾਫ਼ਲੇ ਦੇ ਪੁਰਾਣੇ ਮੈਂਬਰ ਲੇਖਕ ਅਮਰ ਸਿੰਘ ਢੀਡਸਾ ‘ਪੰਛੀ’ ਜੀ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਨਾਲ ਹੋਈ।
ਉਪਰੰਤ ਭੁਪਿੰਦਰ ਦੁਲੇ ਵਲੋਂ ਉੱਘੀ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਹੁਰਾਂ ਦੇ ਜੀਵਨ ਅਤੇ ਰਚਨਾ ਬਾਰੇ ਵਡਮੁੱਲੀ ਸਮੁੱਚੀ ਜਾਣਕਾਰੀ ਸਾਂਝੀ ਕੀਤੀ ਗਈ। ਦਲੀਪ ਕੌਰ ਟਿਵਾਣਾ ਨੇ ਅਪਣੇ ਜੀਵਨ ਕਾਲ ਵਿੱਚ 42 ਨਾਵਲ, 7 ਕਹਾਣੀ ਸੰਗ੍ਰਹਿ ਅਤੇ 3 ਬਾਲ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਰਚਨਾ ਕੀਤੀ। ਮੀਟਿੰਗ ‘ਚ ਹਾਜ਼ਰ ਪ੍ਰੋਫੈਸਰ ਨਾਹਰ ਸਿੰਘ, ਜਤਿੰਦਰ ਰੰਧਾਵਾ ਅਤੇ ਪ੍ਰੀਤ ਗਿੱਲ ਨੇ ਵੀ ਟਿਵਾਣਾ ਜੀ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ।
ਲਹਿੰਦੇ ਪੰਜਾਬ ਤੋਂ ਕਵੀ ਜਨਾਬ ਹਜ਼ਰਤ ਸ਼ਾਮ ਇਸ ਕਾਫ਼ਲਾ ਮਿਲਣੀ ਵਿੱਚ ਵਿਸ਼ੇਸ਼ ਮਹਿਮਾਨ ਕਵੀ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਅਪਣੇ ਜੀਵਨ ਸਫ਼ਰ ਦੇ ਨਾਲ ਨਾਲ ਅਪਣੇ ਸਾਹਿਤਕ ਸਫ਼ਰ ਬਾਰੇ ਭਾਵਪੂਰਤ ਸ਼ਬਦਾਂ ਨਾਲ ਸਾਂਝ ਪਾਈ। ਗੱਲਬਾਤ ਦੌਰਾਨ ਉਹਨਾਂ ਅਪਣੀਆਂ ਚੋਣਵੀਆਂ ਗ਼ਜ਼ਲਾਂ ਤੇ ਨਜ਼ਮਾਂ ਵੀ ਸਾਂਝੀਆਂ ਕੀਤੀਆਂ। ਜਿਹਨਾਂ ਚੋਂ ਕਾਵਿ-ਸਿਨਫ਼ ਜੰਜ਼ੀਰਾ ਅਤੇ ਤਰੰਨੁਮ ‘ਚ ਪੇਸ਼ ਕੀਤੀ ਗਈ ਕਾਫ਼ੀ, ‘ਸੂਫ਼ੀ ਲੋਕ ਮਹਾਨ’ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ ਅਤੇ ਮਾਣਿਆ।
ਇਸ ਮੌਕੇ ਉਂਕਾਰਪ੍ਰੀਤ ਵਲੋਂ ਨਵਤੇਜ ਭਾਰਤੀ ਹੁਰਾਂ ਦੀ ਕਾਵਿ-ਪੁਸਤਕ ‘ਲਾਲੀ’ ਬਾਰੇ ਅਪਣੇ ਵਿਚਾਰ ਪੇਸ਼ ਕੀਤੇ ਗਏ। ਉਹਨਾਂ ਇਸ ਪੁਸਤਕ ਚੋਂ ਕੁਝ ਨਜ਼ਮਾਂ ਵੀ ਸਾਂਝੀਆ ਕੀਤੀਆਂ। ਭਾਰਤੀ ਜੀ ਦੀ ਇਹ ਪੁਸਤਕ ਪਟਿਆਲੇ ਦੇ ਭੁਤਵਾੜੇ ਦੀ 50ਵੀਂ ਵਰੇਗੰਢ ਮੌਕੇ ਇਸਦੇ ਰੂਹ-ਏ-ਰਵਾਂ ਰਹੇ ਹਰਦਿਲਜੀਤ ਸਿੱਧੂ ਉਰਫ਼ ‘ਲਾਲੀ ਬਾਬੇ’ ਨੂੰ ਸਮਰਪਤ ਹੈ।
ਕਾਫ਼ਲੇ ਦੀ ਇਹ ਮਿਲਣੀ ਹਾਜ਼ਰ ਕਵੀਆਂ ਵਲੋਂ ਪੇਸ਼ ਕਵੀ ਦਰਬਾਰ ਨਾਲ ਅਪਣੇ ਸਿਖਰ ਤੇ ਪੁੱਜੀ। ਕਵੀ ਦਰਬਾਰ ਦੌਰਾਨ ਉੱਘੀ ਗਾਇਕਾ ਰਾਜ ਘੁੰਮਣ, ਕਵੀ ਪਰਮਜੀਤ ਢਿੱਲੋਂ,ਕਰਨਬੀਰ ਸਿੰਘ, ਮਨਦੀਪ ਸਿੰਘ, ਹਰਦਿਆਲ ਝੀਤਾ, ਅਵਤਾਰ ਜੰਡੂ, ਪ੍ਰਤੀਕ ਸਿੰਘ,ਭੁਪਿੰਦਰ ਦੁਲੇ,ਪਰਮਜੀਤ ਦਿਓਲ,ਪਰਵਿੰਦਰ ਗੋਗੀ, ਪ੍ਰੀਤ ਗਿੱਲ, ਜਗੀਰ ਕਾਹਲੋਂ,ਜਤਿੰਦਰ ਰੰਧਾਵਾ, ਕਿਰਪਾਲ ਕੰਵਲ ਅਤੇ ਗਾਇਕਾ ਰਿੰਟੂ ਭਾਟੀਆ ਨੇ ਆਪੋ ਅਪਣਾ ਕਲਾਮ ਸਾਂਝਾ ਕੀਤਾ। ਕਵੀ ਦਰਬਾਰ ਦੌਰਾਨ ਪ੍ਰਭਜੋਤ ਰਾਠੌਰ ਹੂਰਾਂ ਨੇ ਅਪਣੇ ਚੋਣਵੇਂ ਉਰਦੂ ਕਲਾਮ ਤਹਿਤ ਏਸ ਵਾਰ ਜਨਾਬ ਅਹਿਮਦ ਫਰਾਜ਼ ਦਾ ਕਲਾਮ ਸਾਂਝਾ ਕੀਤਾ।
ਮੀਟਿੰਗ ਦੌਰਾਨ ਪਰਵਿੰਦਰ ਗੋਗੀ ਹੁਰਾਂ ਨੇ ਅਪਣੀ ਨਵੀਂ ਕਾਵਿ ਪੁਸਤਕ, ‘ਸੁਖ਼ਨ ਲੋਅ’, ਕੁਲਵਿੰਦਰ ਖਹਿਰਾ ਅਤੇ ਉਂਕਾਰਪ੍ਰੀਤ ਨੂੰ ਭੇਂਟ ਕੀਤੀ। ਕਾਫਲੇ ਦੀ ਫਰਵਰੀ 2026 ਮਿਲਣੀ ‘ਚ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ ਜਾਵੇਗਾ।
ਕਾਫਲੇ ਵਲੋਂ ਆਯੋਜਤ ਸਾਲ 2026 ਦੀ ਇਸ ਪਹਿਲੀ ਭਾਵਪੂਰਤ ਤੇ ਭਰਵੀਂ ਮਿਲਣੀ ‘ਚ ਸ਼ਾਮਿਲ ਹੋਏ ਸਭਨਾ ਨੂੰ ਰਸ਼ਪਾਲ ਕੌਰ ਗਿੱਲ ਹੁਰਾਂ ਨੇ ਜੀ ਆਇਆਂ ਅਤੇ ਚਾਹ ਪਾਣੀ ਦੀ ਸੇਵਾ ਨਾਲ ਨਿਵਾਜਿਆ ਅਤੇ ਮੀਟਿੰਗ ‘ਚ ਸ਼ਾਮਿਲ ਹੋਣ ਲਈ ਸਭਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਦਿਆਲ ਝੀਤਾ ਜੀ ਵਲੋਂ ਅਪਣੇ ਨਵੇਂ ਸਟੋਰ ‘ਖਾਲਸਾ ਪੀਜ਼ਾ’ ਦੀ ਸ਼ੁਰੂਆਤ ਤੇ ਹਾਜ਼ਰੀਨ ਲਈ ਗਰਮਾ ਗਰਮ ਪੀ਼ਜ਼ਾ ਹਾਜ਼ਿਰ ਸੀ।
ਇਸ ਭਾਵਪੂਰਤ ਸਮਾਗਮ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਜੀ ਵਲੋਂ ਕੀਤੀ ਗਈ।
