ਟਾਪਪੰਜਾਬ

ਬ੍ਰਹਮਪੁਰਾ ਨੇ ਚੰਬਾ ਕਲਾਂ ਪਹੁੰਚ ਕੇ ਪੀੜਤਾਂ ਦਾ ਦਰਦ ਵੰਡਾਇਆ, ਹਰ ਮਦਦ ਦਾ ਦਿੱਤਾ ਭਰੋਸਾ

ਤਰਨ ਤਾਰਨ – ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਅੱਜ ਪਿੰਡ ਚੰਬਾ ਕਲਾਂ ਵਿਖੇ ਦਰਿਆ ਦੇ ਕੰਢੇ ਪਹੁੰਚੇ ਅਤੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਖੁਲਾਸਾ ਕੀਤਾ ਕਿ ਮਾਣਯੋਗ ਹਾਈ ਕੋਰਟ ਵੱਲੋਂ ਪਿੰਡ ਧੁੰਨ, ਚੰਬਾ ਕਲਾਂ ਅਤੇ ਕੰਬੋਅ ਢਾਏ ਵਾਲਾ ਦੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ, ਜਿਸ ਵਿੱਚ ਸਰਕਾਰ ਦੇ ਚੀਫ਼ ਇੰਜੀਨੀਅਰ ਨੂੰ ਕਿਸਾਨਾਂ ਦੀਆਂ ਫ਼ਸਲਾਂ ਬਚਾਉਣ ਲਈ ਠੋਸ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, “ਇਹ ਬੇਹੱਦ ਸ਼ਰਮ ਦੀ ਗੱਲ ਹੈ ਕਿ ਮਾਣਯੋਗ ਹਾਈ ਕੋਰਟ ਵੱਲੋਂ ਪੀੜਤਾਂ ਦੇ ਹੱਕ ਵਿੱਚ ਫ਼ੈਸਲਾ ਦੇਣ ਦੇ ਬਾਵਜੂਦ, ਭਗਵੰਤ ਮਾਨ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਪ੍ਰਸ਼ਾਸਨ ਗਾਇਬ ਹੈ ਅਤੇ ਲੋਕ ਆਪਣੀ ਮਦਦ ਆਪ ਕਰਨ ਲਈ ਮਜਬੂਰ ਹਨ। ਅਸੀਂ ਜਲਦੀ ਹੀ ਇਹ ਅਦਾਲਤੀ ਹੁਕਮ ਡਿਪਟੀ ਕਮਿਸ਼ਨਰ ਨੂੰ ਸੌਂਪ ਕੇ ਇਸਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਾਂਗੇ ਅਤੇ ਜੇਕਰ ਅਣਗਹਿਲੀ ਹੋਈ ਤਾਂ ਅਸੀਂ ਅਦਾਲਤ ਦੀ ਮਾਨਹਾਨੀ ਦਾ ਕੇਸ ਵੀ ਦਾਇਰ ਕਰਾਂਗੇ।
ਉਨ੍ਹਾਂ ਨੇ ‘ਆਪ’ ਸਰਕਾਰ ਦੀ ਨਾਕਾਮੀ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰੇ। ਉਨ੍ਹਾਂ ਕਿਹਾ, “ਜਿਵੇਂ ਹਿਮਾਚਲ ਅਤੇ ਹੋਰ ਸੂਬਿਆਂ ਨੂੰ ਹਜ਼ਾਰਾਂ ਕਰੋੜ ਦੇ ਪੈਕੇਜ ਦਿੱਤੇ ਗਏ ਹਨ, ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਲਈ ਵੀ ਤੁਰੰਤ ਰਾਹਤ ਦਾ ਐਲਾਨ ਹੋਵੇ। ਸਾਨੂੰ ‘ਆਪ’ ਸਰਕਾਰ ‘ਤੇ ਭਰੋਸਾ ਨਹੀਂ, ਇਸ ਲਈ ਕੇਂਦਰ ਸਰਕਾਰ 50,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਬਿੰਨਾਂ ਕਿਸੇ ਜ਼ਮੀਨੀ ਹੱਦ (5 ਏਕੜ ਦੀ ਸ਼ਰਤ) ਦੇ, ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਵੇ। ਉਨ੍ਹਾਂ ਕਿਹਾ ਕਿ ਮੁਆਵਜ਼ੇ ਲਈ ਪਾਣੀ ਸੁੱਕਣ ਦਾ ਇੰਤਜ਼ਾਰ ਨਾ ਕੀਤਾ ਜਾਵੇ, ਸਗੋਂ ਸਿਆਸਤ ਦੇ ਬੋਹੜ ਰਹੇ, ਅਕਾਲੀ ਦਲ ਦੇ ਸਰਪ੍ਰਸਤ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਵਾਂਗ ਅੰਦਾਜ਼ੇ ਨਾਲ ਤੁਰੰਤ ਗਿਰਦਾਵਰੀ ਕਰਕੇ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਪ੍ਰਧਾਨ, ਦੀ ਅਗਵਾਈ ‘ਚ ਅਕਾਲੀ ਦਲ ਪੀੜਤਾਂ ਨੂੰ ਇਨਸਾਫ਼ ਮਿਲਣ ਤੱਕ ਆਪਣਾ ਸੰਘਰਸ਼ ਅਤੇ ਹਰ ਸੰਭਵ ਮੱਦਦ ਜਾਰੀ ਰੱਖੇਗਾ।
ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ, ਚੋਹਲਾ ਸਾਹਿਬ, ਮਨਜਿੰਦਰ ਸਿੰਘ ਲਾਟੀ, ਡਾ: ਜਤਿੰਦਰ ਸਿੰਘ, ਦਿਲਬਰ ਸਿੰਘ, ਗੁਰਦੇਵ ਸਿੰਘ ਸ਼ਬਦੀ, ਬਾਬਾ ਬਲਬੀਰ ਸਿੰਘ ਘੈਣਾ, ਸਿਮਰਨਜੀਤ ਸਿੰਘ ਕਾਕੂ ਪੀ.ਏ, ਮਾਸਟਰ ਦਲਬੀਰ ਸਿੰਘ ਚੰਬਾ ਕਲਾਂ, ਅਜੀਤ ਪਾਲ ਸਿੰਘ ਬਿੱਟੂ ਸਾਬਕਾ ਸਰਪੰਚ, ਚੰਬਾ ਕਲਾਂ, ਬਲਕਾਰ ਸਿੰਘ ਸਰਪੰਚ, ਚੰਬਾ ਹਵੇਲੀਆਂ, ਮਾਸਟਰ ਗੁਰਨਾਮ ਸਿੰਘ ਧੁੰਨ, ਜੋਤਾ ਸਿੰਘ ਸਾਬਕਾ ਸਰਪੰਚ, ਧੁੰਨ, ਪਰਮਜੀਤ ਸਿੰਘ ਚੰਬਾ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ। -(ਸਮਾਪਤ) –

Leave a Reply

Your email address will not be published. Required fields are marked *