ਟਾਪਪੰਜਾਬ

ਭਾਜਪਾ ਤੇ ‘ਆਪ’ ਦੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਲੋਕ: ਬਲਬੀਰ ਸਿੰਘ ਸਿੱਧੂ

ਮੋਹਾਲੀ-ਪਿੰਡ ਤੰਗੌਰੀ ਨੇੜੇ ਪਲਾਜ਼ੋ ਪੈਲੇਸ ਵਿੱਚ ਯੂਥ ਕਾਂਗਰਸ ਵੱਲੋਂ ਵੋਟ ਚੋਰੀ ਵਿਰੁੱਧ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ‘ਚ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕਰ ਰਹੇ ਹਨ ਅਤੇ ਭਾਜਪਾ ਦੀ ਸਰਕਾਰ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ।

ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੀ ਚਿੰਤਾ ਛੱਡ ਕੇ ਅੰਬਾਨੀ ਅਤੇ ਅਡਾਨੀ ਦੀ ਪੁਸ਼ਤ ਪਨਾਹੀ ਵਿਚ ਲੱਗੇ ਹੋਏ ਹਨ। ਦੇਸ਼ ਵਿਚ ਬੇਰੁਜ਼ਗਾਰੀ ਤੇ ਗ਼ਰੀਬੀ ਨੇ ਨਵੀਂ ਉਚਾਈਆਂ ਛੂਹ ਲਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਹਰ ਨਾਗਰਿਕ ਨੂੰ ਰਾਹੁਲ ਗਾਂਧੀ ਦੇ ਨੇਤ੍ਰਤਵ ਹੇਠ ਭਾਜਪਾ ਵਿਰੋਧੀ ਲੜਾਈ ਵਿਚ ਹਿੱਸਾ ਲੈਣਾ ਹੋਵੇਗਾ।

ਯੂਥ ਕਾਂਗਰਸ ਦੇ ਆਗੂ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਦੀ ਅਗਵਾਈ ਵਿਚ ਰੱਖੀ ਇਸ ਰੈਲੀ ਦੌਰਾਨ ਨੌਜਵਾਨ ਮੁਕੁਲ ਸ਼ਰਮਾ ਨਗਾਰੀ ਨੂੰ ਯੂਥ ਕਾਂਗਰਸ ਬਲਾਕ ਮੋਹਾਲੀ ਦੇ ਪ੍ਰਧਾਨ ਅਤੇ ਕੁਲਬੀਰ ਸਿੰਘ ਭਾਗੋ ਮਾਜਰਾ ਨੂੰ ਮੀਤ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ।

ਸਿੱਧੂ ਨੇ ਜਿੱਥੇ ਭਾਜਪਾ ਉੱਤੇ ਤਿੱਖੇ ਹਮਲੇ ਕੀਤੇ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ‘ਆਪ’ ਸਰਕਾਰ ਨੂੰ ਭਾਜਪਾ ਦਾ ਹੱਥ ਠੋਕਾ ਦੱਸਿਆ ਅਤੇ ਕਿਹਾ ਕਿ ਦੇਸ਼ ਨੂੰ ਨਰਿੰਦਰ ਮੋਦੀ ਅਤੇ ਪੰਜਾਬ ਨੂੰ ਕੇਜਰੀਵਾਲ ਤੇ ਉਸ ਦੀ ਟੀਮ ਲੁੱਟਣ ‘ਤੇ ਲੱਗੇ ਹੋਏ ਹਨ। ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਚੁੱਕਾ ਹੈ।  ਜੇਕਰ ਅੱਜ ਦੇਸ਼ ਅਤੇ ਪੰਜਾਬ ਵਿਚ ਚੋਣਾਂ ਹੋ ਜਾਣ ਤਾਂ ਨਰਿੰਦਰ ਮੋਦੀ ਤੇ ਕੇਜਰੀਵਾਲ ਕਿਤੇ ਵੀ ਨਹੀਂ ਲੱਭਣਗੇ, ਕਿਉਂਕਿ ਇਨ੍ਹਾਂ ਦੋਵੇਂ ਪਾਰਟੀਆਂ ਕੋਲੋਂ ਲੋਕ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ I

ਇਸ ਮੌਕੇ ‘ਤੇ ਬੋਲਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਮਨੋਜ ਯਾਦਵ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਸੰਸਦ ਮੈਂਬਰ ਅਮਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਵੋਟ ਚੋਰੀ ਰਾਹੀਂ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਹੁਣ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਵੋਟਾਂ ਦੀ ਚੋਰੀ ਇੱਕ ਸਿਹਤਮੰਦ ਲੋਕਤੰਤਰ ਲਈ ਬਹੁਤ ਵੱਡਾ ਖ਼ਤਰਾ ਹੈ ਅਤੇ ਅਜਿਹਾ ਕਰ ਕੇ ਭਾਜਪਾ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਰੁੱਧ ਵਿੱਢੇ ਸੰਘਰਸ਼ ਵਿਚ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਦਾ ਸਾਥ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਕਾਂਗਰਸ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਪਡਿਆਲਾ, ਵਿਜੈ ਕੁਮਾਰ ਸ਼ਰਮਾ ਟਿੰਕੂ, ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਪਾਲੀ, ਬਲਾਕ ਕਾਂਗਰਸ ਮੋਹਾਲੀ ਦੇ ਪ੍ਰਧਾਨ ਪ੍ਰਦੀਪ ਸਿੰਘ ਤੰਗੋਰੀ, ਯੂਥ ਕਾਂਗਰਸ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸਰਵੋਤਮ ਰਾਣਾ, ਦਿਹਾਤੀ ਪ੍ਰਧਾਨ ਮੁਕੁਲ ਸ਼ਰਮਾ, ਮੰਡਲ ਪ੍ਰਧਾਨ ਹੈਪੀ ਮਲਿਕ,  ਮਿਲਕਫੈੱਡ ਮੁਹਾਲੀ ਦੇ ਡਾਇਰੈਕਟਰ ਐਡਵੋਕੇਟ ਗੁਰਿੰਦਰ ਸਿੰਘ ਖੱਟੜਾ, ਯੂਥ ਆਗੂ ਰਾਹੁਲ, ਸ਼ੇਰ ਸਿੰਘ ਦੈੜੀ, ਮਨਜੀਤ ਸਿੰਘ ਤੰਗੋਰੀ, ਟਹਿਲ ਸਿੰਘ ਮਾਣਕਪੁਰ ਕੱਲਰ, ਗੁਰਵਿੰਦਰ ਸਿੰਘ ਬੜੀ, ਪੰਡਿਤ ਭੁਪਿੰਦਰ ਕੁਮਾਰ ਨਗਾਰੀ, ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਨੰਬਰਦਾਰ ਗੁਰਚਰਨ ਸਿੰਘ ਗੀਗੇਮਜਾਰਾ, ਸ਼ੁੱਭ ਸੇਖੋਂ, ਮਨਜੀਤ ਸਿੰਘ ਮੋਟੇਮਾਜਰਾ, ਨਵਜੋਤ ਸਿੰਘ ਮਨੋਲੀ, ਮਨਵਰ ਇਕਬਾਲ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਤੇ ਕਾਂਗਰਸੀ ਆਗੂ ਮੌਜੂਦ ਸਨ।

Leave a Reply

Your email address will not be published. Required fields are marked *