ਮਿਟਾ ਦੇ ਅਪਨੀ ਹਸਤੀ ਕੋ ‘ਗਰ ਕੁਛ ਮਰਤਬਾ ਚਾਹੀਏ ਕਿ ਦਾਨਾ ਖਾਕ ਮੇਂ ਮਿਲਕਰ ਗੁਲ – ਏ – ਗੁਲੇਜ਼ਾਰ ਹੋਤਾ ਹੈ “
ਮਿਟਾ ਦੇ ਅਪਨੀ ਹਸਤੀ ਕੋ ‘ਗਰ ਕੁਛ ਮਰਤਬਾ ਚਾਹੀਏ ਕਿ ਦਾਨਾ ਖਾਕ ਮੇਂ ਮਿਲਕਰ,ਗੁਲ – ਏ – ਗੁਲੇਜ਼ਾਰ ਹੋਤਾ ਹੈ “ਅਧਿਆਪਕ ਹੋਣਾ ਆਪਣੇ – ਆਪ ਵਿੱਚ ਬਹੁਤ ਹੀ ਵੱਡੇ ਫਖਰ ਦੀ ਗੱਲ ਹੈ। ਪਰ ਇਸ ਦੇ ਨਾਲ਼ ਹੀ ਆਪਣੇ ਕਿੱਤੇ , ਆਪਣੇ ਵਿਦਿਆਰਥੀਆਂ , ਆਪਣੇ ਸਕੂਲ , ਆਪਣੇ ਸਮਾਜ , ਆਪਣੇ ਵਾਤਾਵਰਨ ਅਤੇ ਦੇਸ਼ ਪ੍ਰਤੀ ਸੱਚੇ ਦਿਲੋਂ ਸਮਰਪਿਤ ਹੋਣਾ , ਕੁਝ ਕਰਨਾ ਤੇ ਚੰਗਾ ਕਰਨ ਦੀ ਇੱਛਾ ਰੱਖਣਾ ਇਹ ਹੋਰ ਵੀ ਵੱਡੀ ਗੱਲ ਤੇ ਪ੍ਰਾਪਤੀ ਹੁੰਦੀ ਹੈ। ਬੱਸ ! ਇਹੀ ਇੱਛਾ , ਇਹੀ ਤਾਂਗ ਇੱਕ ਇਨਸਾਨ ਨੂੰ ਆਮ ਤੋਂ ਖਾਸ ਬਣਾ ਦਿੰਦੀ ਹੈ ਤੇ ਉਹ ਆਪਣੇ ਸਮਾਜ , ਆਪਣੇ ਵਿਦਿਆਰਥੀਆਂ ਅਤੇ ਆਪਣੇ ਖੇਤਰ ਵਿੱਚ ਕਿਤੇ ਨਾ ਕਿਤੇ ਥੋੜ੍ਹੀ – ਬਹੁਤ ਲੋਕਾਂ ਦੇ ਦਿਲ ਵਿੱਚ ਥਾਂ ਜਰੂਰ ਬਣਾ ਲੈਂਦਾ ਹੈ। ਅਜਿਹੇ ਹੀ ਬਹੁਤ ਮਿਹਨਤੀ , ਸੰਘਰਸ਼ਸ਼ੀਲ , ਧਾਰਮਿਕ ਪ੍ਰਵਿਰਤੀ ਦੇ ਮਾਲਕ ਅਤੇ ਆਪਣੇ ਕਿੱਤੇ ਪ੍ਰਤੀ ਲਗਨਸ਼ੀਲ ਅਧਿਆਪਕ ਹਨ – ਪਵਨ ਕੁਮਾਰ ਜੀ। ਜਿਨਾਂ ਦਾ ਜਨਮ 30 ਅਪ੍ਰੈਲ 1975 ਨੂੰ ਪਿਤਾ ਸ਼੍ਰੀ ਮਨਸ਼ਾ ਰਾਮ ਤੇ ਮਾਤਾ ਸ਼੍ਰੀਮਤੀ ਕਮਲਾ ਦੇਵੀ ਦੇ ਘਰ ਪਿੰਡ ਗੰਭੀਰਪੁਰ ਵਿਖੇ ਹੋਇਆ। ਲਗਨਸ਼ੀਲ ਅਧਿਆਪਕ ਪਵਨ ਕੁਮਾਰ ਜੀ ਮਿਤੀ 05 ਜੂਨ 2009 ਤੋਂ ਬਤੌਰ ਸਰਕਾਰੀ ਅਧਿਆਪਕ ਸੇਵਾ ਨਿਭਾਅ ਰਹੇ ਨੇ ਅਤੇ 13.07.2016 ਤੋਂ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਖਮੇੜਾ ( ਸ਼੍ਰੀ ਅਨੰਦਪੁਰ ਸਾਹਿਬ ) ਵਿਖੇ ਬਤੌਰ ਪ੍ਰਾਇਮਰੀ ਅਧਿਆਪਕ ਸੇਵਾ ਨਿਭਾਅ ਰਹੇ ਹਨ। ਇਹਨਾਂ ਨੇ ਆਪਣੀ ਮਿਹਨਤ , ਆਪਣੇ ਜਜਬੇ ਅਤੇ ਆਪਣੀ ਲਗਨ ਦੇ ਨਾਲ਼ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਵੱਖ – ਵੱਖ ਖੇਤਰਾਂ ਵਿੱਚ ਸੇਵਾ ਨਿਭਾਉਣ ਲਈ ਖੂਬ ਯੋਗਦਾਨ ਪਾਇਆ ਤੇ ਇਹਨਾਂ ਵੱਲੋਂ ਪੜ੍ਹਾਏ ਗਏ ਵਿਦਿਆਰਥੀ ਭਾਰਤੀ ਫੌਜ , ਅਧਿਆਪਨ ਖੇਤਰ ਅਤੇ ਹੋਰ ਵੱਖ – ਵੱਖ ਖੇਤਰਾਂ ਵਿੱਚ ਆਪਣਾ ਭਵਿੱਖ ਬਣਾ ਕੇ ਦੇਸ਼ ਦੀ ਸੇਵਾ ਵੀ ਕਰ ਰਹੇ ਨੇ। ਆਲ਼ੇ – ਦੁਆਲ਼ੇ ਦੇ ਪਿੰਡਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਉਣਾ , ਗਰੀਬ ਵਿਦਿਆਰਥੀਆਂ ਦੀ ਸਹਾਇਤਾ ਕਰਨਾ , ਵਾਧੂ ਸਮਾਂ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣਾ , ਸਕੂਲ ਅਤੇ ਸਮਾਜ ਦੇ ਖੇਤਰ ਵਿੱਚ ਹਮੇਸ਼ਾ ਨਿਰੰਤਰ ਯਤਨਸ਼ੀਲ ਰਹਿਣਾ ਪਵਨ ਕੁਮਾਰ ਅਧਿਆਪਕ ਦੀ ਪਛਾਣ ਹੈ। ਇਸੇ ਕੋਸ਼ਿਸ਼ ਸਦਕਾ ਇਨ੍ਹਾਂ ਨੇ ਸਟਾਫ਼ ਤੇ ਸਮਾਜ ਦੇ ਸਹਿਯੋਗ ਨਾਲ਼ ਸਕੂਲ ਵਿੱਚ ਦੋ ਕਮਰੇ , ਬਰਾਂਡਾ ਬਣਵਾਇਆ ਤੇ ਆਪਣੇ ਸਕੂਲ ਲਈ ਲੱਖਾਂ ਰੁਪਏ ਦਾ ਸਮਾਜ ਤੋਂ ਯੋਗਦਾਨ ਲੈ ਕੇ ਵਿਲੱਖਣ ਕਾਰਜ ਕੀਤੇ। ਸਕੂਲ ਤੇ ਵਿਭਾਗ ਵੱਲੋਂ ਲਗਾਈਆਂ ਗਈਆਂ ਹਰ ਤਰ੍ਹਾਂ ਦੀਆਂ ਡਿਊਟੀਆਂ ਵਿੱਚ ਇਹਨਾਂ ਨੇ ਬਾਖੂਬੀ ਸੇਵਾ ਨਿਭਾਈ ਤੇ ਨਿਭਾਉਂਦੇ ਆ ਰਹੇ ਨੇ। ਇਹਨਾਂ ਦੇ ਵਿਦਿਆਰਥੀ ਵੀ ਖੇਡਾਂ ਅਤੇ ਹੋਰ ਵੱਖ – ਵੱਖ ਗਤੀਵਿਧੀਆਂ ਵਿੱਚ ਮੱਲਾਂ ਮਾਰਦੇ ਆਏ ਹਨ। ਬੱਚਿਆਂ ਨੂੰ ਵਿਦਿਆਰਥੀ ਕੇਂਦਰ ਸਿੱਖਿਆ ਦੇਣੀ , ਖੇਡ ਵਿਧੀਆਂ ਰਾਹੀਂ ਪੜ੍ਹਾਉਣਾ ਤੇ ਨਵੀਆਂ ਵਿੱਦਿਅਕ ਤਕਨੀਕਾਂ ਦੀ ਵਰਤੋਂ ਕਰਕੇ ਸਿੱਖਿਆ ਨੂੰ ਰੌਚਕ ਤੇ ਵਿਦਿਆਰਥੀਆਂ ਦੇ ਹਾਣ ਅਤੇ ਸਮਝ ਆਧਾਰਿਤ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣਾਪਣ , ਸੁਖਾਵਾਂ ਮਾਹੌਲ ਤੇ ਵਿਸ਼ਵਾਸ ਦੇਣਾ ਇਹਨਾਂ ਦੀ ਪ੍ਰਵਿਰਤੀ ਰਹੀ। ਇਹੋ ਇੱਕ ਸੱਚੇ – ਸੁੱਚੇ , ਸੰਘਰਸ਼ਸ਼ੀਲ ਤੇ ਦ੍ਰਿੜ ਇੱਛਾ ਸ਼ਕਤੀ ਵਾਲੇ ਅਧਿਆਪਕ ਦੀ ਪਹਿਚਾਣ ਹੁੰਦੀ ਹੈ ਕਿ ਉਹ ਕਿਤਾਬੀ ਗਿਆਨ ਨੂੰ ਜਿੱਥੇ ਸੌਖੇ ਢੰਗ ਨਾਲ਼ ਵਿਦਿਆਰਥੀ – ਕੇਂਦਰਿਤ ਹੋ ਕੇ ਵਿਦਿਆਰਥੀਆਂ ਤੱਕ ਪਹੁੰਚਾਉਂਦਾ ਹੈ ; ਉਸਦੇ ਨਾਲ਼ ਹੀ ਉਹ ਵਿਦਿਆਰਥੀਆਂ ਵਿੱਚ ਦੇਸ਼ – ਭਗਤੀ , ਨੈਤਿਕਤਾ , ਅਨੁਸ਼ਾਸਨ , ਵਾਤਾਵਰਨ ਸੰਭਾਲ਼ ਤੇ ਇਨਸਾਨੀਅਤ ਦੀ ਲੋਅ ਵੀ ਜਾਗਰਿਤ ਕਰਦਾ ਹੈ ; ਇਹ ਸਾਰੇ ਗੁਣ ਅਤੇ ਸੁਭਾਅ ਸਤਿਕਾਰਯੋਗ ਸੁਹਿਰਦ ਅਧਿਆਪਕ ਪਵਨ ਕੁਮਾਰ ਵਿੱਚ ਕੁਦਰਤੀ ਤੌਰ ‘ਤੇ ਸਮਾਹਿਤ ਹਨ , ਜੋ ਕਿ ਉਨ੍ਹਾਂ ਦੀ ਨਿਵੇਕਲੀ ਪਹਿਚਾਣ ਨੂੰ ਦਰਸਾਉਂਦੇ ਹਨ। ਪਵਨ ਕੁਮਾਰ ਜੀ ਨੂੰ ਪੁਸਤਕਾਂ ਅਤੇ ਪੌਦਿਆਂ ਨਾਲ਼ ਵੀ ਬਹੁਤ ਪਿਆਰ ਹੈ। ਰੂਹਾਨੀਅਤ ਤੇ ਧਾਰਮਿਕ ਪ੍ਰਵਿਰਤੀ ਵਾਲ਼ੇ ਪਵਨ ਕੁਮਾਰ ਜੀ ਹਮੇਸ਼ਾ ਸਕਾਰਾਤਮਕ ਸੋਚ ਲੈ ਕੇ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਰੱਖ ਕੇ ਸੱਚੇ ਦਿਲੋਂ ਆਪਣੇ ਕਰਮ ਪ੍ਰਤੀ , ਆਪਣੇ ਸਕੂਲ ਪ੍ਰਤੀ , ਆਪਣੇ ਸਮਾਜ ਪ੍ਰਤੀ ਅਤੇ ਲੋੜਵੰਦਾਂ ਪ੍ਰਤੀ ਜੀਅ – ਜਾਨ ਨਾਲ ਡਟੇ ਰਹਿੰਦੇ ਹਨ।
ਮਾਸਟਰ ਪਵਨ ਕੁਮਾਰ ਜੀ ਦੇ ਮਹਾਨ ਸੁਭਾਅ , ਵਿਲੱਖਣ ਕੰਮਾਂ ਤੇ ਉਸਾਰੂ ਪ੍ਰਵਿਰਤੀ ਨੂੰ ਵਿਅਕਤ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਅਜਿਹੇ ਅਧਿਆਪਕ ਸਮੁੱਚੇ ਅਧਿਆਪਕ ਵਰਗ ਅਤੇ ਸਮਾਜ ਲਈ ਰਾਹ ਦਸੇਰਾ ਬਣਦੇ ਨੇ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ )
ਸ੍ਰੀ ਅਨੰਦਪੁਰ ਸਾਹਿਬ
9478561356
