ਮੌੜ ਦੇ ਆਪ ਵਿਧਾਇਕ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗਣ ਮਗਰੋਂ ਖਹਿਰਾ ਵੱਲੋਂ AAP Mla ਖ਼ਿਲਾਫ਼ ਕੇਸ ਦਰਜ਼ ਕਰਨ ਦੀ ਮੰਗ
ਚੰਡੀਗੜ੍ਹ / ਮੌੜ:-ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੌੜ ਨਗਰ ਕੌਂਸਲ ਦੇ ਪ੍ਰਧਾਨ ਕਰਣੈਲ ਸਿੰਘ ਵੱਲੋਂ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਖ਼ਿਲਾਫ਼ ਲਗਾਏ ਗਏ 30 ਲੱਖ ਰੁਪਏ ਦੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਗਹਿਰੀ ਚਿੰਤਾ ਜਤਾਈ ਹੈ।
ਖਹਿਰਾ ਨੇ ਕਿਹਾ ਕਿ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਦੇ ਬਦਲੇ ਪੈਸੇ ਲੈਣ ਦੇ ਦੋਸ਼ ਹੈਰਾਨ ਕਰਨ ਵਾਲੇ, ਸ਼ਰਮਨਾਕ ਅਤੇ ਆਪ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਖੁਲਾਸੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਹੁਤ ਪ੍ਰਚਾਰਿਤ “ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ” ਮੁਹਿੰਮ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ।
“ਆਪ ਨੇ ਪੰਜਾਬ ਵਿੱਚ ਰਾਜਨੀਤੀ ਨੂੰ ਸਾਫ਼ ਕਰਨ ਦੇ ਦਾਅਵਿਆਂ ਨਾਲ ਸੱਤਾ ਹਾਸਲ ਕੀਤੀ ਸੀ, ਪਰ ਸਰਕਾਰੀ ਅਹੁਦਿਆਂ ਦੀ ਖੁੱਲ੍ਹੀ ਖਰੀਦ-ਫ਼ਰੋਖ਼ਤ ਦੇ ਇਹ ਦੋਸ਼ ਸਾਬਤ ਕਰਦੇ ਹਨ ਕਿ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਸਿਰਫ਼ ਹੱਥ ਬਦਲ ਗਏ ਹਨ,” ਖਹਿਰਾ ਨੇ ਕਿਹਾ।
ਖਹਿਰਾ ਨੇ ਮੰਗ ਕੀਤੀ ਕਿ ਸੰਬੰਧਿਤ ਆਪ ਵਿਧਾਇਕ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਿਤ ਧਾਰਾਵਾਂ ਹੇਠ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਯਕੀਨੀ ਬਣਾਉਣ ਲਈ ਉਸ ਦੀ ਬਿਨਾ ਦੇਰੀ ਗ੍ਰਿਫ਼ਤਾਰੀ ਕੀਤੀ ਜਾਵੇ।
ਉਨ੍ਹਾਂ ਨੇ ਅੱਗੇ ਮੰਗ ਕੀਤੀ ਕਿ ਸਿਆਸੀ ਅਹੁਦੇ ਕਥਿਤ ਤੌਰ ’ਤੇ ਪੈਸਿਆਂ ਦੇ ਬਦਲੇ ਵੇਚੇ ਜਾਣ ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਤੋਂ ਸਰਵਜਨਿਕ ਮਾਫ਼ੀ ਮੰਗਣ , ਖਹਿਰਾ ਨੇ ਇਸਨੂੰ ਵੋਟਰਾਂ ਦੇ ਭਰੋਸੇ ਨਾਲ ਧੋਖਾ ਕਰਾਰ ਦਿੱਤਾ।
“ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰੀ ਸਰਕਾਰ ਦੀ ਲੋੜ ਹੈ, ਨਾ ਕਿ ਐਸੀ ਸਰਕਾਰ ਜਿੱਥੇ ਸਰਕਾਰੀ ਸੰਸਥਾਵਾਂ ਦੇ ਅਹੁਦੇ ਕਥਿਤ ਤੌਰ ’ਤੇ ਨੀਲਾਮ ਕੀਤੇ ਜਾਂਦੇ ਹੋਣ,” ਖਹਿਰਾ ਨੇ ਕਿਹਾ!
