ਵਿਅੰਗਮਈ ਤੇ ਹਾਸੇ ਭਰਿਆ ਲੇਖ ,ਪੰਜਾਬੀ ਭਾਸ਼ਾ ਦਿਵਸ ਮੁੱਕ ਗਿਆ: ਭਾਸ਼ਣ ਤਾਂ ਹੋਏ ਪਰ ਪੰਜਾਬੀ ਮਾਂ ਬੋਲੀ ਅਜੇ ਵੀ ਅਸਲੀ ਇੱਜ਼ਤ ਲਈ ਉਡੀਕਦੀ
ਪੰਜਾਬੀ ਭਾਸ਼ਾ ਦਿਵਸ ਮੁੜੋਂ ਮੁਕ ਗਿਆ, ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੌਲਾ-ਰੱਪਾ, ਭਾਸ਼ਣ ਤੇ ਵਾਅਦੇ ਉਹਨਾਂ ਦੀਆਂ ਗਤੀ ਨਾਲ ਮੁੱਕ ਗਏ ਜਿਸ ਗਤੀ ਨਾਲ ਚੋਣਾਂ ਤੋਂ ਬਾਅਦ ਵਾਅਦੇ ਮੁੱਕਦੇ ਹਨ। ਸਾਲ ਵਿਚ ਇਕੋ ਦਿਨ ਉਹ ਆਉਂਦਾ ਹੈ ਜਦੋਂ ਸਾਰਾ ਪੰਜਾਬ ਇਕਦਮ ਯਾਦ ਕਰ ਲੈਂਦਾ ਹੈ ਕਿ ਪੰਜਾਬੀ ਭਾਸ਼ਾ ਸਿਰਫ਼ ਇਕ ਵਿਸ਼ਾ ਨਹੀਂ, ਸਾਡੀ ਪਛਾਣ ਤੇ ਮਾਤਾ ਵੀ ਹੈ। ਸਕੂਲਾਂ ਚ ਉਹੀ ਪੁਰਾਣੀਆਂ ਸਪੀਚਾਂ ਬੱਚਿਆਂ ਨੂੰ ਰਟਵਾਈਆਂ ਜਾਂਦੀਆਂ ਹਨ, ਦਫ਼ਤਰਾਂ ਵਿਚ ਅੰਗਰੇਜ਼ੀ ਫੌਂਟ ਵਾਲੇ ਵੱਡੇ ਬੈਨਰ ਟੰਗ ਦਿੱਤੇ ਜਾਂਦੇ ਹਨ ਜਿਨ੍ਹਾਂ ’ਤੇ ਲਿਖਿਆ ਹੁੰਦਾ ਹੈ “Happy Punjabi Language Day”, ਤੇ ਜਿਹੜੇ ਨੇਤਾ ਸਧੀ ਪੰਜਾਬੀ ਬੋਲਣ ਨਾਲ ਵੀ ਘਬਰਾਉਂਦੇ ਹਨ, ਉਹ ਵੀ ਉਸ ਦਿਨ ਭਾਵੁਕ ਪੰਜਾਬੀ ਦੇ ਅਜਿਹੇ ਤੀਤੇ ਤੀਤੇ ਸ਼ਬਦ ਵਰਤਦੇ ਹਨ ਕਿ ਲੋਕਾਂ ਨੂੰ ਵੀ ਸ਼ੱਕ ਹੋ ਜਾਂਦਾ ਹੈ ਕਿ ਇਹੋ ਜਿਹੇ ਸ਼ਬਦ ਪੰਜਾਬੀ ਕਿਤਾਬਾਂ ਵਿੱਚ ਸਨ?
ਪਰ ਦੂਜੇ ਦਿਨ ਸਭ ਕੁਝ ਮੁੜ ਪੁਰਾਣੀ ਤਰ੍ਹਾਂ ਹੋ ਜਾਂਦਾ ਹੈ। ਮਾਈਕ ਚੁੱਪ ਹੋ ਜਾਂਦੇ ਹਨ, ਸਮੋਸਿਆਂ ਦੇ ਟਰੇ ਗ਼ਾਇਬ ਹੋ ਜਾਂਦੇ ਹਨ, ਅਤੇ ਪੰਜਾਬੀ ਮਾਂ ਬੋਲੀ ਫਿਰੋਂ ਉਹੀ ਪੁਰਾਣੇ ਕਮਰੇ ਦੇ ਧੂੜ ਭਰੇ ਕੋਨੇ ਵਿੱਚ ਜਾ ਕੇ ਬੈਠ ਜਾਂਦੀ ਹੈ ਜਿੱਥੇ ਉਹ ਸਾਲ ਭਰ ਬੈਠੀ ਰਹਿੰਦੀ ਹੈ। ਉਸਦੀ ਹਾਲਤ ਅਜੇ ਵੀ ਉਹੀ ਹੈ—ਨੂੰਹ ਵਰਗੀ, ਘਰ ਵਿੱਚ ਸਭ ਨੂੰ ਚਾਹੀਦੀ ਤਾਂ ਹੈ ਪਰ ਇੱਜ਼ਤ ਕਿਸੇ ਦੇ ਕੋਲ ਵੀ ਨਹੀਂ। ਭਾਸ਼ਾ ਦਿਵਸ ਤਾੰ ਚੜ੍ਹਦੀ ਕਲਾ ਵਾਲਾ ਦਿਨ ਹੁੰਦਾ ਹੈ, ਪਰ ਬਾਕੀ ਦਿਨ ਪੰਜਾਬੀ ਮਾਂ ਬੋਲੀ ਦੀ ਟੁੱਟੀ-ਫੁੱਟੀ ਇੱਜ਼ਤ ਹੀ ਬਚਦੀ ਹੈ।
ਅਸੀਂ ਕੀ ਲੱਭਿਆ? ਸਾਨੂੰ ਉਹੀ ਸਪੀਚਾਂ ਮਿਲੀਆਂ ਜਿਹੜੀਆਂ ਕਿਸੇ ਨੇ ਕਦੇ ਖੁਦ ਨਹੀਂ ਲਿਖੀਆਂ। ਸਾਨੂੰ ਨੇਤਾਵਾਂ ਦੀਆਂ ਉਹ ਫੋਟੋਆਂ ਮਿਲੀਆਂ ਜਿਨ੍ਹਾਂ ਵਿੱਚ ਉਹ ਪੰਜਾਬੀ ਕਿਤਾਬ ਹੱਥ ਵਿੱਚ ਫੜ੍ਹ ਕੇ ਖੜ੍ਹੇ ਤਾਂ ਹਨ, ਪਰ ਉਹ ਕਿਤਾਬ ਖੋਲ੍ਹਣ ਦੀ ਹਿੰਮਤ ਉਹਨਾਂ ਨੇ ਕਦੇ ਨਹੀਂ ਕੀਤੀ। ਸਾਨੂੰ ਬੜੇ-ਬੜੇ ਐਲਾਨ ਮਿਲੇ ਕਦੇ ਪੰਜਾਬੀ ਨੂੰ ਲਾਜ਼ਮੀ ਕਰਨ ਦੇ, ਕਦੇ ਦੁਨੀਆ ਭਰ ਫੈਲਾਉਣ ਦੇ—ਪਰ ਉਹ ਐਲਾਨ ਕੱਲ੍ਹ ਹੀ ਦਫ਼ਤਰ ਦੀਆਂ ਹੋਰ ਫਾਇਲਾਂ ਹੇਠ ਦੱਬ ਗਏ।
ਅਸੀਂ ਕੀ ਗੁਆ ਲਿਆ? ਇੱਕ ਹੋਰ ਸਾਲ। ਪੰਜਾਬੀ ਨੂੰ ਸਰਕਾਰੀ ਦਫ਼ਤਰਾਂ ਦੀ ਮੁੱਖ ਭਾਸ਼ਾ ਬਣਾਉਣ ਦਾ ਮੌਕਾ। ਪੰਜਾਬੀ ਬੋਰਡਾਂ ਨੂੰ ਬਚਾਉਣ ਦੀ ਲੋੜ। ਆਪਣੇ ਬੱਚਿਆਂ ਵਿਚ ਪੰਜਾਬੀ ਲਈ ਮਾਣ ਪੈਦਾ ਕਰਨ ਦੀ ਜ਼ਰੂਰਤ। ਅਤੇ ਸਭ ਤੋਂ ਵੱਡਾ ਨੁਕਸਾਨ ਸਮੋਸੇ ਮੁੱਕ ਗਏ ਸਨ ਤੇ ਅਸੀਂ ਟਰੇ ਤੱਕ ਪੁੱਜੇ ਵੀ ਨਹੀਂ ਸੀ।
ਇਸ ਸਾਰੇ ਨਾਟਕ ਦੇ ਵਿਚਕਾਰ ਪੰਜਾਬੀ ਮਾਂ ਬੋਲੀ ਚੁੱਪ-ਚਾਪ ਖੜੀ ਪੁੱਛ ਰਹੀ ਹੁੰਦੀ ਹੈ, “ਕੀ ਮੈਨੂੰ ਕੱਲ੍ਹ ਵੀ ਕੋਈ ਯਾਦ ਕਰੇਗਾ?” ਪਰ ਲੋਕ ਬਿੱਜੀ ਹਨ ਉਹਨਾਂ ਨੂੰ “Punjabi is my attitude” ਵਾਲੀਆਂ ਰੀਲਾਂ ਬਣਾਉਣ ਦਾ ਸ਼ੌਂਕ ਹੈ, ਉਹ ਵੀ ਉਹਨਾਂ ਫਿਲਟਰਾਂ ਨਾਲ ਜੋ ਪੰਜਾਬ ਨਾਲੋਂ ਜ਼ਿਆਦਾ ਕੋਰੀਆ ਜਿਹੇ ਲੱਗਦੇ ਹਨ। ਹਾਸਾ ਵੀ ਹੁੰਦਾ ਹੈ, ਦੁੱਖ ਵੀ ਹੁੰਦਾ ਹੈ। ਭਾਸ਼ਾ ਦਿਵਸ ਹਰ ਸਾਲ ਆਉਂਦਾ ਜਾਂਦਾ ਹੈ, ਪਰ ਪੰਜਾਬੀ ਮਾਂ ਬੋਲੀ ਫਿਰ ਭੀ ਉਡੀਕਦੀ ਰਹਿੰਦੀ ਹੈ ਕਦੋਂ ਕੋਈ ਇਸ ਨੂੰ ਸਿਰਫ਼ ਇੱਕ ਦਿਨ ਨਹੀਂ, ਸਾਲ ਭਰ ਪਿਆਰ ਦੇਵੇਗਾ।
ਲੇਖਕ: ਸਤਨਾਮ ਸਿੰਘ ਚਾਹਲ
