ਅਦਾਲਤ ਵੱਲੋਂ ਲਾਲੂ ਯਾਦਵ ਤੇ ਤੇਜਸਵੀ ਯਾਦਵ ਦੇ ਸੰਮਨ ਜਾਰੀ
ਨਵੀਂ ਦਿੱਲੀ (ਯੂ. ਐਨ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਨੌਕਰੀ ਬਦਲੇ ਜ਼ਮੀਨ ਘਪਲੇ ਨਾਲ ਜੁੜੇ ਇਕ ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪੁੱਤਰਾਂ ਤੇਜਸਵੀ ਯਾਦਵ ਤੇ ਤੇਜ ਪ੍ਰਤਾਪ ਯਾਦਵ ਅਤੇ ਹੋਰਨਾਂ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਸਾਰੇ ਮੁਲਜ਼ਮਾਂ ਨੂੰ 7 ਅਕਤੂਬਰ ਨੂੰ ਅਦਾਲਤ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਹੁਕਮ ਮੁਲਜ਼ਮਾਂ ਖ਼?ਲਾਫ਼ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਉਤੇ ਗ਼ੌਰ ਕਰਦਿਆਂ ਸੁਣਾਏ ਹਨ। ਇਸ ਮਾਮਲੇ ਵਿਚ ਈਡੀ ਨੇ ਅਦਾਲਤ ਅੱਗੇ 6 ਅਗਸਤ ਨੂੰ ਅੰਤਿਮ ਰਿਪੋਰਟ ਪੇਸ਼ ਕੀਤੀ ਸੀ। ਕੇਂਦਰੀ ਏਜੰਸੀ ਨੇ ਇਹ ਕੇਸ ਇਸ ਮਾਮਲੇ ਵਿਚ ਸੀ ਬੀ ਆਈ ਵੱਲੋਂ ਦਰਜ ਇਕ ਐੱਫ਼ ਆਈ ਆਰ ਦੇ ਆਧਾਰ ’ਤੇ ਦਰਜ ਕੀਤਾ ਸੀ।