ਟਾਪਪੰਜਾਬ

 ’ਅੰਬਰਸਰੀਏ ਰਾਈਡਜ਼’ ਨੇ ਡੀ ਸੀ ਨੂੰ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੀ ਕੀਤੀ ਮੰਗ ।

ਅੰਮ੍ਰਿਤਸਰ  – ਮੋਟਰ ਸਾਈਕਲ ਕਲੱਬ  ’ਅੰਬਰਸਰੀਏ ਰਾਈਡਜ਼’ ਦੇ ਨੌਜਵਾਨਾਂ ਨੇ ਜ਼ਿਲ੍ਹੇ ਦੀ ਡੀ ਸੀ ਸ੍ਰੀਮਤੀ ਸਾਕਸ਼ੀ ਸਾਹਨੀ ਤੋਂ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸੇ ਅਤੇ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਤੁਰੰਤ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ।ਕਲੱਬ ਦੇ ਮੈਂਬਰਾਂ ਅਮਨਦੀਪ ਸਿੰਘ ਵਾਲੀਆ, ਹਰਪ੍ਰੀਤ ਸਿੰਘ ਆਹਲੂਵਾਲੀਆ, ਡਾਇਰੈਕਟਰ ਪਰਵਿੰਦਰ ਸਿੰਘ, ਤਰਨਦੀਪ ਸਿੰਘ ਦੁਆ, ਵਿੱਕੀ ਫ਼ਤਿਆਬਾਦ ਅਤੇ ਸਾਹਿਬ ਸਿੰਘ ਨੇ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਨੌਜਵਾਨ ਗਾਇਕ ਤੇ  ਬਾਈਕ ਰਾਈਡਰ ਰਾਜਵੀਰ ਜਵੰਦਾ ਦੀ ਸੜਕ ’ਤੇ ਅਵਾਰਾ ਪਸ਼ੂ ਨਾਲ ਟੱਕਰ ਹੋਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਅਵਾਰਾ ਪਸ਼ੂਆਂ ਦੀ ਬੇਤਹਾਸ਼ਾ ਵਧ ਰਹੀ ਗਿਣਤੀ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਿਨ੍ਹਾਂ ਵਿੱਚ ਕਈ ਲੋਕ ਜਾਨ ਗੁਆ ਬੈਠਦੇ ਹਨ ਜਾਂ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਰਹੇ ਹਨ। ਇਹ ਹਾਦਸੇ ਸਿਰਫ਼ ਜਾਨੀ ਨੁਕਸਾਨ ਹੀ ਨਹੀਂ ਸਗੋਂ ਸਰਕ ਸੁਰੱਖਿਆ ਪ੍ਰਬੰਧਾਂ ਤੇ ਨਗਰ ਪ੍ਰਸ਼ਾਸਨ ਦੀ ਨਾਕਾਮੀ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਅਵਾਰਾ ਪਸ਼ੂਆਂ ਦੀ ਗਿਣਤੀ ’ਤੇ ਕਾਬੂ ਪਾਉਣ ਲਈ ਹਰ ਸ਼ਹਿਰ ਅਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ। ਜਿੱਥੇ ਵੀ ਆਵਾਰਾ ਪਸੂਆਂ ਕਾਰਨ ਹਾਦਸੇ ਹੋ ਰਹੇ ਹਨ ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਉਨ੍ਹਾਂ ਹਰ ਜ਼ਿਲ੍ਹੇ ਵਿੱਚ ਸਰਕਾਰੀ ਪੱਧਰ ਤੇ ਗਊਸ਼ਾਲਾਵਾਂ ਬਣਾਉਣ ਤੇ ਵਧਾਈਆਂ ਜਾਣ ਜਿੱਥੇ ਅਵਾਰਾ ਪਸ਼ੂਆਂ ਨੂੰ ਇਕੱਠਾ ਕੀਤਾ ਜਾਵੇ। ਪਿੰਡ ਪੱਧਰ ਤੇ ਪੰਚਾਇਤਾਂ ਨੂੰ ਗਊਸ਼ਾਲਾਵਾਂ ਬਣਾਉਣ ਲਈ ਕਿਹਾ ਜਾਵੇ।ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਪ੍ਰਾਪਤ ਕੀਤੇ ਜਾਂਦੇ ਗਊ ਸੈਸ ਨੂੰ ਸਿਰਫ਼ ਗਊਸ਼ਾਲਾਵਾਂ ਲਈ ਹੀ ਵਰਤਿਆ ਜਾਵੇ।  ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਕਰੇਗੀ ਤਾਂ ਜੋ ਹੋਰ ਕਿਸੇ ਪਰਿਵਾਰ ਨੂੰ ਇਸ ਤਰ੍ਹਾਂ ਦਾ ਦੁੱਖ ਨਾ ਭੁੱਲਣਾ ਪਵੇ।
ਅਮਨਦੀਪ ਸਿੰਘ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਅਣਦੇਖੀ ਨਾਲ ਅਨੇਕਾਂ ਸੜਕ ਹਾਦਸੇ ਹੋ ਰਹੇ ਹਨ, ਉਨ੍ਹਾਂ ਗਾਇਕ ਤੇ ਕਲਾਕਾਰ  ਰਾਜਵੀਰ ਜਵੰਦਾ ਦੀ ਮੌਤ ’ਤੇ ਗਹਿਰਾ ਦੁੱਖ ਦਾ ਇਜ਼ਹਾਰ ਕੀਤਾ ਅਤੇ ਇਸ ਹਾਦਸੇ ਲਈ ਸਰਕਾਰਾਂ ਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੀ ਦਰਦਨਾਕ ਮੌਤ ਨੇ ਸੂਬੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਘਟਨਾ ਸਿਰਫ਼ ਇਕ ਵਿਅਕਤੀ ਦੀ ਮੌਤ ਨਹੀਂ, ਸਗੋਂ ਸਰਕਾਰੀ ਤੇ ਪ੍ਰਸ਼ਾਸਨ ਦੀ ਨਾਕਾਮੀ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਅਵਾਰਾ ਗਊਆਂ ਤੇ ਬੈਲਾਂ ਦੀ ਵਧਦੀ ਗਿਣਤੀ ਨੇ ਸੜਕਾਂ ਨੂੰ ਮੌਤ ਦੇ ਖੇਤਰਾਂ ’ਚ ਬਦਲ ਦਿੱਤਾ ਹੈ। ਹਰ ਰੋਜ਼ ਕਿਸਾਨ, ਮਜ਼ਦੂਰ, ਬੱਚੇ ਤੇ ਬਜ਼ੁਰਗ ਇਨ੍ਹਾਂ ਪਸ਼ੂਆਂ ਦੀ ਵਜ੍ਹਾ ਨਾਲ ਜ਼ਖ਼ਮੀ ਜਾਂ ਮਾਰੇ ਜਾਂਦੇ ਹਨ, ਪਰ ਪ੍ਰਸ਼ਾਸਨ ਸਿਰਫ਼ ਕਾਗ਼ਜ਼ਾਂ ਵਿੱਚ “ਗਊ ਸ਼ੈਲਟਰ” ਬਣਾਉਣ ਦੀ ਗੱਲ ਕਰਦਾ ਹੈ । ਜਿੱਥੇ ਨਾ ਖ਼ੁਰਾਕ ਹੈ, ਨਾ ਸੁਰੱਖਿਆ ਅਤੇ ਨਾ ਕੋਈ ਜ਼ਿੰਮੇਵਾਰ ਪ੍ਰਬੰਧਕ।
ਉਨ੍ਹਾਂ ਕਿਹਾ ਕਿ “ਗਊ ਸ਼ੈਸ਼” ਦੇ ਨਾਮ ’ਤੇ ਹਰ ਰਾਜ ਸਰਕਾਰ ਦੁਆਰਾ ਪੈਟਰੋਲ-ਡੀਜ਼ਲ, ਵਪਾਰਿਕ ਲੈਣ-ਦੇਣ ਅਤੇ ਹੋਰ ਸਰਕਾਰੀ ਸੇਵਾਵਾਂ ’ਤੇ ਕਰ ਇਕੱਠਾ ਕੀਤਾ ਜਾ ਰਿਹਾ ਹੈ। ਇਸ ਰਕਮ ਦਾ ਉਦੇਸ਼ ਬੇਸਹਾਰਾ ਪਸ਼ੂਆਂ ਦੀ ਦੇਖਭਾਲ, ਸੁਰੱਖਿਅਤ ਸ਼ੈਲਟਰ ਅਤੇ ਸੜਕਾਂ ਤੋਂ ਹਟਾਉਣ ਲਈ ਵਿਵਸਥਾ ਕਰਨਾ ਸੀ। ਪਰ ਹਕੀਕਤ ਇਹ ਹੈ ਕਿ ਇਹ ਪੈਸਾ ਨਾਂਹ ਤਾਂ ਪਸ਼ੂਆਂ ਦੇ ਭਲੇ ਲਈ ਵਰਤਿਆ ਜਾਂਦਾ ੈ ਤੇ ਨਾਂਹ ਹੀ ਕਿਸੇ ਜ਼ਮੀਨੀ ਪ੍ਰੋਜੈਕਟ ’ਚ ਦਿਖਾਈ ਦਿੰਦਾ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿਚ “ਗਊ ਸ਼ੈਸ਼” ਦੇ ਕਈ ਕਰੋੜ ਰੁਪਏ ਬਿਨਾਂ ਵਰਤੇ ਖਾਤਿਆਂ ’ਚ ਪਏ ਹਨ ਜਾਂ ਫਾਈਲਾਂ ਵਿਚ ਦੱਬੇ ਹੋਏ ਹਨ।
ਉਨ੍ਹਾਂ ਕਿ ਇਹ ਮਾਮਲਾ ਸਿਰਫ਼ ਪ੍ਰਬੰਧਕੀ ਲਾਪਰਵਾਹੀ ਨਹੀਂ, ਸਗੋਂ ਜ਼ਿੰਮੇਵਾਰੀ ਦੇ ਅਣਹੋਂਦ ਦਾ ਪ੍ਰਤੀਕ ਹੈ। ਜਦ ਤੱਕ ਗਊ ਸ਼ੈਲਟਰਾਂ ਦੀ ਸੁਚਾਰੂ ਕਾਰਗੁਜ਼ਾਰੀ, ਨਿਯਮਿਤ ਨਿਗਰਾਨੀ ਅਤੇ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਲਈ ਵਿਸ਼ੇਸ਼ ਟਾਸਕ ਫੋਰਸ ਨਹੀਂ ਬਣਾਈ ਜਾਂਦੀ, ਅਜਿਹੀਆਂ ਮੌਤਾਂ ਹੁੰਦੀਆਂ ਰਹਿਣਗੀਆਂ।

Leave a Reply

Your email address will not be published. Required fields are marked *