ਟਾਪਪੰਜਾਬ

ਵਿਦੇਸ਼ੀ ਦੌਰਿਆਂ ਦੀ ਆੜ ’ਚ ਪੰਜਾਬ ਦਾ ਖ਼ਜ਼ਾਨਾ ਲੁੱਟਦਾ—ਸੱਤਾ ਵਾਲੇ ਨੇਤਾ ਹੁਣ ਲੋਕਾਂ ’ਤੇ ਬੋਝ ਬਣ ਚੁੱਕੇ

ਅੱਜ ਪੰਜਾਬ ਇੱਕ ਬਹੁਤ ਹੀ ਦਰਦਨਾਕ ਦੌਰ ਵਿਚੋਂ ਲੰਘ ਰਿਹਾ ਹੈ। ਜਿਹੜਾ ਪੰਜਾਬ ਕਦੇ ਮਹਿਨਤ, ਖੁਸ਼ਹਾਲੀ ਤੇ ਤਰੱਕੀ ਦਾ ਪ੍ਰਤੀਕ ਸੀ, ਅੱਜ ਉਸਦਾ ਖ਼ਜ਼ਾਨਾ ਉਹਨਾਂ ਨੇਤਾਵਾਂ ਦੀਆਂ ਸ਼ੌਕੀਆ ਸਫ਼ਰਾਂ ਹੇਠ ਸੁੱਕ ਰਿਹਾ ਹੈ ਜਿਨ੍ਹਾਂ ਤੇ ਲੋਕਾਂ ਨੇ ਭਰੋਸਾ ਕੀਤਾ ਸੀ। ਸੱਤਾ ’ਚ ਬੈਠੇ ਨੇਤਾ, ਜਿਨ੍ਹਾਂ ਦਾ ਫ਼ਰਜ਼ ਸੀ ਕਿ ਉਹ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਕਰਨ, ਉਹਨਾਂ ਨੇ ਆਪਣੀਆਂ ਕੁਰਸੀਆਂ ਨੂੰ ਵਿਦੇਸ਼ੀ ਯਾਤਰਾਵਾਂ ਅਤੇ ਨਿੱਜੀ ਸੁਖ ਸੁਵਿਧਾਵਾਂ ਦਾ ਸਾਧਨ ਬਣਾ ਲਿਆ ਹੈ। ਪੰਜਾਬ ਦੇ ਲੋਕ ਕਰਜ਼ਿਆਂ, ਬੇਰੁਜ਼ਗਾਰੀ, ਨਸ਼ਿਆਂ, ਤਬਾਹ ਹੁੰਦੀ ਕਾਨੂੰਨਵਿਵਸਥਾ ਅਤੇ ਢਹਿੰਦੀ ਢਾਂਚੇਬੰਦੀ ਨਾਲ ਜੂਝ ਰਹੇ ਹਨ, ਜਦੋਂਕਿ ਨੇਤਾ ਮਹਿੰਗੀਆਂ ਉਡਾਣਾਂ ’ਚ ਬੈਠ ਕੇ ਦੁਨੀਆ ਦੀ ਸੈਰ ਕਰ ਰਹੇ ਹਨ।

ਹਰ ਦੌਰੇ ਨੂੰ “ਨਿਵੇਸ਼ ਲਿਆਉਣ ਦੀ ਕੋਸ਼ਿਸ਼”, “ਅੰਤਰਰਾਸ਼ਟਰੀ ਸਹਿਯੋਗ”, ਜਾਂ “ਸਫ਼ਲ ਮੀਟਿੰਗਾਂ” ਦਾ ਨਾਮ ਦੇ ਕੇ ਲੋਕਾਂ ਨੂੰ ਫੁਸਲਾਇਆ ਜਾਂਦਾ ਹੈ। ਪਰ ਸੱਚ ਇਹ ਹੈ ਕਿ ਇਨ੍ਹਾਂ ਦੌਰਿਆਂ ਤੋਂ ਪੰਜਾਬ ਨੂੰ ਨਾ ਕੋਈ ਸਿਰਜਣਾ ਮਿਲੀ ਹੈ, ਨਾ ਕੋਈ ਉਦਯੋਗ ਲੱਗਾ ਹੈ, ਨਾ ਕੋਈ ਨੌਕਰੀਆਂ ਬਣੀਆਂ ਹਨ। ਪੰਜਾਬ ਦੇ ਨਾਮ ’ਤੇ ਸਿਰਫ਼ ਨੇਤਾਵਾਂ ਨੇ ਆਪਣੇ ਵੀਆਈਪੀ ਦੌਰੇ ਕੀਤੇ ਹਨ ਮਹਿੰਗੇ ਹੋਟਲ, ਲਗਜ਼ਰੀ ਗੱਡੀਆਂ, ਵੱਡੀਆਂ ਟੀਮਾਂ ਅਤੇ ਫੋਟੋਆਂ। ਖ਼ਰਚਾ ਸਾਰਾ ਪੰਜਾਬ ਦੇ ਲੋਕਾਂ ਦੀ ਜੇਬ ਤੋਂ ਅਤੇ ਲਾਭ ਸਾਰਾ ਰਾਜ ਕਰਨ ਵਾਲਿਆਂ ਦੇ ਸੁਖਾਂ ਲਈ।

ਦਿਲ ਨੂੰ ਸਭ ਤੋਂ ਵੱਧ ਚੋਭਾ ਤਦ ਲੱਗਦਾ ਹੈ ਜਦੋਂ ਕੁਝ ਨੇਤਾ ਵਿਦੇਸ਼ੋਂ ਆਉਂਦੇ ਹੀ ਫਿਰ ਤੋਂ ਤਿਆਰੀ ਕਰ ਲੈਂਦੇ ਹਨ ਅਗਲੇ ਦੌਰੇ ਦੀ। ਪੰਜਾਬ ਦੀ ਇੱਕ ਅਹੁਦੇਦਾਰ ਸ਼ਖ਼ਸੀਅਤ ਤਾਂ ਵਿਦੇਸ਼ ਜਾਣ ਨੂੰ ਰੁਟੀਨ ਬਣਾ ਬੈਠੀ ਹੈ ਇੱਕ ਯਾਤਰਾ ਤੋਂ ਵਾਪਸ ਆਉਣ ਤੋਂ ਪਹਿਲਾਂ ਹੀ ਅਗਲੇ 30 ਦਿਨਾਂ ਦੇ ਵਿਦੇਸ਼ ਦੌਰੇ ਦੀ ਘੋਸ਼ਣਾ ਕਰ ਦਿੰਦੇ ਹਨ। ਇਹ ਹਾਲਾਤ ਸਪੱਸ਼ਟ ਕਰਦੇ ਹਨ ਕਿ ਇਨ੍ਹਾਂ ਦੌਰਿਆਂ ਦਾ ਪੰਜਾਬ ਦੀ ਤਰੱਕੀ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਸਿਰਫ਼ ਨਿੱਜੀ ਆਰਾਮ ਅਤੇ ਸੁਹਾਵੀਆਂ ਯਾਤਰਾਵਾਂ ਦਾ ਖੇਡ ਹੈ।

ਇਸਦੇ ਵਿਰੁੱਧ, ਪੰਜਾਬ ਦੀ ਹਕੀਕਤ ਬਹੁਤ ਕਠੋਰ ਹੈ। ਰਾਜ ਕਰਜ਼ਿਆਂ ਹੇਠ ਡਿੱਗ ਰਿਹਾ ਹੈ। ਅਧਿਆਪਕਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ, ਹਸਪਤਾਲਾਂ ਕੋਲ ਸਾਧਨ ਨਹੀਂ, ਕਿਸਾਨ ਕੰਗਾਲੀ ਨਾਲ ਲੜ ਰਹੇ ਹਨ, ਜਵਾਕ ਰੋਜ਼ਗਾਰ ਦੀ ਖੋਜ ’ਚ ਦੇਸ਼ ਛੱਡ ਰਹੇ ਹਨ। ਪਿੰਡਾਂ ਦੀਆਂ ਗਲੀਆਂ ਤੋਂ ਲੈ ਕੇ ਸ਼ਹਿਰਾਂ ਦੀਆਂ ਸੜਕਾਂ ਤੱਕਹਰ ਥਾਂ ਹਾਲਾਤ ਚੰਗੇ ਕਰਨ ਲਈ ਬਦਲਾਅ ਦੀ ਲੋੜ ਹੈ। ਪਰ ਜਿਨ੍ਹਾਂ ਨੂੰ ਇਹ ਕੰਮ ਕਰਨ ਲਈ ਚੁਣਿਆ ਗਿਆ ਸੀ, ਉਹਨਾਂ ਦੇ ਪੈਰ ਤਾਂ ਵਿਦੇਸ਼ਾਂ ਦੇ ਫਰਸ਼ਾਂ ਤੋਂ ਮੁੜਣ ਨੂੰ ਤਿਆਰ ਹੀ ਨਹੀਂ।

ਲੋਕਾਂ ਦਾ ਪੈਸਾ ਲੋਕਾਂ ਲਈ ਹੁੰਦਾ ਹੈ ਇਹ ਗੱਲ ਨੇਤਾਵਾਂ ਨੂੰ ਸਮਝਣੀ ਚਾਹੀਦੀ ਹੈ। ਜੇ ਇਹ ਦੌਰੇ ਸੱਚਮੁੱਚ ਪੰਜਾਬ ਲਈ ਫ਼ਾਇਦੇਮੰਦ ਹਨ, ਤਾਂ ਸਾਰੀਆਂ ਜਾਣਕਾਰੀਆਂ ਜਨਤਾ ਸਾਹਮਣੇ ਰੱਖੀਆਂ ਜਾਣ। ਕਿੰਨਾ ਨਿਵੇਸ਼ ਆਇਆ? ਕਿੰਨੀ ਫੈਕਟਰੀਆਂ ਲੱਗੀਆਂ? ਕਿੰਨੀ ਨੌਕਰੀਆਂ ਤਿਆਰ ਹੋਈਆਂ? ਜਦੋਂ ਸਾਰੇ ਜਵਾਬ “ਕੁਝ ਵੀ ਨਹੀਂ” ਵਿੱਚ ਮਿਲਣ, ਤਾਂ ਫਿਰ ਇਹ ਦੌਰੇ ਸਪੱਸ਼ਟ ਤੌਰ ’ਤੇ ਲਾਭ ਦੇ ਨਹੀਂ, ਸਗੋਂ ਥੋਪੇ ਹੋਏ ਖ਼ਰਚੇ ਹਨ।

ਪੰਜਾਬ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ ਜੋ ਧਰਤੀ ਨਾਲ ਜੁੜੇ ਹੋਣ, ਲੋਕਾਂ ਦੇ ਦਰਦ ਦੇ ਸਾਥੀ ਹੋਣ, ਨਾ ਕਿ ਲਗਾਤਾਰ ਹਵਾਈ ਸਫ਼ਰਾਂ ’ਚ ਵਿਅਸਤ। ਪੰਜਾਬ ਦੀ ਤਰੱਕੀ ਵਿਦੇਸ਼ਾਂ ਦੀਆਂ ਵਿਲਾਸਪੂਰਨ ਯਾਤਰਾਵਾਂ ਨਾਲ ਨਹੀਂ, ਸੱਚੀ ਨਿਸ਼ਠਾ, ਜ਼ਿੰਮੇਵਾਰੀ ਅਤੇ ਸੂਝ-ਬੂਝ ਨਾਲ ਹੋਵੇਗੀ। ਲੋਕਾਂ ਨੂੰ ਆਪਣੇ ਪੈਸੇ ਦੀ ਹਿਸਾਬ-ਕਿਤਾਬ ਮੰਗਣ ਦਾ ਪੂਰਾ ਹੱਕ ਹੈ ਅਤੇ ਇਹ ਸਮਾਂ ਹੈ ਕਿ ਸੱਤਾ ਵਿੱਚ ਬੈਠੇ ਲੋਕ ਇਸਦਾ ਜਵਾਬ ਦੇਣ।

ਅੱਜ ਨਹੀਂ ਤਾਂ ਕਦੋਂ ਪੰਜਾਬ ਨੂੰ ਉਹਨਾਂ ਤੋਂ ਖ਼ਾਤਰਦਾਰੀ ਮੰਗਣੀ ਹੀ ਪਏਗੀ ਜੋ ਆਪਣੇ ਫ਼ਰਜ਼ ਤੋਂ ਵੱਧ ਆਪਣੇ ਸਫ਼ਰਾਂ ਨੂੰ ਤਰਜੀਹ ਦੇ ਰਹੇ ਹਨ। ਨਹੀਂ ਤਾਂ ਰਾਜ ਤਬਾਹੀ ਦੇ ਕੰਢੇ ’ਤੇ ਖੜਾ ਹੀ ਰਹੇਗਾ, ਅਤੇ ਨੇਤਾ ਆਪਣੀਆਂ ਸੁਵਿਧਾਵਾਂ ਦਾ ਆਨੰਦ ਮਾਣਦੇ ਰਹਿਣਗੇ।

Leave a Reply

Your email address will not be published. Required fields are marked *

Share via
Copy link