ਅੱਜ ਆਜ਼ਾਦੀ ਆਈ ਨੂੰ ਉੱਨਾਸੀ ਸਾਲ ਹੋਣ ‘ਤੇ ਕੁਝ ਗਿਲੇ ਕੁਝ ਸ਼ਿਕਵੇ ਅਤੇ ਕੁਝ ਤਾਹਨੇ-ਮਿਹਣੇ ਜਸਵੰਤ ਸਿੰਘ ਚਾਹਲ ਵੱਲੋਂ ॥
ਤੇਰੀਆਂ ਗਲੀਆਂ ਵਿੱਚ ਕਈ ਮੇਰ ਯਾਰ ਸੁੱਤੇ ਨੀ,
ਹਾਏ ਆਜ਼ਾਦੀ ਚੱਲੇ ਗਏ ਉਹ ਕਿਹੜੀ ਰੁੱਤੇ ਨੀ
ਲਾਲਾ,ਭਕਨਾ,ਪਰਮਾਨੰਦ,ਵਸਾਖਾ,ਟੁੰਡੀ-ਲਾਟ ਗਦਰੀ ਸੀ
ਬਰਕਤੁੱਲਾ,ਸੰਤੋਖ,ਜਵਾਲਾ ਤੈਂ ਕਾਂਸ਼ੀ ਰਾਮ ਲੁੱਟੇ ਨੀ
ਕੂਕੇ,ਚੰਦਰ ਬੋਸ,ਮੋਹਨ ਸਿੰਘ ਜਿਹੇ ਜਨਰਲ
ਕਈ ਕਾਲੇ-ਪਾਣੀ ਗਏ ਨਾ ਪਰਤੇ ਜਿਹਲੀਂ ਮੁੱਕੇ ਨੀ
ਕਈ ਉੱਕਰੀ ਫਿਰਦੇ ਸੀ ਤੇਰੀ ਤਸਵੀਰ ਨੀ ਅੜੀਏ,
ਕਈਆਂ ਤਰਾਸ਼ੇ ਦਿਲ ਤੇਰੀ ਨੁਹਾਰ ਉੱਤੇ ਨੀ
ਤੱਕ ਸਰਾਭੇ ਨੂੰ ਇੰਨੀ ਮਧਹੋਸ਼ ਹੋ ਗਈ ਤੂੰ,
ਅੱਲੜ ਵਰੇਸੇ ਵਰਿਆ ਉਹ ਜਾਂਬਾਜ ਕੁਰੁੱਤੇ ਨੀ
ਮਰਜੀਵੜਿਆਂ ਪੜਿਆ ਪੈਗਾਮੇ ਪਰਖ ਜਾਂ ਤੇਰਾ,
ਕਈ ਬਣ ਪਤੰਗੇ ਆਏ ਸ਼ਮਾ ਬਲਦੀ ਦੇ ਉੱਤੇ ਨੀ
ਝੁਕਿਆ ਹਿਮਾਲਾ ਸੀ ਗੰਗਾ ਤੇ ਜਮੁਨਾ ਰੁਕੀਆਂ ਸਨ,
ਜਦ ਇਨਕਲਾਬ ਦੇ ਨਾਹਰੇ ਗੂੰਜੇ ਫਾਂਸੀ ਉੱਤੇ ਨੀ
ਮੁਖ਼ਬਰਾਂ ਕੀਤਾ ਸੀ ਮੈਲ਼ਾ ਆਂਚਲ ਜਾਂ ਤੇਰਾ,
ਸੋਧਣ ਨੂੰ ਕਈ ਸ਼ੇਰ ਬੱਬਰ ਅਕਾਲੀ ਉੱਠੇ ਨੀ
ਕਿਸ਼ਨ ਸਿੰਘ ਨੇ ਪਾਈ ਜਾਂ ਗੜਗੱਜ ਦੁਆਬੇ ਵਿੱਚ,
ਕਈ ਛੈਲ ਛਬੀਲੇ ਅਲਬੇਲੇ ਮਸਤਾਨੇ ਬੁੱਕੇ ਨੀ
ਜਿੱਤਿਆ ਸ੍ਵਅੰਬਰ ਤੇਰਾ ਕਰ ਕੁਰਬਾਨੀ ਯੋਧਿਆਂ ਨੇ,
ਪਰ ਕੀਤੇ ਸੀ ਜੋ ਵਾਅਦੇ ਟੰਗੇ ਛਿੱਕੇ ਉੱਤੇ ਨੀ
ਦਾਜ ਵਿੱਚ ਲੈ ਆਂਦੀ ਤੈਂ ਬਰਬਾਦੀ ਸਿਖਾਂ ਦੀ,
ਲਿਖ ਜਰਾਇਮ ਪੇਸ਼ਾ ਕੌਮ ਤੈਂ ਸਾਡੇ ਮੱਥੇ ਉੱਤੇ ਨੀ
ਪੰਜਾਬੀਆਂ ਕਰ ਕੁਰਬਾਨੀ ਲਿਆ ਇਕ ਲੰਗੜਾ ਸੂਬਾ ਸੀ,
ਹੁਣ ਪਾਣੀਆਂ ਵਾਲ਼ਾ ਮੂੰਗ ਨਾ ਦਲ਼ ਹਿੱਕ ਉੱਤੇ ਨੀ
ਪੁੱਤ ਪਲੇਠਾ ਭ੍ਰਿਸ਼ਟਾਚਾਰ ਤੇਰੇ ਨਾਲ ਹੀ ਆ ਵੜਿਆ
ਚਾਹਲਾ ਵੱਢੀਖ਼ੋਰੀ ਬੇਈਮਾਨੀ ਦੇ ਬੰਨੇ ਟੁੱਟੇ ਨੀ॥
ਤੇਰੀਆਂ ਗਲੀਆਂ ਵਿੱਚ ਕਈ ਮੇਰੇ ਯਾਰ ਸੁੱਤੇ ਨੀ,
ਹਾਏ ਆਜ਼ਾਦੀ ਚੱਲੇ ਗਏ ਉਹ ਕਿਹੜੀ ਰੁੱਤੇ ਨੀ
(ਜਸਵੰਤ ਸਿੰਘ ਚਾਹਲ)
