ਆਪ ਵੱਲੋਂ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ: ਬ੍ਰਹਮਪੁਰਾ

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, “ਇਹ ਬਹੁਤ ਹੀ ਹੈਰਾਨੀਜਨਕ ਅਤੇ ਨਿੰਦਣਯੋਗ ਹੈ ਕਿ ਜਿਸ ਆਮ ਆਦਮੀ ਪਾਰਟੀ ਨੇ ਬਦਲਾਅ ਅਤੇ ਸਾਫ਼-ਸੁਥਰੀ ਰਾਜਨੀਤੀ ਦੇ ਨਾਂਅ ‘ਤੇ ਲੋਕਾਂ ਤੋਂ ਵੋਟਾਂ ਲਈਆਂ, ਅੱਜ ਉਹੀ ਸੱਤਾ ਦੇ ਨਸ਼ੇ ਵਿੱਚ ਲੋਕਤੰਤਰ ਦੇ ਸਿਧਾਂਤਾਂ ਨੂੰ ਪੈਰਾਂ ਹੇਠ ਲਿਤਾੜ ਰਹੀ ਹੈ। ਸਰਕਾਰੀ ਵਿਭਾਗਾਂ ਨੂੰ ਪਾਰਟੀ ਦੇ ਪ੍ਰਚਾਰ ਲਈ ਵਰਤਣਾ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ ਹੈ।
ਸ੍ਰ. ਬ੍ਰਹਮਪੁਰਾ ਨੇ ਆਪਣੀ ਸ਼ਿਕਾਇਤ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਲੋਕ ਸੰਪਰਕ ਵਿਭਾਗ (ਡੀ.ਪੀ.ਆਰ) ਨੇ ਆਪਣੇ ਅਧਿਕਾਰਤ ਪੱਧਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਲਈ ਚੋਣ ਪ੍ਰਚਾਰ ਕਰਦਿਆਂ ਇੱਕ ਪ੍ਰੈਸ ਨੋਟ ਜਾਰੀ ਕੀਤਾ। ਇਸ ਪ੍ਰੈਸ ਨੋਟ ਵਿੱਚ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ‘ਆਪ’ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਕਿਹਾ, “ਇਹ ਸੱਤਾ ਦੀ ਬੇਮਿਸਾਲ ਦੁਰਵਰਤੋਂ ਹੈ। ਚੋਣ ਕਮਿਸ਼ਨ ਦਾ ਨਿਯਮ VII ਸਪੱਸ਼ਟ ਤੌਰ ‘ਤੇ ਸੱਤਾਧਾਰੀ ਪਾਰਟੀ ਨੂੰ ਸਰਕਾਰੀ ਖਰਚੇ ‘ਤੇ ਮੀਡੀਆ ਦੀ ਵਰਤੋਂ ਕਰਕੇ ਆਪਣਾ ਪ੍ਰਚਾਰ ਕਰਨ ਤੋਂ ਵਰਜਦਾ ਹੈ। ਪਰ ‘ਆਪ’ ਸਰਕਾਰ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਰਕਾਰੀ ਡੀ.ਪੀ.ਆਰ. ਦਫ਼ਤਰ ਨੂੰ ਹੀ ਆਪਣਾ ਪ੍ਰਚਾਰ ਵਿੰਗ ਬਣਾ ਲਿਆ ਹੈ। ਭਾਵੇਂ ਬਾਅਦ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਇਹ ਪੋਸਟ ਹਟਾ ਦਿੱਤੀ, ਪਰ ਉਦੋਂ ਤੱਕ ਅਸੀਂ ਸਾਰੇ ਸਬੂਤ ਇਕੱਠੇ ਕਰ ਲਏ ਸਨ, ਅਤੇ ਇਹੀ ਪ੍ਰੈਸ ਨੋਟ ਕਈ ਪ੍ਰਮੁੱਖ ਅਖ਼ਬਾਰਾਂ ਵਿੱਚ ਵੀ ਛਪ ਚੁੱਕਾ ਹੈ।
ਅਕਾਲੀ ਆਗੂ ਨੇ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਗੰਭੀਰ ਉਲੰਘਣਾ ਦਾ ਤੁਰੰਤ ਨੋਟਿਸ ਲਵੇ ਅਤੇ ਤਰਨ ਤਾਰਨ ਦੇ ਡੀ.ਪੀ.ਆਰ. ਦਫ਼ਤਰ ਦੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਤਾਂ ਜੋ ਲੁਧਿਆਣਾ ਪੱਛਮੀ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰ. ਬ੍ਰਹਮਪੁਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੇ ਇਸ ਗੰਭੀਰ ਮੁੱਦੇ ‘ਤੇ ਢਿੱਲ ਵਰਤੀ ਤਾਂ ਸ਼੍ਰੋਮਣੀ ਅਕਾਲੀ ਦਲ ਲੋਕਤੰਤਰ ਨੂੰ ਬਚਾਉਣ ਲਈ ਹਰ ਪੱਧਰ ‘ਤੇ ਸੰਘਰਸ਼ ਕਰੇਗਾ।