ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਮਹਿਜ਼ ਇੱਕ ਦਿਖਾਵਾ: ਬਲਬੀਰ ਸਿੰਘ ਸਿੱਧੂ

ਸਿੱਧੂ ਨੇ ਸਕੂਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ” ਸਾਡੇ ਵਲੋਂ 6 ਸਕੂਲ ਅਪਗ੍ਰੇਡ ਕੀਤੇ ਗਏ ਸਨ, ਜਿਹਦੇ ਵਿਚੋਂ ਪਿੰਡ ਮੌਲੀ, ਸਨੇਟਾ ਅਤੇ ਲਾਂਡਰਾਂ ਦੇ 3 ਸੈਕੰਡਰੀ ਸਕੂਲਾਂ ਨੂੰ ਹਾਈ ਸੈਕੰਡਰੀ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਗਿਆ ਸੀ, ਪਿੰਡ ਬੱਲੋਮਾਜਰਾ ਦੇ ਐਲੀਮੈਂਟਰੀ ਸਕੂਲ ਨੂੰ ਹਾਈ ਸਕੂਲ ਵਿੱਚ ਅਤੇ ਸਿਆਊ ਅਤੇ ਪਿੰਡ ਨਗਾਰੀ ਦੇ ਪ੍ਰਾਇਮਰੀ ਸਕੂਲ ਨੂੰ ਮਿਡਲ ਸਕੂਲ ਵਿੱਚ ਅਪਗ੍ਰੇਡ ਕੀਤਾ ਗਿਆ ਸੀ ਲੇਕਿਨ ਏਹਨਾਂ ਸਾਰਿਆਂ ਸਕੂਲਾਂ ਦੀ ਨੋਟੀਫਿਕੇਸ਼ਨ ਨੂੰ ਆਪ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ। ਸਿਰਫ਼ ਇਹਨਾਂ ਹੀ ਨਹੀਂ ਇਸ ਤੋਂ ਬਾਅਦ ਸਕੂਲਾਂ ਤੋਂ ਪ੍ਰਿੰਸੀਪਲ ਵੀ ਹਟਾ ਦਿੱਤੇ ਗਏ।”
ਆਪ ਸਰਕਾਰ ਦੀਆਂ ਝੂਠੀਆਂ ਨੀਤੀਆਂ ‘ਤੇ ਤੰਜ ਕਸਦਿਆਂ ਸਿੱਧੂ ਨੇ ਕਿਹਾ, “ਆਪ ਸਰਾਕਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਵਿਭਾਗ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਪਰ ਅਜਿਹਾ ਹੋਇਆ ਕੁਝ ਵੀ ਨਹੀਂ। ਉਨ੍ਹਾਂ ਵਲੋਂ ਕੀਤੇ ਗਏ ਵਾਅਦੇ ਬਸ ਇਸ਼ਤਿਹਾਰਾਂ ਤਕ ਹੀ ਸੀਮਿਤ ਰਹਿ ਗਏ। ਨਾ ਹੀ ਸਿਹਤ ਵਿਭਾਗ ਲਈ ਭਗਵੰਤ ਮਾਨ ਨੇ ਕੁਝ ਕੀਤਾ ਤੇ ਨਾ ਹੀ ਸਿੱਖਿਆ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਕ੍ਰਾਂਤੀ ਲਿਆਂਦੀ।”
ਸਿੱਧੂ ਨੇ ਅੱਗੇ ਕਿਹਾ, “ਮੋਹਾਲੀ ਦੇ ਸਿਹਤ ਅਤੇ ਸਿੱਖਿਆ ਵਿਭਾਗ ਦੀ ਸਤਿਥੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਨੌਜਵਾਨਾਂ ਨੂੰ ਨਾ ਤਾਂ ਚੰਗੀ ਸਿੱਖਿਆ ਮਿਲ ਰਹੀ ਹੈ ਅਤੇ ਨਾ ਹੀ ਨੌਕਰੀ। ਆਪ ਸਰਕਾਰ ਦੇ ਰਾਜ ਅਧੀਨ ਸਾਡੇ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਹੈ।”
ਆਪ ਸਰਾਕਰ ਵਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਿਤੇ ਹੈ ਵਾਅਦਿਆਂ ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ, ” ਆਪ ਸਰਕਾਰ ਵਲੋਂ ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ, ਉਨ੍ਹਾਂ ਦੀ ਸਿੱਖਿਆ ਵੱਲ ਧਿਆਨ ਦੇਣ ਦੀ ਬਜਾਏ ਇਹ ਟਾਇਲਟ, ਦੀਵਾਰਾਂ ਦੀਆਂ ਮੁਰਮੰਤ ਲਈ ਨੀਂਹ ਪੱਥਰ ਰੱਖਣ ਅਤੇ ਫੋਕੀ ਬਿਆਨਬਾਜ਼ੀ ਕਰਨ ਵਿੱਚ ਵਿਅਸਤ ਹਨ।”
ਅੰਤ ਵਿੱਚ ਸਿੱਧੂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਸਕੂਲਾਂ ਦੀਆਂ ਰੱਦ ਕੀਤੀਆਂ ਗਈਆਂ ਨੋਟੀਫਿਕੇਸ਼ਨਾਂ ਨੂੰ ਮੁੜ ਤੋਂ ਪਾਸ ਕਰਵਾਇਆ ਜਾਵੇ ਅਤੇ ਲੋੜੀਂਦਾ ਸਟਾਫ਼ ਨੂੰ ਨਿਯੁਕਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸੈਸ਼ਨ ਵਿੱਚ ਮੋਹਾਲੀ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ।