ਟਾਪਪੰਜਾਬ

ਆਲਮੀ ਅਤਿਵਾਦੀ ਕੇਂਦਰ ਪਾਕਿਸਤਾਨ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ: ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਅਟਾਰੀ ਸਰਹੱਦ ‘ਤੇ ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਵਿਰੋਧ ਪ੍ਰਦਰਸ਼ਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਬਿਹਤਰ ਹੁੰਦਾ ਜੇਕਰ ਸ. ਮਾਨ ਨੇ ਪਾਕਿਸਤਾਨ ਨੂੰ ਪੰਜਾਬ ਵਿੱਚ ਨਸ਼ੀਲੇ ਪਦਾਰਥ, ਘਾਤਕ ਹਥਿਆਰ ਅਤੇ ਅੱਤਵਾਦੀ ਭੇਜਣ ਤੋਂ ਰੋਕਣ ਲਈ ਵਿਰੋਧ ਪ੍ਰਦਰਸ਼ਨ ਕੀਤਾ ਹੁੰਦਾ। ਪੰਜਾਬ ਦੇ ਲੋਕ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਭੇਜੇ ਜਾ ਰਹੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਕਾਰਨ ਦੁਖੀ ਹਨ ਪਰ ਸ. ਮਾਨ ਚੁੱਪਚਾਪ ਸਭ ਕੁਝ ਦੇਖ ਰਹੇ ਹਨ ਅਤੇ ਪਾਕਿਸਤਾਨ ਦੇ ਮੋਹ ਕਾਰਨ ਸਭ ਕੁਝ ਬਰਦਾਸ਼ਤ ਕਰ ਰਹੇ ਹਨ। ਉਨ੍ਹਾਂ ਨੂੰ ਕਦੇ ਵੀ ਇਨ੍ਹਾਂ ਮੁੱਦਿਆਂ ‘ਤੇ ਪਾਕਿਸਤਾਨ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਹੋਈ।

ਪ੍ਰੋਫੈਸਰ ਸਰਚਾਂਦ ਸਿੰਘ ਨੇ ਕਿਹਾ ਕਿ ਅਸੀਂ ਅਟਾਰੀ ਸਰਹੱਦ ਰਾਹੀਂ ਗੁਆਂਢੀ ਦੇਸ਼ ਨਾਲ ਵਪਾਰ ਚਾਹੁੰਦੇ ਹਾਂ, ਜਿਸ ਲਈ ਭਾਰਤ ਨੇ ਅਟਾਰੀ ਲੈਂਡ ਪੋਰਟ ‘ਤੇ 120 ਏਕੜ ਵਿੱਚ ਫੈਲੇ ਆਈਸੀਪੀ ਵਿੱਚ ਵਪਾਰ ਲਈ ਸਕੈਨਰ, ਕਾਰਗੋ ਹੈਂਡਲਿੰਗ ਅਤੇ ਕ੍ਰੇਨ ਵਰਗੀਆਂ ਬੁਨਿਆਦੀ ਸਹੂਲਤਾਂ ਸਥਾਪਤ ਕੀਤੀਆਂ ਹਨ। ਪਰ ਭਾਰਤ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਪਾਕਿਸਤਾਨ ਨਾਲ ਆਮ ਗੁਆਂਢੀ ਵਾਲਾ ਸਬੰਧ ਚਾਹੁੰਦਾ ਹੈ। ਅਸੀਂ ਸਰਹੱਦ ’ਤੇ ਮੋਮਬਤੀਆਂ ਜਗਾ ਕੇ ਮੁਹੱਬਤ ਦਾ ਪੈਗ਼ਾਮ ਦਿੰਦੇ ਹਾਂ ਪਰ ਉੱਧਰ ਆਲਮੀ ਅਤਿਵਾਦੀ ਕੇਂਦਰ ਬਣ ਚੁਕਾ ਪਾਕਿਸਤਾਨ ਸਾਡੇ ’ਤੇ ਬੁਰੀ ਨਜ਼ਰ ਹੀ ਨਹੀਂ ਸਗੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਨਸ਼ਾ, ਹਥਿਆਰ ਅਤੇ ਅੱਤਵਾਦੀ ਭੇਜ ਕੇ ਸਾਡੇ ਦੇਸ਼ ਨੂੰ ਅਸਥਿਰ ਕਰਨ, ਸਾਡੇ ਨਾਗਰਿਕਾਂ ਅਤੇ ਸੈਨਿਕਾਂ ਉੱਤੇ ਅਟੈਕ ਲਗਾਤਾਰ ਕਰਦਿਆਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਤਬਾਹ ਕਰ ਰਹੇ ਹਨ। ਇਹ ਪਾਕਿਸਤਾਨ ਹੀ ਹੈ ਜੋ ਭਾਰਤ ਦੇ ਅਟੁੱਟ ਅੰਗ ਕਸ਼ਮੀਰ ਦਾ ਕਾਫ਼ੀ ਹਿੱਸਾ ਦਬਾ ਕੇ ਬੈਠਾ ਹੋਇਆ ਹੈ ਅਤੇ ਪਾਕਿਸਤਾਨ ਦਾ ਸੈਨਾ ਮੁਖੀ ਅਸੀਮ ਮੁਨੀਰ  ਕਸ਼ਮੀਰ ਨੂੰ ’ਪਾਕਿਸਤਾਨ ਦੀ ਸ਼ਾਹ ਰਗ’ ਦਸ ਕੇ ਕਸ਼ਮੀਰੀਆਂ ਨੂੰ ਭਾਰਤ ਵਿਰੁੱਧ ਉਕਸਾ ਰਿਹਾ ਹੈ।  ਅਜਿਹੀ ਸਥਿਤੀ ’ਚ ਉਸ ਦੇਸ਼ ਨਾਲ ਸਾਡਾ ਕੋਈ ਸਰੋਕਾਰ ਕਿਵੇਂ ਹੋ ਸਕਦਾ ਹੈ?  ਭਾਰਤ ਨੇ ਨਸ਼ਿਆਂ ਅਤੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ।  ਭਾਰਤ ਵੱਲੋਂ ਦੇਸ਼ ਵਿੱਚ ਹਿੰਸਾ ਭੜਕਾਉਣ, ਦੇਸ਼ ਦੀ ਏਕਤਾ- ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਦੀ ਕੀਮਤ ‘ਤੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਸਰੋਕਾਰ ਜਾਂ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਪਾਕਿਸਤਾਨ ਨਾਲ ਵਪਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਭਾਰਤ ਨਹੀਂ ਸੀ ਜਿਸ ਨੇ ਵਪਾਰ ਬੰਦ ਕੀਤਾ ਸੀ, ਸਗੋਂ ਪਾਕਿਸਤਾਨ ਨੇ ਅਗਸਤ 2019 ਵਿੱਚ ਭਾਰਤ ਵੱਲੋਂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਕਾਰਨ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, 14 ਫਰਵਰੀ, 2019 ਨੂੰ, ਜਦੋਂ ਪਾਕਿਸਤਾਨ ਵੱਲੋਂ ਭੇਜੇ ਗਏ ਅੱਤਵਾਦੀਆਂ ਨੇ ਕਸ਼ਮੀਰ ਦੇ ਪੁੱਲਵਾਮਾ ਵਿੱਚ ਸਾਡੇ ਅਰਧ ਸੈਨਿਕ ਬਲਾਂ ਦੇ ਕਾਫ਼ਲੇ ‘ਤੇ ਹਮਲਾ ਕੀਤਾ ਸੀ, ਜਿਸ ਵਿੱਚ 40 ਸੈਨਿਕ ਮਾਰੇ ਗਏ ਸਨ, ਤਾਂ ਭਾਰਤ ਨੇ ਪਾਕਿਸਤਾਨ ਤੋਂ ਤਰਜੀਹੀ ਦੇਸ਼ ਹੋਣ ਦਾ ਦਰਜਾ ਵਾਪਸ ਲੈ ਲਿਆ ਸੀ। ਬੇਸ਼ੱਕ, ਭਾਰਤ ਨੇ ਇਸ ਹਮਲੇ ਦਾ ਜਵਾਬ ਪਾਕਿਸਤਾਨ ਵਿੱਚ ਦਾਖਲ ਹੋ ਕੇ ਅਤੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਕੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਪਾਕਿਸਤਾਨ ਵੱਲੋਂ ਸ਼ੁਰੂ ਕੀਤੇ ਗਏ ਹਾਈਬ੍ਰਿਡ ਅੱਤਵਾਦ ਨਾਲ ਨਜਿੱਠਣ ਵਿੱਚ ਬਹੁਤ ਮੁਸ਼ੱਕਤ ਕਰਨੀ ਪੈ ਰਹੀ ਹੈ। ਪੁੱਲਵਾਮਾ ਹਮਲੇ ਤੋਂ ਇਲਾਵਾ, ਮੋਹਾਲੀ ਦੇ ਖ਼ੁਫ਼ੀਆ ਵਿਭਾਗ ਅਤੇ ਸਰਹਾਲੀ ਪੁਲਿਸ ਸਟੇਸ਼ਨ ‘ਤੇ ਪਾਕਿਸਤਾਨ ਵੱਲੋਂ ਭੇਜੇ ਗਏ ਤੱਤਾਂ ਦੁਆਰਾ ਆਰਪੀਜੀ ਹਮਲਾ ਕੀਤਾ ਗਿਆ ਸੀ ਅਤੇ ਹੁਣ ਵੀ ਕਈ ਪੁਲਿਸ ਸਟੇਸ਼ਨਾਂ ਅਤੇ ਸਾਡੇ ਲੋਕਾਂ ‘ਤੇ ਬੰਬਾਂ ਨਾਲ ਹਮਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਵਪਾਰ ਦੇ ਬਹਾਨੇ ਆਈਪੀਸੀ ਅਟਾਰੀ ਰਾਹੀਂ ਨਸ਼ੇ ਅਤੇ ਹਥਿਆਰ ਭੇਜਦਾ ਰਿਹਾ ਸੀ। 2023 ਵਿੱਚ, ਆਈਪੀਸੀ ਅਟਾਰੀ ਰਾਹੀਂ ਪਾਕਿਸਤਾਨ ਤੋਂ ਆਉਣ ਵਾਲੇ ਟਰੱਕਾਂ ਵਿੱਚ ਝਾੜੂਆਂ ਦੀ ਇੱਕ ਖੇਪ ਵਿੱਚੋਂ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ ਗਈ ਸੀ, ਇਸ ਤੋਂ ਪਹਿਲਾਂ, ਅਪ੍ਰੈਲ 2022 ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਇੱਕ ਟਰੱਕ ਵਿੱਚੋਂ ਮੁਲੱਠੀ ਦੀ ਆੜ ਵਿੱਚ ਲੱਕੜ ਦੇ ਖੋਲ੍ਹ ਵਿੱਚ ਲੁਕਾਈ ਗਈ 102 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਸੀ। 2019 ਵਿੱਚ, ਨਮਕ ਦੇ ਪੈਕਟਾਂ ਵਿੱਚੋਂ 532 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਕਰਜ਼ੇ ਵਿੱਚ ਡੁੱਬੇ ਪਾਕਿਸਤਾਨ ਨਾਲ ਵਪਾਰ ਕਰਨ ਦੀ ਬਜਾਏ, ਸਾਨੂੰ ਖਾੜੀ ਦੇਸ਼ਾਂ ਨਾਲ ਵਪਾਰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਲਈ ਸਾਨੂੰ ਟ੍ਰਾਂਜ਼ਿਟ ਰੋਡ, ਹਵਾਈ ਕਾਰਗੋ ਅਤੇ ਸਮੁੰਦਰੀ ਰਸਤੇ ਵਰਤਣੇ ਚਾਹੀਦੇ ਹਨ। ਵਿਸ਼ਵ ਬੈਂਕ ਦੇ ਅਨੁਸਾਰ, ਅਟਾਰੀ ਆਈਸੀਪੀ ਵਿੱਚ 37 ਬਿਲੀਅਨ ਸਾਲਾਨਾ ਵਪਾਰ ਦੀ ਸੰਭਾਵਨਾ ਹੈ ਪਰ 2018 ਤੱਕ ਇੱਥੋਂ ਸਿਰਫ਼ 2 ਬਿਲੀਅਨ ਵਪਾਰ ਹੀ ਦਰਜ ਕੀਤਾ ਗਿਆ ਸੀ। ਜਿਸ ਤੋਂ ਪਤਾ ਲਗਦਾ ਹੈ ਕਿ ਵਪਾਰੀਆਂ ’ਚ ਇਸ ਪ੍ਰਤੀ ਕੋਈ ਖ਼ਾਸ ਉਤਸ਼ਾਹ ਨਹੀਂ।

Leave a Reply

Your email address will not be published. Required fields are marked *