ਇੱਕ ਵਾਰ ਦੀ ਗੱਲ ਹੈ।ਕਹਾਣੀਕਾਰ ਮਾਸਟਰ ਸੰਜੀਵ ਧਰਮਾਣੀ
ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਸੀ। ਜੰਗਲ ਦੇ ਨਜ਼ਦੀਕ ਇੱਕ ਨਦੀ ਵਗਦੀ ਸੀ। ਉੱਥੇ ਹੀ ਟਾਹਲੀ ਦਾ ਇੱਕ ਪੁਰਾਣਾ ਤੇ ਵਿਸ਼ਾਲ ਰੁੱਖ ਸੀ। ਉਸ ਰੁੱਖ ‘ਤੇ ਇੱਕ ਮੋਰ ਅਤੇ ਲੰਗੂਰ ਰਹਿੰਦੇ ਸਨ। ਉਹਨਾਂ ਵਿੱਚ ਬਹੁਤ ਪਿਆਰ ਵੀ ਸੀ। ਉਹ ਇੱਕ – ਦੂਸਰੇ ਦੀ ਸਹਾਇਤਾ ਵੀ ਕਰਦੇ ਸਨ ਅਤੇ ਹਰ ਕੰਮ ਇੱਕ – ਦੂਸਰੇ ਨਾਲ਼ ਸਲਾਹ ਕਰਕੇ ਸਮਝਦਾਰੀ ਨਾਲ਼ ਕਰਦੇ ਸਨ। ਕਾਫੀ ਸਮਾਂ ਇੰਝ ਲੰਘ ਗਿਆ। ਉਹਨਾਂ ਦੋਵਾਂ ਦੇ ਬੱਚੇ ਵੀ ਆਪਸ ਵਿੱਚ ਰਲ਼ – ਮਿਲ਼ ਕੇ ਰਹਿੰਦੇ ਤੇ ਖੇਡਦੇ ਸਨ। ਉਹਨਾਂ ਵਿੱਚ ਕਦੇ ਵੀ ਕੋਈ ਲੜਾਈ ਨਹੀਂ ਹੋਈ। ਇੱਕ ਵਾਰ ਟਾਹਲੀ ਦੇ ਉਸ ਰੁੱਖ ‘ਤੇ ਇੱਕ ਕਾਂ ਆਇਆ। ਉਹ ਕਾਫੀ ਚਲਾਕ ਅਤੇ ਬੇਈਮਾਨ ਸੀ। ਉਹ ਟਾਹਲੀ ਦੇ ਦਰੱਖ਼ਤ ‘ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ ਮੋਰ ਨੂੰ ਲੰਗੂਰ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਉਹ ਅਕਸਰ ਮੋਰ ਨੂੰ ਕਹਿੰਦਾ ਕਿ ਤੂੰ ਸਾਰਾ ਦਿਨ ਬਹੁਤ ਮਿਹਨਤ ਕਰਦਾ ਹੈ ਤੇ ਵਿਹਲੜ ਲੰਗੂਰ ਨੂੰ ਰੋਟੀ ਖਵਾਉਂਦਾ ਰਹਿੰਦਾ ਹੈ। ਪਹਿਲਾਂ ਤਾਂ ਮੋਰ ਦੇ ਉੱਤੇ ਚਲਾਕ ਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ , ਪਰ ਬਾਅਦ ਵਿੱਚ ਮੋਰ ਦੇ ਮਨ ਵਿੱਚ ਲੰਗੂਰ ਪ੍ਰਤੀ ਕੁੜੱਤਣ ਆ ਗਈ। ਇਸੇ ਤਰ੍ਹਾਂ ਚਲਾਕ ਕਾਂ ਲੰਗੂਰ ਦੇ ਵੀ ਕੰਨ ਭਰਦਾ ਰਹਿੰਦਾ। ਉਹ ਅਕਸਰ ਲੰਗੂਰ ਨੂੰ ਸੁਣਾਉਂਦਾ ਕਿ ਤੂੰ ਸਾਰੇ ਘਰ ਦੀ ਸੰਭਾਲ਼ ਕਰਦਾ ਰਹਿੰਦਾ ਹੈ ਤੇ ਮੋਰ ਦੇ ਬੱਚਿਆਂ ਦਾ ਵੀ ਖਿਆਲ ਰੱਖਦਾ ਹੈ , ਪਰ ਮੋਰ ਸਾਰਾ ਦਿਨ ਬਾਹਰ ਘੁੰਮਦਾ – ਫਿਰਦਾ ਭਾਂਤ – ਭਾਂਤ ਦੇ ਭੋਜਨ ਖਾਂਦਾ ਤੇ ਅਨੰਦ ਲੈਂਦਾ ਹੈ। ਹੌਲ਼ੀ – ਹੌਲ਼ੀ ਲੰਗੂਰ ਦੇ ਉੱਤੇ ਕਪਟੀ ਕਾਂ ਦੀਆਂ ਗੱਲਾਂ ਦਾ ਅਸਰ ਹੋਣ ਲੱਗ ਪਿਆ। ਇੱਕ ਦਿਨ ਮੋਰ ਅਤੇ ਲੰਗੂਰ ਦੀ ਲੜਾਈ ਹੋ ਗਈ। ਚਲਾਕ ਕਾਂ ਇਹ ਸਭ ਦੇਖ ਕੇ ਖੁਸ਼ ਹੋ ਰਿਹਾ ਸੀ। ਇੱਕ ਦਿਨ ਫਿਰ ਕਾਂ ਦੀਆਂ ਗੱਲਾਂ ਵਿੱਚ ਆ ਕੇ ਲੰਗੂਰ ਤੇ ਮੋਰ ਲੜਾਈ ਕਰਨ ਲੱਗੇ ਪਏ ਅਤੇ ਟਾਹਲੀ ਦੇ ਹਰੇ – ਭਰੇ ਦਰੱਖ਼ਤ ‘ਤੇ ਬਣੇ ਆਪਣੇ ਸੁੰਦਰ ਘਰ ਨੂੰ ਛੱਡ ਕੇ ਚਲੇ ਗਏ। ਹੁਣ ਕਾਂ ਉੱਥੇ ਅਨੰਦ ਨਾਲ਼ ਰਹਿਣ ਲੱਗਾ ਤੇ ਚਲਾਕ ਕਾਂ ਖੁਸ਼ ਸੀ ਕਿ ਕਿਵੇਂ ਮੋਰ ਅਤੇ ਲੰਗੂਰ ਉਸ ਦੀਆਂ ਕੁਚਾਲਾਂ ਵਿੱਚ ਫਸ ਕੇ ਬਰਬਾਦ ਹੋ ਗਏ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰੇ ਚਲਾਕ ਅਤੇ ਬੇਈਮਾਨ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ , ਸਗੋਂ ਆਪਣੇ ਬੁੱਧੀ – ਵਿਵੇਕ ਤੋਂ ਸੋਚ ਕੇ ਹੀ ਹਰ ਫੈਸਲਾ ਕਰਨਾ ਚਾਹੀਦਾ ਹੈ।