ਟਾਪਫ਼ੁਟਕਲ

ਉਦਾਸ ਰੂਹਾਂ ਤੇ ਭਟਕੀਆਂ ਦੇਹਾਂ !ਬੁੱਧ ਚਿੰਤਨ / ਬੁੱਧ ਸਿੰਘ ਨੀਲੋੰ

ਹਰ ਮਨੁੱਖ ਦੀ ਇਹ ਦਿਲੀ ਭਾਵਨਾ ਹੁੰਦੀ ਹੈ ਕਿ ਹੀਰ ਜ਼ਰੂਰ ਜੰਮੇ, ਪਰ ਜੰਮੇ ਕਿਸੇ ਹੋਰ ਦੇ, ਉਹ ਇਸ ਕਰਕੇ ਕਿ ਉਹ ਆਪ ਰਾਂਝਾ ਬਣਕੇ, ਉਸ ਦੇ ਹੱਥਾਂ ਦੀ ਚੂਰੀ ਖਾਵੇ। ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ ਚਾਰੇ, ਪਰ ਬੇਲਿਆਂ ਵਿੱਚ ਬੰਸਰੀ, ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ। ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ ਕੁੱਝ ਹੋਰ ਹੈ, ਇਸੇ ਕਰਕੇ ਉਹ ਉਦਾਸ ਹੁੰਦਾ ਹੈ।

ਉਦਾਸ ਹੋਇਆ ਮਨੁੱਖ ਆਪਣੀ ਉਦਾਸੀ ਸ਼ਬਦਾਂ ਰਾਹੀਂ ਦੂਰ ਕਰਦਾ ਹੈ। ਉਹ ਆਪਣੀ ਮਹਿਬੂਬ ਦੇ ਨਾਂ ਖ਼ਤ ਲਿਖਦਾ, ਗ਼ਜ਼ਲਾਂ ਲਿਖਦਾ, ਕਵਿਤਾਵਾਂ ਲਿਖਦਾ, ਕਹਾਣੀਆਂ, ਨਾਵਲ ਵਗੈਰਾ…। ਪਰ ਆਮ ਆਦਮੀ ਬੇਚਾਰਾ ਕੀ ਕਰੇ ? ਉਹ ਇੱਕ ਗ਼ਮ ਵਿਚੋਂ ਨਿਕਲਦਾ ਹੈ, ਝੱਟ ਦੂਜੇ ਵਿੱਚ ਫਸ ਪੈਂਦਾ ਹੈ।
ਹਰ ‘ਹੀਰ’ ਦਾ ਇੱਕ ‘ਰਾਂਝਾ’ ਹੁੰਦਾ ਹੈ ਤੇ ਹਰ ਰਾਂਝੇ ਦੀ ਇੱਕ ਹੀਰ ਹੁੰਦੀ ਹੈ। ਇਸ਼ਕ ਹਕੀਕੀ ਤੇ ਮਜਾਜ਼ੀ ਹੁੰਦਾ ਹੈ। ‘

ਇਸ਼ਕ ਹਕੀਕੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਬਹੁ-ਗਿਣਤੀ ਤਾਂ ‘ਇਸ਼ਕ ਮਜਾਜ਼ੀ’ ਕਰਦੀ ਹੈ। ਪਰ ਗੱਲਾਂ ‘ਇਸ਼ਕ ਹਕੀਕੀ’ ਦੀਆਂ ਕਰਦੀ ਹੈ।

ਪਰ ਅੱਜ-ਕੱਲ੍ਹ ਸਾਰਾ ਸੰਸਾਰ ਵਿਗਿਆਨਕ ਤਕਨੀਕ ਦੇ ਰਾਹੀਂ ਪਿੰਡ ਬਣ ਗਿਆ ਹੈ। ਹੁਣ ਤੁਸੀਂ ਆਪਣੇ ਘਰ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਬੇਲੇ ਵਿੱਚ ਬੈਠੀ ਕਿਸੇ ਹੀਰ ਨੂੰ ਤਲਾਸ਼ ਸਕਦੇ ਹੋ ਪਰ ਤੁਹਾਡੇ ਕੋਲ ਤਲਾਸ਼ ਕਰਨ ਦੀ ਜਾਚ ਹੋਣ ਚਾਹੀਦੀ ਹੈ।

ਹੁਣ ਤੁਹਾਨੂੰ ਬੰਸਰੀ ਦੀ ਲੋੜ ਨਹੀਂ ਹੈ, ਨਾ ਚੂਰੀ ਦੀ। ਅੱਜ-ਕੱਲ੍ਹ ਤੁਸੀਂ ਬੰਸਰੀ ਨਾਲ ਹੀਰ ਨੂੰ ਨਹੀਂ ਕੀਲ ਸਕਦੇ, ਅੱਜ-ਕੱਲ੍ਹ ਤਾਂ ਮੋਬਾਇਲ ਦੀ ਰਿੰਗ ਟੋਨ ਹੀ ਹੀਰ ਲਈ ਬੰਸਰੀ ਹੈ। ਇਸੇ ਕਰਕੇ ਟੁੱਟਗੀ ਤੜੱਕ ਕਰਕੇ ਦੀਆਂ ਗੱਲਾਂ ਸੱਥਾਂ ਤੋਂ ਅਦਾਲਤਾਂ ਤੱਕ ਪੁਜ ਰਹੀਆਂ ਹਨ। ਵਿਆਹ ਹੁੰਦੇ ਹਨ ਤੇ ਕੁੱਝ ਸਮਿਆਂ ਬਾਅਦ ਤਲਾਕ ਹੋ ਜਾਂਦੇ, ਜਾਂ ਫਿਰ ਅਦਾਲਤਾਂ ਵਿੱਚ ਤਰੀਕਾਂ ਭੁਗਤਦਿਆਂ ਦੀ ਉਮਰ ਗੁਜ਼ਰ ਜਾਂਦੀ ਹੈ। ਫੇਰ ਜਦੋਂ ਫੈਸਲਾ ਹੁੰਦਾ ਹੈ ਤਾਂ ਹੀਰ ਆਖਦੀ ਹੈ ਕਿ, ਵੇ ਨਾ ਮੈਂ ਰਹੀ ਤੇ ਨਾ ਸਹੁਰਿਆਂ ਦੀ ਰਹੀ, ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ।
ਇਹਨਾਂ ਸਮਿਆਂ ਵਿੱਚ ਬਹੁਗਿਣਤੀ ਕੁੜੀਆਂ ਨੂੰ ਦਾਲ਼ ਰੋਟੀ ਵੀ ਬਣਾਉਣੀ ਨਹੀਂ ਆਉਂਦੀ। ਉਹਨਾਂ ਨੂੰ
ਚੂਰੀ ਬਣਾਉਣੀ ਤਾਂ ਇਨ੍ਹਾਂ ਹੀਰਾਂ ਨੂੰ ਕੀ ਆਉਂਣੀ ਹੈ ਤੇ ਨਾ ਹੀ ਅੱਜ-ਕੱਲ੍ਹ ਦੇ ਰਾਂਝੇ ਚੂਰੀ ਖਾਣਾ ਪਸੰਦ ਕਰਦੇ ਹਨ। ਕਿਉਂਕਿ ਉਹਨਾਂ ਕੋਲ ਸਮਾਂ ਹੀ ਨਹੀਂ ਹੈ। ਉਹਨਾਂ ਦੇ ਪੈਰਾਂ ਹੇਠਾਂ ਅੱਗ ਬਲਦੀ ਹੈ। ਇਸੇ ਕਰਕੇ ਹੁਣ
ਫਾਸਟ-ਫੂਡ ਨੇ ਇਨ੍ਹਾਂ ਚੂਰੀਆਂ ਦੀ ਥਾਂ ਲੈ ਲਈ ਹੈ। ਲੋੜ ਤਾਂ ਹੁਣ ਸ਼ਬਦਾਂ, ਉਤਮ ਸੁਪਨਿਆਂ,ਉਤਮ ਗੱਲਾਂ ਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਰਾਹੀਂ ਆਪਣੀ ਹੀਰ ਦਾ ਢਿੱਡ ਭਰ ਸਕੋ। ਅੱਜ-ਕੱਲ੍ਹ ਦੀਆਂ ਹੀਰਾਂ ਨੂੰ ਭੁੱਖ ਵੀ ਘੱਟ ਲੱਗਦੀ ਹੈ। ਕਿਉਂਕਿ ਉਹਨਾਂ ਦੇ ਢਿੱਡ ਤੇ ਸੁਪਨੇ ਛੋਟੇ ਛੋਟੇ ਹੋ ਗਏ ਹਨ।
ਹੁਣ ਦੀਆਂ ਹੀਰਾਂ ਅੰਦਰ ‘ਸੇਕ’ ਕਦੇ ਵੱਧ ਰਿਹਾ ਹੈ, ‘ਕੱਦ’ ਘੱਟ ਰਿਹਾ ਹੈ। ਦੂਜੇ ਪਾਸੇ ਰਾਂਝਿਆਂ ਅੰਦਰ ਲਲਕ ਵੱਧ ਰਹੀ ਹੈ ਤੇ ਤਾਕਤ ਘੱਟ ਰਹੀ ਹੈ। ਕਿਉਂਕਿ ਫਾਸਟ ਫੂਡ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਰਕੇ ਗੇਅ ਨਸਲ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਇਸੇ ਕਰਕੇ ਹੁਣ ਰਾਂਝੇ ਹੀਰਾਂ ਮਗਰ ਨਹੀਂ, ਬਲਕਿ ਹੀਰਾਂ ਰਾਂਝਿਆਂ ਮਗਰ ਭੱਜਦੀਆਂ ਫਿਰਦੀਆਂ ਹਨ।
ਉਨਾ਼ ਦੀ ਹਾਲਤ ਉਸ ਮਛੇਰੇ ਵਰਗੀ ਹੁੰਦੀ ਹੈ, ਜਿਸ ਨੂੰ ਸਮੁੰਦਰ ਵਿੱਚ ਫਿਰਦੀਆਂ ਮੱਛੀਆਂ ਤਾਂ ਬਹੁਤ ਦਿਖਦੀਆਂ ਹਨ ਪਰ ਜਾਲ ਵਿਚ ਨਹੀਂ ਫਸਦੀਆਂ।
ਇਹ ਫਸਣ ਤੇ ਨਿਕਲਣ ਦਾ ਅਜਿਹਾ ਚੱਕਰ ਹੈ, ਜਿਸ ਵਿੱਚ ਸਾਰੀ ਜ਼ਿੰਦਗੀ ਰਾਂਝੇ ਤੇ ਹੀਰਾਂ ਉਲਝੇ ਰਹਿੰਦੇ ਹਨ। ਉਨ੍ਹਾਂ ਦੀ ਹਾਲਤ ਉਹ ਚੱਕਰਵਿਊ ਵਿੱਚ ਫਸੇ ਮਨੁੱਖ ਵਰਗੀ ਹੁੰਦੀ ਹੈ, ਜਿਹੜਾ ਨਿਕਲਣਾ ਤਾਂ ਬਾਹਰ ਮੈਦਾਨ ਵਿੱਚ ਚਾਹੁੰਦਾ ਹੈ, ਪਰ ਫਸ ਕਿਸੇ ਹੋਰ ਥਾਂ ਜਾਂਦਾ ਹੈ।
ਫਸਣਾ-ਨਿਕਲਣਾ ਜ਼ਿੰਦਗੀ ਦਾ ਅਜਿਹਾ ਚੱਕਰ ਹੈ, ਜਿਸ ਦੁਆਲੇ ਸਾਰੀ ਸ੍ਰਿਸ਼ਟੀ ਘੁੰਮਦੀ ਹੈ। ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਬਸ ਉਵੇਂ ਹੀ ਰਾਂਝਾ ਹੀਰ ਦੁਆਲੇ ਤੇ ਹੀਰ ਰਾਂਝੇ ਦੁਆਲੇ ਘੁੰਮਦੀ ਰਹਿੰਦੀ ਹੈ।
ਸਮਾਂ ਪੈਣ ਨਾਲ ਥਾਵਾਂ, ਰਾਝੇ ਹੀਰਾਂ ਦੇ ਰੂਪ ਬਦਲ ਜਾਂਦੇ ਹਨ। ਪਰ ਉਹ ਭਟਕਣਾ ਵਿੱਚ ਉਵੇਂ ਫਸੇ ਰਹਿੰਦੇ ਹਨ, ਜਿਵੇਂ ਉਹਨਾ ਦੇ ਪੁਰਖੇ ਫਸੇ ਸੀ।
ਹੁਣ ਰੂਹਾਂ ਤਿਰਹਾਈਆਂ ਨੇ ਦਰ ਦਰ ਭਟਕਦੀਆਂ ਹਨ. ਜਿਸਮਾਂ ਦੇ ਸੌਦੇ ਹੁੰਦੇ ਹਨ. ਰਿਸ਼ਤਿਆਂ ਦਾ ਘਾਣ ਹੁੰਦਾ ਹੈ.
ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਘੁੰਮ ਤਾਂ ਸ਼ਹਿਰ ਵਿੱਚ ਇੱਕ ਅਜਿਹੇ ਭੀੜ-ਭੱੜਕੇ ਵਾਲੇ ਬਾਜ਼ਾਰ ਵਿੱਚ ਹੁੰਦੇ ਹਾਂ, ਪਰ ਸਾਡਾ ਮਨ ਕਿਸੇ ਦੀ ਤਲਾਸ਼ ਵਿੱਚ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ।
ਇਹ ਤਲਾਸ਼ ਹੀ ਹੈ ਜਿਹੜੀ ਹਰ ਮਨੁੱਖ ਨੂੰ ਭਜਾਈ ਫਿਰਦੀ ਹੈ। ਇਸ ਤਲਾਸ਼ ਵਿੱਚ ਮਨੁੱਖ ਇੱਧਰ-ਉਧਰ ਭਟਕਦਾ ਹੈ।
ਉਸਨੂੰ ਕਿਧਰੇ ਸਕੂਨ ਨਹੀਂ ਮਿਲਦਾ, ਜੇ ਕਿਤੇ ਠੰਢੀ ਥਾਂ ਹੇਠ ਬਹਿ ਕੇ ਕਿਸੇ ਸੰਗ ‘ਆਈਸ ਕਰੀਮ’ ਖਾ ਲੈਂਦਾ ਹੈ, ਤਾਂ ਉਸ ਅੰਦਰ ਇੱਕ ਤਲਾਸ਼ ਉਭਰ ਆਉਂਦੀ ਹੈ, ਅਸਲ ਵਿੱਚ ਜਿੰਨੀਆਂ ਵੀ ਠੰਢੀਆਂ ਚੀਜ਼ਾਂ ਹੁੰਦੀਆਂ ਹਨ, ਉਨਾਂ ਅੰਦਰ ਗਰਮੀ, ਸੇਕ, ਤਪਸ਼, ਊਰਜਾ ਵਧੇਰੇ ਹੁੰਦੀ ਹੈ।
ਕਈ ਵਾਰ ਅਸੀਂ ਗਰਮ ਥਾਂ ਉਤੇ ਹੱਥ ਰੱਖਦੇ ਤਾਂ ਉਹ ਠੰਢਾ ਹੋ ਜਾਂਦਾ ਹੈ ਜਦੋਂ ਕਿਤੇ ਕਿਸੇ ਠੰਢੀ ਥਾਂ ਹੱਥ ਰੱਖਦੇ ਹਾਂ ਤਾਂ ਉਹ ਪਾਣੀ ਬਣ ਕੇ ਵਹਿ ਤੁਰਦਾ ਹੈ। ਜਿਹੜਾ ਵਹਿੰਦਾ ਹੈ, ਵਗਦਾ ਹੈ, ਉਹ ਪਾਣੀ ਸਦਾ ਨਿਰਮਲ ਰਹਿੰਦਾ ਹੈ, ਹੁੱਕ ਗਿਆ ਪਾਣੀ, ਹਮੇਸ਼ਾ ਮੁਸ਼ਕ ਮਾਰਦਾ ਹੈ।
ਵਿਸ਼ਵੀਕਰਨ ਨੇ ਅੱਜ-ਕੱਲ੍ਹ ਹੀਰਾਂ ਦੇ ਰਾਂਝਿਆਂ ਦਾ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ। ਮੋਬਾਇਲ ਫੋਨ ਨੇ ਦੂਰੀਆਂ ਤਾਂ ਘਟਾ ਦਿੱਤੀਆਂ ਹਨ ਨਾਲ ਹੀ ਬੇਲਿਆਂ ਵਿੱਚ ਮਿਲਣ ਦੀਆਂ ਥਾਵਾਂ ਵੀ ਹੁਣ ਕੈਫ਼ਿਆਂ ਤੇ ਰੈਸਟੋਰੈਂਟਾਂ ਵਿੱਚ ਬਦਲ ਗਈਆਂ ਹਨ।
ਤੁਸੀ ਕਿਸੇ ਸ਼ਹਿਰ ਦੀ ਸੜਕ ਕਿਨਾਰੇ ਖੜ ਕੇ ਕੁੱਝ ਪਲ ਲਈ ਸੜਕ ਉੱਤੇ ਭੱਜੇ ਜਾਂਦੇ ਮਸ਼ੀਨ ਬਣੇ ਉਨਾ ਹੀਰਾ ਰਾਂਝਿਆਂ ਨੂੰ ਦੇਖਣ ਸਮਝਣ ਦਾ ਯਤਨ ਕਰੋ ਤਾਂ ਤੁਹਾਡੀਆਂ ਅੱਖਾਂ ਅੱਗੇ ਇੱਕ ਉਹ ਸੱਚ ਆ ਜਾਵੇਗਾ, ਜਿਹੜਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ।
ਸੋਚਣ ਦਾ ਕੰਮ ਹੁਣ ਰਾਂਝਿਆਂ ਤੇ ਹੀਰਾਂ ਦਾ ਨਹੀਂ, ਉਨ੍ਹਾਂ ਦੇ ਲਛਮਣ ਵਰਗੇ ਵੀਰਾਂ, ਇੱਛਰਾਂ ਵਰਗੀਆਂ ਮਾਵਾਂ ਤੇ ਦਸ਼ਰਥ ਵਰਗੇ ਪਿਤਾ ਦਾ ਹੈ।
ਇਹ ਨਵੇਂ ਰਾਂਝੇ, ਇਹ ਆਧੁਨਿਕ ਹੀਰਾਂ ਕਿਧਰ ਨੂੰ ਕਿਸ ਦੀ ਤਲਾਸ਼ ਵਿੱਚ ਦੌੜ ਰਹੀਆਂ ਹਨ। ਜਾਂ ਫਿਰ ਉੱਥੇ ਹੀ ਸਥਿਰ ਹਨ।
ਇਹ ਤਾਂ ਸਮਾਂ ਹੀ ਦੱਸੇਗਾ, ਤੁਸੀਂ ਏਨਾਂ ਚਿਰ ਕਿਸੇ ਬਾਜ਼ਾਰ ਵਿੱਚ ਫਿਰਦੀਆਂ ਭਟਕਦੀਆਂ ਰੂਹਾਂ ਦੇ ਦਰਸ਼ਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਅੱਜ-ਕੱਲ੍ਹ ਦੇ ਹੀਰ-ਰਾਂਝੇ ਕਿਧਰ ਨੂੰ ਜਾ ਰਹੇ ਹਨ? ਇਸ ਦੀ ਸਮਝ ਨੀ ਆ ਰਹੀ?
ਜੁਆਨੀ ਨੇ ਸੱਤਾਧਾਰੀਆਂ ਦੇ ਗੱਲ ਅੰਗੂਠਾ ਦੇਣ ਦੀ ਵਜਾਏ ਮਾਪਿਆਂ ਦੇ ਗਲ ਦੇ ਰਹੇ ਹਨ। ਉਲਟੀ ਗੰਗਾ ਪਹੇਵੇ। ਇਸੇ ਕਰਕੇ ਪੰਜਾਬ ਖ਼ਾਲੀ ਹੋ ਗਿਆ ਹੈ। ਘਰਾਂ ਨੂੰ ਲੱਗੇ ਜਿੰਦਰਿਆਂ ਨੂੰ ਜੰਗਾਲ ਖਾ ਰਿਹਾ ਹੈ।
ਕੀ ਬਣੂੰ ਸਮਾਜ ਦਾ ? ਕੀ ਰਿਸ਼ਤੇ ਪੈਸੇ ਦੇ ਰਹਿਗੇ ਹਨ ? ਪਿਆਰ ਤੇ ਵਿਆਹ ਵਪਾਰ ਬਣ ਗਿਆ! ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ ? ਜ਼ਿੰਦਗੀ ਦੀ ਜੰਗ ਕਿਸ ਨਾਲ ਲੜੀ ਜਾ ਰਹੀ ਹੈ?
ਹੁਣ ਪਿਤਰੀ ਸੱਤਾ ਵੀ ਟੁੱਟ ਰਹੀ ਐ। ਮਰਦ ਪ੍ਰਧਾਨ ਸਮਾਜ ਸੋਚ ਰਿਹਾ ਹੁਣ ਕੀ ਬਣੂੰਗਾ ?
ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ।
ਕਦੇ ਔਰਤ ਘਰ ਦੀ ਮਾਲਕਣ ਹੁੰਦੀ ਸੀ। ਉਦੋਂ ਘਰਾਂ ਦੇ ਵਿੱਚ ਕਿਲਕਾਰੀਆਂ ਮਾਰਦੇ ਬੱਚੇ ਤੇ ਗਿੱਧਾ ਪਾਉਂਦੀਆਂ ਮੁਟਿਆਰਾਂ ਤੇ ਲੁੱਡੀਆਂ ਪਾਉਂਦੇ ਸਨ। ਜਨਮ ਤੋਂ ਮਰਨ ਤੱਕ ਗੀਤਾਂ ਵਿੱਚ ਗੁਜ਼ਰਦੀ ਸੀ।
ਹੁਣ ਫਿਰ ਔਰਤ ਦੇ ਹੱਥ ਬਾਜੀ ਆ ਗੀ। ਹੁਣ ਪੱਲੇ ਕੱਖ ਨਹੀਂ ਹੈ, ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਕੁੱਝ ਹੱਥ ਪੱਲੇ ਪੈਦਾ ਨਹੀਂ। ਸਮੇਂ ਦੀ ਪੁੱਠੀ ਹਨੇਰੀ ਚੱਲ ਰਹੀ ਹੈ। ਕੀ ਬਣੇਗਾ ਹੁਣ ਆਉਣ ਵਾਲੀਆਂ ਪੀੜ੍ਹੀਆਂ ਦਾ। ਕਿਉਂਕਿ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਤੇ ਘਟੀਆ ਗੱਲਾਂ ਵਿਰਾਸਤ ਵਿੱਚ ਦੇ ਕੇ ਜਾਂ ਰਹੇ ਹਾਂ।
ਕੀ ਆਖਣਗੀਆਂ ਸਾਡੀਆਂ ਅਗਲੀਆਂ ਪੀੜ੍ਹੀਆਂ ਕਿ ਸਾਡੇ ਪੁਰਖੇ ਇਹੋ ਜਿਹੇ ਸਨ ? ਜੋਂ ਆਪਾਂ ਹਾਂ!
#####
ਬੁੱਧ ਸਿੰਘ ਨੀਲੋਂ
94643-70823

Leave a Reply

Your email address will not be published. Required fields are marked *