ਟਾਪਪੰਜਾਬ

ਕਾਂਗਰਸ ਪਾਰਟੀ ਮੁਫ਼ਤ ’ਚ ਮੇਲਾ ਲੁੱਟਣਾ ਸੌਖਾ ਨਹੀਂ..! ਚਰਨਜੀਤ ਭੁੱਲਰ

ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੇ ਕਾਂਗਰਸ ਦਾ ਮੁਫਤੋਂ-ਮੁਫ਼ਤ ’ਚ ਸਿਆਸੀ ਮੇਲਾ ਲੁੱਟਣ ਦਾ ਸੁਪਨਾ ਚੂਰ ਕਰ ਦਿੱਤਾ ਹੈ। ਉਪ ਚੋਣ ’ਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ 24,542 ਵੋਟਾਂ ਮਿਲੀਆਂ ਹਨ ਜੋ ਕਿ 27.22 ਫ਼ੀਸਦੀ ਬਣਦੀਆਂ ਹਨ। 2022 ਦੀਆਂ ਚੋਣਾਂ ’ਚ ਕਾਂਗਰਸ ਨੂੰ 28.3 ਫ਼ੀਸਦੀ ਵੋਟ ਪ੍ਰਾਪਤ ਹੋਏ ਸਨ ਜਦੋਂ ਕਿ 2017 ਵਿੱਚ ਭਾਰਤ ਭੂਸ਼ਨ ਆਸ਼ੂ 54.4 ਫ਼ੀਸਦੀ ਵੋਟ ਹਾਸਲ ਕਰਕੇ 36,521 ਵੋਟਾਂ ਦੇ ਮਾਰਜਿਨ ਨਾਲ ਜੇਤੂ ਰਹੇ ਸਨ। ਉਸ ਤੋਂ ਪਹਿਲਾਂ ਸਾਲ 2012 ਵਿੱਚ ਆਸ਼ੂ 62.8 ਫ਼ੀਸਦੀ ਵੋਟ ਲੈ ਕੇ 35,922 ਵੋਟਾਂ ਦੇ ਮਾਰਜਿਨ ਨਾਲ ਜਿੱਤ ਗਏ ਸਨ। ਉਪ ਚੋਣ ਨੇ ਕਾਂਗਰਸ ਨੂੰ ਦੱਸ ਦਿੱਤਾ ਹੈ ਕਿ ਇਕੱਲਾ ਹਾਕਮ ਧਿਰ ਨੂੰ ਨਿੰਦ ਕੇ ਗੱਲ ਨਹੀਓਂ ਬਣਨੀ। ਧਰਾਤਲ ’ਤੇ ਕੰਮ ਕਰਨਾ ਪਵੇਗਾ। ਇਹ ਗੱਲ ਗੁੱਝੀ ਨਹੀਂ ਕਿ ਕਾਂਗਰਸ ਪਾਟੋਧਾੜ ਦਾ ਸ਼ਿਕਾਰ ਰਹੀ ਅਤੇ ਕਾਂਗਰਸੀ ਲੀਡਰਾਂ ਨੇ ਸਾਰੀ ਤਾਕਤ ਇੱਕ ਦੂਜੇ ਦੀਆਂ ਲੱਤਾਂ ਖਿੱਚਣ ’ਤੇ ਝੋਕ ਦਿੱਤੀ। ਗੱਲ ਨਿਰੀ ਏਨੀ ਨਹੀਂ ਹੈ ਬਲਕਿ ਹੁਣ ਮੌਕਾ ਲੋਕਾਂ ਦੀ ਨਬਜ਼ ਪਛਾਣਨ ਦਾ ਹੈ। ਉਪ ਚੋਣ ਦਾ ਨਤੀਜਾ ਦੱਸਦਾ ਹੈ ਕਿ ਕਾਂਗਰਸ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਿਭਾਉਣ ਵਿੱਚ ਫ਼ੇਲ੍ਹ ਰਹੀ ਹੈ ਅਤੇ ਲੋਕ ਮੁੱਦਿਆਂ ਨੂੰ ਉਠਾਉਣ ਤੋਂ ਖੁੰਝੀ ਹੈ।
ਸਿਆਸੀ ਮਾਹਿਰ ਆਖਦੇ ਹਨ ਕਿ ਕਾਂਗਰਸ ਨੇ ਪਿਛਲੇ ਸਮੇਂ ਤੋਂ ਜ਼ਮੀਨ ’ਤੇ ਲੋਕ ਮੁੱਦਿਆਂ ’ਤੇ ਲੜਨ ਦੀ ਥਾਂ ਸੋਸ਼ਲ ਮੀਡੀਆ ’ਤੇ ਹੀ ਮੁਹਾਜ਼ ਖੋਲ੍ਹ ਕੇ ਘਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬੱਝਵੀਂ ਲੜਾਈ ਸੜਕਾਂ ’ਤੇ ਲੜਨ ਦੀ ਥਾਂ ਕਾਂਗਰਸੀ ਨੇਤਾਵਾਂ ਨੇ ਹਾਕਮ ਧਿਰ ਦੇ ਨੁਕਸ ਕੱਢ ਕੇ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। 2022 ਦੀਆਂ ਚੋਣਾਂ ਵਿੱਚ ਹੋਈ ਹਾਰ ਦੀ ਕਦੇ ਕਾਂਗਰਸ ਨੇ ਪੜਚੋਲ ਨਹੀਂ ਕੀਤੀ। ਹਾਰ ਤੋਂ ਸਬਕ ਸਿੱਖ ਕੇ ਕਾਂਗਰਸ ਨੇ ਪੰਜਾਬੀਆਂ ਅੱਗੇ ਆਪਣਾ ਬਦਲਿਆਂ ਹੋਇਆ ਸਿਆਸੀ ਚਿਹਰਾ ਵੀ ਪੇਸ਼ ਨਹੀਂ ਕਰ ਸਕੀ।ਵਿਰੋਧੀ ਧਿਰ ਨੇ ਪੰਜਾਬ ਸਰਕਾਰ ’ਚ ਦਿੱਲੀ ਦੇ ਦਾਖਲ ਨੂੰ ਕਦੇ ਮੁੱਦੇ ਦੇ ਤੌਰ ’ਤੇ ਹੀ ਨਹੀਂ ਲਿਆ ਜਦੋਂ ਕਿ ਇਹ ਗੱਲ ਪੰਜਾਬੀ ਮਨਾਂ ’ਚ ਘਰ ਕਰੀ ਬੈਠੀ ਹੈ। ਚੇਤੰਨ ਹਲਕੇ ਆਖਦੇ ਹਨ ਕਿ ਕਾਂਗਰਸ ਸਿਰਫ਼ ਅੰਦਰੂਨੀ ਖ਼ਾਨਾ-ਜੰਗੀ ਦਾ ਰੋਣਾ ਰੋ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਉਪ ਚੋਣ ਦਾ ਨਤੀਜਾ ਕਾਂਗਰਸ ਦੇ ਹਾਈਕਮਾਨ ’ਤੇ ਵੀ ਉਂਗਲ ਉਠਾਉਂਦਾ ਹੈ। ਕਾਂਗਰਸ ਹਾਈਕਮਾਨ ਨੇ ਹਰਿਆਣਾ ’ਚ ਧੜੇਬੰਦੀ ਵਜੋਂ ਹੱਥੋਂ ਹਕੂਮਤ ਨਿਕਲਣ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਧੜੇਬੰਦੀ ਦੇ ਇਲਾਜ ਲਈ ਕੋਈ ਸਿਆਸੀ ਨੁਸਖ਼ਾ ਪੇਸ਼ ਨਹੀਂ ਕੀਤਾ।
ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਕਾਂਗਰਸ ਆਪਣਾ ਜੋਸ਼ ਕਾਇਮ ਨਹੀਂ ਰੱਖ ਸਕੀ। ਲੁਧਿਆਣਾ ਪੱਛਮੀ ਹਲਕੇ ’ਚ ਭਾਰਤ ਭੂਸ਼ਨ ਆਸ਼ੂ ਦੇ ‘ਹੰਕਾਰ’ ਨੂੰ ਇੱਕ ਮੁੱਦੇ ਦੇ ਤੌਰ ’ਤੇ ਆਮ ਆਦਮੀ ਪਾਰਟੀ ਨੇ ਉਭਾਰਿਆ। ਆਸ਼ੂ ਦੇ ਚੋਣ ਪ੍ਰਚਾਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਤਨਦੇਹੀ ਨਾਲ ਕਮਾਨ ਸੰਭਾਲੀ ਰੱਖੀ ਪ੍ਰੰਤੂ ਏਨਾ ਹੀ ਕਾਫ਼ੀ ਨਹੀਂ ਸੀ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਛਵੀ ਦੀ ਕਾਟ ਆਸ਼ੂ ਦਾ ਚਿਹਰਾ ਨਹੀਂ ਕਰ ਸਕਿਆ। ਉਪ ਚੋਣ ’ਚ ਹੋਈ ਹਾਰ ਮਗਰੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ’ਤੇ ਵੀ ਸੁਆਲ ਖੜ੍ਹੇ ਹੋ ਗਏ ਹਨ।
ਪੰਜਾਬ ਕਾਂਗਰਸ ’ਚ ਇਹ ਹਾਰ ਆਪਸੀ ਖ਼ਾਨਾ-ਜੰਗੀ ਨੂੰ ਹੋਰ ਤਿੱਖੀ ਕਰੇਗੀ। ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਦੋ ਲੋਕ ਸਭਾ ਹਲਕਿਆਂ ਅਤੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਉਪ ਚੋਣ ਹੋ ਚੁੱਕੀ ਹੈ ਪ੍ਰੰਤੂ ਕਾਂਗਰਸ ਸਿਰਫ਼ ਬਰਨਾਲਾ ਸੀਟ ਹੀ ਜਿੱਤ ਸਕੀ ਹੈ। ਲੁਧਿਆਣਾ ਪੱਛਮੀ ਹਲਕੇ ਤੋਂ 1985 ਅਤੇ 1992 ਵਿੱਚ ਹਰਨਾਮ ਦਾਸ ਜੌਹਰ ਵੀ ਚੋਣ ਜਿੱਤੇ ਚੁੱਕੇ ਹਨ ਅਤੇ ਦੋ ਵਾਰ ਹੀ ਭਾਰਤ ਭੂਸ਼ਨ ਆਸ਼ੂ ਨੇ ਚੋਣ ਜਿੱਤੀ ਹੈ। 1980 ਵਿੱਚ ਕਾਂਗਰਸ ਦੇ ਜੋਗਿੰਦਰਪਾਲ ਪਾਂਡੇ ਨੇ 51.5 ਫ਼ੀਸਦੀ ਵੋਟਾਂ ਲੈ ਕੇ ਚੋਣ ਜਿੱਤੀ ਸੀ।
ਸਬਕ ਸਿੱਖ ਕੇ ਅੱਗੇ ਵਧਾਂਗੇ : ਪਰਗਟ ਸਿੰਘ
ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਸੀ ਕਿ ਲੁਧਿਆਣਾ ਪੱਛਮੀ ਦੇ ਬਹੁਤੇ ਵਾਰਡਾਂ ਵਿੱਚ ਕਾਂਗਰਸ ਨੂੰ ਬਣਦੀ ਹਿੱਸੇਦਾਰੀ ਮਿਲੀ ਹੈ ਪ੍ਰੰਤੂ ਬਾਹਰੀ ਇਲਾਕਿਆਂ ਵਿੱਚ ‘ਆਪ’ ਨੂੰ ਬੱਝਵੀਂ ਵੋਟ ਪੈ ਗਈ। ਦਲਿਤ ਅਤੇ ਹਿੰਦੂ ਵੋਟ ਬੈਂਕ ਨੇ ਕਾਂਗਰਸ ਨੂੰ ਉਮੀਦ ਮੁਤਾਬਿਕ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਲੋਕ ਫ਼ਤਵਾ ਪ੍ਰਵਾਨ ਕਰਦਿਆਂ ਕਿਹਾ ਕਿ ਉਪ ਚੋਣ ਤੋਂ ਸਬਕ ਲੈ ਕੇ ਅੱਗੇ ਵਧਾਂਗੇ।
ਜ਼ਿਮਨੀ ਚੋਣਾਂ ’ਚ ਕਾਂਗਰਸ ਦਾ ਵੋਟ ਸ਼ੇਅਰ
ਸੰਗਰੂਰ ਲੋਕ ਸਭਾ 11.20 ਫ਼ੀਸਦੀ
ਜਲੰਧਰ ਲੋਕ ਸਭਾ 27.44 ਫ਼ੀਸਦੀ
ਜਲੰਧਰ ਪੱਛਮੀ 17.84 ਫ਼ੀਸਦੀ
ਡੇਰਾ ਬਾਬਾ ਨਾਨਕ 43.38 ਫ਼ੀਸਦੀ
ਚੱਬੇਵਾਲ 27.46 ਫ਼ੀਸਦੀ
ਬਰਨਾਲਾ 28.41 ਫ਼ੀਸਦੀ
ਗਿੱਦੜਬਾਹਾ 36.40 ਫ਼ੀਸਦੀ
ਲੁਧਿਆਣਾ ਪੱਛਮੀ 27.22 ਫ਼ੀਸਦੀ

Leave a Reply

Your email address will not be published. Required fields are marked *