ਟਾਪਪੰਜਾਬ

*ਕਾਂਗਰਸ ਵਲੋਂ ਭਲਕੇ ਗਮਾਡਾ ਦਫ਼ਤਰ ਦੇ ਸਾਹਮਣੇ ਦਿਤੇ ਜਾਣ ਵਾਲਾ ਧਰਨਾ ਨਵਾਂ ਇਤਿਹਾਸ ਸਿਰਜੇਗਾ-ਬਲਬੀਰ ਸਿੱਧੂ*

ਐਸ.ਐਸ.ਨਗਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਲੋਂ ਕਿਸਾਨ ਵਿਰੋਧੀ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਉਣ ਲਈ ਭਲਕੇ ਗਮਾਡਾ ਦੇ ਮੁੱਖ ਦਫ਼ਤਰ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਹਨਾਂ ਕਿਹਾ ਕਿ ਇਹ ਧਰਨਾ ਗਿਣਤੀ ਪੱਖੋਂ ਨਵਾਂ ਇਤਿਹਾਸ ਸਿਰਜੇਗਾ।
ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਧਰਨੇ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਪਾਰਟੀ ਦੇ ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ ਨਵੀਂ ਲੈਂਡ ਪੂਲਿੰਗ ਪਾਲਿਸੀ ਨੇ ਲੋਕਾਂ ਵਿਚ ਰੋਸ ਤੇ ਰੋਹ ਦੀ ਇਕ ਜ਼ਬਰਦਸਤ ਲਹਿਰ ਪੈਦਾ ਕਰ ਦਿੱਤੀ ਹੈ। ਉਹਨਾਂ ਹੋਰ ਕਿਹਾ ਕਿ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਜੇ ਇਹ ਨੁਕਸਦਾਰ ਪਾਲਿਸੀ ਰੱਦ ਨਾ ਕਰਵਾਈ ਤਾਂ ਉਹਨਾਂ ਨੂੰ ਆਪਣੀਆਂ ਕੀਮਤੀ ਜ਼ਮੀਨਾਂ ਤੋਂ ਬਿਨਾਂ ਕੁਝ ਹਾਸਲ ਕੀਤੇ ਹੀ ਹੱਥ ਧੋਣੇ ਪੈ ਸਕਦੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਨੋਟੀਫੀਕੇਸ਼ਨ ਤੋਂ ਬਾਅਦ ਤਕਰੀਬਨ 65000 ਏਕੜ ਜ਼ਮੀਨ ਉਤੇ ਖਰੀਦ-ਵੇਚ ਉਤੇ ਪਾਬੰਦੀ ਲੱਗ ਗਈ ਹੈ। ਉਹਨਾਂ ਕਿਹਾ ਕਿ ਜਦੋਂ ਇਸ ਜ਼ਮੀਨ ਨੂੰ ਕੋਈ ਖਰੀਦ-ਵੇਚ ਹੀ ਨਹੀਂ ਸਕਦਾ ਤਾਂ ਤਾਂ ਸਰਕਾਰ ਦਾ ਇਹ ਕਹਿਣ ਦਾ ਕੋਈ ਅਰਥ ਹੀ ਨਹੀਂ ਹੈ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਉਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਈ ਜਾਵੇਗੀ।ਉਹਨਾਂ ਕਿਹਾ ਕਿ ਸਰਕਾਰ ਅਜਿਹਾ ਪ੍ਰਚਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੀ ਹੈ, ਪਰ ਲੋਕ ਇਸ ਸਚਾਈ ਤੋਂ ਭਲੀ ਭਾਂਤ ਜਾਣੂ ਹਨ।
ਸ਼੍ਰੀ ਸਿੱਧੂ ਨੇ ਕਿਹਾ ਪੰਜਾਬ ਸਰਕਾਰ ਦੀ ਮਨਸ਼ਾ ਡਾ. ਮਨਮੋਹਨ ਸਿੰਘ ਵਲੋਂ 2013 ਵਿਚ ਬਣਾਏ ਗਏ ਕਿਸਾਨ ਪੱਖੀ ਭੂਮੀ ਗ੍ਰਹਿਣ ਤਹਿਤ ਆਪਣੀਆਂ ਬਣਦੀਆਂ ਜ਼ਿਮੇਂਵਾਰੀਆਂ ਤੋਂ ਭੱਜਣਾ ਹੈ। ਇਸ ਕਾਨੂੰਨ ਤਹਿਤ ਬਜ਼ਾਰੀ ਕੀਮਤ ਤੋਂ ਡੇਢੀ ਕੀਮਤ ਤੇ ਉਜਾੜਾ ਭੱਤਾ ਦੇਣ ਦੇ ਨਾਲ ਨਾਲ ਮੁੜ ਵਸੇਬੇ ਦੇ ਪ੍ਰਬੰਧ ਕਰਨ ਦੀ ਜ਼ਿਮੇਂਵਾਰੀ ਸਰਕਾਰ ਨੂੰ ਨਿਭਾਉਣੀ ਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਰਾਹੀਂ ਬਿਨਾਂ ਕੋਈ ਪੈਸਾ ਖਰਚਿਆਂ ਅਤੇ ਬਿਨਾਂ ਕੋਈ ਜ਼ਿਮੇਂਵਾਰੀ ਲੈਣ ਤੋਂ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਣਾ ਚਾਹੁੰਦੀ ਹੈ ਤਾਂ ਜੋ ਆਪਣੀ ਮਿਆਦ ਦੀ ਆਖਰੀ ਸਾਲ ਵਿਚ ਮੁਫ਼ਤਖੋਰੀਆਂ ਦੇ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਸਕਣ।
ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਇਹ ਖਿਲਵਾੜ ਨਹੀਂ ਹੋਣ ਦੇਵੇਗੀ ਅਤੇ ਇਸ ਕਿਸਾਨ ਵਿਰੋਧੀ ਪਾਲਿਸੀ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗੀ।

Leave a Reply

Your email address will not be published. Required fields are marked *