ਟਾਪਦੇਸ਼-ਵਿਦੇਸ਼

ਕਾਫ਼ਲੇ ਵੱਲੋਂ ਲੇਖਿਕਾ ਬਲਬੀਰ ਕੌਰ ਸੰਘੇੜਾ ਨਾਲ ਵਿਸ਼ੇਸ਼ ਗੱਲਬਾਤ ਅਤੇ ਕਵੀ ਦਰਬਾਰ

ਬਰੈਂਪਟਨ:- (ਰਛਪਾਲ ਕੌਰ ਗਿੱਲ)  ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਹੀਨੇਵਾਰ ਮੀਟਿੰਗ
ਦੌਰਾਨ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ ਬਲਬੀਰ ਕੌਰ ਸੰਘੇੜਾ ਨਾਲ ਵਿਸ਼ੇਸ਼ ਗੱਲਬਾਤ ਹੋਈ ਤੇ ਕਵੀ ਦਰਬਾਰ ਵਿੱਚ
ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਸਾਂਝੀਆਂ ਕੀਤੀਆਂ।
ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਸਟੇਜ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਾਫ਼ਲੇ ਵੱਲੋਂ ਉਨ੍ਹਾਂ
ਸਾਹਿਤਕਾਰਾਂ ਨਾਲ ਗੱਲਬਾਤ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਹੈ ਜਿਨ੍ਹਾਂ ਨੇ ਕਾਫ਼ਲੇ ਦੀ ਪਰਫੂਲਤਾ ਲਈ ਮਿਹਨਤ ਅਤੇ
ਸੁਹਿਰਦਤਾ ਨਾਲ ਕੰਮ ਕੀਤਾ ਹੈ ਤਾਂ ਕਿ ਕਾਫ਼ਲੇ ਨਾਲ ਜੁੜੇ ਨਵੇਂ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਲੱਗ ਸਕੇ। ਬਲਬੀਰ ਕੌਰ
ਸੰਘੇੜਾ ਵੀ ਉਨ੍ਹਾਂ ਮੁਢਲੇ ਮੈਂਬਰਾਂ ਵਿੱਚੋਂ ਇੱਕ ਹਨ। ਨਾਲ ਹੀ ਬਲਬੀਰ ਕੌਰ ਸੰਘੇੜਾ, ਕੁਲਜੀਤ ਮਾਨ ਤੇ ਕਹਾਣੀਕਾਰ
ਜਰਨੈਲ ਸਿੰਘ ਨੂੰ ਸਟੇਜ ਤੇ ਬਿਰਾਜਮਾਨ ਹੋਣ ਦਾ ਸੱਦਾ ਦਿੱਤਾ।
ਜਰਨੈਲ ਸਿੰਘ ਕਹਾਣੀਕਾਰ ਨੇ ਬਲਬੀਰ ਕੌਰ ਬਾਰੇ ਜਾਣਕਾਰੀ ਦੇਂਦਿਆ ਕਿਹਾ ਕਿ ਇੰਗਲੈਂਡ, ਕੈਨੇਡਾ, ਅਮਰੀਕਾ ਦੇ
ਪ੍ਰਵਾਸੀ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਬਲਬੀਰ ਕੌਰ ਨੇ ਇੰਗਲੈਂਡ ਹੁੰਦਿਆਂ ਹੋਇਆਂ ਕਹਾਣੀਆਂ
ਲਿਖ ਕੇ ਸਾਹਿਤ ਵਿੱਚ ਯੋਗਦਾਨ ਪਾਇਆ ਹੈ। ਬਲਬੀਰ ਕੌਰ ਦੀ ਬਹੁਚਰਚਿਤ ਕਹਾਣੀ “ਚੱਪਾ ਕੁ ਸੂਰਜ” ਬਾਰੇ ਅਤੇ
ਉਨ੍ਹਾਂ ਵੱਲੋਂ ਲੰਮਾਂ ਸਮਾਂ ਕੈਨੇਡਾ ਤੋਂ ਚਲਾਏ ਗਏ ਮੈਗਜ਼ੀਨ “ਆਰ ਪਾਰ” ਬਾਰੇ ਵੀ ਗੱਲਬਾਤ ਕੀਤੀ।
ਬਲਬੀਰ ਕੌਰ ਸੰਘੇੜਾ ਨੇ ਆਪਣੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਬਹੁਤ ਹੀ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਨਮ ਜਲੰਧਰ ਜ਼ਿਲੇ ਦੇ ਪਿੰਡ ਮੁਕੰਦਪੁਰ ਵਿੱਚ ਪੈਦਾ ਹੋਈ ਮਾਪਿਆਂ ਦੀ ਲਾਡਲੀ ਧੀ ਸੀ,
ਜਿਸ ਨੂੰ ਕੋਈ ਬੰਦਿਸ਼ ਨਹੀਂ ਸੀ। 18 ਸਾਲ ਦੀ ਉਮਰ ਵਿੱਚ ਇੰਗਲੈਂਡ ਆ ਗਈ ਸੀ। ਜਿੱਥੇ ਆ ਕੇ ਬਹੁਤ ਸੰਘਰਸ਼ ਕਰਨਾ
ਪਿਆ। ਉਨ੍ਹਾਂ ਦੱਸਿਆ ਕਿ 1968 ਵਿੱਚ ਉਨ੍ਹਾਂ ਦਾ ਲਿਖਿਆ ਆਰਟੀਕਲ “ਪਿੰਡ ਦੇ ਚੜ੍ਹਦੇ ਪਾਸੇ” ‘ਦੇਸ ਪ੍ਰਦੇਸ’ ਤੇ
‘ਸੰਦੇਸ਼’ ਵਿੱਚ ਛਪਿਆ ਜਿਸ ਨਾਲ ਉਨ੍ਹਾਂ ਦੀ ਪਛਾਣ ਬਣੀ। ਉਸ ਤੋਂ ਬਾਅਦ “ਸਹੁੰ ਰੱਬ ਦੀ” ਇੰਗਲੈਂਡ ਵਿੱਚ ਬਹੁਤ
ਮਸ਼ਹੂਰ ਹੋਈ। ਗੁੱਡੋਂ ਕਹਾਣੀ ਬਾਰੇ ਬਲਬੀਰ ਮੋਮੀ ਨੇ ਬਹੁਤ ਵਧੀਆ ਲਿਖਿਆ। ਇੰਗਲੈਂਡ ਰਹਿੰਦਿਆਂ ਸੱਤ ਸਾਲ
ਬਜ਼ੁਰਗਾਂ ਨੂੰ ਅੰਗ੍ਰੇਜ਼ੀ ਪੜ੍ਹਾਈ। 1987 ਵਿੱਚ ਕੈਨੇਡਾ ਆ ਕੇ ਸਾਹਿਤਕ ਸਫ਼ਰ ਜਾਰੀ ਰਿਹਾ। ਕਾਫ਼ਲੇ ਨਾਲ ਮਿਲ ਕੰਮ
ਕੀਤਾ। 1993 ਵਿੱਚ “ਆਰ ਪਾਰ” ਮੈਗਜ਼ੀਨ ਕੱਢਿਆ ਜੋ ਕੁਝ ਸਿਹਤ ਸਮੱਸਿਆਵਾਂ ਕਰਕੇ 2003 ਵਿੱਚ ਬੰਦ ਕਰਨਾ
ਪਿਆ। ਬਲਬੀਰ ਕੌਰ ਸੰਘੇੜਾ ਦੀਆਂ ਸਾਹਿਤਕ ਰਚਨਾਵਾਂ ਦਾ ਵੇਰਵਾ ਕੁਝ ਇਸ ਤਰਾਂ ਹੈ:
ਨਾਵਲ: ਹੱਕ ਦੀ ਮੰਗ,ਇੱਕ ਖ਼ਤ ਸੱਜਣਾਂ ਦੇ ਨਾਂ, ਜਾਲ਼- (ਪੰਜਾਬੀ, ਹਿੰਦੀ, ਸ਼ਾਹਮੁਖੀ), ਅਤੇ ਚਿੱਕੜ।
ਕਹਾਣੀ ਸੰਗ੍ਰਹਿ: ਆਪਣੇ ਹੀ ਓਹਲੇ, ਖੰਭੇ, ਠੰਡੀ ਹਵਾ, ਖੰਡਰ (ਪੰਜਾਬੀ, ਹਿੰਦੀ)।
ਯਾਦਾਂ: ਪ੍ਰਛਾਈਆਂ ਦੇ ਓਹਲੇ ਪ੍ਰਕਰਮਾ। ਸੰਪਾਦਿਤ: ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ।
ਸਾਹਿਤਕ ਸਵੈ-ਜੀਵਨੀ: ਤੁਰਦਿਆਂ – ਤੁਰਦਿਆਂ। ਵਾਰਤਕ: ਮੇਰੀਆਂ ਸੋਚਾਂ – ਮੇਰੇ ਸ਼ਬਦ।

ਭੁਪਿੰਦਰ ਦੁਲੇ, ਕੁਲਜੀਤ ਮਾਨ ਤੇ ਰਛਪਾਲ ਕੌਰ ਗਿੱਲ ਨੇ ਵੀ ਬਲਬੀਰ ਕੌਰ ਸੰਘੇੜਾ ਦੇ ਸਾਹਿਤਕ ਸਫ਼ਰ ਨਾਲ
ਸੰਬੰਧਤ ਕੁਝ ਯਾਦਾਂ ਸਾਂਝੀਆਂ ਕੀਤੀਆਂ।
ਲਾਲ ਸਿੰਘ ਬੈਂਸ ਨੇ ਗਿਆਨ ਸਿੰਘ ਸੰਘਾ, ਜਿੰਨ੍ਹਾਂ ਦਾ ਖਾੜਕੂ ਲਹਿਰ ਸਮੇਂ ਕਤਲ ਹੋ ਗਿਆ ਸੀ, ਉਨ੍ਹਾਂ ਦੀ ਪਤਨੀ
ਗੁਰਬਖਸ਼ ਕੌਰ ਸੰਘਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹੋਇਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲਬਾਤ ਕੀਤੀ। ਅਤੇ
ਸਮਾਜਵਾਦੀ ਸਫਾਂ `ਚ ਸਰਗਰਮ ਰਹੇ ਹਰਬੰਸ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ।
ਕਵੀ ਦਰਬਾਰ ਵਿੱਚ ਗੁਰਦੇਵ ਚੌਹਾਨ, ਬਾਬਰ ਨਸਰੂਲਾ ਖ਼ਾਨ, ਬਲਰਾਜ ਧਾਲੀਵਾਲ, ਮੇਜਰ ਸਿੰਘ ਬਦੇਸ਼ਾ, ਜਤਿੰਦਰ
ਰੰਧਾਵਾ, ਰਸ਼ੀਦ ਨਦੀਮ, ਨਾਟਕਕਾਰ ਕਿਰਪਾਲ ਕੰਵਲ, ਭੁਪਿੰਦਰ ਦੂਲੇ ਅਤੇ ਹਜ਼ਰਤ ਸ਼ਾਮ ਨੇ ਆਪਣੀਆਂ ਆਪਣੀਆਂ
ਕਵਿਤਾਵਾਂ ਪੇਸ਼ ਕੀਤੀਆਂ।
ਇਸ ਤੋਂ ਇਲਾਵਾ ਲਾਲ ਸਿੰਘ ਸੰਘੇੜਾ, ਬਲਜੀਤ ਧਾਲੀਵਾਲ, ਪ੍ਰਵੀਨ ਕੌਰ, ਭਗਵੰਤ ਸਿੰਘ, ਸੁਧੀਰ ਘਈ, ਤਾਰਾ ਸਿੰਘ,
ਜਗਤਾਰ ਸਿੰਘ ਮੱਲ੍ਹੀ, ਜੀਤ ਸਿੰਘ, ਗੁਰਪ੍ਰੀਤ ਬਟਾਲਵੀ, ਰਿੰਟੂ ਭਾਟੀਆ, ਪਰਮਜੀਤ ਕੌਰ ਦਿਓਲ, ਮਲਵਿੰਦਰ ਸਿੰਘ,
ਬਲਜਿੰਦਰ ਕੌਰ ਦੂਲੇ, ਬਲਦੇਵ ਦੂਹੜੇ, ਗੁਰਦਿਆਲ ਸਿੰਘ ਬੱਲ, ਹੀਰਾ ਲਾਲ ਅਗਨੀਹੋਤਰੀ, ਗੁਰਕੀਰਤ ਸਿੰਘ,
ਕੁਲਵੰਤ ਕੌਰ, ਡਾ. ਨਾਹਰ ਸਿੰਘ, ਪ੍ਰਭਜੋਤ ਰਠੋਰ ਅਤੇ ਪ੍ਰਤੀਕ ਸਿੰਘ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਲਵਾਈ।
ਅਖੀਰ ਤੇ ਕਾਫ਼ਲਾ ਸੰਚਾਲਕ ਰਛਪਾਲ ਕੌਰ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *