
ਜੰਡਿਆਲਾ ਗੁਰੂ (ਕੁਲਜੀਤ ਸਿੰਘ)ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ਤੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਰਾਜਿਸਥਾਨ ਵਿੱਚ ਕਿਸਾਨਾਂ ਮਜ਼ਦੂਰਾ ਵੱਲੋਂ ਭਾਰਤ ਦੌਰੇ ਤੇ ਚੱਲ ਰਹੇ ਅਮਰੀਕੀ ਉਪਰਾਸ਼ਟਰਪਤੀ ਜੇ ਡੀ ਵੈਂਸ ਅਤੇ ਕੇਂਦਰ ਸਰਕਾਰ ਦੇ ਸੈਕੜੇ ਜਗ੍ਹਾ ਪੁਤਲੇ ਸਾੜ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਜਾ ਰਹੇ ਮੁਕਤ ਵਪਾਰ ਸਮਝੌਤਿਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਇਹਨਾਂ ਸਮਝੌਤਿਆਂ ਦਾ ਵਿਰੋਧ ਕੀਤਾ ਗਿਆ ਹੈ, ਜਿਸਦੇ ਚਲਦੇ ਕੇ ਐਮ ਐਮ ਦੀਆਂ ਪੰਜਾਬ ਅੰਦਰ 10 ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿਚ ਇਸ ਐਕਸ਼ਨ ਨੂੰ ਲਾਗੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਕੋਲ 140 ਕਰੋੜ ਲੋਕਾਂ ਦੇ ਹਿੱਤ ਵੇਚਣ ਦਾ ਕੰਮ ਕਰਨ ਜਾ ਰਹੀ ਹੈ, ਜਿਸਨੂੰ ਕਿ ਲੋਕ ਹੱਕਾ ਦੀ ਰਾਖੀ ਲਈ ਜਨਤਕ ਘੋਲ ਰਾਹੀਂ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀਆਂ ਜਥੇਬੰਦੀਆਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਹਨਾਂ ਕਿਹਾ ਕਿ ਬਹੁਤ ਹੱਦ ਤੱਕ ਇਹ ਵੀ ਸਾਫ ਹੋਇਆ ਹੈ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਬਾਡਰਾਂ ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਨੂੰ ਇਸੇ ਲਈ ਖਦੇੜਨ ਦੀ ਕਾਰਵਾਈ ਕੀਤੀ ਗਈ ਹੈ ਕਿਉ ਕਿ ਸਰਕਾਰ ਅਜਿਹੇ ਲੋਕ ਮਾਰੂ ਸਮਝੌਤੇ ਕਰਨ ਜਾ ਰਹੀ ਸੀ ਅਤੇ ਸਰਕਾਰ ਇਸ ਗੱਲ ਨੂੰ ਸਮਝ ਚੁੱਕੀ ਸੀ ਕਿ ਅਗਰ ਇਹ ਅੰਦੋਲਨ ਬਾਡਰਾਂ ਤੇ ਜਾਰੀ ਰਹੇਗਾ ਤਾਂ ਦੇਸ਼ ਭਰ ਤੋਂ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਜੁੜਨਗੇ। ਉਹਨਾਂ ਕਿਹਾ ਕਿ ਅੱਜ ਦੇਸ਼ ਵਿਚ 8 ਕਰੋੜ ਤੋਂ ਵੱਧ ਲੋਕ ਦੁੱਧ ਉਤਪਾਦਨ ਰਾਹੀਂ ਜੀਵਿਕਾ ਕਮਾ ਰਹੇ ਹਨ 70 ਕਰੋੜ ਤੋਂ ਵੱਧ ਲੋਕ ਖੇਤੀ ਰਾਹੀਂ ਜਿੰਦਗੀ ਗੁਜਰ ਬਸਰ ਕਰ ਰਹੇ ਹਨ ਇਸੇ ਤਰੀਕੇ ਕਰੋੜਾਂ ਦੀ ਗਿਣਤੀ ਵਿੱਚ ਛੋਟਾ ਕਾਰੋਬਾਰੀ ਅਦਾਰਾ ਸੇਵਾਵਾਂ ਰਾਹੀਂ ਜਿੱਥੇ ਲੋਕਾਂ ਨੂੰ ਨੌਕਰੀ ਦੇ ਰਿਹਾ ਅਤੇ ਇਹ ਸਭ ਵਰਗ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਚਾਹੇ ਕੁਝ ਤਥਾਕਥਿਤ ਸਰਕਾਰ ਪੱਖੀ ਅਰਥ਼ਾਸਤਰੀਆਂ ਵੱਲੋਂ ਸੋਸ਼ਲ ਮੀਡੀਆ ਤੇ ਜਨਤਾ ਨੂੰ ਭਰਮਾਉਣ ਲਈ ਚੀਜ਼ਾਂ ਸਸਤੀਆਂ ਦਰਾਂ ਤੇ ਮਿਲਣ ਦਾ ਭਰਮ ਪਾਇਆ ਜਾ ਰਿਹਾ ਹੈ ਪਰ ਬਿਨਾਂ ਟੈਕਸ ਸਸਤਾ ਦੁੱਧ ਅਤੇ ਸਭ ਤਰ੍ਹਾਂ ਦੀਆਂ ਖੇਤੀ ਜਿਣਸਾਂ ਬਾਜ਼ਾਰ ਵਿਚ ਡੰਪ ਹੋਣ ਤੇ ਭਾਰਤੀ ਕਿਸਾਨ ਹੋਣ ਜਾ ਪਸ਼ੂ ਪਾਲਕ ਮੁਕਬਲੇ ਵਿੱਚੋ ਬਾਹਰ ਹੋ ਜਾਣਗੇ ਅਤੇ ਵਿਦੇਸ਼ੀ ਕੰਪਨੀਆਂ ਦੀ ਮੋਨੋਪਲੀ ਕਾਇਮ ਹੋਵੇਗੀ ਜਿਸ ਪਿੱਛੋਂ ਅਤਿ ਦੀ ਮਹਿਗਾਈ ਦੁਆਰਾ ਜੰਨਤਾਂ ਦੀ ਲੁੱਟ ਹੋਵੇਗੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਸਮਝੌਤਿਆਂ ਵਿੱਚ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਮਸਲੇ ਸਬੰਧ ਵਿੱਚ ਵੱਡੇ ਪੱਧਰ ਤੇ ਪਰਚਾਰ ਕਰਦੇ ਹੋਏ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ ਅਤੇ ਦਬਾਅ ਬਣਾਉਦੇ ਹੋਏ ਭਾਰਤ ਸਰਕਾਰ ਨੂੰ ਇਹਨਾਂ ਸਮਝੌਤਿਆਂ ਤੋਂ ਪੈਰ ਪਿੱਛੇ ਰੱਖਣ ਲਈ ਦੇਸ਼ ਪੱਧਰ ਤੇ ਵੱਖ ਵੱਖ ਐਕਸ਼ਨ ਕੀਤੇ ਜਾਣਗੇ।
Post Views: 103