ਟਾਪਦੇਸ਼-ਵਿਦੇਸ਼

ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ?ਸੁਖਪਾਲ ਸਿੰਘ ਗਿੱਲ  ਅਬਿਆਣਾ ਕਲਾਂ (ਰੂਪਨਗਰ)

ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦ “ਅਸਲੀ ਤੇ ਸੁੱਚਾ ਸਾਹਿਤ ਮਹਾਤਮਾ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ” ਪੜ੍ਹੇ ਤਾਂ ਇੱਕ ਦਮ ਧਿਆਨ ਭੂਸ਼ਨ ਧਿਆਨਪੁਰੀ ਵੱਲ ਗਿਆ । ਮੇਰੇ ਕਾਲਜ ਦੇ ਅਧਿਆਪਕ ਸਨ ਉਹਨਾਂ ਦਾ ਅਸਲੀ ਨਾਂ ਬੇਨਤੀਸਰੂਪ ਸ਼ਰਮਾ ਸੀ। ਧਿਆਨਪੁਰ ਗੁਰਦਾਸਪੁਰ ਤੋਂ ਰੂਪਨਗਰ ਦੀ ਅਫਸਰ ਕਲੋਨੀ ਵਿੱਚ ਵਸੇ ਸਨ। ਤੁਰ ਕੇ ਕਲੋਨੀ ਤੋਂ ਕਾਲਜ ਜਾਣਾ ਉਹਨਾਂ ਦੀ ਆਦਤ ਅਤੇ ਸ਼ੌਂਕ ਸੀ। ਦਰਮਿਆਨੀ ਤੌਰ ਨਾਲ ਜਦੋਂ ਛਾਤੀ ਨਾਲ ਰਜਿਸਟਰ ਲਗਾ ਕੇ ਕਾਲਜ ਜਾਂਦੇ ਸਨ ਤਾਂ ਕਾਲਜ ਵਿੱਚ ਰੌਣਕ ਲੱਗ ਜਾਂਦੀ। ਰੂਪ ਸਰੂਪ ਅਤੇ ਰਚਨਾ ਪੱਖੋ ਨਵੇਕਲੀ ਪਹੁੰਚ ਰੱਖਦੇ ਭੂਸ਼ਨਧਿਆਨਪੁਰੀ ਜੀ ਭਾਸ਼ਾ ਹਲੀਮੀ ਵਾਲੀ ਸੀ। ਵੱਡਾ ਗੁਣ ਇਹ ਸੀ ਕਿ ਉਹ ਕਾਲਜ ਅਤੇ ਸਮਾਜ ਵਿੱਚ ਕਦੇ ਧਿਰ ਨਹੀਂ ਬਣੇ ।
1990 ਦੇ ਦੌਰ ਵਿੱਚ ਕਾਲਜ ਦੇ ਦਿਨਾਂ ਦੌਰਾਨ ਮੇਰੇ ਪਿਤਾ ਜੀ ਨੇ ਅਖਬਾਰ ਚੁੱਕੀ ਤਾਂ ਮੈਨੂੰ ਚਾਰ ਸਤਰਾਂ ਪੜ੍ਹ ਕੇ ਸੁਣਾਈਆ ਜਿਨ੍ਹਾਂ ਵਿੱਚੋਂ ਇੱਕ ਸਤਰ ਇਹ ਸੀ “ ਨਾਕੇ ਵਾਲਿਆ ਬੱਸਾਂ ਫਰੋਲ ਸੁੱਟੀਆ ਦੋ ਮਾਚਿਸਾਂ ਇੱਕ ਬਲੇਡ ਮਿਲਿਆ “ ਉਨ੍ਹਾਂ ਕਿਹਾ ਕਿ ਇਹ ਸਤਰਾਂ ਹਰ ਰੋਜ ਤੇਰੇ ਕਾਲਜ ਦੇ ਅਧਿਆਪਕ ਬੇਨਤੀਸਰੂਪ ਸ਼ਰਮਾ ਲਿਖਦੇ ਹਨ। ਸਵੇਰੇ ਕਾਲਜ ਜਾ ਕੇ ਭੂਸ਼ਨ ਜੀ ਨੂੰ ਲੱਭਿਆ ਅਤੇ ਪੁੱਛਿਆ “ ਸਰ ਪੰਜਾਬੀ ਟ੍ਰਿਬਿਊਨ ਵਿੱਚ ਕਵਿਓਵਾਚ ਅਤੇ ਅਜੀਤ ਵਿੱਚ ਅੱਜ ਦੀ ਗੱਲ  ਤੁਸੀ ਹੀ ਲਿਖਦੇ ਹੋ” ਉਨ੍ਹਾਂ ਕਿਹਾ “ਹਾਂ ਹਾਂ ਕਾਕਾ ਜੀ ਮੈਂ ਹੀ ਲਿਖਦਾ ਹਾਂ” ਇਹ ਕਹਿ ਕੇ ਉਨ੍ਹਾਂ ਮੇਰੀ ਪਿੱਠ ਥਾਪੜੀ ਅਤੇ ਕਾਲਜ ਵੱਲ ਚੱਲੇ ਗਏ। ਅਸੀਂ ਵੀ ਪਿੱਛੇ ਕਲਾਸ ਵਿੱਚ ਪੁੱਜ ਗਏ। ਉਨ੍ਹਾਂ ਵੱਲੋਂ ਵਾਰਸ ਦੀ ਹੀਰ ਜੋ ਸਿਲੇਬਸ ਦਾ ਹਿੱਸਾ ਸੀ ਪੜ੍ਹਾਈ ਗਈ। ਮੂੰਹੋਂ ਫੁੱਲਾਂ ਵਾਂਗ ਕਿਰਦੇ ਸ਼ਬਦਾਂ ਨਾਲ ਉਹਨਾਂ ਸੱਚ-ਮੁੱਚ ਵਿੱਚ ਹੀਰ ਪ੍ਰਗਟ ਕਰ ਦਿੱਤੀ । ਉਸ ਘੜੀ ਤੋਂ ਮੈਂ ਉਹਨਾਂ ਦਾ ਮੁਰੀਦ ਸੀ। ਉਹਨਾਂ ਦੇ ਸਰੂਪ ਖੁੱਲੀ ਅਤੇ ਲੰਬੀ ਦਾੜ੍ਹੀ ਅਤੇ ਸਿਰ ਤੋਂ ਮੋਨੇ ਸੀ। ਬੱਸ ਮੈਨੂੰ ਇਸੇ ਗੱਲ ਦਾ ਪਛਤਾਵਾ ਹੈ ਕਿ ਮੈਂ ਉਹਨਾਂ ਦੇ ਸਰੂਪ ਬਾਰੇ ਡਰਦੇ ਅਤੇ ਸੰਗਦੇ ਹੋਏ ਨੇ ਕਦੀ ਨਹੀਂ ਪੁੱਛਿਆ । ਖੁੱਲੀ ਦਾੜ੍ਹੀ ਅਤੇ ਸਿਰ ਤੋਂ ਮੋਨੇ ਹੋਣ ਦਾ ਰਹੱਸ ਮੈਂ ਉਹਨ੍ਹਾਂ ਤੋਂ ਡਰਦਾ ਪੁੱਛ ਹੀ ਨਹੀਂ ਸਕਿਆ।
                  ਪੰਜਾਬੀ ਭਾਸ਼ਾ ਨਾਲ ਉਨ੍ਹਾਂ ਦਾ ਮੇਲ ਕਿੱਤੇ ਕਰਕੇ ਨਹੀਂ ਸੀ , ਬਲਕਿ ਉਹ ਤਾਂ ਖੁੱਭ ਕੇ ਪੰਜਾਬੀ ਬੋਲਦੇ ਅਤੇ ਪੜ੍ਹਾਉਂਦੇ ਸਨ । ਮਾਂ ਬੋਲੀ ਜ਼ਰੀਏ ਹੀ ਝੱਲਕਦਾ ਸੀ ਕੇ ਉਹਨਾਂ ਨੇ ਪੰਜਾਬੀ ਬੋਲੀ ਨਾਲ ਆਪਣੀ ਸਖਸ਼ੀਅਤ ਦਾ ਵਿਕਾਸ ਅਤੇ ਸਵੈ-ਸੱਭਿਅਤਾ ਹਾਸਲ ਕੀਤੀ । ਉਨ੍ਹਾਂ ਦੀ ਭਾਸ਼ਾ ਤੋਂ ਹੀ ਉਨ੍ਹਾਂ ਦਾ ਅਸਲੀ ਰੂਪ ਨਿਖਰਿਆ ਹੋਇਆ ਸੀ । ਇੱਕ ਵਾਰ ਮੇਰੇ ਤੋਂ ਕਿਸੇ ਹੋਰ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲਬਾਤ ਹੋਈ ਉਹਨਾਂ ਤੁਰੰਤ ਬਾਅਦ ਮੇਰੇ ਉੱਤੇ ਹੀ ਟਕੋਰ ਕਰ ਦਿੱਤੀ ਕਿ ਕਾਕਾ ਜੀ ਜਦੋਂ ਪੰਜਾਬੀ ਕੋਈ ਹੋਰ ਭਾਸ਼ਾ ਬੋਲਦਾ ਹੈ ਤਾਂ ਇਉਂ ਲੱਗਦਾ ਹੈ ਕਿ ਉਹ ਝੂਠ ਬੋਲਦਾ ਹੈ । ਇੱਕ ਹੋਰ ਰਚਨਾ ਉਹਨਾਂ ਬਾਰੇ ਪੜ੍ਹੀ ਸੁਣੀ ਗਈ ਉਹ ਇਹ ਸੀ ਕਿ ਉਹਨਾਂ ਲਿਖਾਰੀ ਸਭਾ ਰੂਪਨਗਰ ਦਾ ਮੈਂਬਰ ਬਣਨ ਲਈ ਅਰਜੀ ਦਿੱਤੀ ਕੁਝ ਚਿਰ ਬਾਅਦ ਉਹਨਾਂ ਨੂੰ ਅਰਜੀ ਵਾਪਸ ਕਰ ਕੇ ਕਹਿ ਦਿੱਤਾ ਗਿਆ ਕਿ ਸਾਡੀ ਮਜਬੂਰੀ ਹੈ ਅਸੀਂ ਤੁਹਾਨੂੰ ਸਭਾ ਦਾ ਮੈਂਬਰ ਨਹੀਂ ਬਣਾ ਸਕਦੇ । ਜਨਵਰੀ 2008 ਵਿੱਚ ਉਹਨਾਂ ਸਾਹਿਤਿਕ ਬਾਣ ਮਾਰ ਕੇ ਇਸ ਦਾ ਜਵਾਬ ਇਉਂ ਦਿੱਤਾ “ ਸਾਹਿਤ ਜਦੋਂ ਸਭਾ ਨਾਲ ਜੁੜ ਜਾਂਦਾ ਏ ,ਤਾਂ ਸਭਾ ਮੁੱਖ ਹੋ ਜਾਂਦੀ ਏ ,ਸਾਹਿਤ ਪਛੜ ਜਾਂਦਾ ਏ”
                        ਧਿਆਨ ਪੁਰੇ ਦੇ ਲਗਾਓ ਬਾਰੇ ਲੱਗਦਾ ਹੈ ਕਿ ਉਹਨਾਂ ਦੀ ਪਿੰਡਾਂ ਵੱਲ ਖਿੱਚ ਵੱਧ ਸੀ । ਉਹ ਦੱਸਦੇ ਹਨ ਕਿ ਪਿੰਡ ਨਹੀਂ ਛੱਡਦਾ । ਪਿੰਡ ਪ੍ਰਕਿਰਤੀ ਹੈ ਅਤੇ ਸ਼ਹਿਰ ਸੰਸਕ੍ਰਿਤੀ ਹੈ । ਪਿੰਡ ਸ਼ਹਿਰ ਦਾ ਅੰਨਦਾਤਾ ਹੈ ਪਿੰਡਾਂ ਚ‘ ਕਿਸਾਨ ਵੱਸਦੇ ਹਨ। ਅੱਜ ਦੀਆਂ ਕਿਸਾਨੀ ਚੁਣੋਤੀਆਂ ਨੂੰ ਦੇਖੀਏ ਤਾਂ ਉਹਨਾਂ ਪਹਿਲਾਂ ਹੀ ਅੰਨਦਾਤੇ ਨੂੰ ਪਿੰਡਾਂ ਵਿੱਚ ਦਰਜਾ ਦੇ ਦਿੱਤਾ ਸੀ। ਪਿੰਡਾਂ ਦੇ ਜੀਵਨ ਨੂੰ ਸ਼ਹਿਰਾਂ ਦੇ ਜ਼ਰੀਏ ਵੱਧ ਸੰਸਕ੍ਰਿਤਕ ਮੰਨਿਆ। ਉਹਨਾਂ ਇਸ ਦੀ ਗਵਾਹੀ ਇਉਂ ਦਿੱਤੀ,” ਸ਼ਹਿਰ ਨੂੰ ਹੱਸਦਾ ਤੱਕਣਾ ਤਾਂ ਉਸ ਨੂੰ ਪਿੰਡ ਵੱਲ ਤੋਰੋ ,ਜੇ ਪਿੰਡ ਨੂੰ ਰੋਦਿਆਂ ਤੱਕਣਾਂ ਤਾਂ ਕਹੋ ਉਸ ਨੂੰ ਸ਼ਹਿਰ ਜਾਏ”
                                                                         ਭੂਸ਼ਨ ਧਿਆਨਪੁਰੀ ਸ਼ਿਵ ਕੁਮਾਰ ਬਟਾਲਵੀ ਦੇ ਸਾਥੀ ਭੂਸ਼ਨ ਸਨ । ਉਹਨਾਂ ਦੀ ਇੱਕ ਆਮ ਤਸਵੀਰ ਫੈਲੀ ਹੋਈ ਹੈ, ਜਿਸ ਵਿੱਚ ਉਹ ਸੁਰਜੀਤ ਪਾਤਰ ਨੂੰ ਜਿਸ ਤਰ੍ਹਾਂ ਮਿਲਦੇ ਹਨ ਉਸ ਸਾਦਗੀ ਅਤੇ ਮੋਹ ਭਿੱਜੇ ਦ੍ਰਿਸ਼ ਨੂੰ ਪਾਤਰ ਦੀ ਰਚਨਾ ਰਾਹੀਂ ਵਰਣਿਤ ਕੀਤਾ ਗਿਆ ਹੈ ,” ਜਦੋਂ ਤੱਕ ਲਫ਼ਜ਼ ਜ਼ੀਉਂਦੇ ਨੇ ,ਸੁਖਨਵਰ ਜ਼ਿਉਣ ਮਰ ਕੇ ਵੀ , ਉਹ  ਕੇਵਲ ਜਿਸਮ ਹੁੰਦੇ ਨੇ ,ਜੋ ਸਿਵਿਆਂ ਵਿੱਚ ਸਵਾਹ ਬਣਦੇ  ”
                                                                               ਜੀਵਨ ਦਾ ਅੰਤ ਹੁੰਦਾ ਹੈ ਪਰ ਆਖਰ ਸ਼ਮਸ਼ਾਨ ਤੱਕ ਹੁੰਦਾ ਹੈ। ਜੀਵਨ ਦਾ ਨਿਸ਼ਾਨਾ ਕਬਰ ਨਹੀਂ ਹੋਣੀ ਚਾਹੀਦੀ। ਬਲਕਿ ਬਾਅਦ ਵਿੱਚ ਪਿੱਛੇ ਛੱਡੀ ਵਿਰਾਸਤ ਨੂੰ ਲੋਕ ਸਾਂਭਣ ਅਤੇ ਅਪਣਾਉਣ। ਇਹਨਾਂ ਸਤਰਾਂ ਦਾ ਧਾਰਨੀ ਭੂਸ਼ਨ ਖੁਦ ਹੈ। ਉਹਨਾਂ ਦੀਆਂ ਰਚਨਾਵਾਂ ਅੱਜ ਦੇ ਹਾਲਾਤ ਅਨੁਸਾਰ ਢੁੱਕਦੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਉਹਨਾਂ ਦੀ ਰੂਹ ਪੰਜਾਬੀਆਂ ਵਿੱਚ ਇੱਕ-ਮਿੱਕ ਹੈ, “ ਅਸੀਂ ਲੱਖ ਲੜੀਏ ,ਅਸੀਂ ਲੱਖ ਭਿੜੀਏ ,ਵਿੱਚੋਂ ਇੱਕ ਆਪਾਂ ਸਾਡਾ ਰੱਬ ਜਾਣੇ , ਤਾਂਹੀਓ ਤੁਸੀਂ ਸਾਨੂੰ ਕਮਲੇ ਸਮਝਦੇ ਓ,ਸਾਡੇ ਖੇਤ ਕਣਕਾਂ,ਧੋਡੇ ਘਰੀਂ ਦਾਣੇ , ਸਾਰੇ ਰੋਂਦੇ ਨੇ ਆਪਣੇ ਲਾਲਚਾਂ ਨੂੰ , ਦੁੱਖ ਦਰਦ ਪੰਜਾਬ ਦਾ ਕੌਣ ਜਾਣੇ ,ਅਸੀਂ ਕਰਾਂਗੇ ਗੱਲ ਪੰਜਾਬੀਆਂ ਦੀ ਲੰਡਨ ਹੋਈਏ ,ਲਾਹੌਰ ਜਾਂ ਲੁਧਿਆਣੇ ”
                            ਸਾਹਿਤ ਨਾਲ ਬੇਝਿਜਕ ਕੁਰੀਤੀਆ ਤੇ ਚੋਟ ਕਰਨੀ ਉਹਨਾਂ ਦਾ ਸੁਭਾਅ ਸੀ । ਉਹਨਾਂ ਦਾ ਲਹਿਜਾ ਅੰਦਾਜ਼ ਸਭ ਉੱਪਰ ਆਪਣਾ ਜਾਦੂ ਛੱਡਦਾ ਸੀ। ਅੰਮ੍ਰਿਤਾ ਪ੍ਰੀਤਮ ਨੇ ਇਸੇ ਤਰਜ਼ ਤੇ ਉਹਨਾਂ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਸਮੁੰਦਰ ਕੁੱਜੇ ਵਿੱਚ ਬੰਦ ਸੀ। ਉੱਤਰ ਸੀ, “ਅੰਦਾਜ਼-ਏ-ਭੂਸ਼ਨ ਨੂੰ ਮੇਰਾ ਸਲਾਮ ਆਖਣਾ” ਅੱਜ ਰੂਪਨਗਰ ਸ਼ਹਿਰ ਦੀਆਂ ਗਲੀਆਂ ਉਹਨਾਂ ਦੇ ਸੁਨੇਹੀਆਂ ਨੂੰ ਸੰਦਲੀ ਪੈੜ੍ਹਾਂ ਦੀ ਖੂਸ਼ਬੂ ਦੀਆਂ ਹਨ। ਅਫਸਰ ਕਲੋਨੀ ਦੀ ਤਾਂ ਰੌਣਕ ਹੀ ਉੱਡ ਗਈ ਹੈ, “ ਕਿੱਥੇ ਗਏ ਜਿਹੜੇ ਇਹਨਾਂ ਘਰਾਂ ਅੰਦਰ ਬੰਦੇ ਰਹਿੰਦੇ ਸੀ ਰੱਬ ਦੇ ਨਾਮ ਵਰਗੇ?, ਵਾਰਿਸ਼ ਸ਼ਾਹ ਵਰਗੇ , ਪੂਰਨ ਸਿੰਘ ਵਰਗੇ , ਸ਼ਿਵ ਕੁਮਾਰ ਵਰਗੇ, ਧਨੀ ਰਾਮ ਵਰਗੇ, ਕਿੱਥੇ ਗਏ ਦਰਵੇਸ਼ ਫਕੀਰ ਆਸ਼ਿਕ , ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ, ਛੱਡੋ ਬਾਬਿਓ ! ਹੋਰ ਕੋਈ ਕਥਾ ਛੇੜੋ , ਅੱਜਕੱਲ ਇਥੇ ਹਾਲਾਤ ਆਮ ਵਰਗੇ ”
ਉਹ ਸਾਹਿਤ ਵਿੱਚ ਵਸਾਈ ਰੂਹ ਕਰਕੇ ਅੱਜ ਜਿਉਂਦੇ ਹਨ ਪਰ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਹਨ। ਉਹਨਾਂ ਦੀਆਂ ਪੈੜ੍ਹਾਂ ਅਫਸਰ ਕਲੋਨੀ ਤੋਂ ਕਾਲਜ ਤੱਕ ਉਕਰੀਆਂ ਰਹਿਣ ਗਈਆਂ। ਇਸਦੇ ਨਾਲ ਇੱਕ ਹੋਰ ਸਾਹਿਤਕ ਵੰਨਗੀ ਵੀ ਹਾਲਾਤ ਤਾਜਾ ਕਰਦੀ ਹੈ। ਜਿਸ ਤੋਂ ਲੱਗਦਾ ਹੈ ਕਿ ਪੰਜਾਬੀਅਤ ਨਾਲ ਉਹਨਾਂ ਦਾ ਸੁਮੇਲ ਜਿਸਮ ਰੂਹ ਵਰਗਾ ਸੀ , “ ਸਦਾ ਰਹੂ ਪੰਜਾਬ ਪੰਜਾਬੀਆਂ ਦਾ , ਦੂਤੀ ਲਾਉਣ ਲੂਤੀ ਭਾਵੇਂ ਲੱਖ ਵਾਰੀ , ਸ਼ਮਲੇ ਉਹਨਾਂ ਦੇ ਝੂਲਦੇ ਸਦਾ ਉੱਚੇ , ਕੀਮਤ ਅਣਖ ਦੀ ਜਿਨ੍ਹਾਂ ਨੇ ਸਦਾ ਤਾਰੀ, ਬਾਕੀ ਬਹਿਸਾ ਤਾਂ ਖਲਲ ਦਿਮਾਗ ਨੇ , ਨੁਕਤੇ ਇੱਕ ਤੇ ਮੁਕਦੀ ਬਾਤ ਸਾਰੀ ਇੱਥੇ ਵੱਸਦੇ ਗੁਰੂ ਦੇ ਸਿੱਖ ਸਾਰੇ , ਕੋਈ ਕੇਸਾਧਾਰੀ ਕੋਈ ਸਹਿਜਧਾਰੀ ”
ਸਿੱਜਦਾ ਹੈ ਭੂਸ਼ਨਧਿਆਨਪੁਰੀ ਜੀ ਨੂੰ
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ (ਰੂਪਨਗਰ)
9878111445

Leave a Reply

Your email address will not be published. Required fields are marked *