ਟਾਪਭਾਰਤ

ਕੀ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਸਾਡਾ ਸਮਾਜ ਦੋਸ਼ੀ ਹੈ??ਡਾ.ਦਵਿੰਦਰ ਖੁਸ਼ ਧਾਲੀਵਾਲ

ਖੁਦਕੁਸ਼ੀ ਦਾ ਰਾਹ ਇਨਸਾਨ ਨੂੰ ਕਿਉਂ ਅਪਨਾਉਣਾ ਪੈ ਰਿਹਾ ਹੈ, ਹਰ ਸਾਲ ਖੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ, ਇਸ ਦੇ ਵਿੱਚ ਆਮ ਲੋਕ ਹੀ ਨਹੀਂ ਅਮੀਰ ਲੋਕ ਉੱਚੇ ਘਰਾਣਿਆਂ ਦੇ ਲੋਕ ਉੱਚੀਆਂ ਪਦਵੀਆਂ ਦੇ ਲੋਕ ਵੀ ਕਰ ਰਹੇ ਹਨ। ਖੁਦਕੁਸ਼ੀ ਸ਼ਬਦ ਬੋਲਣ ਨੂੰ ਬਹੁਤ ਛੋਟਾ ਹੈ ਪਰ ਇਸ ਦੇ ਨਤੀਜੇ ਬਹੁਤ ਘਾਤਕ ਹਨ। ਇੱਕ ਪਰਿਵਾਰ ਦੀ ਪੂਰੀ ਨੀਂਵ ਹਿੱਲ ਜਾਂਦੀ ਹੈ।ਗਰੀਬੀ, ਬੇਰੁਜਗਾਰੀ, ਆਰਥਿਕ ਗੈਰਬਰਾਬਰੀ, ਵਧਦੀ ਮਹਿੰਗਾਈ ਆਦਿ ਬਾਰੇ ਮੁੱਖਧਾਰਾ ਦੇ ਅਰਥਸ਼ਾਸਤਰੀ ਕਾਫੀ ਚਰਚਾ ਕਰਦੇ ਹਨ। ਸਗੋਂ ਇਕੱਲੀ ਚਰਚਾ ਹੀ ਨਹੀਂ, ਅਲੋਚਨਾ ਕਰਦੇ ਹੋਏ ਇਹਨਾਂ ਸਮੱਸਿਆਵਾਂ ਦਾ ਇਸੇ ਢਾਂਚੇ ਵਿੱਚ “ਹੱਲ” ਵੀ ਪੇਸ਼ ਕਰਦੇ ਹਨ। ਉਪਰੋਕਤ ਅਲਾਮਤਾਂ ਦੀ ਮਾਰ ਜਿਆਦਾਤਰ ਮਜਦੂਰ ਜਮਾਤ ਨੂੰ ਝੱਲਣੀ ਪੈਂਦੀ ਹੈ। ਇਸਦੇ ਨਾਲ਼ ਹੀ ਕਿਰਤੀ ਲੋਕ ਵੀ ਇਸ ਦੀ ਪੀੜ ਵਿੱਚੋਂ ਲੰਘਦੇ ਹਨ। ਮੁਨਾਫੇ ’ਤੇ ਟਿਕਿਆ ਸਰਮਾਏਦਾਰਾ ਢਾਂਚਾ ਇਕੱਲੀਆਂ ਆਰਥਿਕ ਸਮੱਸਿਆਵਾਂ ਹੀ ਨਹੀਂ ਪੈਦਾ ਕਰਦਾ, ਸਗੋਂ ਸਮਾਜਿਕ ਸਮੱਸਿਆਵਾਂ ਨੂੰ ਵੀ ਧੜਾਧੜ ਜਨਮ ਦਿੰਦਾ ਰਹਿੰਦਾ ਹੈ। ਇਹਨਾਂ ਸਮੱਸਿਆਵਾਂ ਤੋਂ ਮੁੱਖਧਾਰਾ ਦੇ ਅਲੋਚਕ ਵਾਕਫ਼ ਤਾਂ ਹਨ, ਪਰ ਹੱਲ ਉਹਨਾਂ ਕੋਲ਼ ਨਹੀਂ ਹੈ!
ਅਜਿਹੀ ਹੀ ਇੱਕ ਸਮਾਜਿਕ ਸਮੱਸਿਆ ਨੂੰ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ- ਖੁਦਕੁਸ਼ੀਆਂ! ਖੁਦਕੁਸ਼ੀਆਂ ਦੇ ਮਾਮਲੇ ਇਕੱਲੇ ਮਜਦੂਰ ਜਮਾਤ ਨਾਲ਼ ਸਬੰਧਤ ਨਾ ਹੋ ਕੇ ਸਗੋਂ ਹਰ ਵਰਗ ਨੂੰ ਆਪਣੇ ਵਿੱਚ ਲਪੇਟ ਲੈਂਦੇ ਹਨ। ਕਿਸਾਨ, ਖੇਤ ਮਜਦੂਰ, ਵਿਦਿਆਰਥੀ, ਉੱਚ ਮੱਧਵਰਗ ਦੇ ਲੋਕ, ਫਿਲਮੀ ਜਗਤ ਨਾਲ਼ ਜੁੜੇ ਲੋਕ ਆਦਿ ਤੱਕ ਇਸ ਸਮਾਜਿਕ ਅਲਾਮਤ ਦੀ ਮਾਰ ਹੇਠ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸਾਲ 2024 ਵਿੱਚ ਭਾਰਤ ਵਿੱਚ ਕੁੱਲ ਖੁਦਕੁਸ਼ੀਆਂ ਵਿੱਚ 2 ਫੀਸਦੀ ਵਾਧਾ ਹੋਇਆ ਅਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਿੱਚ 4 ਫੀਸਦੀ ਵਾਧਾ ਹੋਇਆ ਹੈ। ਸਾਲ 2022 ਵਿੱਚ ਭਾਰਤ ਵਿੱਚ 1,71,000 ਲੋਕਾਂ ਨੇ ਆਪਣੀ ਜਿੰਦਗੀ ਖਤਮ ਕਰ ਲਈ ਸੀ। ‘ਟਾਇਮਜ ਆਫ ਇੰਡੀਆਂ’ ਅਖ਼ਬਾਰ ਦੀ ਇੱਕ ਖਬਰ ਅਨੁਸਾਰ ਮਹਾਰਾਸ਼ਟਰ ਸੂਬੇ ਵਿੱਚ ਸਭ ਤੋਂ ਵੱਧ (ਕੁੱਲ ਦਾ 14 ਫੀਸਦੀ) ਵਿਦਿਆਰਥੀ ਖੁਦਕੁਸ਼ੀ ਕਰਦੇ ਹਨ ਅਤੇ ਇਸ ਤੋਂ ਬਾਅਦ ਤਮਿਲਨਾਡੂ (ਕੁੱਲ ਦਾ 11 ਫੀਸਦੀ) ਆਉਂਦਾ ਹੈ। ਇਸੇ ਰਿਪੋਰਟ ਅਨੁਸਾਰ ਪਿਛਲੇ 20 ਸਾਲਾਂ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਦੁੱਗਣਾ ਵਾਧਾ ਹੋਇਆ ਹੈ।
ਸੁਨਹਿਰੇ ਭਵਿੱਖ ਦਾ ਸੁਪਨਾ ਦਿਖਾਉਣ ਵਾਲ਼ੀਆਂ ਵਪਾਰਕ ਸਿੱਖਿਆ ਸੰਸਥਾਵਾਂ, ਕੋਚਿੰਗ ਕੇਂਦਰਾਂ ਤੋਂ ਆਏ ਦਿਨ ਖੁਦਕੁਸ਼ੀ ਦੀਆਂ ਖਬਰਾਂ ਆਉਂਦੀਆਂ ਹਨ। ਇੱਥੋਂ ਤੱਕ ਕਿ 10 ਵੀਂ, 12 ਵੀਂ ਦੇ ਸਕੂਲੀ ਵਿਦਿਆਰਥੀ ਮੁਕਾਬਲੇ ਵਿੱਚ ਪਛੜ ਜਾਣ ’ਤੇ ਖੁਦਕੁਸ਼ੀ ਕਰਦੇ ਹਨ। ਸਮਾਜ ਨੂੰ ਚਲਾਉਣ ਵਾਲ਼ਿਆਂ ਨੇ ਸਫਲਤਾ ਅਤੇ ਅਸਫਲਤਾ ਦੇ ਜੋ ਪੈਮਾਨੇ ਬਣਾਏ ਅਤੇ ਮੀਡੀਆ ਰਾਹੀਂ ਸਾਡੇ ਸੋਚਣ ਢੰਗ ਵਿੱਚ ਉਸੇ ਨੂੰ ਹੀ ਇੱਕ ਸੱਚ ਵਜੋਂ ਸਮੋ ਦਿੱਤਾ ਗਿਆ ਹੈ। ਜੋ ਪਹਿਲੇ ਨੰਬਰ ’ਤੇ ਹੈ, ਉਹੀ ਚੰਗਾ ਹੈ, ਜੋ ਮੁਕਾਬਲਾ ਪ੍ਰੀਖਿਆ ਵਿੱਚ ਮੋਹਰੀ ਹੈ ਉਹੀ ਯੋਗ ਹੈ, ਬਾਕੀ ਬਚੇ ਨਕਾਰਾ ਹਨ, ਜੋ ਖੁਦ ਦੀ ਅਯੋਗਤਾ ਕਾਰਨ ਪਿੱਛੇ ਰਹਿ ਗਏ ਹਨ। ਜਦੋਂ ਨੌਜਵਾਨ ਮੁੰਡੇ ਕੁੜੀਆਂ ਦੇ ਖੁਦਕੁਸ਼ੀ ਨੋਟ ਮਿਲ਼ਦੇ ਹਨ ਉਸ ਵਿੱਚ ਆਮ ਹੀ ਇਹ ਲਿਖਿਆ ਹੁੰਦਾ ਹੈ ਕਿ ‘ਮੇਰੇ ਤੋਂ ਨਹੀਂ ਹੋ ਰਿਹਾ’! ਨੌਜਵਾਨ ਪੀੜੀ ਬਹੁਤ ਜਲਦੀ ਉਪਰਲੀ ਪੌੜੀ ਨੂੰ ਹੱਥ ਪਾਉਣਾ ਚਾਹੁੰਦੇ ਹਨ, ਬਹੁਤ ਜਲਦੀ ਹਾਰ ਮੰਨ ਜਾਂਦੇ ਹਨ। ਹਾਰ ਵਿਦਿਆਰਥੀ ਉਦੋਂ ਮੰਨਦਾ ਹੈ ਜਦੋਂ ਮੁਕਾਬਲੇਬਾਜ਼ੀ ਦੇ ਵਿੱਚ ਪੈ ਜਾਂਦਾ ਹੈ।  ਬੱਚਿਆਂ ਨੂੰ ਬਚਪਨ ਤੋਂ ਹੀ ਮੁਕਾਬਲੇਬਾਜ਼ੀ ਵਿੱਚ ਪਾਇਆ ਜਾਂਦਾ ਹੈ।  ਬੱਚੇ ਨੂੰ ਸੰਘਰਸ਼ ਕਰਨਾ ਬਹੁਤ ਔਖਾ ਲੱਗਦਾ ਹੈ।
ਅੰਨ੍ਹੀ ਮੁਕਾਬਲੇਬਾਜੀ, ਸਮਾਜ ਵਿੱਚ ਟਿਕੇ ਰਹਿਣ ਲਈ ਅਰੁੱਕ ਗਲ਼ਘੋਟੂ ਸੰਘਰਸ਼ ਇਸ ਆਰਥਿਕ ਸਮਾਜਕ ਪ੍ਰਬੰਧ ਦੀ ਦੇਣ ਹੈ। ਇਸੇ ਸਮਾਜਕ ਸੰਦਰਭ ਨੂੰ ਸਮਝਦੇ ਹੋਏ ਅਸੀਂ ਖੁਦਕੁਸ਼ੀ ਦੇ ਕਾਰਨ ਨੂੰ ਸਮਝ ਸਕਦੇ ਹਾਂ, ਉਹਨਾਂ ਲੋਕਾਂ ਦੀ ਮਨੋਸਥਿਤੀ ਸਮਝ ਸਕਦੇ ਹਾਂ, ਜੋ ਮੌਤ ਨੂੰ ਗਲ਼ ਲਾ ਚੁੱਕੇ ਹਨ। ਅਲੱਗ-ਅਲੱਗ ਖੁਦਕੁਸ਼ੀ ਮਾਮਲਿਆਂ ਵਿੱਚ ਜੋ ਕਾਰਨ ਉੱਭਰ ਕੇ ਸਾਹਮਣੇ ਆਉਂਦੇ ਹਨ, ਉਹ ਇੱਕ ਲੰਬੀ ਚੌੜੀ ਸੂਚੀ ਹੈ। ਉਹ ਸੂਚੀ ਇਸ ਮੁਨਾਫੇ ’ਤੇ ਟਿਕੇ ਢਾਂਚੇ ਦੀਆਂ ਅਲਾਮਤਾਂ ਦੀ ਹੀ ਸੂਚੀ ਹੈ ਜਿਵੇਂ ਕਿ-
– ਸਿੱਖਿਆ ਦੇ ਖੇਤਰ ਵਿੱਚ ਮੁਕਾਬਲੇਬਾਜੀ,
–  ਇੱਛਾ ਤੋਂ ਬਗੈਰ ਕਿੱਤੇ ਦੀ ਚੋਣ ਕਰਨੀ,
–  ਰੁਜਗਾਰ ਲਈ ਵਧਦੀ ਮੁਕਾਬਲੇਬਾਜੀ, ਬੇਰੁਜਗਾਰੀ।
–  ਭੇਦਭਾਵ (ਲਿੰਗ, ਜਾਤ ਆਦਿ)
–  ਆਰਥਿਕ ਤੰਗੀਆਂ, ਗਰੀਬੀ,– ਕਰਜਾ– ਇਕੱਲਤਾ
–  ਸਫਲਤਾ-ਅਸਫਲਤਾ ਦੇ ਸਰਮਾਏਦਾਰਾ ਸਮਾਜਿਕ ਪੈਮਾਨਿਆ ਨਾਲ਼ ਖੁਦ ਦੀ ਤੁਲਨਾ ਕਰਕੇ ਦੇਖਣੀ ਅਤੇ ਹੀਣ ਭਾਵਨਾ ਦਾ ਸ਼ਿਕਾਰ ਹੋਣਾ।
– ਔਰਤਾਂ ਦੇ ਮਾਮਲਿਆਂ ਵਿੱਚ ਜਿਨਸੀ ਸੋਸ਼ਣ, ਘਰੇਲੂ ਹਿੰਸਾ, ਪਿੱਤਰਸੱਤਾ ਪ੍ਰਧਾਨ ਘਰੇਲੂ ਅਤੇ ਸਮਾਜਕ ਦਬਾਅ ਆਦਿ।
ਅਲੱਗ-ਅਲੱਗ ਰਿਪੋਰਟਾਂ ਵੀ ਇਹਨਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਕਿਉਂਕਿ ‘ਖੁਦਕੁਸ਼ੀ ਨੋਟ’ ਇਹਨਾਂ ਸਭ ਕਾਰਨਾਂ ਨੂੰ ਓਹਲੇ ਹੋਣ ਦਾ ਕੋਈ ਮੌਕਾ ਨਹੀਂ ਦਿੰਦੇ!
ਸੱਚ ਤਾਂ ਇਹ ਹੈ ਕਿ ਖੁਦਕੁਸ਼ੀ ਖੁਦ ਇਸ ਬਿਮਾਰ ਢਾਂਚੇ ਦਾ ਇੱਕ ਲੱਛਣ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਰਾਸ਼ਾ ਦੇ ਪਲਾਂ ਵਿੱਚ ਹਾਰ ਮੰਨ ਲੈਣਾ ਅਤੇ ਸੰਘਰਸ਼ ਤੋਂ ਮੂੰਹ ਮੋੜ ਕੇ ਜਿੰਦਗੀ ਨੂੰ ਖਤਮ ਕਰ ਲੈਣ ਦਾ ਰਾਹ ਕਿਸੇ ਵੀ ਤਰੀਕੇ ਸਹੀ ਨਹੀਂ ਹੈ ਪਰ ਖੁਦਕੁਸ਼ੀਆਂ ਨੂੰ ਇਸ ਹੱਦ ਤੱਕ ਘਟਾ ਦੇਣਾ ਅਸਲ ਵਿਚ ਖੁਦਕੁਸ਼ੀ ਕਰਨ ਵਾਲ਼ੇ ਨੂੰ ਹੀ ਇਸਦਾ ਦੋਸ਼ੀ ਐਲਾਨਣਾ ਹੈ। ਇਸ ਦੀ ਅਸਲ ਜੜ੍ਹ ਇਹ ਲੋਟੂ ਢਾਂਚਾ ਹੈ ਜਿਸ ਵਿੱਚੋਂ ਹੀ ਅਜਿਹੇ ਹਲਾਤ ਪੈਦਾ ਹੁੰਦੇ ਰਹਿੰਦੇ ਹਨ, ਜਿਸ ਕਾਰਨ ਕਈ ਇਨਸਾਨ ਇਹ ਗੈਰਕੁਦਰਤੀ ਘਟਨਾ ਨੂੰ ਨੇਪਰੇ ਚਾੜ ਦਿੰਦੇ ਹਨ। ਇਸੇ ਢਾਂਚੇ ਵਿੱਚ ਇਨਸਾਨ ਦੇ ਉਪਯੋਗੀ ਹੋਣ ਦਾ ਪੈਮਾਨਾ ਉਸ ਦੁਆਰਾ ਕਮਾਏ ਗਏ ਪੈਸਿਆਂ ਦੀ ਮਾਤਰਾ ਨਾਲ਼ ਦੇਖਿਆ ਜਾਂਦਾ ਹੈ। ਜੋ ਮਹੀਨੇ ਦੇ ਵੱਧ ਪੈਸੇ ਕਮਾਉਂਦਾ ਹੈ, ਉਹ ਵੱਧ ਉਪਯੋਗੀ, ਜੋ ਘੱਟ ਕਮਾਉਂਦਾ ਹੈ ਜਾਂ ਜੋ ਪੈਸੇ ਕਮਾਉਣ ਲਈ ਟੱਕਰਾਂ ਮਾਰ ਰਿਹਾ ਹੈ ਉਹ ਨਕਾਰਾ! ਇਹ ਮੁਨਾਫੇ ਨੂੰ ਕੇਂਦਰ ਵਿੱਚ ਰੱਖਣ ਵਾਲ਼ਿਆਂ ਦਾ ਵਿਚਾਰ ਹੈ। ਇਸ ਵਿਚਾਰ ਨੂੰ ਹਾਕਮ ਜਮਾਤਾਂ ਰਾਹੀਂ ਲੁੱਟ, ਜਬਰ ਦਾ ਸ਼ਿਕਾਰ ਲੋਕਾਂ ਦਾ ਵੀ ਵਿਚਾਰ ਬਣਾ ਦਿੱਤਾ ਗਿਆ ਹੈ!  ਇੱਥੋਂ ਹੀ ਉਹ ਹੀਣ ਭਾਵਨਾ ਜਨਮ ਲੈਂਦੀ ਹੈ ਕਿ ਖੁਦ ਇਨਸਾਨ ਹੀ ਆਪਣੀ ਘੱਟ ਯੋਗਤਾ ਕਾਰਨ ਦੋਸ਼ੀ ਹੈ।
ਸਰਮਾਏਦਾਰਾ ਢਾਂਚੇ ਵਿੱਚ ਕੰਮ ਕਰਦੇ ਕਾਮੇ ਭਾਵੇਂ ਕੋਈ ਹੇਠਲੇ ਦਰਜੇ ਦਾ ਕਾਮਾ ਹੈ ਜਾਂ ਉੱਪਰਲੇ ਦਰਜੇ ਦਾ ਕਾਮਾ, ਲਗਾਤਾਰ ਵਿੱਤੋਂ ਵੱਧ ਕੰਮ ਕਰਨ ਦਾ ਦਬਾਅ ਉਹਨਾਂ ਉੱਤੇ ਲਗਾਤਾਰ ਬਣਿਆ ਰਹਿੰਦਾ ਹੈ। ਨਿੱਜੀ ਕੰਪਨੀਆਂ ਵਿੱਚ, ਨਿੱਤ ਨਵੇਂ ਨਿਸ਼ਾਨੇ ਦਿੱਤੇ ਜਾਂਦੇ ਹਨ, ਜਿਹਨਾਂ ਨੂੰ ਪੂਰਾ ਕਰਦਾ ਮੁਲਾਜਮ ਆਪਣੀ ਜਾਨ ਖਪਾ ਦਿੰਦਾ ਹੈ! ਮਨੁੱਖ ਨੂੰ ਮਨੁੱਖ ਨਾ ਸਮਝ ਕੇ, ਮੁਨਾਫ਼ਾ ਕਮਾਉਣ ਵਾਲ਼ੀ ਮਸ਼ੀਨ ਵਾਂਗ ਵਿਹਾਰ ਕੀਤਾ ਜਾਂਦਾ ਹੈ। ਕੰਮ ਹੌਲ਼ੀ ਜਾਂ ਗਲਤ ਹੋਣ ਦੀ ਹਾਲਤ ਵਿੱਚ ਅਣਮਨੁੱਖੀ ਵਿਹਾਰ, ਨੌਕਰੀ ਜਾਣ ਦਾ ਖਤਰਾ ਆਦਿ ਬਣਿਆ ਰਹਿੰਦਾ ਹੈ।
ਔਰਤਾਂ ਦੇ ਮਾਮਲੇ ਦੀ ਗੱਲ ਕਰੀਏ ਤਾਂ ਮਰਦ ਪ੍ਰਧਾਨ ਸਮਾਜ ਵਿੱਚ, ਉਹਨਾਂ ਦੀ ਪਰਵਰਿਸ਼ ਕੁੱਝ ਇਸ ਤਰੀਕੇ ਨਾਲ਼ ਹੁੰਦੀ ਹੈ ਕਿ, ਦੱਬੂਪੁਣਾ, ਕਮਜੋਰ ਵਿਅਕਤੀਤਵ, ਘਰ ਦੀ, ਜਾਣ-ਪਛਾਣ ਵਾਲ਼ੇ ਲੋਕਾਂ ਦੀ “ਇੱਜਤ” ਦਾ ਸਾਰਾ ਭਾਰ ਉਸਦੇ ਮੋਢਿਆਂ ਉੱਤੇ ਪਾ ਦਿੱਤਾ ਜਾਂਦਾ ਹੈ। ਅਕਸਰ ਘਰੇਲੂ ਹਿੰਸਾ, ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣ ਦੇ ਜਿਆਦਾਤਰ ਮਾਮਲਿਆਂ ਵਿੱਚ ਚੁੱਪ-ਚਾਪ ਸਹਿੰਦੇ ਰਹਿਣਾ, ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਆਦਿ ਔਰਤਾਂ ਦੇ ਹਿੱਸੇ ਆਉਂਦਾ ਹੈ। ਕੁੱਝ ਔਰਤਾਂ ਜਿਆਦਾ ਬੁਰੇ ਹਲਾਤਾਂ ਵਿੱਚੋਂ ਲੰਘਦੇ ਹੋਏ ਹੱਲ ਦੇ ਤੌਰ ’ਤੇ ਆਖਰੀ ਬੁਰੇ ਰਾਹ ਖੁਦਕੁਸ਼ੀ ਨੂੰ ਅਪਣਾ ਲੈਂਦੀਆਂ ਹਨ।
ਅਜਿਹੇ ਹੀ ਸਮਾਜਕ ਸੰਦਰਭ ਹਨ, ਜਿਹਨਾਂ ਨੂੰ ਸਮਝ ਕੇ ਅਸੀਂ ਖੁਦਕੁਸ਼ੀ ਦੇ ਕਾਰਨਾਂ ਅਤੇ ਖੁਦਕੁਸ਼ੀ ਕਰਨ ਵਾਲ਼ਿਆਂ ਦੀ ਮਨੋਸਥਿਤੀ ਸਮਝ ਸਕਦੇ ਹਾਂ। ਇਹ ਗੱਲ ਸੱਚ ਹੈ ਜਦੋਂ ਤੱਕ ਖੁਦਕੁਸ਼ੀਆਂ ਨੂੰ ਪੈਦਾ ਕਰਨ ਵਾਲ਼ੇ ਹਲਾਤ ਰਹਿਣਗੇ, ਓਦੋਂ ਤੱਕ ਖੁਦਕੁਸ਼ੀਆਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਇਸ ਦਾ ਪੱਕਾ ਹੱਲ ਇਸ ਮੁਨਾਫੇ ’ਤੇ ਟਿਕੇ ਢਾਂਚੇ ਨੂੰ ਬਦਲ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਇਹ ਢਾਂਚਾ ਮਨੁੱਖੀ ਲੋੜਾਂ ਤੋਂ ਵੀ ਅੱਗੇ ਭਰਪੂਰ ਜਿੰਦਗੀ ਜਿਉਣ ਦੇ ਸੁਪਨੇ ਤਾਂ ਦਿਖਉਂਦਾ ਹੈ, ਪਰ ਉਹਨਾਂ ਨੂੰ ਪੂਰਾ ਕਰਨ ਲਈ ਇਹ ਢਾਂਚਾ ਖੁਦ ਹੀ ਅਯੋਗ ਹੈ। ਭਰਪੂਰ ਜਿੰਦਗੀ ਹਰ ਮਨੁੱਖ ਨੂੰ ਮਿਲ਼ਣੀ ਚਾਹੀਦੀ ਹੈ, ਚੰਗਾ ਸਮਾਜ, ਚੰਗਾ ਆਲ਼ਾ-ਦੁਆਲ਼ਾ ਹਰ ਮਨੁੱਖ ਦਾ ਹੱਕ ਹੈ। ਪਰ ਜਿਸ ਢਾਂਚੇ ਵਿੱਚ ਕਿਰਤੀ ਲੋਕਾਂ ਲਈ ਆਰਥਿਕ ਸਮਾਜਕ ਅਸੁਰੱਖਿਆ ਪੋਰ-ਪੋਰ ਵਿੱਚ ਰਚੀ ਹੋਵੇ, ਜਿੱਥੇ ਸਿਹਤਮੰਦ ਮਨ ਵਾਲ਼ੇ ਲੋਕ ਵਧਣ-ਫੁੱਲਣ ਦੀ ਜਮੀਨ ਹੀ ਬੰਜਰ ਹੋਵੇ ਉੱਥੇ ਮਾਨਸਿਕ ਰੋਗ, ਉਦਾਸੀ ਰੋਗ, ਖੁਦਕੁਸ਼ੀਆਂ ਮਨੁੱਖ ਦੀ ਬੁਰੀ ਹੋਣੀ ਹਨ!
ਇਸ ਸੱਚ ਨੂੰ ਸਵਕਾਰਦੇ ਹੋਏ ਇਸ ਢਾਂਚੇ ਨੂੰ ਬਦਲਣ ਦੀ ਜੱਦੋ ਜਹਿਦ ਦਾ ਹਿੱਸਾ ਬਣਨ ਅਤੇ ਆਪਣੇ ਆਲ਼ੇ-ਦੁਆਲ਼ੇ ਦੀਆਂ ਮਨੁੱਖੀ ਜਿੰਦਗੀਆਂ ਪ੍ਰਤੀ ਜਿਆਦਾ ਚੁਕੰਨੇ, ਜਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਨੂੰ ਸਮਝੀਏ ਅਤੇ ਸਮਾਜ ਨੂੰ ਬਦਲਣ ਵਿੱਚ ਬਣਦਾ ਹਿੱਸਾ ਪਾਈਏ।

Leave a Reply

Your email address will not be published. Required fields are marked *