ਕੁੜੀਆਂ ਲਈ ਬਾਹਰ ਕੀ ਘਰ ਵੀ ਕੋਈ ਸੁਰੱਖਿਅਤ ਥਾਂ ਨਹੀਂ ??-ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ
ਸਾਡਾ ਸਮਾਜ ਦਾ ਇਹ ਪੱਕਾ ਯਕੀਨ ਹੈ ਕਿ ਕੁੜੀਆਂ ਜਾਂ ਔਰਤਾਂ ਨਾਲ਼ ਬਲਾਤਕਾਰ ਦੀਆਂ ਘਟਨਾਵਾਂ ‘ਚ ਵਾਧਾ ਉਹਨਾਂ ਦੇ ਘਰੋਂ ਬਾਹਰ ਜਾਣ ਕਰਕੇ ਹੋਇਆ ਹੈ। ਕੁੜੀਆਂ ਪ੍ਰਤੀ ਜੋ ਸਮਾਜ ਦਾ ਨਜ਼ਰੀਆ ਹੈ ਉਹ ਉਹਨਾਂ ਨੂੰ ਦੱਬੂ, ਡਰਪੋਕ, ਸਾਊ, ਘੱਟ ਬੋਲਣ ਵਾਲ਼ੀਆਂ, ਘਰਦਿਆਂ ਦਾ ਕਹਿਣਾ ਮੰਨਣ ਵਾਲ਼ੀਆਂ, ਕਿਸੇ ਮੁੰਡੇ ਨਾਲ਼ ਦੋਸਤੀ ਨਾ ਕਰਨ ਵਾਲ਼ੀਆਂ ਕੁੱਝ ਅਜਿਹੇ ਸੰਸਕਾਰਾਂ ਵਾਲ਼ੀਆਂ ਕੁੜੀਆਂ ਨੂੰ ਸਮਾਜ ਆਪਣੇ ਲਾਇਕ ਮੰਨਦਾ ਹੈ। ਅੱਜ ਕੁੜੀਆਂ ਨਾਲ਼ ਹੁੰਦੀਆਂ ਬਲਾਤਕਾਰ ਦੀਆਂ ਘਟਨਾਵਾਂ ‘ਚ ਜਿਸ ਤਰਾਂ ਤੇਜ਼ੀ ਨਾਲ਼ ਵਾਧਾ ਹੋਇਆ ਹੈ ਵੱਡੇ-ਵੱਡੇ ਸਿਆਸੀ ਰਾਜਨੇਤਾ ਤੇ ਧਰਮ ਗੁਰੂ ਵੀ ਇਹ ਬਿਆਨ ਦਿੰਦੇ ਨਜ਼ਰ ਆਂਉਂਦੇ ਹਨ ਕਿ ਜੇ ਕੁੜੀਆਂ ਘਰੇ ਰਹਿਣ ਤਾਂ ਇਹਨਾਂ ਘਟਨਾਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਜਿਵੇਂ ਇਹ ਤੁਹਾਨੂੰ ਆਮ ਹੀ ਸੁਣਨ ਨੂੰ ਮਿਲ਼ ਸਕਦਾ ਹੈ ਕਿ “ਕੁੜੀ ਪੜਨ ਜਾਂਦੀ ਸੀ ਘਟਨਾ ਤਾਂ ਹੋਈ ਹੈ।” “ਹੁਣ ਮੁੰਡਿਆ ਨੂੰ ਤਾਂ ਆਪ ਮਗਰ ਲਾਉਂਦੀਆਂ ਨੇ ਤਾਂ ਮੁੰਡਿਆ ਦਾ ਕੀ ਕਸੂਰ, ਪਹਿਲਾਂ ਗੱਲਾਂ ਕਰਦੀਆਂ ਨੇ ਤੇ ਫਿਰ ਜਦ ਕੁੱਝ ਹੋ ਜਾਵੇ ਤਾਂ ਮੁੰਡਿਆਂ ਨੇ ਕੀਤਾ।” “ਕੁੜੀਆਂ ਘਰੇ ਹੀ ਠੀਕ ਨੇ ਬਾਹਰ ਜਾ ਕੇ ਵਿਗੜ ਜਾਂਦੀਆਂ ਨੇ।” ਮੈਂ ਇੱਥੇ ਇੱਕ ਕੁੜੀ ਦੀ ਚਰਚਾ ਕਰਨੀ ਚਾਹਾਂਗੀ ਇਸ ਲਈ ਵੀ ਜਿਹੜਾ ਸਮਾਜ ਦਾ ਵਹਿਮ ਹੈ ਕਿ ਕੁੜੀਆਂ ਸਿਰਫ ਸਮਾਜ ‘ਚ ਅਸੁਰੱਖਿਅਤ ਨੇ ਤੇ ਘਰੇ ਬਾਪੂ, ਬੇਬੇ, ਭਰਾ, ਤਾਏ, ਚਾਚੇ ਦੀ ਛੱਤਰ ਛਾਇਆ ‘ਚ ਬਹੁਤ ਹੀ ਸੁਰੱਖਿਅਤ ਨੇ ਕਿੰਨਾ ਕੁ ਸੱਚ ਹੈ। ਮੇਰੇ ਸੰਪਰਕ ‘ਚ ਇੱਕ ਕੁੜੀ ਹੈ। ਉਹ ਪੜਦੀ ਵੀ ਹੈ ਤੇ ਨਾਲ਼ ਕੰਮ ਵੀ ਕਰਦੀ ਹੈ। ਉਹਦੇ ਨਾਲ਼ ਮੇਰੀ ਚੰਗੀ ਦੋਸਤੀ ਹੈ। ਕੁਝ ਸਮਾਂ ਪਹਿਲਾਂ ਮੈਂ ਉਹਨੂੰ ਮਿਲ਼ੀ ਤਾਂ ਪਤਾ ਲੱਗਾ ਕਿ ਉਹਨੇ ਆਪਣਾ ਘਰ ਛੱਡ ਦਿੱਤਾ ਹੈ ਤੇ ਅਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਹੈ। ਉਹ ਪਹਿਲਾਂ ਵੀ ਘਰ ਛੱਡਣ ਦੀ ਗੱਲ ਕਰਦੀ ਸੀ ਪਰ ਉਦੋਂ ਕਾਰਨ ਸੀ ਕਿ ਉਹਦਾ ਭਰਾ ਉਹਦੇ ‘ਤੇ ਨਿਗਰਾਨੀ ਬਹੁਤ ਰੱਖਦਾ ਸੀ। ਉਹਨੂੰ ਮੈਂ ਜਦ ਵੀ ਮਿਲ਼ਣਾ ਉਹਦੇ ਅਕਸਰ ਇਹੀ ਕਿੱਸੇ ਹੁੰਦੇ ਸਨ ਕਿ ਕਿਵੇਂ ਉਹਦਾ ਭਰਾ ਉਹਨੂੰ ਅਪਣੇ ਕਾਬੂ ‘ਚ ਰੱਖਣ ਲਈ ਤਰਾਂ-ਤਰਾਂ ਦੇ ਤਰੀਕੇ ਅਪਣਾਉਂਦਾ ਹੈ। ਜੇ ਉਹ ਉਹਨੂੰ ਕਿਸੇ ਵੀ ਮੁੰਡੇ ਨਾਲ਼ ਵੇਖ ਲੈਂਦਾ ਤਾਂ ਘਰੇ ਆ ਕੇ ਇੱਜਤ ਦੇ ਵੱਡੇ-ਵੱਡੇ ਭਾਸ਼ਣ ਉਸ ਨੂੰ ਸੁਣਨੇ ਪੈਂਦੇ। ਕਦੇ ਘਰੇ ਦੇਰੀ ਨਾਲ਼ ਆਉਂਣ ਲਈ ਸਵਾਲਾਂ ਹੀ ਝੜੀ ਲਾ ਦਿੰਦਾ। ਸਵਾਲ ਘੱਟ ਹੁੰਦੇ ਸੀ ਉਹਦੇ ਸ਼ੰਕੇ ਜ਼ਿਆਦਾ। ਉਹਨੂੰ ਲੱਗਦਾ ਸੀ ਕਿ ਟਿਉਸ਼ਨ ਜਾਂ ਪੜਨਾ ਤਾਂ ਇੱਕ ਬਹਾਨਾ ਹੈ ਗੱਲਾਂ ਤਾਂ ਉੱਥੇ ਕੁੱਝ ਹੋਰ ਹੀ ਹੁੰਦੀਆ ਨੇ। ਉਹਦਾ ਫੋਨ ਰੋਜ਼ ਚੋਰੀ ਉਹ ਚੈੱਕ ਕਰਦਾ, ਗਾਲਾਂ ਕੱਢਦਾ ਜਿੱਥੋਂ ਤੱਕ ਮੈਨੂੰ ਯਾਦ ਹੈ ਇੱਕ ਵਾਰ ਭਿਅੰਕਰ ਕੁੱਟ ਮਾਰ ਵੀ ਕੀਤੀ ਗਈ ਉਸ ਨਾਲ। ਸਾਰੇ ਰਿਸ਼ਤੇਦਾਰਾਂ ‘ਚ ਉਸਨੇ ਇਹ ਖ਼ਬਰ ਅੱਗ ਵਾਂਗ ਫੈਲਾ ਦਿੱਤੀ ਕਿ ਇਹ ਚਰਿੱਤਰਹੀਣ ਹੈ ਤੇ ਸਾਰਾ ਲਾਣਾ ਉਹਨੂੰ ਸਮਝਾਉਂਦਾ ਰਹਿੰਦਾ ਤੇ ਉਹ ਅਪਣੀ ਸਫ਼ਾਈ ਹਰ ਵਾਰ ਦਿੰਦੀ ਕਿ ਅਜਿਹਾ ਕੁੱਝ ਨਹੀਂ ਹੈ। ਹੁਣ ਉਹ ਬਾਹਰ ਜਾਏਗੀ, ਪੜੇਗੀ ਜਾਂ ਜਿੱਥੇ ਕੰਮ ਕਰੇਗੀ ਤਾਂ ਮੁੰਡੇ ਤਾਂ ਮਿਲ਼ਣਗੇ ਹੀ ਤੇ ਗੱਲ ਕਰਨਾ ਕੀ ਗਲਤ ਹੈ। ਲਗਾਤਾਰ ਇਹੀ ਉਸ ਨਾਲ਼ ਵਾਪਰਦਾ ਰਿਹਾ ਘੱਟੋਂ ਘੱਟ 8 ਸਾਲ ਉਸ ਨੂੰ ਇਸੇ ਮਾਨਸਿਕ ਪੀੜਾ ‘ਚੋਂ ਨਿੱਕਲਣਾ ਪਿਆ ਕਿ ਉਹ ਇੱਕ ਚਰਿੱਤਰਹੀਣ ਕੁੜੀ ਹੈ ਇਸ ਵਾਰ ਜਦ ਮੈਂ ਗਈ ਤਾਂ ਸੁਣਨ ਨੂੰ ਮਿਲ਼ਿਆ ਕਿ ਉਹਦੀ ਮਾਤਾ ਲਗਾਤਾਰ ਉਹਨੂੰ ਘਰ ਬੁਲਾ ਰਹੀ ਸੀ ਮੈਂ ਵੀ ਸਹਿਜੇ ਹੀ ਉਹਨੂੰ ਕਹਿ ਬੈਠੀ ਕਿ ਤੁੰ ਆਪਣੀ ਮਾਤਾ ਨੂੰ ਤਾਂ ਮਿਲ ਹੀ ਆਇਆ ਕਰ ਉਹ ਤੈਨੂੰ ਯਾਦ ਕਰਦੇ ਹੋਣਗੇ। ਉਹ ਥੋੜੀ ਦੇਰ ਚੁੱਪ ਰਹੀ ਫਿਰ ਉਸ ਨੇ ਅਪਣੀ ਗੱਲ ਸ਼ੁਰੂ ਕੀਤੀ, ਉਸਨੇ ਦੱਸਿਆ ਕਿ ਉਸਦਾ ਭਰਾ ਜੋ ਉਹਨੂੰ ਮਾਨਸਿਕ ਪਰੇਸ਼ਾਨੀ ਦਿੰਦਾ ਸੀ ਹੁਣ ਉਸ ਤੋਂ ਸਹਿਣ ਨਹੀਂ ਹੁੰਦੀ । ਦੇਖ ਮੈਂ ਕਿਸੇ ਪਾਸੇ ਗਲਤ ਹੋਵਾਂ ਤਾਂ ਵੀ ਹੈ ਪਰ ਹਰ ਰੋਜ਼ ਇਹੀ ਸੁਣਨਾ ਕਿ ਮੈਂ ਚਰਿੱਤਰਹੀਣ ਹਾਂ ਬੱਸ ਹੋ ਗਈ ਹੈ। ਉੱਪਰੋਂ ਜਿਸ ਇੱਜਤ ਦੇ ਲੰਮੇਂ ਚੌੜੇ ਭਾਸ਼ਨ ਉਹ ਦਿੰਦਾ ਹੈ ਉਹ ਤਾਂ ਮੇਰੇ ਬਾਪ ਨੇ ਖੁਦ ਕਦੇ ਨਹੀਂ ਸੋਚਿਆ। ਮੇਰੇ ਨਾਲ਼ ਬਚਪਨ ਤੋਂ ਸਰੀਰਕ ਛੇੜਛਾੜ ਕਰਦਾ ਸੀ। ਮੈਨੂੰ ਉਸ ਤੋਂ ਨਫ਼ਰਤ ਹੁੰਦੀ ਹੈ। ਰੋਜ਼ ਘਰ ਜਾਕੇ ਉਹਦੀ ਸ਼ਕਲ ਵੇਖਣਾ ਮੇਰੇ ਤੋਂ ਕੁੱਝ ਸੋਚਿਆ ਨਹੀਂ ਜਾਂਦਾ ਜ਼ਿੰਦਗੀ ਖ਼ਤਮ ਹੋ ਜਾਣ ਵਾਂਗ ਲਗਦੀ ਹੈ । ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਜਾਣਾ ਚਾਹੁੰਦੀ ਹਾਂ। ਉਸਨੇ ਅੱਗੇ ਦੱਸਿਆ ਕਿ ਜਿੱਥੇ ਉਹ ਰਹਿ ਰਹੀ ਹੈ ਉੱਥੇ ਵੀ ਕੋਈ ਵਧੀਆ ਮਾਹੌਲ ਨਹੀਂ ਹੈ ਉਹਦੇ ਲਈ। ਪਰ ਕੁੱਝ ਲੋਕ ਨੇ ਜ਼ਿਹਨਾਂ ‘ਤੇ ਇੱਥੇ ਭਰੋਸਾ ਕੀਤਾ ਜਾ ਸਕਦਾ ਹੈ। ਜਦੋਂ ਉਹ ਛੋਟੀ ਸੀ ਤਾਂ ਉਹਦਾ ਇੱਕ ਰਿਸ਼ਤੇਦਾਰ ਵੀ ਉਸ ਨਾਲ਼ ਸਰੀਰਕ ਛੇੜਛਾੜ ਕਰਦਾ ਰਿਹਾ ਹੈ। ਅਜੇ ਵੀ ਡਰ ਲੱਗਦਾ ਹੈ ਕਿ ਕਿਤੇ। ਪਰ ਅਜੇ ਕੋਈ ਹੋਰ ਰਾਹ ਨਹੀਂ ਹੈ। ਮੈਂ ਹੁਣ ਅੱਗੇ ਸੋਚ ਰਹੀਂ ਹਾਂ ਕਿ ਬਾਹਰ ਹੀ ਕਮਰਾ ਲੈ ਕੇ ਕਿਤੇ ਰਹਿ ਲਵਾਂ।
ਇਹ ਹੈ ਅਪਣੇ ਸਮਾਜ ਦੀ ਹਾਲਤ ਤੁਹਾਡੇ ਮੁਤਾਬਕ ਬਾਹਰ ਸਮਾਜ ਕੁੜੀਆਂ ਲਈ ਬਹੁਤ ਬੁਰਾ ਹੈ ਜੋ ਕਿ ਹੈ ਵੀ ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਕੀ ਘਰ ਜਿਸ ਦੀ ਤੁਹਾਡਾ ਸਮਾਜ ਸਦੀਆਂ ਤੋਂ ਕੁੜੀਆਂ ਦੀ ਸੁਰੱਖਿਆ ਲਈ ਹੱਲ ਦੱਸਦਾ ਆਇਆ ਹੈ ਉਹ ਸਮਾਜ ਨਾਲ਼ੋਂ ਟੁਟਿਆ ਹੋਇਆ ਹੈ? ਨਹੀਂ ਉੱਥੇ ਵੀ ਇੱਕ ਛੋਟਾ ਸਮਾਜ ਵੱਸਦਾ ਹੈ ਜਿਸ ‘ਚ ਸਮਾਜ ਜਿਹਾ ਹੀ ਗੰਦ ਹੈ। ਇਹ ਨਹੀਂ ਹੈ ਕਿ ਇਹ ਮਹਿਜ ਇੱਕ ਘਟਨਾ ਤੋਂ ਮੈਂ ਪੂਰੇ ਸਮਾਜ ਦਾ ਅਧਾਰ ਬਣਾ ਕੇ ਪੇਸ਼ ਕੀਤਾ ਹੈ, ਨਹੀਂ, ਇਹੀ ਸਮਾਜ ਦਾ ਸੱਚ ਹੈ ਅੰਕੜਿਆਂ ਰਾਹੀ ਵੇਖਣਾ ਹੋਵੇ ਤਾਂ ਕੌਮੀ ਆਪਰਾਧ ਰਿਪੋਰਟ ਬਿਊਰੋ, 2017 ਦੀ ਰਿਪੋਰਟ ਮੁਤਾਬਕ 32.6% ਔਰਤਾਂ ਨਾਲ਼ ਅਪਰਾਧਾਂ ਦੇ ਕੇਸ ਔਰਤ ਦੇ ਪਤੀ ਜਾਂ ਰਿਸ਼ਤੇਦਾਰ ਦੁਆਰਾ ਜਬਰ ਦੇ ਹੀ ਦਰਜ ਹਨ। ਅੱਗੇ 3-14 ਸਾਲ ਦੇ ਬੱਚਿਆਂ ਨਾਲ਼ ਇਹ ਘਟਨਾਵਾਂ 2016 ਤੋਂ 2017 ਤੱਕ 82% ਵਧੀਆਂ ਹਨ ਤੇ ਜਿਸ ‘ਚ 95.5% ਉਹਨਾਂ ਦੇ ਕਿਸੇ ਜਾਣਕਾਰ ਦੁਆਰਾ ਹੀ ਬਲਾਤਕਾਰ ਹੋਇਆ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਹਨਾਂ ਸਬੰਧਿਤ ਘਟਨਾਵਾਂ ਪਰਿਵਾਰ ਤੋਂ ਬਾਹਰ ਹੀ ਨਹੀਂ ਆਉਣ ਦਿੰਦੇ। ਇਸਦਾ ਹੱਲ ਅੱਜ ਕੁੜੀਆਂ ਨੂੰ ਬਾਹਰ ਜਾਣ ਤੋਂ ਰੋਕਣਾ ਨਹੀਂ ਹੈ ਸਗੋਂ ਸਮਾਜ ‘ਚ ਫੈਲੀ ਇਸ ਗੰਦਗੀ ਨੂੰ ਸਾਫ ਕਰਨਾ ਹੈ।