ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁੱਧ ਕਾਰਵਾਈ ਨੇ ਕੇਜਰੀਵਾਲ ਦੀ ਪਾਰਟੀ ’ਚ ਆਲੋਚਨਾ ਪ੍ਰਤੀ ਅੰਦਰੂਨੀ ਅਸਹਿਣਸ਼ੀਲਤਾ ਨੂੰ ਉਜਾਗਰ ਕੀਤਾ : ਪ੍ਰੋ. ਸਰਚਾਂਦ ਸਿੰਘ ਖਿਆਲਾ।
ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਵੱਲੋਂ ਆਪਣੇ ਹੀ ਬੇਦਾਗ਼ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਨੇ ਆਲੋਚਨਾ ਪ੍ਰਤੀ ਆਪ ਦੀ ਅੰਦਰੂਨੀ ਅਸਹਿਣਸ਼ੀਲਤਾ ਨੂੰ ਉਜਾਗਰ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਹੁਣ ਇਸ ਪਾਰਟੀ ਵਿੱਚ ਆਲੋਚਨਾ ਦੇ ਲਈ ਕੋਈ ਥਾਂ ਨਹੀਂ ਰਹਿ ਗਈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇੱਕ ਇਮਾਨਦਾਰ ਵਿਧਾਇਕ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਨਾਂ ਤੇ ਪਾਰਟੀ ਤੋਂ ਕੱਢ ਦਿੱਤਾ ਗਿਆ, ਜਦਕਿ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਹੇਠ ਫੜੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦਿੱਤੀ ਗਈ। ਜੋ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਪਾਲ, ਭ੍ਰਿਸ਼ਟਾਚਾਰ ਵਿਰੋਧ ਅਤੇ ਸਰਕਾਰੀ ਜਵਾਬਦੇਹੀ ਵਰਗੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਗਈ ਹੈ, ਜਿਨ੍ਹਾਂ ਲਈ ਅੰਨ੍ਹਾ ਹਜ਼ਾਰੇ ਨੇ ਕਾਂਗਰਸ ਸਰਕਾਰਾਂ ਵਿਰੁੱਧ ਅੰਦੋਲਨ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿੱਚ, ਆਪਣੀ ਸਰਕਾਰ ਨੂੰ ਕੋਈ ਸੁਝਾਅ ਦੇਣਾ ਜਾਂ ਨੀਤੀਆਂ ਪ੍ਰਤੀ ਆਲੋਚਨਾਤਮਿਕ ਦ੍ਰਿਸ਼ਟੀਕੋਣ ਅਪਣਾ ਕੇ ਸਵਾਲ ਪੁੱਛਣਾ ਕਿਵੇਂ ਗ਼ਲਤ ਹੋ ਸਕਦਾ ਹੈ? ਆਲੋਚਕਾਂ ਨੂੰ ਸੰਤੁਸ਼ਟ ਕਰਨ ਦੀ ਥਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਪਾਰਟੀ ਵਿੱਚੋਂ ਕੱਢਣਾ ਸਾਬਤ ਕਰਦਾ ਹੈ ਕਿ ਕੇਜਰੀਵਾਲ ਦੀ ਪਾਰਟੀ ਵਿੱਚ ਕੋਈ ਲੋਕਤੰਤਰੀ ਢਾਂਚਾ ਨਹੀਂ ਬਚਿਆ ਹੈ।
ਪ੍ਰੋ. ਸਰਚਾਂਦ ਸਿੰਘ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਦਿਵਾਇਆ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲ਼ੀਬਾਰੀ ਮਾਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਵਜੋਂ ਐਸ ਆਈ ਟੀ ਦੇ ਮੈਂਬਰ ਵਜੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੁਆਰਾ ਨਿਭਾਈ ਗਈ ਭੂਮਿਕਾ ਲਈ ਸਿੱਖ ਭਾਈਚਾਰੇ ਵੱਲੋਂ ਮਿਲੇ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ, ਕੇਜਰੀਵਾਲ ਖ਼ੁਦ ਅੰਮ੍ਰਿਤਸਰ ਆਏ ਅਤੇ ਕੁੰਵਰ ਪ੍ਰਤਾਪ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ‘ਆਪ’ ਦਾ ਬ੍ਰਾਂਡ ਬਣਾਇਆ। ਵਿਧਾਇਕ ਬਣਨ ਤੋਂ ਬਾਅਦ, ਉਨ੍ਹਾਂ ਨੇ ਪੂਰੀ ਨਿਡਰਤਾ ਅਤੇ ਇਮਾਨਦਾਰੀ ਨਾਲ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਵਿਰੁੱਧ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਪਰ ਬਦਕਿਸਮਤੀ ਨਾਲ, ਦੇਰ ਬਾਅਦ ਉਨ੍ਹਾਂ ਨੂੰ ਅਹਿਸਾਸ ਮਹਿਸੂਸ ਹੋਇਆ ਕਿ ਉਹ “ਵਰਤੇ ਜਾ ਚੁੱਕੇ ਹਨ” ਸੋ ਮਾਨ ਸਰਕਾਰ ਤੋਂ ਨਿਰਾਸ਼ ਹੋਣਾ ਉਨ੍ਹਾਂ ਲਈ ਸੁਭਾਵਿਕ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ’’ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਮਰਥਨ ਕਰਦਾ ਹਾਂ ਜਿਨ੍ਹਾਂ ਨੇ ਇਹ ਜੁੱਰਤ ਕੀਤੀ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚੋਣਾਂ ਵਿੱਚ ਵਾਅਦਾ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਕੀਤੀ ਸੀ, ਪਰ ਭਗਵੰਤ ਮਾਨ ਦੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਿਲੀਭੁਗਤ ਨੇ ਦੋਸ਼ੀਆਂ ਨੂੰ ਆਜ਼ਾਦ ਅਤੇ ਨਿਡਰ ਹੋ ਕੇ ਘੁੰਮਣ ਦਾ ਮੌਕਾ ਦਿੱਤਾ ਹੈ। ਇਹ ਵੀ ਕਿ ਮੁੱਖ ਮੰਤਰੀ ਦੀ ਨਿਗਰਾਨੀ ਹੇਠ ‘ਐਸ ਆਈ ਟੀ’ ਗਵਾਹਾਂ ਨੂੰ ਮੁੱਕਰਨ ਲਈ ਮਜਬੂਰ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਦੋਸ਼ੀਆਂ ਨੇ ਸਰਕਾਰੀ ਮਸ਼ੀਨਰੀ ‘ਤੇ ਦਬਦਬਾ ਬਣਾ ਲਿਆ ਹੈ। ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਚੁੱਕਿਆ ਹੈ। ਹੁਣ ਫ਼ੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਵੇਗਾ। ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਵੀ ਬੇਅਦਬੀ ਦੇ ਮੁੱਦੇ ‘ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਵਿਧਾਇਕ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ‘ਤੇ ਸਵਾਲ ਉਠਾਉਣ ਨੂੰ ਅਧਾਰ ਬਣਾਉਣਾ ਤਾਂ ਇਕ ਬਹਾਨਾ ਸੀ, ਬੇਸ਼ੱਕ, ਮਾਨ ਸਰਕਾਰ ਅਤੇ ‘ਆਪ’ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦਰਅਸਲ, ਵਿਧਾਇਕ ਵੱਲੋਂ ਆਪ ਸਰਕਾਰ ਦੀ ਉਸ ਦੇ ਗ਼ਲਤ ਕੰਮਾਂ ਲਈ ਵਾਰ-ਵਾਰ ਆਲੋਚਨਾ ਕਰਨ ਅਤੇ ਘੇਰਨ ਤੋਂ ਬਾਅਦ ਮਾਨ ਸਰਕਾਰ ਆਪਣੇ ਆਪ ਨੂੰ ਬੁਰੀ ਤਰਾਂ ਫਸੀ ਹੋਈ ਮਹਿਸੂਸ ਕਰ ਰਹੀ ਸੀ। ਪਰ ਸਰਕਾਰ ਇਹ ਜਵਾਬ ਦੇਣ ਤੋਂ ਅਸਮਰਥ ਰਹੀ ਕਿ ਮਜੀਠੀਆ ਤੋਂ ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਸਰਕਾਰ ਨੇ ਪੁੱਛਗਿੱਛ ਕਿਉਂ ਨਹੀਂ ਕੀਤੀ, ਉਸ ਦਾ ਰਿਮਾਂਡ ਕਿਉਂ ਨਹੀਂ ਲਿਆ ਗਿਆ ਅਤੇ ਉਸ ਨੂੰ ਜ਼ਮਾਨਤ ਕਿਉਂ ਦਿੱਤੀ ਗਈ? ਕੀ ਇਹ ਸੱਚ ਨਹੀਂ ਹੈ ਕਿ ਸਰਕਾਰ ਨੇ ਵਿਜੀਲੈਂਸ ਨੂੰ ਆਪਣੇ ਫ਼ਾਇਦੇ ਲਈ ਵਰਤਿਆ ਹੈ?
ਪ੍ਰੋ. ਸਰਚਾਂਦ ਸਿੰਘ ਨੇ ਅੱਗੇ ਕਿਹਾ ਕਿ ਕੀ ਵਿਧਾਇਕ ਨੂੰ ਬਾਹਰ ਦਾ ਰਸਤਾ ਇਸ ਲਈ ਨਹੀਂ ਦਿਖਾਇਆ ਗਿਆ, ਕਿਉਂਕਿ ਉਸ ਨੇ ਨਗਰ ਨਿਗਮ ਚੋਣਾਂ ਤੋਂ ਬਾਅਦ ਜਿੱਤੇ ਕੌਂਸਲਰਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਪਰਦਾਫਾਸ਼ ਕਰਕੇ ਆਪਣੀ ਹੀ ਸਰਕਾਰ ਦੀ ਆਲੋਚਨਾ ਕੀਤੀ ਸੀ? ਇਸ ਲਈ ਕਿ ਉਨ੍ਹਾਂ ਨੇ ‘ਆਪ’ ਸੰਸਦ ਮੈਂਬਰ ਦਾ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਤਸਕਰਾਂ ਦੀ ਮਦਦ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਸਰਪ੍ਰਸਤੀ ਕਰਨ ਦਾ ਖ਼ੁਲਾਸਾ ਕੀਤਾ? ਮਜੀਠਾ ਸ਼ਰਾਬ ਮਾਮਲੇ ਵਿੱਚ ਰਾਜਨੀਤੀ-ਪੁਲਿਸ ਅਤੇ ਸ਼ਰਾਬ ਮਾਫ਼ੀਆ ਦੇ ਗੱਠਜੋੜ ਨੂੰ ਰੋਕਣ ਵਿੱਚ ਮਾਨ ਸਰਕਾਰ ਦੀ ਅਸਫਲਤਾ ‘ਤੇ ਸਵਾਲ ਉਠਾਏ ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਸੀ? ਭਗਵੰਤ ਮਾਨ ਵਿਰੁੱਧ ਕੇਸ ਦਰਜ ਕਰਨ ਅਤੇ ਉਸ ਦੇ ਅਸਤੀਫ਼ੇ ਦੀ ਮੰਗ ਇਸ ਆਧਾਰ ‘ਤੇ ਕੀਤੀ ਕਿ ਉਸ ਨੇ 2020 ਦੇ ਜ਼ਹਿਰੀਲੇ ਸ਼ਰਾਬ ਮਾਮਲੇ ਲਈ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾ ਕੇ ਉਸ ਦਾ ਅਸਤੀਫ਼ਾ ਮੰਗਿਆ ਸੀ?
ਕੀ ਵਿਧਾਇਕ ਵਿਰੁੱਧ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਉਸ ਨੇ ਮਾਨ ਸਰਕਾਰ ਦੇ ਸਕੂਲ ਆਫ਼ ਐਮੀਨੈਂਸ ਸਥਾਪਤ ਕਰਨ ਅਤੇ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵਿਆਂ ਦੀ ਖਿੱਲੀ ਉਡਾਈ ਸੀ ਅਤੇ ਕਿਹਾ ਸੀ, “ਮੈਨੂੰ ਦਿਖਾਓ ਕਿ ਸਕੂਲ ਆਫ਼ ਐਮੀਨੈਂਸ ਦੇ ਨਵੇਂ ਸਕੂਲ ਕਿੱਥੇ ਬਣਾਏ ਗਏ ਹਨ?” ਕਿਉਂਕਿ ਇਹ ਪਹਿਲਾਂ ਹੀ ਚੰਗੀ ਤਰ੍ਹਾਂ ਚਲਾਏ ਜਾ ਰਹੇ ਸਕੂਲ ਹਨ ਜਿਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਹਨ। ਅੰਤ ਵਿੱਚ, ਸਰਚਾਂਦ ਸਿੰਘ ਨੇ ਕਿਹਾ ਕਿ ਲੋਕ ਕੇਜਰੀਵਾਲ ਅਤੇ ‘ਆਪ’ ਦੇ ਦੋਹਰੇ ਮਾਪਦੰਡਾਂ ਅਤੇ ਤਾਨਾਸ਼ਾਹੀ ਦਾ ਜਵਾਬ ਦੇਣਗੇ। ਭਾਜਪਾ ਲੋਕਤੰਤਰ ਦੀਆਂ ਕਦਰਾਂ-ਕੀਮਤਾਂ, ਇਮਾਨਦਾਰ ਅਤੇ ਨਿਡਰ ਆਵਾਜ਼ਾਂ ਦਾ ਸਤਿਕਾਰ ਕਰਦੀ ਹੈ।