Newsਟਾਪ

ਕੈਨੇਡਾ ਵਿਧਾਨ ਸਭਾ ਵਿੱਚ ‘ਸਿੱਖ ਵਿਰੋਧੀ ਨਫ਼ਰਤ’ ਖ਼ਿਲਾਫ਼ ਇਤਿਹਾਸਕ ਮਤਾ ਸਰਬਸੰਮਤੀ ਨਾਲ ਪਾਸ

ਵਿਨੀਪੈਗ : ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਖ਼ਿਲਾਫ਼ ਸਿਆਸੀ ਪੱਧਰ ’ਤੇ ਅਹਿਮ ਆਵਾਜ਼ ਉੱਠੀ ਹੈ। ਬਰੋਜ਼ ਹਲਕੇ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਵਿਧਾਇਕ ਦਿਲਜੀਤ ਪਾਲ ਬਰਾੜ ਵੱਲੋਂ ਪੇਸ਼ ਕੀਤਾ ਗਿਆ ‘ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਖੜ੍ਹੇ ਹੋਣਾ’ ਸਿਰਲੇਖ ਵਾਲਾ ਮਤਾ ਮੈਨੀਟੋਬਾ ਦੀ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਮਤੇ ਰਾਹੀਂ ਸਿੱਖ ਭਾਈਚਾਰੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਸਲਵਾਦ, ਧਾਰਮਿਕ ਵਿਤਕਰੇ ਅਤੇ ਅਸਹਿਣਸ਼ੀਲਤਾ ਦੀ ਸਖ਼ਤ ਨਿਖੇਧੀ ਕੀਤੀ ਗਈ। ਮਤਾ ਨੋਟਿਸ ਨੰਬਰ 16 ਵਜੋਂ ਪੇਸ਼ ਕੀਤਾ ਗਿਆ ਸੀ। ਇਸ ਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਮਿਲਿਆ, ਜਿਨ੍ਹਾਂ ਵਿੱਚ ਲਿਬਰਲ ਪਾਰਟੀ ਦੀ ਵਿਧਾਇਕ ਸਿੰਡੀ ਲੈਮੂਰਸ ਅਤੇ ਐੱਨ.ਡੀ.ਪੀ. ਦੇ ਵਿਧਾਇਕ ਜੇ.ਡੀ. ਦੇਵਗਨ ਵੀ ਸ਼ਾਮਲ ਸਨ।

ਮਤੇ ਵਿੱਚ ਕਿਹਾ ਗਿਆ ਕਿ ਮੈਨੀਟੋਬਾ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਵਿੱਚ ਵੱਸਦੀ ਹੈ। ਸਿੱਖ ਭਾਈਚਾਰੇ ਨੇ ਸੂਬੇ ਅਤੇ ਸਮੁੱਚੇ ਕੈਨੇਡਾ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਜਨਤਕ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਿਹਤ ਸੰਭਾਲ, ਡਾਕਟਰੀ ਵਿਗਿਆਨ, ਸਿੱਖਿਆ, ਜਨਤਕ ਸੇਵਾ, ਨਿਆਂ ਪ੍ਰਸ਼ਾਸਨ, ਰਾਜਨੀਤੀ, ਖੇਡਾਂ ਅਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਵਰਗੇ ਖੇਤਰਾਂ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਆਪਣੀ ਮਿਹਨਤ, ਅਗਵਾਈ ਅਤੇ ਪ੍ਰਾਪਤੀਆਂ ਨਾਲ ਸੂਬੇ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਮਤੇ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਨਫ਼ਰਤੀ ਗ੍ਰੈਫ਼ਿਟੀ ਅਤੇ ਡਰਾਉਣ-ਧਮਕਾਉਣ ਦੀਆਂ ਹੋਰ ਕਾਰਵਾਈਆਂ ’ਤੇ ਵੀ ਚਿੰਤਾ ਪ੍ਰਗਟਾਈ ਗਈ। ਇਸ ਵਿੱਚ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਸੰਬੰਧਿਤ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਇਹ ਵੀ ਦਰਸਾਉਂਦੀਆਂ ਹਨ ਕਿ ਨਸਲਵਾਦ, ਵਿਤਕਰਾ ਅਤੇ ਧਾਰਮਿਕ ਅਸਹਿਣਸ਼ੀਲਤਾ ਅਜੇ ਵੀ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਚੁਣੌਤੀ ਬਣੇ ਹੋਏ ਹਨ।

ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਮੌਜੂਦਾ ਸਮੇਂ ਵਿੱਚ ਮੈਨੀਟੋਬਾ ਅਤੇ ਕੈਨੇਡਾ ਦੇ ਲੋਕ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਏਕਤਾ, ਆਪਸੀ ਸਮਝ ਅਤੇ ਸਤਿਕਾਰ ਇੱਕ ਮਜ਼ਬੂਤ ਤੇ ਸਾਂਝੇ ਭਵਿੱਖ ਦੀ ਉਸਾਰੀ ਲਈ ਬੇਹੱਦ ਜ਼ਰੂਰੀ ਹਨ। ਵਿਧਾਨ ਸਭਾ ਨੇ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਮੈਨੀਟੋਬਾ ਦੇ ਲੋਕ ਨਫ਼ਰਤ ਵਿਰੁੱਧ ਇੱਕਜੁੱਟ ਹੋ ਕੇ ਖੜ੍ਹੇ ਹਨ ਅਤੇ ਅਜਿਹਾ ਸਮਾਜ ਸਿਰਜਣ ਲਈ ਯਤਨਸ਼ੀਲ ਹਨ, ਜਿੱਥੇ ਹਰ ਵਿਅਕਤੀ ਨੂੰ ਸਤਿਕਾਰ, ਬਰਾਬਰੀ ਅਤੇ ਅਪਣੱਤ ਮਿਲੇ।

ਵਿੰਨੀਪੈੱਗ ਵਿੱਚ ਨਗਰ ਕੀਰਤਨ ਦੇ ਸਮਾਗਮ ਤੋਂ ਪਹਿਲਾਂ ਸਿੱਖ ਵਿਰੋਧੀ ਗ੍ਰੈਫ਼ਿਟੀ ਅਤੇ ਨਫ਼ਰਤੀ ਘਟਨਾਵਾਂ ਸਾਹਮਣੇ ਆਉਣ ਦੇ ਮੱਦੇਨਜ਼ਰ ਇਸ ਮਤੇ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਸ ਮੌਕੇ ਵਿਧਾਨ ਸਭਾ ਦੀ ਗੈਲਰੀ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲਗਭਗ 75 ਲੋਕ ਮੌਜੂਦ ਸਨ, ਜਿਨ੍ਹਾਂ ਨੇ ਇਸ ਇਤਿਹਾਸਕ ਕਾਰਵਾਈ ਨੂੰ ਦੇਖਿਆ। ਉਨ੍ਹਾਂ ਦੀ ਹਾਜ਼ਰੀ ਨੇ ਇਸ ਮੁੱਦੇ ਪ੍ਰਤੀ ਭਾਈਚਾਰਕ ਦਿਲਚਸਪੀ ਅਤੇ ਇੱਕਜੁੱਟਤਾ ਨੂੰ ਉਜਾਗਰ ਕੀਤਾ। ਭਾਵੇਂ ਮੈਨੀਟੋਬਾ ਵਿੱਚ ਸਿੱਖ ਆਬਾਦੀ ਅਨੁਪਾਤਕ ਤੌਰ ’ਤੇ ਘੱਟ ਹੈ, ਪਰ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ, ਸੇਵਾ ਅਤੇ ਅਗਵਾਈ ਰਾਹੀਂ ਸੂਬੇ ਦੇ ਸਮਾਜਿਕ ਜੀਵਨ ਵਿੱਚ ਅਹਿਮ ਸਥਾਨ ਬਣਾਇਆ ਹੈ।

ਵਿਧਾਇਕ ਦਿਲਜੀਤ ਪਾਲ ਬਰਾੜ ਦੀ ਇਹ ਪਹਿਲਕਦਮੀ ਸਿੱਖ ਵਿਰਸੇ ਅਤੇ ਪਛਾਣ ਨੂੰ ਮਾਨਤਾ ਦਿਵਾਉਣ ਲਈ ਕੀਤੇ ਗਏ ਉਨ੍ਹਾਂ ਦੇ ਪਿਛਲੇ ਯਤਨਾਂ ਦੀ ਲੜੀ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਬਿੱਲ 227, ‘ਦਿ ਟਰਬਨ ਡੇ ਐਕਟ’ ਵਿੱਚ ਸ਼ਾਹੀ ਪ੍ਰਵਾਨਗੀ ਹਾਸਲ ਕਰ ਚੁੱਕਾ ਹੈ। ਇਸ ਕਾਨੂੰਨ ਤਹਿਤ ਹਰ ਸਾਲ 13 ਅਪਰੈਲ ਨੂੰ ਮੈਨੀਟੋਬਾ ਵਿੱਚ ‘ਦਸਤਾਰ ਦਿਵਸ’ ਵਜੋਂ ਮਾਨਤਾ ਦਿੱਤੀ ਗਈ ਹੈ।

ਅਸਲ ਚੁਣੌਤੀ ਇਹ ਹੈ ਕਿ ਸਰਕਾਰਾਂ ਵੱਖ-ਵੱਖ ਭਾਈਚਾਰਿਆਂ ਦੀਆਂ ਤਰਜੀਹਾਂ ਅਤੇ ਆਮ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਵਿਚਕਾਰ ਸੰਤੁਲਨ ਕਿਵੇਂ ਕਾਇਮ ਕਰਦੀਆਂ ਹਨ। ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਨੀਂਹ ਤਾਂ ਹੀ ਮਜ਼ਬੂਤ ਹੋ ਸਕਦੀ ਹੈ, ਜਦੋਂ ਹਰ ਨਾਗਰਿਕ ਨੂੰ ਕਾਨੂੰਨ ਅਧੀਨ ਬਰਾਬਰ ਸੁਰੱਖਿਆ, ਬਰਾਬਰ ਅਧਿਕਾਰ ਅਤੇ ਸਤਿਕਾਰ ਮਿਲੇ।

Leave a Reply

Your email address will not be published. Required fields are marked *