ਖ਼ਾਲਸਾ-ਏਡ ਵੱਲੋਂ ਹਰ ਸਾਲ ਸਨੋਡਨ ਪਰਬਤ ‘ਤੇ ਚੜਨ ਦਾ ਪ੍ਰੋਗਰਾਮ-ਜਸਵੰਤ ਸਿੰਘ ਚਾਹਲ
ਵੇਲਜ਼ ਯੂ ਕੇ-ਖ਼ਾਲਸਾ-ਏਡ ਵੱਲੋਂ ਹਰ ਸਾਲ ਸਨੋਡਨ ਪਰਬਤ ‘ਤੇ ਚੜਨ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਜੋ ਵੇਲਜ਼ ਯੂ ਕੇ ਵਿੱਚ ਹੈ ਅਤੇ 3560 ਫੁੱਟ ਉੱਚਾ ਹੈ ਦਾਸ ਨੇ ਵੀ 74 ਸਾਲ ਦੀ ਉਮਰੇ ਆਪਣੀ ਲੜਕੀ ਨਾਲ,ਇਸ ‘ਤੇ ਚੜਨ ਦਾ ਮਨ ਬਣਾਇਆ ਸੀ ਜਿਸ ਦਾ ਵੇਰਵਾ ਇਸ ਪ੍ਰਕਾਰ ਹੈ॥
ਅੱਠ ਜੁਲਾਈ ਵੀਹ ਸੌ ਤੇਈ ਸ਼ਨੀਵਾਰ ਦਾ ਦਿਨ ਸੀ ਆਇਆ
ਖ਼ਾਲਸਾ-ਏਡ,ਗਿਆਰਵੀਂ ਈਵਿੰਟ,ਸਨੋਡਨ ਚੜਨ ਦਾ ਮਨ ਬਣਾਇਆ
ਤੜਕੇ ਉੱਠ ਇਸ਼ਨਾਨਾ ਸੋਧ ਕੇ ਵਾਹਿਗੁਰੂ ਦਾ ਧਿਆਨ ਲਗਾਇਆ
ਨਾਮ ਜਪਣ ਤੋਂ ਹੋਕੇ ਵਿਹਲਾ ਰਸੋਈ ਦੇ ਵਿੱਚ ਜਦ ਮੈਂ ਆਇਆ
ਆਲੂਆਂ ਵਾਲੇ ਗਰਮ ਪਰੌਂਠੇ,ਥਾਲ਼ ਮੇਰੇ ਅੱਗੇ ਟਿਕਾਇਆ
ਦੋ ਪਰੌਠੇ ਰਾਹ ਲਈ ਬੰਨ ‘ਤੇ ਹਰੀ ਚਾਹ ਦਾ ਕੱਪ ਪਿਲਾਇਆ
ਰੌਕ-ਸੈਕ ਦੀ ਕਰ ਤਿਆਰੀ ਪਿੱਠ ਮੇਰੀ ਦੇ ਉੱਤੇ ਟਿਕਾਇਆ
‘ਮਿਸਟਰ ਸਿੰਘ’ਕੋਲ ਕੋਚ ਖੜੀ ਸੀ ਪੰਜ ਵਜੇ ਦਾ ਟਾਈਮ ਮਿਲਾਇਆ
ਸਵਾ ਪੰਜ ਵਜੇ ਕੋਚ ਸੀ ਤੁਰ ਪਈ ਬੋਲੇ-ਸੋ ਦਾ ਨਾਹਰਾ ਲਾਇਆ
ਪੰਜਾਂ ਬਾਣੀਆਂ ਦਾ ਪਾਠ ਸੀ ਰਹਿੰਦਾ ਕੋਚ ਵਿੱਚ ਉਹ ਪੂਰਾ ਕਰਾਇਆ
ਅੱਧਾ ਕੁ ਘੰਟਾ ਰਾਹ ਵਿੱਚ ਖੜਕੇ ਪੌਣੇ ਨੌਂ ਸਾਨੂੰ ਵੇਲਜ਼ ਪਹੁੰਚਾਇਆ
ਪੰਜਾਂ ਕੁ ਮਿੰਟਾਂ ਦਾ ਰਸਤਾ ਤੁਰਕੇ ਖ਼ਾਲਸਾ ਏਡ ਦਾ ਬੇਸ ਸੀ ਆਇਆ
ਸਟਾਰਟ ਲਾਈਨ ‘ਤੇ ਖਿੱਚ ਕੇ ਫੋਟੋ ਅਗਲੇ ਸਫ਼ਰ ਨੂੰ ਚਾਲਾ ਪਾਇਆ
ਹਾਈਕਿੰਗ ਸਟਿੱਕਾਂ ਬੈਗ ‘ਚੋਂ ਕੱਢਕੇ ਹੱਥਾਂ ਨੂੰ ਵੀ ਕਾਰੇ ਲਾਇਆ
ਧੂਹ-ਧੂਹ ਪਿੱਛੇ ਸੁੱਟਿਆ ਪੈਂਡਾ ਅੱਧ ਦਾ ਫਿਰ ਖੋਖਾ ਆਇਆ
ਉੱਚੇ ਪੱਥਰ ਦੇ ਉੱਤੇ ਬਹਿਕੇ ਲੰਚ ਕਰਨ ਦਾ ਮਨ ਬਣਾਇਆ
ਇੱਕ ਪਰਾਉਠਾ ਓਥੇ ਖਾਧਾ ਤੇ ਹਰੀ ਚਾਹ ਦਾ ਕੱਪ ਮੁਕਾਇਆ
ਮੈਂ ਤੇ ਮੇਰੀ ਲੜਕੀ ਤੁਰ ਪਏ ਬਿੱਖੜਾ ਪੈਂਡਾ ਫਿਰ ਅੱਗੇ ਆਇਆ
ਪੱਥਰਾਂ ਦੇ ਖੂੰਗੇ ਉੱਚੇ ਨੀਵੇਂ ਪੈਰ ਧਰਨ ਦਾ ਨਾਂ ਥਾਂ ਦਿਸਾਇਆ
ਬਾਂਸ ਦੀ ਪਉੜੀ ਵਰਗਾ ਉੱਪਰ ਨੂੰ ਪੱਥਰਾਂ ਭਰਿਆ ਰਸਤਾ ਆਇਆ
ਅਉਖੀ ਘਾਟੀ ਦਾ ਬਿਖੜਾ ਪੈਂਡਾ ਹੌਲ਼ੀ ਹੌਲ਼ੀ ਇਹ ਪੰਧ ਮੁਕਾਇਆ
ਕੁਝ ਬੱਦਲ ਸਾਥੋਂ ਹੇਠਾਂ ਰਹਿ ਗਏ ਹਲਕੀ ਹਵਾ ਨੇ ਅਸਰ ਦਿਖਾਇਆ
ਸੰਘਣੀ ਧੁੰਦ ਜਿਹੇ ਸੀ ਬੱਦਲ ਤਾਪਮਾਨ ਵੀ ਥੱਲੇ ਆਇਆ
ਸਿਖਰਲੀ ਚੋਟੀ ‘ਤੇ ਜਾ ਚੜ ਗਏ ਤਿੰਨ ਘੰਟੇ ਦਾ ਸਮਾਂ ਲਗਾਇਆ
ਅਜੀਬ ਖੁਸ਼ੀ ਦਿਲ ਵਿੱਚ ਸੀ ਹੋਈ ਫਿਰ ਹੇਠਾਂ ਉਤਰਨ ਦਾ ਚੇਤਾ ਆਇਆ
ਜਿਉਂ ਜਿਉਂ ਚੜੇ,ਉੱਤਰੇ ਉਵੇਂ ਹੀ ਬੋਚ ਬੋਚ ਕੇ ਪੈਰ ਟਿਕਾਇਆ
ਮੋਚ ਆਉਣ ਦੇ ਬਹੁਤ ਸੀ ਮੌਕੇ ਪਰ ਗੁਰੂ ਨੇ ਬਿਖੜਾ ਦਾਉ ਲੰਘਾਇਆ
ਅੱਧ ਦੇ ਖੋਖੇ ‘ਤੇ ਫਿਰ ਆ ਗਏ ਬੇਟੀ ਨੇ ਕੌਫੀ ਦਾ ਕੱਪ ਪਿਲਾਇਆ
ਥੋੜ੍ਹਾ ਓਥੇ ਬੈਠਕੇ ਤੁਰ ਪਏ ਖੁਸ਼ੀ ਖੁਸ਼ੀ ਇਹ ਪੰਧ ਮੁਕਾਇਆ
ਜਾਣ-ਆਉਣ ਦਾ ਨੌਂ ਮੀਲ ਸਫ਼ਰ ਛੇਆਂ ਘੰਟਿਆਂ ਵਿੱਚ ਮੁਕਾਇਆ
ਫਿਨਿਸ਼-ਲਾਈਨ ‘ਤੇ ਪਹੁੰਚਣਸਾਰ ਮੇਰੇ ਗਲ਼ ਵਿੱਚ ਮੈਡਲ ਪਾਇਆ
ਇੱਕ ਪਰਾਉਠਾ ਸੀ ਬਾਕੀ ਰਹਿੰਦਾ ਚਾਹ ਦਾ ਕੱਪ ਲੈ ਉਹ ਮੁਕਾਇਆ
ਓਸੇ ਕੋਚ ਵਿੱਚ ਬਹਿਗਏ ਜਾਕੇ ਰਹਿਰਾਸ ਦਾ ਪਾਠ ਸੁਣਾਇਆ
ਫਿਰ ਨੀਂਦ ਦੇ ਝੂਟੇ ਐਸੇ ਆਏ ਪਤਾ ਹੀ ਨਹੀਂ ਲੱਗਾ ਕਦ ਘਰ ਆਇਆ