ਗਿਆਨੀ ਰਘਬੀਰ ਸਿੰਘ ਦਾ ਹਾਈ ਕੋਰਟ ਜਾਣਾ ਪੰਥਕ ਪ੍ਰੰਪਰਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਿੱਧੀ ਚੁਣੌਤੀ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਕਿਹਾ, “ਇਹ ਬਹੁਤ ਹੀ ਮੰਦਭਾਗਾ ਅਤੇ ਹੈਰਾਨੀਜਨਕ ਹੈ ਕਿ ਸਿੱਖ ਪੰਥ ਦੇ ਸਭ ਤੋਂ ਸਤਿਕਾਰਤ ਅਹੁਦਿਆਂ ‘ਤੇ ਬਿਰਾਜਮਾਨ ਰਹੀ ਸ਼ਖ਼ਸੀਅਤ ਅੱਜ ਪੰਥਕ ਮਸਲਿਆਂ ਦੇ ਹੱਲ ਲਈ ਦੁਨਿਆਵੀ ਅਦਾਲਤਾਂ ਦਾ ਦਰਵਾਜ਼ਾ ਖੜਕਾ ਰਹੀ ਹੈ। ਇਹ ਕਾਰਵਾਈ ਸਿੱਖ ਇਤਿਹਾਸ ਵਿੱਚ ਇੱਕ ਕਾਲੇ ਦਿਨ ਵਜੋਂ ਯਾਦ ਰੱਖੀ ਜਾਵੇਗੀ।
ਗਿਆਨੀ ਰਘਬੀਰ ਸਿੰਘ ਦੀ ਸਖ਼ਤ ਆਲੋਚਨਾ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਸਵਾਲ ਕੀਤਾ, “ਸਿੱਖ ਪੰਥ ਦੀਆਂ ਸਰਵਉੱਚ ਸੰਸਥਾਵਾਂ ਦੇ ਫ਼ੈਸਲੇ ਦੁਨਿਆਵੀ ਅਦਾਲਤਾਂ ਵਿੱਚ ਕਦੋਂ ਤੋਂ ਚੁਣੌਤੀ ਦਿੱਤੇ ਜਾਣ ਲੱਗੇ? ਸਿੱਖ ਸੰਸਥਾਵਾਂ ਦੇ ਫ਼ੈਸਲੇ ਕੇਵਲ ਤਾਂ ਕੇਵਲ ਸਿੱਖ ਪੰਥ ਦੀ ਅਦਾਲਤ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਹੁੰਦੇ ਹਨ। ਕੀ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਪੰਥ ਦੇ ਨਿਆਂ ਪ੍ਰਬੰਧ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ‘ਤੇ ਭਰੋਸਾ ਨਹੀਂ ਰਿਹਾ?
ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਜਿਹੜੇ ਗਿਆਨੀ ਰਘਬੀਰ ਸਿੰਘ ਕੱਲ੍ਹ ਤੱਕ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਪੰਥਕ ਰਵਾਇਤਾਂ ਦੇ ਰਖਵਾਲੇ ਸਨ, ਅੱਜ ਉਹ ਖ਼ੁਦ ਹੀ ਨਿੱਜੀ ਸਵਾਰਥਾਂ ਲਈ ਉਨ੍ਹਾਂ ਰਵਾਇਤਾਂ ਦਾ ਗਲਾ ਘੁੱਟ ਰਹੇ ਹਨ। ਉਨ੍ਹਾਂ ਦਾ ਇਹ ਦਾਅਵਾ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਹਟਾਇਆ ਗਿਆ, ਪੂਰੀ ਤਰ੍ਹਾਂ ਬੇਬੁਨਿਆਦ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਵੱਲੋਂ ਦੁਨਿਆਵੀ ਅਦਾਲਤ ਵਿੱਚ ਜਾਣਾ ਖੁਦ ਇੱਕ ਅਜਿਹਾ ਕਦਮ ਹੈ ਜੋ ਪੰਥ ਨੂੰ ਕਮਜ਼ੋਰ ਕਰਦਾ ਹੈ ਅਤੇ ਪੰਥ-ਵਿਰੋਧੀ ਤਾਕਤਾਂ ਨੂੰ ਸਿੱਖ ਮਾਮਲਿਆਂ ਵਿੱਚ ਦਖਲ ਦੇਣ ਦਾ ਮੌਕਾ ਦਿੰਦਾ ਹੈ।
ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਇੱਕ ਚੁਣੀ ਹੋਈ ਪੰਥਕ ਸੰਸਥਾ ਹੈ ਅਤੇ ਇਸਨੂੰ ਆਪਣੇ ਪ੍ਰਬੰਧਕੀ ਫ਼ੈਸਲੇ ਲੈਣ ਦਾ ਪੂਰਾ ਅਧਿਕਾਰ ਹੈ। ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਸ ਲਈ ਪੰਥਕ ਦਾਇਰੇ ਵਿੱਚ ਹੀ ਮੰਚ ਮੌਜੂਦ ਹਨ। ਹਾਈ ਕੋਰਟ ਦਾ ਰੁਖ਼ ਕਰਨਾ ਇਹ ਦਰਸਾਉਂਦਾ ਹੈ ਕਿ ਮਕਸਦ ਪੰਥਕ ਹਿੱਤਾਂ ਦੀ ਰਾਖੀ ਕਰਨਾ ਨਹੀਂ, ਬਲਕਿ ਅਹੁਦੇ ਨਾਲ ਚਿੰਬੜੇ ਰਹਿਣ ਅਤੇ ਪੰਥਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕਾਰਵਾਈਆਂ ਦੀ ਪਛਾਣ ਕਰਨ ਜੋ ਪੰਥ ਦੀ ਏਕਤਾ ਅਤੇ ਸਿਧਾਂਤਾਂ ਨੂੰ ਢਾਹ ਲਾਉਂਦੀਆਂ ਹਨ। ਸ੍ਰ. ਬ੍ਰਹਮਪੁਰਾ ਨੇ ਗਿਆਨੀ ਰਘਬੀਰ ਸਿੰਘ ਨੂੰ ਤੁਰੰਤ ਆਪਣੀ ਪਟੀਸ਼ਨ ਵਾਪਸ ਲੈਣ ਅਤੇ ਪੰਥਕ ਪ੍ਰੰਪਰਾਵਾਂ ਅੱਗੇ ਸਿਰ ਝੁਕਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਸਰਵਉੱਚਤਾ ਨੂੰ ਬਹਾਲ ਰੱਖਣ ਦੀ ਸਲਾਹ ਦਿੱਤੀ।