ਗੁਰਬਾਣੀ ਦੇ ਸ਼ਬਦ ਵਿਚ ਓਤਪੋਤ: ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ- ਮਾਸਟਰ ਜਸਵਿੰਦਰ ਸਿੰਘ ਜਿਉਣਪੁਰਾ ਤਹਿ ਪਾਤੜਾਂ

“ਆਪ ਜਪੋ ਅਵਰਾਹ ਨਾਮ ਜਪਾਵੋ।।
ਭਾਵ ਕਿ ਆਪਣੇ ਨਾਲ ਨਹੀਂ ਜੋੜਨਾ।ਗੁਰਬਾਣੀ ਨਾਲ ਜੋੜਨਾ।ਅਕਾਲ ਪੁਰਖ ਦਾ ਨਾਮ ਆਪ ਵੀ ਜਪਣਾ ਹੈ ਤੇ ਹੋਰਾਂ ਨੂੰ ਵੀ ਜਪਾਉਣਾ ਹੈ।ਐਸੇ ਜੀਵਨ ਨੂੰ ਗੁਰਬਾਣੀ ਵਿੱਚ ਵਡਿਆਇਆ ਗਿਆ।ਐਸੇ ਸਾਧੂ ਮਹਾਤਮਾ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੇ ਹਨ।ਗੁਰਬਾਣੀ ਵਿੱਚ ਓਤਪੋਤ ਹੋ ਜਾਂਦੇ ਹਨ।ਗੁਰਬਾਣੀ ਅਨੁਸਾਰ ਇਸ ਧਰਤੀ ਤੇ 84 ਲੱਖ ਜੂਨਾਂ ਜਨਮ ਲੈ ਕੇ ਆਉਂਦੀਆਂ ਉਹਨਾਂ ਦੀ ਆਪੋ ਆਪਣੀ ਮਹਾਨਤਾ ਹੈ,ਪਰ ਮਨੁੱਖਾ ਜੀਵਨ ਦੀ ਸਭ ਤੋਂ ਵੱਧ ਮਹਾਨਤਾ ਹੈ।ਜਿਸ ਨੂੰ ਕਿ ਭਾਈ ਸਾਹਿਬ
ਗੁਰਦਾਸ ਜੀ ਨੇ ਵੀ ਇਦਾਂ ਕਿਹਾ ਹੈ:-
ਚਉਰਾਸੀਹ ਲਖ ਜੋਨਿ ਵਿਚਿ ਉਤਮੁ ਜਨਮੁ ਸੁ ਮਾਣਸਿ ਦੇਹੀ॥
ਗੁਰੂ ਸਾਹਿਬ ਨੇ ਵੀ ਕਿਹਾ:-
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ।।
ਮਨੁੱਖ ਨੂੰ ਇਸ ਧਰਤੀ ਦਾ ਸਰਦਾਰ ਕਰਕੇ ਜਾਣਿਆ ਜਾਂਦਾ ਹੈ। ਪਰ ਮਨੁੱਖ ਤਾਂ ਹੀ ਸਰਦਾਰ ਹੈ,ਜੇ ਉਹ ਇਸ ਮਾਤ ਲੋਕ ਵਿੱਚ ਆ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ,ਆਪਣੇ ਜੀਵਨ ਨੂੰ ਸਫਲ ਬਣਾ ਕੇ ਜਾਵੇ । ਬਹੁਤ ਲੋਕ ਇਸ ਧਰਤੀ ਦੇ ਆਉਂਦੇ ਹਨ, ਆਪਣੇ ਜੀਵਨ ਨੂੰ ਅਜਾਈ ਗਵਾ ਕੇ ਚਲੇ ਜਾਂਦੇ ਹਨ,ਪਰ ਕੁਝ ਰੂਹਾਂ ਐਸੀਆਂ ਵੀ ਆਉਂਦੀਆਂ ਨੇ,ਜੋ ਆਪਣੇ ਜੀਵਨ ਨੂੰ ਨਿਰੋਲ ਗੁਰਬਾਣੀ ਆਸ਼ੇ ਅਨੁਸਾਰ ਜਿਉਂ ਕੇ ਆਪਣਾ ਜੀਵਨ ਤਾਂ ਸਫਲ ਕਰਦੀਆਂ ਹੀ ਹਨ,ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਭਵਸਾਗਰ ਤੋਂ ਪਾਰ ਕਰਨ ਦੀ ਸਮਰੱਥਾ ਰੱਖਦੀਆਂ ਹਨ ਭਾਵ ਕਿ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਇਸ ਸੰਸਾਰ ਵਿੱਚ ਵਿਚਰਦੀਆਂ ਨੇ ਤੇ ਜਗਤ ਜਲੰਦੇ ਨੂੰ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੰਦੀਆਂ ਹਨ ਗੁਰੂ ਸਾਹਿਬ ਜੀ ਨੇ ਐਸੇ ਮਹਾਂਪੁਰਖਾਂ ਨੂੰ ਜਾਂ ਐਸੀਆਂ ਰੂਹਾਂ ਨੂੰ ਗੁਰਬਾਣੀ ਵਿੱਚ ਬਹੁਤ ਸਤਿਕਾਰ ਦਿੱਤਾ,ਮਹਾਰਾਜ ਕਹਿੰਦੇ ਹਨ :-
ਜਿਨਾ ਸਾਸਿ ਗਿਰਾਸਿ ਨ ਵੀਸਰੈ ਹਰਿ ਨਾਮਾ ਮਨਿ ਮੰਤੁ ॥
ਧੰਨੁ ਸੇ ਸੇਈ ਨਾਨਕਾ ਪੂਰਨੁ ਸੋਈ ਸੰਤੁ॥
ਜਿਨਾਂ ਵਿੱਚੋਂ ਇੱਕ ਹਨ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ
ਆਪ ਜੀ ਦਾ ਜਨਮ ਮਾਰਚ 1866 ਈ ਨੂੰ ਬਾਬਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਜੀ ਦੇ ਗ੍ਰਹਿ ਵਿਖੇ ਰਿਆਸਤ ਪਟਿਆਲਾ ਦੇ ਪ੍ਰਸਿੱਧ ਨਗਰ ਚੀਮਾ ਜਿਲ੍ਹਾ ਸੰਗਰੂਰ ਪੰਜਾਬ ਵਿਖੇ ਹੋਇਆ ।ਪੂਜਨੀਕ ਮਾਤਾ ਭੋਲੀ ਜੀ ਵੀ ਅਤੇ ਬਾਬਾ ਕਰਮ ਸਿੰਘ ਕਿਰਸਾਣੀ ਦਾ ਕੰਮ ਸੱਚੀ ਸੁੱਚੀ ਕਿਰਤ ਕਰਨ ਵਾਲੇ ਸਾਧੂ ਸੁਭਾ ਦੇ ਗੁਰਸਿੱਖ ਸਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਜਨਮ ਸਮੇਂ ਤੋਂ ਹੀ ਅਲੌਕਿਕ ਗੁਣਾਂ ਦੇ ਮਾਲਕ ਅਤੇ ਸਾਧੂ ਸੁਭਾਅ ਵਾਲੇ ਸਨ। ਜਨਮ ਸਮੇਂ ਹਾਜ਼ਰ ਪੈਂਦਾ ਦਾਈ ਦਾ ਕਹਿਣਾ ਸੀ,ਕਿ ਅਜਿਹਾ ਬਾਲਕ ਮੈਂ ਪਹਿਲਾਂ ਕਦੇ ਨਹੀਂ ਦੇਖਿਆ ।ਸੰਤ ਜੀ ਮਹਾਰਾਜ ਸਧਾਰਨ ਬਾਲਗਾਂ ਵਾਂਗ ਰੋਂਦੇ ਨਹੀਂ ਸਨ।
ਜਦੋਂ ਸੰਤ ਜੀ ਮਹਾਰਾਜ ਪੰਜ ਕੁ ਸਾਲਾਂ ਦੇ ਹੋਏ, ਤਾਂ ਪਿਤਾ
ਜੀ ਦੇ ਨਾਲ ਹੀ ਡੇਰੇ ਜਾਣ ਲੱਗ ਪਏ।ਇਥੋਂ ਇੱਕ ਦਿਨ ਕਥਾ ਵਿੱਚ ਗੁਰੂ ਨਾਨਕ ਦੇਵ ਅਤੇ ਕਲਯੁਗ ਦੀ ਸਾਖੀ ਸੁਣੀ ਤਾਂ ਮਨ ਵਿੱਚ ਫੁਰਨਾ ਹੋਇਆ,ਕਿ ਇਸ ਸਾਖੀ ਦੀ ਘਟਨਾ ਸਥਾਨ ਨਾਨਕੀਆਣਾ ਸਾਹਿਬ ਨੂੰ
ਦੇਖਣ ਨੂੰ ਜਾਈਏ । ਆਪ ਜੀ ਥੋੜਾ ਹੋਰ ਵੱਡੇ ਹੋਏ, ਤਾਂ ਸੰਗੀ ਸਾਥੀ ਨਾਲ ਡੰਗਰ ਚਾਰਨ ਲੱਗ ਪਏ ਦੁਪਹਿਰ ਸਮੇਂ ਰੁੱਖਾਂ ਦੀ ਛਾਵੇਂ ਡੰਗਰ ਬਿਠਾ ਕੇ ਆਪ ਲੀਰਾਂ ਦੀ ਬਣਾਈ ਮਾਲਾ ਫੇਰਦੇ ਅਤੇ ਸਿਮਰਨ ਕਰਦੇ ਰਹਿੰਦੇ । ਡੰਗਰ ਚਰਨ ਵਾਲੇ ਸਾਥੀਆਂ ਨੂੰ ਵੀ ਇਕੱਠਾ ਬੈਠਾ ਕੇ ਉੱਚੀ ਸੁਰ ਵਿੱਚ ਸ਼ਬਦ ਪੜ੍ਹਦੇ ਅਤੇ ਪਿੱਛੇ ਪਿੱਛੇ ਸਭ ਨੂੰ ਬੋਲਣ ਲਈ ਆਖਦੇ ।ਥੋੜੇ ਹੋਰ ਜਵਾਨ ਹੋਏ ਤਾਂ ਪਿਤਾ ਜੀ ਨਾਲ ਕਿਰਸਾਨੀ ਦਾ ਕੰਮ ਵੀ ਕਰਾਉਣ ਲੱਗ
ਪਏ । ਸੂਬੇਦਾਰ ਦਲੇਰ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਸੀ ਉਹ ਛੁੱਟੀਆਂ ਕੱਟਣ ਪਿੰਡ ਆਇਆ ਹੋਇਆ ਸੀ, ਤਾਂ ਉਹ ਕਰਮ ਸਿੰਘ ਜੀ ਦੇ ਘਰ ਵੀ ਆਇਆ ਬਾਬਾ ਜੀ ਅਤੇ ਸੰਤ ਅਤਰ ਸਿੰਘ ਜੀ ਨਾਲ ਗੱਲਾਂ ਬਾਤਾਂ ਕਰਦਾ
ਹੈ। ਦਲੇਰ ਸਿੰਘ ਨੇ ਸਲਾਹ ਦਿੱਤੀ ਕਿ ਆਪਣੇ ਪੁੱਤਰ ਨੂੰ ਫੌਜ ਵਿੱਚ ਭਰਤੀ ਕਰਵਾ ਦਿਓ। ਉਸ ਨੇ ਸੰਤ ਜੀ ਨੂੰ ਧਰਮਕੋਟ ਜਾ ਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ ਇੱਥੇ ਆਪ ਜੀ ਨੂੰ ਤੋਪਖਾਨੇ ਵਿੱਚ ਡਿਊਟੀ ਲਾਈ ਗਈ ।ਸੰਤ ਜੀ ਨੇ ਪਲਟਣ ਦੇ ਗੁਰਦੁਆਰਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹੁਲ ਦਾ ਅੰਮ੍ਰਿਤ ਛਕਿਆ ।ਇਸ ਪਲਟਣ ਵਿੱਚ ਜੋ ਫੌਜੀ ਸਨ,ਸੰਤ ਜੀ ਨੂੰ ਸਾਧੂ ਜਾਣਦੇ ਹੋਏ ਬਹੁਤ ਆਦਰ ਸਰਕਾਰ ਦਿੰਦੇ ਸਨ। ਜਦੋਂ ਸੰਤ ਜੀ ਦੇ ਪਿਤਾ ਬਾਬਾ ਕਰਮ ਸਿੰਘ ਜੀ ਗੁਰਪੁਰੀ ਸਿਧਾਰ ਗਏ,ਤਾਂ ਮਾਤਾ ਭੋਲੀ ਜੀ ਨੇ ਸੰਤ ਜੀ ਨੂੰ ਚਿੱਠੀ ਭੇਜੀ,ਕਿ ਫੌਜ ਵਿੱਚੋਂ ਨਾ ਕਟਵਾ ਕੇ ਘਰ ਆ ਜਾਓ ਖੇਤੀ ਦਾ ਕੰਮ ਸੰਭਾਲ ਲਓ। ਬਾਬਾ ਜੀ ਚਿੱਠੀ ਮਿਲਦੇ ਸਾਰੇ ਹੀ ਫੌਜ ਚੋਂ
ਨਾ ਕਟਵਾ ਕੇ ਘਰ ਆ ਗਏ। ਆਪ ਜੀ ਖੇਤੀ ਦੇ ਨਾਲ ਨਾਲ ਗੁਰਬਾਣੀ ਦਾ ਅਭਿਆਸ ਬਹੁਤ ਜਿਆਦਾ ਕਰਦੇ ਸਨ ।ਉਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਿਆ ਨਾਲ ਹੀ ਕੀਰਤਨ ਦੀ ਸੰਥਿਆ ਵੀ ਸ਼ੁਰੂ ਕਰ ਦਿੱਤੀ। ਗੱਲ ਕੀ ਸੰਤ ਬਾਬਾ ਅਤਰ ਸਿੰਘ ਜੀ ਕੁਝ ਹੀ ਸਮੇਂ ਵਿੱਚ ਮਾਲਵੇ ਇਲਾਕੇ ਦੇ ਬਹੁਤ ਹੀ ਮੁਖੀ ਮਹਾਂਪੁਰਸ਼ਾਂ ਵੱਜੋਂ ਜਾਣੇ ਜਾਣ ਲੱਗੇ । ਉਨਾ ਆਪਣੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਦੀ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ। ਮਸਤੂਆਣਾ ਸਾਹਿਬ ਅਸਥਾਨ ਦੀ ਸਥਾਪਨਾ ਕਰਕੇ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੇ ਨਾਲ ਨਾਲ ਸੰਸਾਰੀ ਵਿੱਦਿਆ ਦਾ ਵੀ ਗਿਆਨ ਦੇਣਾ ਸ਼ੁਰੂ ਕੀਤਾ। ਉਹਨਾਂ ਨੇ ਬਹੁਤ ਸਾਰੇ ਸਕੂਲ ,ਅਕਾਲ ਡਿਗਰੀ ਕਾਲਜ ਖੋਲੇ ਲੋਕਾਂ ਵਿੱਚ ਸਮਾਜਿਕ ਪੜ੍ਹਾਈ ਦਾ ਵੀ ਵੱਧ ਤੋਂ ਵੱਧ ਗਿਆਨ ਹੋਣਾ ਜਰੂਰੀ ਦੱਸਿਆ ਹੈ ਉਹਨਾਂ ਨੇ ਬਹੁਤ ਸਾਰੇ ਦਵਾਖਾਨਾ ਵੀ ਖੋਲ੍ਹੇ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਉਪਦੇਸ਼ ਵੀ ਦਿੱਤਾ ਹੈ। ਸੰਤ ਬਾਬਾ ਅਤਰ ਸਿੰਘ ਜੀ ਦੀ ਮਾਲਵੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਸੰਤ ਜੀ ਮਹਾਰਾਜ ਨੇ ਲੱਖਾਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਉਨਾਂ ਤੇ ਮਾਰਗ ਤੇ ਚੱਲਣ ਦੇ ਰਾਹ ਦੱਸੇ। ਇੱਥੇ ਮਹਾਰਾਜ ਜੀ ਦਾ ਸੰਖੇਪ ਜੀਵਨ ਦੱਸਿਆ ਗਿਆ ਹੈ। ਸੋ ਐਸੇ ਮਹਾਤਮਾ ਵਿਰਲੇ ਹੀ ਹਨ ।ਐਸੇ ਮਹਾਤਮਾ ਦੀ ਮਿਸਾਲ ਮਾਲਵੇ ਦੀ ਧਰਤੀ ਤੇ ਮਸਤੂਆਣਾ ਸਾਹਿਬ ਵਿਖੇ ਦੇਖਣ ਨੂੰ ਮਿਲਦੀ ਹੈ,ਕਿਉਂਕਿ ਬਿਲਕੁਲ ਆਪਣੇ ਜੀਵਨ ਨੂੰ ਨਿਰੋਲ ਗੁਰਬਾਣੀ ਅਨੁਸਾਰ ਜਿਉਂਕੇ ਗਏ ਅਤੇ ਸਮੁੱਚੀ ਲੁਕਾਈ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦੇ ਕੇ ਗਏ ਹਨ।
