ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਹਜ਼ਾਰਾ ਵਿੱਚ ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ
ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਹਜ਼ਾਰਾ ਜੋ ਕਿ ਗੁਰੂ ਤੇਗ ਬਹਾਦੁਰ ਐਜੂਕੇਸ਼ਨਲ ਟਰਸਟ ਵਲੋਂ ਚਲਾਇਆ ਜਾ ਰਿਹਾ ਹੈ ਵਿੱਚ ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਵਸ ਸਮੂਹ ਸਟਾਫ਼ ਅਤੇ ਬੱਚਿਆਂ ਦੁਆਰਾ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉੱਤੇ ਬੱਚਿਆਂ ਨੇ ਮਾਂ ਬੋਲੀ ਪੰਜਾਬੀ ਦੇ ਮਹੱਤਵ ਉੱਤੇ ਲੈਕਚਰ ਦਿੱਤੇ ,ਕਵਿਤਾਵਾਂ ਗਾਇਨ ਕੀਤੀਆਂ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਗਿੱਧੇ ਦੀਆਂ ਬੋਲੀਆਂ ਜਿਵੇਂ :
“ਪੰਜਾਬੀ ਜਿੰਨੀ ਮਿੱਠੀ ਬੋਲੀ ,ਹੋਰ ਕੋਈ ਨਾਂ ਡਿਠੀ ਮੈਂ ਤਾਂ ਇਸਦਾ ਮਾਣ ਵਧਾਵਾ ,ਰੋਜ਼ ਸਕੂਲੇ ਜਾਵੇ ” ਅਤੇ “ਆਪਣੀ ਮਾਂ ਬੋਲੀ ਦੀ ਮਹਿਕ ਵਧਾਵਾ ” ਬੋਲੀਆਂ ਪਾਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਦਿੱਤਾ।
ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮੀਤਾਲ ਕੌਰ ਨੇ ਬੱਚਿਆਂ ਨੂੰ ਮਾਂ ਬੋਲੀ ਦੀ ਅਹਿਮੀਅਤ ਅਤੇ ਅੱਜ ਸਮੇਂ ਦੀ ਜਰੁਰਤ ਦਸਦੇ ਹੋਏ ਕਿਹਾ ਕਿ ਬੱਚਿਆਂ ਨੂੰ ਘਰ ਅਤੇ ਸਕੂਲ ਵਿਚ ਪੰਜਾਬੀ ਬੋਲਣ ਉਤੇ ਜ਼ੋਰ ਦੇਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਮਾਣ ਦੇਸ਼ ਵਿਦੇਸ਼ਾਂ ਵਿੱਚ ਵੀ ਕੀਤਾ ਜਾਂਦਾ ਹੈ ਤਾਂ ਅਸੀਂ ਕਿਊ ਨਾ ਆਪਣੀ ਮਾਂ ਬੋਲੀ ਪੰਜਾਬੀ ਜੋ ਸਾਨੂੰ ਵਿਰਸੇ ਵਿੱਚ ਮਿਲੀ ਹੈ ਉਸਦੇ ਮਹੱਤਵ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਈਏ ।
ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਨੇ ਕਿਹਾ ਕਿ “ ਮਾਂ ਬੋਲੀ ਪੰਜਾਬੀ ਨੂੰ ਭੁਲ ਜਾਉਂਗੇ ਤਾਂ ਕੱਖਾਂ ਵਾਂਗ ਰੁਲ ਜਾਉਂਗੇ ” ਪੰਜਾਬੀ ਮਾਂ ਬੋਲੀ ਨੂੰ ਸਾਡੇ ਸਤਿਗੁਰਾਂ ਨੇ ਆਪਣੀਆਂ ਰਚਨਾਵਾਂ ਵਿਚ ਸਥਾਨ ਦੇ ਕੇ ਇਸਦਾ ਮਾਣ ਵਧਾਇਆ ਹੈ। ਮਾਤ ਭਾਸ਼ਾ ਤੋਂ ਬਿਨਾਂ ਭਾਵੇਂ ਅਸੀਂ ਸੰਸਾਰ ਦੀ ਕਈ ਹੋਰ ਭਾਸ਼ਾਵਾਂ ਨੂੰ ਬੋਲਣਾ ਅਤੇ ਲਿਖਣਾ ਸਿੱਖ ਲਈਏ ਪਰ ਹੋਰ ਭਾਸ਼ਾਵਾਂ ਵਿਚ ਅਸੀਂ ਉਹ ਮੁਹਾਰਤ ਹਾਸਲ ਨਹੀਂ ਕਰ ਸਕਦੇ ਜੋ ਅਸੀਂ ਆਪਣੀ ਮਾਂ ਬੋਲੀ ਵਿੱਚ ਕਰ ਸਕਦੇ ਹਾਂ। ਅੱਜ ਕਲ ਅਸੀਂ ਸਾਰੇ ਆਪਣੀ ਮਾਂ ਬੋਲੀ ਨੂੰ ਬਣਦਾ ਢੁਕਵਾਂ ਮਾਣ ਨਹੀਂ ਦੇ ਰਹੇ ਹਾਂ । ਸਾਡੇ ਸਾਰਿਆਂ ਤੇ ਪੱਛਮੀ ਸਭਿਅਤਾ ਦਾ ਰੰਗ ਚੜਿਆ ਹੋਣ ਕਰਕੇ ਅਸੀਂ ਸਾਰੇ ਨਾ ਘਰ ਵਿੱਚ, ਨਾ ਸਕੂਲਾਂ ਵਿੱਚ, ਨਾ ਦਫਤਰਾਂ ਵਿੱਚ ਆਪਣੀ ਮਾਂ ਬੋਲੀ ਬੋਲਣਾ ਪਸੰਦ ਕਰਦੇ ਹਾਂ। ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਅਸੀਂ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਬੋਲਣਾ ਜ਼ਿਆਦਾ ਪਸੰਦ ਕਰਦੇ ਹਾਂ।ਜਿਹੜੀ ਵੀ ਕੌਮ ਆਪਣੀ ਮਾਂ ਬੋਲੀ ਦੀ ਕਦਰ ਨਹੀਂ ਕਰਦੀ ਉਹ ਕਦੀਵੀ ਤਰੱਕੀ ਨਹੀਂ ਕਰ ਸਕਦੀ। ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਪ੍ਰਫੁਲਿਤ ਰੱਖਣ ਲਈ ਅਪਣਾ -2 ਯੋਗਦਾਨ ਪਾਉਣਾ ਚਾਹੀਦਾ ਹੈ।