ਗੌਂ ਭਨਾਵੇ ਜੌਂ-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

“ ਹੈ ਤਾਂ ਦੁਨੀਆਂ ਹੀ ਮਤਲਬੀ ਅਤੇ ਸਵਾਰਥੀ , ਪਰ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ” ਜੇ ਇਸ ਉੱਤੇ ਝਾਤ ਮਾਰ ਲਈਏ ਤਾਂ ਇਹ ਅਵਗੁਣ ਸਹੀ ਹੋ ਸਕਦਾ ਹੈ। ਸਹੀ ਤੌਰ ਤੇ ਘੋਖਿਆ ਜਾਵੇ ਤਾਂ ਅੱਜ ਸਾਰੇ ਰਿਸ਼ਤੇ ਹੀ ਸਵਾਰਥ ਵਾਲੇ ਬਣ ਚੁੱਕੇ ਹਨ। ਰਿਣਬੰਧੂ ਸੰਸਾਰ ਕਰਕੇ ਵੀ ਸਭ ਰਿਸ਼ਤੇ ਲੈਣ-ਦੇਣ ਦੇ ਚੱਕਰ ਵਿੱਚ ਜੁੜਦੇ ਹਨ। ਗੁਰਬਾਣੀ ਦਾ ਸੱਚਾ ਫੁਰਮਾਨ ਹੈ,” ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ , ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ” ਇਸ ਤੋਂ ਇਲਾਵਾ ਗੁਰਬਾਣੀ ਹੋਰ
ਫਰਮਾਨ ਵੀ ਇਸੇ ਵਿਸ਼ੇ ਨੂੰ ਪਰਮਾਣਿਤ ਕਰਦਾ ਹੈ, “ ਜਗਤ ਮੈਂ ਝੂਠੀ ਦੇਖੀ ਪ੍ਰੀਤਿ ,ਅਪਨੇ ਹੀ ਸੁਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ ” ਸਵਾਰਥ , ਲੋਭ ਅਤੇ ਲਾਲਚ ਵਿੱਚ ਚੰਗੇ ਗੁਣ ਇਸ ਤਰ੍ਹਾਂ ਗਵਾਚ ਜਾਂਦੇ ਹਨ ਜਿਵੇਂ ਸਮੁੰਦਰ ਵਿੱਚ ਨਦੀਆਂ ਗਵਾਚ ਜਾਂਦੀਆਂ ਹਨ। ਸਵਾਰਥ ਬਿਰਤੀ ਦੇ ਚੰਗੇ ਗੁਣਾਂ ਨੂੰ ਖਤਮ ਕਰ ਦਿੰਦਾ ਹੈ ਹਰ ਮਨੁੱਖ ਦੇ ਸੁਪਨੇ ਹੁੰਦੇ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਇੱਛਾ ਰੱਖਣੀ ਤਾਂ ਜਰੂਰੀ ਹੈ ਪਰ ਚਲਾਕੀ ਅਤੇ ਸਵਾਰਥ ਰੱਖ ਕੇ ਦੂਜੇ ਤੋਂ ਪੂਰਤੀ ਦੀ ਆਸ ਨਹੀਂ ਰੱਖਣੀ ਚਾਹੀਦੀ । ਸਵਾਰਥੀ ਜੀਵਨਸ਼ੈਲੀ ਮਨੁੱਖ ਲਈ ਅਨੈਤਿਕ ਅਤੇ ਘਟੀਆ ਸਾਬਤ ਹੁੰਦੀ ਹੈ। ਮਨੁੱਖ ਭਾਵੇਂ ਛੋਟਾ ਜਾਂ ਕਿਰਦਾਰ ਵਿਹੂਣਾ ਹੋਵੇ ਪਰ ਉਸਦਾ ਸਵਾਰਥ ਉਨਾਂ ਹੀ ਵੱਡਾ ਹੁੰਦਾ ਹੈ। ਸਵਾਰਥੀ ਨੂੰ ਪਰਸਵਾਰਥੀ ਅਤੇ ਪਰਸਵਾਰਥੀ ਨੂੰ ਸਵਾਰਥੀ ਕਹਿਣਾ ਜੀਵਨ ਦੀ ਵਹਿੰਦੀ ਧਾਰਾ ਨਾਲ ਵੱਡਾ ਧੋਖਾ ਹੈ। ਸਵਾਰਥ ਕਿਤੇ ਨਾ ਕਿਤੇ ਸਹਿਣਸ਼ੀਲਤਾ ਨੂੰ ਖਾ ਲੈਂਦਾ ਹੈ। ਇਹ ਆਲਸੀ ਬਣਾ ਕੇ ਆਪਣੇ ਆਪ ਨੂੰ ਹਿੰਸਾ ਦੀ ਤਰ੍ਹਾਂ ਕਰ ਲੈਂਦਾ ਹੈ। ਸਵਾਰਥ ਨਾਲ ਪ੍ਰਾਪਤ ਕੀਤੀ ਵਸਤੂ ਉਜਵਲ ਨਹੀਂ ਬਲਕਿ ਮੈਲੀ ਸਮਝੀ ਜਾਂਦੀ ਹੈ। ਸਵਾਰਥ ਜੋ ਬੀਤ ਗਈ ਉਹ ਬਾਤ ਗਈ ਦੇ ਰਾਹ ਪੈ ਕੇ ਅਣਖ ਇੱਜ਼ਤ ਹੱਥੋਂ ਗਵਾ ਦਿੰਦਾ ਹੈ।
ਸਵਾਰਥ ਦੋਸਤੀ ਦਾ ਦੁਸ਼ਮਣ ਬਣ ਜਾਂਦਾ ਹੈ। ਮਨੁੱਖ ਓਹੀ ਕੁਝ ਕਰਦਾ ਹੈ ਜੋ ਉਹ ਸੋਚਦਾ ਹੈ। ਸਵਾਰਥ ਦੀ ਲੋੜ ਅਤੇ ਹੋੜ ਰੱਖਣਾ ਆਤਮਕ ਦੀਵਾਲੀਆਪਣ ਹੁੰਦਾ ਹੈ। ਇਹ ਹੋਰ ਕਾਸੇ ਜੋਗਾ ਰਹਿਣ ਹੀ ਨਹੀਂ ਦਿੰਦਾ। ਅੱਜ ਦੇ ਯੁੱਗ ਵਿੱਚ ਸਵਾਰਥ ਸੱਚ ਜਿਹਾ ਅਤੇ ਪਰਸਵਾਰਥ ਝੂਠ ਜਿਹਾ ਨਜ਼ਰੀ ਆਉਂਦਾ ਹੈ। ਵਿਆਕਰਨਿਕ ਤੌਰ ਤੇ ਸਵਾਰਥ ਦੋ ਸ਼ਬਦਾਂ ਦਾ ਮੇਲ ਹੈ, ਪਹਿਲਾ ਸਵ ਦੂਜਾ ਅਰਥ ਸਵ ਦਾ ਸਵੈ ਆਪਣਾ ਅਤੇ ਅਰਥ ਦਾ ਭਾਵ ਕੰਮ ਦੀ ਕਾਮਨਾ ਇਸ ਲਈ ਇਸਦਾ ਮੂਲ ਭਾਵ ਬਣਦਾ ਹੈ ਕਿ ਆਪਣੀ ਇੱਛਾ ਦੀ ਪੂਰਤੀ ਕਰਨਾ । ਇਹ ਇੱਕ ਆਦਤ ਬਣ ਜਾਂਦੀ ਹੈ। ਜੋ ਸਮਾਜੀਕਰਨ ਵਿੱਚ ਪ੍ਰਾਪਤ ਹੁੰਦੀ ਹੈ। ਇਹ ਬਿਰਤੀ ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਰਾਜੇ ਦਾ ਕੁੱਤਾ ਮਰੇ ਤੇ ਸਭ ਆ ਜਾਂਦੇ ਹਨ ਪਰ ਰਾਜਾ ਮਰੇ ਤੇ ਸਭ ਨਹੀਂ ਆਉਂਦੇ । ਸ਼ਪੱਸ਼ਟ ਹੈ ਕਿ ਸਵਾਰਥ ਰਾਜੇ ਨਾਲ ਹੁੰਦਾ ਹੈ। ਹਾਸ਼ਿਮ ਸ਼ਾਹ ਨੇ ਇਸ ਸੰਸਾਰਕ ਬਿਰਤੀ ਨੂੰ ਇਉਂ ਬਿਆਨਿਆ ਹੈ , “ ਅੱਜ ਇਸ ਰਿਜ਼ਕ ਭਲੇ ਛਬ ਬਾਂਕੀ ਤੈਨੂੰ ਆਖਣ ਲੋਕ ਅਉਤਾਰੀ , ਜੇ ਸਿਰ ਦਰਦ ਹੋਵੇ ਜਗ ਸਾਰਾ ਤੇਰੀ ਆਣ ਕਰੇ ਦਿਲਦਾਰੀ ” ਸਪੱਸ਼ਟ ਹੈ ਕਿ ਸਭ ਸਵਾਰਥ ਲਈ ਨਿਵਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਵਾਰਥਪੁਣੇ ਤੇ ਕਰਾਰੀ ਚੋਟ ਮਾਰੀ ਹੈ , “ ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨਾ ਕੋਇ” ਸਵਾਰਥੀ ਨਾ-ਸ਼ੁਕਰੇਪਨ ਦੀ ਮੂਰਤ ਹੁੰਦੀ ਹੈ। ਸਵਾਰਥੀ ਸਿੱਕੇ ਦਾ ਦੂਜਾ ਪਹਿਲੂ ਅਕਿਰਤਘਣ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ “ ਨਾ-ਸ਼ੁਕਰੇ ਵਿਅਕਤੀ ਨਾਲੋਂ ਵਫਾਦਾਰ ਕੁੱਤੇ ਪਾਲ ਲਵੋ” ਸਵਾਰਥ ਵੇਲੇ ਬੇਹੱਦ ਨਿਮਰਤਾ ਆ ਜਾਂਦੀ ਹੈ ਉੱਲੂ ਸਿੱਧਾ ਹੋਣ ਤੋਂ ਬਾਅਦ ਆਪਣੀ ਅਸਲ ਜਿੰਦਗੀ ਵੱਲ ਪਰਤਿਆ ਜਾਂਦਾ ਹੈ। ਅਸਲ ਜੀਵਨ ਛੱਡ ਕੇ ਸਵਾਰਥਨੁਮਾਂ ਓਪਰੇ ਅਤੇ ਆਰਜੀ ਲੱਛਣ ਪੈਦਾ ਕਰਕੇ ਮਤਲਬ ਕੱਢਣ ਨਾਲ ਜੀਵਨ ਸੁਖਾਲਾ ਨਹੀਂ ਬਲਕਿ ਪਰਤ ਦਰ ਪਰਤ ਔਖਾ ਹੁੰਦਾ ਹੈ। ਇਹ ਸਮਾਜਿਕ ਤਾਣੇ-ਬਾਣੇ ਨਾਲੋਂ ਤੋੜ ਦਿੰਦਾ ਹੈ। ਆਖਰ ਸਵਾਰਥੀ ਮਜਾਕ ਦਾ ਪਾਤਰ ਬਣ ਜਾਂਦਾ ਹੈ। ਸਵਾਰਥੀ ਪਰਵਿਰਤੀ ਅਧੂਰੀ ਰਹਿੰਦੀ ਹੈ ਕਿਉਂਕਿ ਇੱਕ ਤੋਂ ਬਾਅਦ ਦੂਜੀ ਇੱਛਾ ਖੜ੍ਹੀ ਰਹਿੰਦੀ ਹੈ। ਇਸ ਲਈ ਯਥਾਰਥ ਭਰੀ ਜਿੰਦਗੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕੁਝ ਧਾਰਨਾਵਾਂ ਤਾਂ ਇਹ ਵੀ ਹਨ ਕਿ ਸਮਾਜਿਕ ਪ੍ਰਾਣੀ ਲਈ ਤਾਂ ਸਵਾਰਥ ਆਪਣਾ ਰਸਤਾ ਆਪ ਅਖਤਿਆਰ ਲੈਂਦਾ ਹੈ। ਮੱਲੋਮਲੀ ਪਨਪ ਪੈਂਦਾ ਹੈ। ਲੋੜ ਕਾਢ ਦੀ ਮਾਂ ਦਾ ਨੁਕਤਾ ਵੀ ਸਵਾਰਥ ਉੱਤੇ ਢੁੱਕਦਾ ਹੈ। ਸਵਾਰਥੀ ਨੂੰ ਪਤਾ ਹੁੰਦਾ ਹੈ ਕਿ ਮੇਰੀ ਚਾਪਲੂਸੀ ਸਵਾਰਥ ਸਿੱਧੀ ਤੱਕ ਹੀ ਹੈ। ਸਬਰ ਰੂਪੀ ਅੰਮ੍ਰਿਤ ਦੀ ਘੁੱਟ ਭਰ ਕੇ ਜੋ ਸ਼ਾਂਤੀ ਦੇ ਸਾਗਰ ਵਿੱਚ ਡੁਬਕੀ ਲਾਉਂਦੇ ਹਨ ਉਹਨਾਂ ਨੂੰ ਇਸ ਨਾਲ ਜੋ ਸੁੱਖ ਮਿਲਦਾ ਹੈ ਉਹ ਸਵਾਰਥੀ ਨੂੰ ਸਵਾਰਥ ਸਿੱਧ ਕਰਕੇ ਵੀ ਨਹੀਂ ਮਿਲਦਾ। ਇਹ ਚਣਕੀਆ ਨੀਤੀ ਵੀ ਹੈ। ਜੇ ਕਿਸੇ ਸਵਾਰਥੀ ਦੀ ਪਹਿਚਾਣ ਪੱਕੀ ਕਰਨੀ ਹੋਵੇ ਤਾਂ ਦੂਜੇ ਸਵਾਰਥੀ ਕੋਲ ਉਸਦੀ ਵਡਿਆਈ ਕਰਕੇ ਦੇਖੋ ਸਭ ਕੁਝ ਸਾਹਮਣੇ ਆ ਜਾਵੇਗਾ। ਅਸੂਲਾਂ ਲਈ ਲੜਨਾਂ ਤਾਂ ਸੌਖਾ ਹੈ ਪਰ ਅਸੂਲਾਂ ਅਨੁਸਾਰ ਜਿਉਂਣਾ ਬਹੁਤ ਹੀ ਔਖਾ ਹੈ। ਸਵਾਰਥ ਦੇ ਨਿਯਮ ਅਤੇ ਸਿਧਾਂਤ ਇਹ ਹਨ ਕਿ ਸਵਾਰਥੀ ਸਵਾਰਥ ਰਹਿਤ ਹੋ ਹੀ ਨਹੀਂ ਸਕਦਾ। ਸਵਾਰਥੀ ਬਣਾਵਟੀ ਮਿੱਤਰਤਾ ਭਰਭੂਰ ਹੁੰਦਾ ਹੈ। ਇਹ ਪ੍ਰਵਿਰਤੀ ਅਤੇ ਬਿਰਤੀ ਸਮਾਜ ਵਿੱਚ ਨਿਰਾਦਰ ਹੀ ਕਰਵਾਉਂਦੀ ਹੈ।
ਥਾਮਸ ਕਾਰਲਾਇਲ ਕਹਿੰਦੇ ਹੈ ਕਿ ਆਦਮੀ ਦਾ ਸਭ ਤੋਂ ਵੱਡਾ ਔਗੁਣ ਆਪਣੇ ਕਿਸੇ ਔਗੁਣ ਤੋਂ ਜਾਣੂ ਨਾ ਹੋਣਾ ਹੈ। ਪਰ ਸਵਾਰਥ ਇਸਦਾ ਔਗੁਣ ਇਸਦੇ ਉਲਟ ਹੈ। ਇਹ ਚਲਾਕੀ ਨਾਲ ਜਾਣਦੇ ਹੋਏ ਕੀਤਾ ਜਾਂਦਾ ਹੈ। ਮਨੁੱਖ ਬੁਨਿਆਦੀ ਤੌਰ ਚੰਗਾ ਹੁੰਦਾ ਹੈ ਪਰ ਸਵਾਰਥ ਭਰਭੂਰ ਜਿੰਦਗੀ ਇਸਦੇ ਆਸ਼ਾਵਾਦੀ ਗੁਣਾਂ ਨੂੰ ਨਿਰਾਸ਼ਾਵਾਦ ਵੱਲ ਧਾਕਣ ਦਾ ਕਾਰਨ ਬਣ ਜਾਂਦੀ ਹੈ। ਸਵਾਰਥ ਨੂੰ ਮਿਹਨਤ ਵੱਲ ਤੌਰਨ ਦਾ ਯਤਨ ਕਰਦੇ ਰਹਿਣ ਨਾਲ ਸਵਾਰਥੀ ਆਦਤ ਘਸ ਸਕਦੀ ਹੈ। ਹਾਂ , ਇੱਕ ਗੱਲ ਜਰੂਰ ਹੈ ਜੇ ਅਸੀਂ ਸਵਾਰਥੀ ਦੀ ਪਹਿਚਾਣ ਕਰਦੇ ਹਾਂ ਤਾਂ ਘੱਟੋ-ਘੱਟ ਆਪ ਨੂੰ ਇਸ ਆਦਤ ਤੋਂ ਦੂਰ ਰੱਖ ਸਕਦੇ ਹਾਂ। ਸਵਾਰਥੀ ਬਿਰਤੀ ਮਾਨਸਿਕ ਤੌਰ ਗੁਲਾਮ ਹੁੰਦੀ ਹੈ। ਇਹ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ ਹੁੰਦੀ ਹੈ। ਹਾਸ਼ਿਮ ਸ਼ਾਹ ਦਾ ਕਥਨ ਹੈ , “ ਇਕ ਬਹਿ ਕੋਲ ਖੁਸ਼ਾਮਦ ਕਰਦੇ ਸਰਜੀ ਹੋਣ ਕਮੀਨੇ, ਬੇਪਰਵਾਹ ਨਾ ਪਾਸ ਖਲੋਵਨ ਪਰ ਹੋਵਨ ਯਾਰ ਨਗੀਨੇ ” ਸਮੇਂ ਤੇ ਸਵਾਰਥ ਦੀ ਪਹਿਚਾਣ ਔਖੀ ਹੋ ਜਾਂਦੀ ਹੈ ਜਦੋਂ ਪਹਿਚਾਣ ਹੁੰਦੀ ਹੈ ਉਦੋਂ ਨੂੰ ਵੇਲਾ ਹੱਥੋਂ ਨਿਕਲ ਚੁੱਕਾ ਹੁੰਦਾ ਹੈ। ਸਵਾਰਥ ਨਾਲ ਅਤੇ ਹਿੰਮਤ ਨਾਲ ਕੀਤੀ ਇੱਛਾਪੂਰਤੀ ਬਰਾਬਰ ਨਹੀਂ ਹੁੰਦੀ । ਗੌਂ ਭਨਾਵੇ ਜੌਂ ਦੀ ਕਹਾਵਤ ਨੂੰ ਸਵਾਰਥ ਪੁਖਤਾ ਕਰਦਾ ਹੈ। ਇਸਦੇ ਪਿੱਛੇ ਲੋਬ-ਲਾਲਚ ਹੁੰਦਾ ਹੈ। ਕਿਹਾ ਜਾਂਦਾ ਹੈ ਜਿਸ ਮਨੁੱਕ ਕੋਲ ਕਾਰਜ ਸਮੱਰਥਾ ਇਮਾਨਦਾਰੀ ਅਤੇ ਸਿੱਦਕ ਹੈ ਉਸਨੂੰ ਦਬਾਇਆ ਨਹੀਂ ਜਾ ਸਕਦਾ। ਅਜਿਹੇ ਮਨੁੱਖ ਸਵਾਰਥ ਨੂੰ ਦਾਰਕਿਨਾਰ ਕਰਕੇ ਆਪਣੀ ਸੂਝ ਅਤੇ ਸਮਰੱਥਾ ਨਾਲ ਇੱਛਾਪੂਰਤੀ ਕਰਦੇ ਹਨ। ਹਾਲਾਤ ਨਾਲ ਤਾਲ-ਮੇਲ ਬਿਠਾ ਕੇ ਇੱਛਾ ਪੂਰਤੀ ਤੱਕ ਸੰਤੁਲਨ ਬਣਾ ਕੇ ਰੱਖਦੇ ਹਨ। ਖੁਸ਼ਾਮਦ , ਚਾਪਲੂਸੀ ਅਤੇ ਸਵਾਰਥੀ ਸੁਭਾਅ ਨੂੰ ਪਰੇ ਰੱਖਣ ਲਈ ਪਰਿਵਾਰਕਿ ਸਮਾਜਿਕਰਨ ਦਾ ਹਿੱਸਾ ਬਣਾਓ। ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰੋ। ਵਧੀਆ ਆਦਤਾਂ ਅਤੇ ਸਾਰਥਕ ਸਿਧਾਂਤ ਰੱਖਣ ਵਾਲਾ ਹੀ ਸਮਾਜ ਦਾ ਸੱਚਾ ਸੇਵਕ ਅਤੇ ਆਦਮੀ ਬਣ ਸਕਦਾ ਹੈ। ਸਵਾਰਥ ਦੀ ਉਡੀਕ ਅਤੇ ਝਾਕ ਹਮੇਸ਼ਾ ਹੀ ਇਖਲਾਕ ਨੂੰ ਨੀਂਵਾਂ ਕਰਕੇ ਹਾਸ਼ੀਏ ਵੱਲ ਧੱਕਦੀ ਹੈ। ਸਵਾਰਥੀ ਮਨੁੱਖ ਨੂੰ ਸਮੇਂ ਤੋਂ ਨਸੀਅਤ ਲੈ ਕੇ ਆਣ ਵਾਲੇ ਕੱਲ੍ਹ ਲਈ ਅੱਜ ਤੈਅ ਲੈਣਾ ਚਾਹੀਦਾ ਹੈ ਕਿ ਸਵਾਰਥ ਦੀ ਬਜਾਏ ਖੁਦ ਮਿਹਨਤ ਅਤੇ ਸਿਰਖੁਦ ਹੋ ਕੇ ਇੱਛਾ-ਪੂਰਤੀ ਕੀਤੀ ਜਾਵੇ। ਮੁੱਕਦੀ ਗੱਲ ਇਹ ਹੈ ਕਿ ਸਮਾਜ ਵਿੱਚ ਗੌਂ ਭਨਾਵੇ ਜੌਂ ਦੀ ਕਹਾਵਤ ਨੂੰ ਐਡਮੰਡ ਬਰਕ ਦੇ ਇਸ ਕਥਨ ਨਾਲ ਮੋੜਾ ਦੇਵੋ “ ਹੱਕ ਸੱਚ ਅਤੇ ਨੈਤਿਕਤਾ ਦੀ ਲੜਾਈ ਵਿੱਚ ਜਿੱਤ ਅੰਤ ਨੂੰ ਉਸਦੀ ਹੁੰਦੀ ਹੈ ਜਿਸਦਾ ਇਖਲਾਕ ਉੱਚਾ ਹੋਵੇ ” ਸਵਾਰਥ ਤੋਂ ਉੱਪਰ ਉੱਠ ਕੇ ਅਸੂਲਾਂ ਦੀ ਜਿੰਦਗੀ ਜੀਊਂਣ ਨਾਲ ਵਿਅਕਤੀ ਨੈਤਿਕਤਾ ਅਤੇ ਆਦਰਸ਼ ਭਰਭੂਰ ਬਣ ਜਾਂਦਾ ਹੈ। ਇਸਦੇ ਨਾਲ ਹੀ ਕਿਸੇ ਨਾਲ ਕੰਮ ਲਈ ਵਾਹ ਵਾਸਤਾ ਪੈਣ ਤੇ ਸਵਾਰਥ ਨਹੀਂ ਬਲਕਿ ਸ਼ੁੱਧ ਭਾਵਨਾ ਨਾਲ ਆਪਣਾ ਮਕਸਦ ਅਤੇ ਇੱਛਾ ਦੀ ਪੂਰਤੀ ਕੀਤੀ ਜਾ ਸਕਦੀ ਹੈ।
ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ
9878111445