ਟਾਪਦੇਸ਼-ਵਿਦੇਸ਼

ਗੌਰਵਮਈ ਇਤਿਹਾਸ ਦੀਆਂ ਸਿਰਜਕ: ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋਂ (ਮੋਗਾ)-  ਮਿਸਿਜ ਕਰਮਜੀਤ ਕੌਰ ਸਿੱਧੂ ਸਹਾਇਕ ਪੰਜਾਬੀ ਪ੍ਰੋਫੈਸਰ

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਵਰੋਸਾਈ ਧਰਤੀ ਲੋਪੋਂ ਨਗਰੀ ਵਿਖੇ ਬ੍ਰਹਮ ਗਿਆਨੀ ਸੰਤ ਦਰਬਾਰਾ ਸਿੰਘ ਜੀ ਦੀ ਉੱਚੀ ਤੇ ਨਿਰਾਲੀ ਸੋਚ ਦੇ ਸਦਕਾ ਕੇਵਲ ਲੜਕੀਆਂ ਲਈ 1971 ਵਿੱਚ ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮੈਨ ਹੋਂਦ ਵਿੱਚ ਆਇਆ। ਇਸ ਦਾ ਇਤਿਹਾਸ ਬੜਾ ਹੀ ਗੋਰਵਮਈ ਅਤੇ ਸ਼ਾਨਾਂ-ਮੱਤਾ ਹੈ ਜੋ ਕਿ ਕਿਸੇ ਵੀ ਜਾਣ – ਪਛਾਣ ਦਾ ਮੁਥਾਜ ਨਹੀਂ ਹੈ। ਜੇਕਰ ਇਸ ਸਿੱਖਿਆ ਸੰਸਥਾ ਨੂੰ ਮਾਲਵੇ ਦੀ ਇਸ ਮਾਰੂਥਲ-ਨੁਮਾ ਧਰਤੀ ‘ਤੇ ਜੰਗਲ ਵਿੱਚ ਮੰਗਲ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਤੋਂ ਤਕਰੀਬਨ ਸਾਢੇ ਪੰਜ ਦਹਾਕੇ ਪਹਿਲਾਂ ਜਦੋਂ ਲੜਕੀਆਂ ਦਾ ਘਰ ਤੋਂ ਬਾਹਰ ਜਾਣਾ ਮੁਨਾਸਿਬ ਨਹੀਂ ਸੀ ਸਮਝਿਆ ਜਾਂਦਾ ਤਾਂ ਬੱਚੀਆਂ ਨੂੰ ਪੜਾਉਣਾ ਤਾਂ ਦੂਰ ਦੀ ਗੱਲ ਸੀ। ਉਸ ਵੇਲੇ ਸੁਆਮੀ ਜੀ ਨੇ ਆਪਣੀ ਦੂਰਦ੍ਰਿਸ਼ਟੀ ਸਦਕਾ ਕੇਵਲ ਲੜਕੀਆਂ ਲਈ ਸਿੱਖਿਆ ਦੇ ਕੇਂਦਰ ਦੀ ਸਥਾਪਨਾ ਕਰਕੇ ਇੱਕ ਵਿਲੱਖਣ ਇਤਿਹਾਸ ਸਿਰਜਿਆ। ਇਸ ਤੋਂ ਬਾਅਦ ਬੀ.ਐੱਡ. ਕਾਲਜ ਦੀ ਸਥਾਪਨਾ ਕੀਤੀ। ਜਿਸ ਵਿੱਚ ਉਸ ਵੇਲੇ 250 ਸੀਟਾਂ ਸਨ। ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਹਜ਼ਾਰਾਂ ਹੀ ਵਿਦਿਆਰਥਣਾਂ ਨੇ ਉੱਚ ਵਿੱਦਿਆ ਹਾਸਿਲ ਕਰਕੇ ਕੇਵਲ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੰਸਥਾਵਾਂ ਦੇ ਨਾਮ ਨੂੰ ਰੌਸਨ ਕੀਤਾ ਹੈ।
       ਖੁੱਲ੍ਹੇ ਅਤੇ ਹਵਾਦਾਰ ਵਾਤਾਵਰਣ ਵਿੱਚ ਬਣੀਆਂ ਇਹ ਸਿੱਖਿਆ ਸੰਸਥਾਵਾਂ ਬੜਾ ਹੀ ਰਮਣੀਕ ਨਜ਼ਾਰਾ ਸਿਰਜਦੀਆਂ ਹਨ। ਜਿਸ ਵਿੱਚ ਵੱਡਾ ਖੇਡ ਗਰਾਊਂਡ ਹੈ। ਦੂਰ – ਦੁਰਾਡੇ ਪਿੰਡਾਂ ਅਤੇ ਸ਼ਹਿਰਾਂ ਤੋਂ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਹੋਸਟਲ ਦਾ ਪ੍ਰਬੰਧ ਵੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਵਿੱਚ ਵਿਦਿਆਰਥਣਾਂ ਦੀ ਗਿਆਨ ਜਗਿਆਸਾ ਨੂੰ ਪੂਰਾ ਕਰਨ ਲਈ ਦੋ ਲਾਇਬ੍ਰੇਰੀਆਂ ਦੀ ਉਚੇਚੀ ਸਹੂਲਤ ਹੈ ਜਿਨ੍ਹਾਂ ਵਿੱਚ ਲਗਭਗ ਪੰਜਾਹ ਹਜ਼ਾਰ ਤੋਂ ਵੱਧ ਕਿਤਾਬਾਂ ਹਨ। ਅਕਾਦਮਿਕ ਪੜ੍ਹਾਈ ਦੀਆਂ ਕਿਤਾਬਾਂ ਤੋਂ ਇਲਾਵਾ, ਸ਼ਖ਼ਸੀਅਤਾਂ ਦੇ ਵਿਕਾਸ ਲਈ ਪੁਸਤਕਾਂ, ਰੈਂਫਰੈਂਸ ਬੁੱਕਸ , ਖੋਜ ਪੱਤਰ, ਵਰਤਮਾਨ ਸਮੇਂ ਦੇ ਮੈਗਜ਼ੀਨ ਅਤੇ ਰਾਸ਼ਟਰੀ ਤੇ ਖੇਤਰੀ ਅਖ਼ਬਾਰਾਂ ਉਪਲੱਬਧ ਹਨ। ਜਿਨ੍ਹਾਂ ਵਿੱਚੋਂ ਵਿਦਿਆਰਥਣਾਂ ਗਿਆਨ ਪ੍ਰਾਪਤ ਕਰਕੇ ਉੱਚਾ ਨੈਤਿਕ ਜੀਵਨ ਪ੍ਰਾਪਤ ਕਰਦੀਆਂ ਹਨ।
                    ਇਨ੍ਹਾਂ ਸਿੱਖਿਆ ਸੰਸਥਾਵਾਂ ਦੀ ਵਿਲੱਖਣਤਾ ਇਹ ਹੈ ਕਿ ਇਥੇ ਦੁਨਿਆਵੀ ਵਿੱਦਿਆ ਦੇ ਨਾਲ- ਨਾਲ ਅਧਿਆਤਮਿਕ ਵਿੱਦਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਾਲਜ ਕੈਂਪਸ ਵਿੱਚ ਦੋ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਜਿਨ੍ਹਾਂ ਵਿੱਚੋਂ ਸਵੇਰੇ- ਸ਼ਾਮ ਇਲਾਹੀ ਬਾਣੀ ਦਾ ਪ੍ਰਵਾਹ ਚੱਲਦਾ ਹੈ। ਇਸ ਤੋਂ ਇਲਾਵਾ ਹਰ ਸੈਸ਼ਨ ਵਿੱਚ ਸਹਿਜ ਪਾਠ ਪ੍ਰਕਾਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਪਾਠਾਂ ਦੀ ਸੰਪੂਰਨਤਾ ਵਿਦਿਆਰਥਣਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਭੋਗ ਪਾਏ ਜਾਂਦੇ ਹਨ। ਸਮੇਂ-ਸਮੇਂ ਤੇ ਮੌਜੂਦਾ ਗੱਦੀ ਨਸ਼ੀਨ ਤੇ ਸੰਸਥਾਵਾਂ ਦੇ ਪ੍ਰਧਾਨ ਸੰਤ ਜਗਜੀਤ ਸਿੰਘ ਜੀ ਲੋਪੋਂ ਵਿਦਿਆਰਥਣਾਂ ਨੂੰ ਸ਼ੁਭ ਬਚਨਾਂ ਸਦਕਾ ਨਿਹਾਲ ਕਰਦੇ ਹੋਏ ਬਾਣੀ ਤੇ ਬਾਣੇ ਨਾਲ ਜੋੜਦੇ ਹਨ। ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਅਧਿਆਤਮਿਕ ਜੀਵਨ ਦੀ ਬਹੁਤ ਹੀ ਲੋੜ ਹੈ।
          ਸੰਸਥਾਵਾਂ ਦੇ ਬਾਨੀ ਸੰਤ ਦਰਬਾਰਾ ਸਿੰਘ ਜੀ ਤੋਂ ਬਾਅਦ ਸੰਤ ਜੋਰਾ ਸਿੰਘ ਜੀ ਅਤੇ ਮੋਜੂਦਾ ਗੱਦੀ ਨਸ਼ੀਨ ਸੰਤ ਜਗਜੀਤ ਸਿੰਘ ਜੀ ਲੋਪੋਂ ਦੀ ਸੁਚੱਜੀ ਅਗਵਾਈ ਸਦਕਾ, ਸਕੂਲ ਆਫ਼ ਨਰਸਿੰਗ, ਸੀਨੀਅਰ ਸੈਕੰਡਰੀ ਸਕੂਲ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਹੋਈ। ਇਸ ਤੋਂ ਬਿਨਾਂ ਕੈਂਪਸ ਦੇ ਅੰਦਰ ਸੰਤ ਜੋਰਾ ਸਿੰਘ ਆਡੋਟੋਰੀਅਮ ਬਣਾਇਆ ਗਿਆ ਹੈ ਜੋ ਕਿ ਸੰਸਥਾਵਾਂ ਵਿੱਚ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਲਈ ਖਿੱਚ ਦਾ ਕੇਂਦਰ ਹੈ। ਇਸ ਆਡੋਟੋਰੀਅਮ ਵਿੱਚ ਸਮੇਂ ਸਮੇਂ ਤੇ ਵੱਖੋ ਵੱਖਰੀਆਂ ਸੱਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਵਿਦਿਆਰਥਣਾਂ ਦੁਆਰਾ ਬਖੂਬੀ ਨਿਭਾਈ ਜਾਂਦੀ ਹੈ।
      ਇਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਚੱਲ ਰਹੇ ਕੋਰਸ, ਬੀ.ਏ , ਬੀ.ਸੀ.ਏ,ਬੀ.ਕਾਮ , ਐਮ.ਏ. ਪੰਜਾਬੀ, ਐਮ.ਏ. ਹਿਸਟਰੀ, ਪੀ.ਜੀ.ਡੀ.ਸੀ.ਏ, ਐਮ.ਐਸ.ਸੀ ਆਈ.ਟੀ,ਬੀ.ਐਡ,ਐਮ.ਐਡ,ਈ.ਟੀ .ਟੀ,ਜੀ.ਐਨ.ਐਮ, (10+2) ਕਾਮਰਸ ,ਆਰਟਸ, ਮੈਡੀਕਲ , ਨੌਨ-ਮੈਡੀਕਲ ਨਾਲ ਸਫ਼ਲਤਾਪੂਰਵਕ ਚੱਲ ਰਹੇ ਹਨ। ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਦੂਰ – ਦੁਰਾਡੇ ਪਿੰਡਾਂ ਵਿੱਚ ਵਿਦਿਆਰਥਣਾਂ ਦੇ ਆਉਣ-ਜਾਣ ਲਈ ਕਾਲਜ ਦੀਆਂ ਬੱਸਾਂ ਦੀ ਸਹੂਲਤ ਹੈ।
                         ਬੀ.ਐੱਡ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ: ਤ੍ਰਿਪਤਾ ਪਰਮਾਰ, ਡਿਗਰੀ ਕਾਲਜ ਦੇ ਕੋ-ਆਰਡੀਨੇਟਰ ਡਾ: ਬਲਵਿੰਦਰ ਕੌਰ, ਸਕੂਲ ਆਫ਼ ਨਰਸਿੰਗ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਇਨ੍ਹਾਂ ਸਾਰਿਆਂ ਮੁਖੀਆਂ ਦੀ ਯੋਗ ਅਗਵਾਈ ਹੇਠ ਇਹ ਵਿੱਦਿਅਕ ਸੰਸਥਾਵਾਂ ਨਿੱਤ ਨਵੇਂ ਦਿਸਹੱਦੇ ਸਿਰਜ ਰਹੀਆਂ ਹਨ। ਸਮੁੱਚੀਆਂ ਸੰਸਥਾਵਾਂ ਦੇ ਐਜੂਕੇਸ਼ਨ ਡਾਇਰੈਕਟਰ ਡਾ: ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਅਧੀਨ ਇਹ ਵਿੱਦਿਅਕ ਅਦਾਰੇ ਹਰ ਰੋਜ਼ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ।
                 ਸੰਸਥਾਵਾਂ ਦੇ ਪ੍ਰਧਾਨ ਸੰਤ ਜਗਜੀਤ ਸਿੰਘ ਜੀ ਲੋਪੋਂ ਉਪ-ਪ੍ਰਧਾਨ ਬੀਬੀ ਕਰਮਜੀਤ ਕੌਰ ਜੀ, ਮੈਨੇਜਿੰਗ ਡਾਇਰੈਕਟਰ ਸ. ਭਗੀਰਥ ਸਿੰਘ ਗਿੱਲ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਆਧੁਨਿਕ ਸਹੂਲਤਾਂ ਨਾਲ ਇਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਹਰ ਰੋਜ਼ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੇ ਹਨ।
            ਆਸ ਕੀਤੀ ਜਾ ਸਕਦੀ ਹੈ ਕਿ ਉਪਰੋਕਤ ਮਾਣ-ਮੱਤੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਵਾਲੀਆਂ ਇਹ ਸੰਸਥਾਵਾਂ ਭਵਿੱਖ ਵਿੱਚ ਵੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦੀਆ ਰਹਿਣਗੀਆਂ ਅਤੇ ਆਪਣੇ ਇਸ ਸਿੱਖਿਆ ਦੇ ਵਿਹੜੇ ਵਿੱਚੋਂ ਆਦਰਸ਼ ਸੋਚ ਵਾਲੇ ਨਾਗਰਿਕ ਸਮਾਜ ਨੂੰ ਸਮਰਪਿਤ ਕਰਦੀਆਂ ਰਹਿਣਗੀਆਂ। ਯੋਗ ਅਤੇ ਹੋਣ-ਹਾਰ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਸਦਕਾ ਇਹ ਸਿੱਖਿਆ ਸੰਸਥਾਵਾਂ ਵਿਰਾਸਤ ਨੂੰ ਅੰਬਰਾਂ ਤੱਕ ਪਹੁੰਚਾ ਦੇਣਗੀਆਂ।
                       ਪਿਛਲੇ ਸਮੇਂ ਦੀਆਂ ਅਦੁੱਤੀਆਂ ਪ੍ਰਾਪਤੀਆਂ ਸਦਕਾ ਪੰਜਾਬ ਦੇ ਰਾਜਪਲ ਦੁਆਰਾ ਉੱਚ ਪੱਧਰੀ ਸਨਮਾਨ ਨਾਲ ਇਹਨਾਂ ਅਦਾਰਿਆਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *