ਟਾਪਦੇਸ਼-ਵਿਦੇਸ਼

ਚਮਕ ਨਿਆਰੀ ਅਸੀਂ ਕੁੰਦਨ ਤਪਦੀ ਭੱਠੀ ਦੇ..! ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ’ਚ ਅਜਿਹੇ ਗੁਣਵਾਨ ਬੱਚੇ ਵੀ ਹਨ ਜਿਨ੍ਹਾਂ ਨੂੰ ਜ਼ਿੰਦਗੀ ਨੇ ਭੱਠੀ ’ਚ ਝੋਕ ਦਿੱਤਾ ਪ੍ਰੰਤੂ ਉਹ ਚਮਕਦੇ ਹੋਏ ਨਿਕਲੇ। ਉਹ ਘਰੇਲੂ ਫ਼ਰੰਟ ’ਤੇ ਜ਼ਿੰਦਗੀ ਨੂੰ ਟੱਕਰੇ, ਨਾਲੋਂ ਨਾਲ ਉਨ੍ਹਾਂ ਆਪਣੀ ਕਾਬਲੀਅਤ ਨੂੰ ਵਿੱਦਿਅਕ ਮੰਚ ’ਤੇ ਸ਼ਿੰਗਾਰ ਕੇ ਰੱਖ ਦਿੱਤਾ। ਮੁਹਾਲੀ ਦੇ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਅੰਮ੍ਰਿਤਪਾਲ ਕੌਰ ਦੀ ਪ੍ਰਾਪਤੀ ਵੀ ਵੱਡੀ ਹੈ ਅਤੇ ਉਸ ਤੋਂ ਵੱਡੇ ਦੁੱਖ ਹਨ। ਉਹ ਹਾਲੇ ਤਿੰਨ ਮਹੀਨਿਆਂ ਦੀ ਸੀ ਕਿ ਮਾਪੇ ਕਾਨੂੰਨੀ ਤੌਰ ’ਤੇ ਅਲੱਗ ਅਲੱਗ ਹੋ ਗਏ। ਤਿੰਨ ਮਹੀਨੇ ਦੀ ਬੱਚੀ ਦੇ ਹਿੱਸੇ ਨਾ ਮਾਂ ਆਈ ਅਤੇ ਨਾ ਹੀ ਬਾਪ। ਮਾਂ ਬਾਪ ਤੋਂ ਵਿਰਵੀ ਅੰਮ੍ਰਿਤਪਾਲ ਕੌਰ ਲਈ ਮਾਮਾ ਮਾਮੀ ਹੀ ਸਭ ਕੁੱਝ ਨੇ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਨੂੰ ਲੀਹ ’ਤੇ ਪਾ ਦਿੱਤਾ।
ਉਹ ਹੁਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲੋਆਰਖ ’ਚ ਆਪਣੇ ਨਾਨਕੇ ਪਿੰਡ ਰਹਿ ਰਹੀ ਹੈ। ਹੁਣ ਜੇਈਈ (ਮੇਨ) ਦੀ ਪ੍ਰੀਖਿਆ ਚੋਂ ਅੰਮ੍ਰਿਤਪਾਲ ਕੌਰ ਸਫਲ ਹੋਈ ਹੈ ਅਤੇ ਉਸ ਨੇ ਦਸਵੀਂ ਦੀ ਪ੍ਰੀਖਿਆ ਚੋਂ ਵੀ 92 ਫ਼ੀਸਦੀ ਅੰਕ ਲਏ ਸਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੰਭੂ ਕਲਾਂ ਦੇ ਹਰਮਨਪ੍ਰੀਤ ਸਿੰਘ ਨੇ ਬਚਪਨ ਦੇ ਦਿਨਾਂ ਤੋਂ ਗ਼ੁਰਬਤ ਹੀ ਦੇਖੀ। ਉਸ ਦਾ ਪਿਤਾ ਗੁਰਦਿਆਲ ਸਿੰਘ ਦਿਹਾੜੀਦਾਰ ਕਾਮਾ ਹੈ। ਹਰਮਨਪ੍ਰੀਤ ਸਿੰਘ ਨੇ ਮੁਹਾਲੀ ਦੇ ਮੈਰੀਟੋਰੀਅਸ ਸਕੂਲ ’ਚ ਐਤਕੀਂ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ। ਉਸ ਦਾ ਹੁਣ ਜੇਈਈ (ਮੇਨ) ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਉਸ ਨੇ 99.10 ਫ਼ੀਸਦੀ ਅੰਕ ਲਏ।
ਹਰਮਨਪ੍ਰੀਤ ਸਿੰਘ ਆਖਦਾ ਹੈ ਕਿ ਪਰਿਵਾਰ ਦੀ ਏਨੀ ਪਹੁੰਚ ਨਹੀਂ ਕਿ ਕਿਸੇ ਵੱਡੀ ਸੰਸਥਾ ਦੀ ਫ਼ੀਸ ਤਾਰ ਸਕਣ। ਉਸ ਦਾ ਕਹਿਣਾ ਸੀ ਕਿ ਘਰੇਲੂ ਹਾਲਾਤਾਂ ਨੇ ਛੋਟੀ ਉਮਰੇ ਹੀ ਤੁਰਨਾ ਸਿਖਾ ਦਿੱਤਾ ਸੀ। ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਥਾਰਾ ਸਿੰਘ ਵਾਲਾ (ਉੱਤਰੀ) ਦੇ ਹਰੀਸ਼ ਸਿੰਘ ਦੇ ਦਸਵੀਂ ਚੋਂ 90 ਫ਼ੀਸਦੀ ਅੰਕ ਸਨ ਅਤੇ ਉਹ ਬਠਿੰਡਾ ਦੇ ਮੈਰੀਟੋਰੀਅਸ ਸਕੂਲ ’ਚ ਪੜ੍ਹਿਆ। ਹੁਣ ਉਹ ਜੇਈਈ ਦੀ ਪ੍ਰੀਖਿਆ ’ਚ ਸਫਲ ਹੋਇਆ ਹੈ। ਉਸ ਦਾ ਪਿਤਾ ਦਰਜ਼ੀ ਦੀ ਦੁਕਾਨ ’ਤੇ ਕੰਮ ਕਰਦਾ ਹੈ। ਉਹ ਆਖਦਾ ਹੈ ਕਿ ਗੁਜ਼ਾਰਾ ਤਾਂ ਚੱਲ ਰਿਹਾ ਹੈ ਪ੍ਰੰਤੂ ਘਰ ਦੀ ਏਨੀ ਪਹੁੰਚ ਨਹੀਂ ਕਿ ਉੱਚ ਸੰਸਥਾ ਦੇ ਖ਼ਰਚੇ ਤਾਰ ਸਕਣ।
ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਸਮਾਧ ਭਾਈ ਦਾ ਸੁਖਮੰਦਰ ਸਿੰਘ ਅਤੇ ਉਸ ਦੀ ਛੋਟੀ ਭੈਣ ਫ਼ਿਰੋਜ਼ਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਪੜ੍ਹਦੇ ਹਨ। ਦਸਵੀਂ ਦੀ ਪੜਾਈ ਤੱਕ ਸੁਖਮੰਦਰ ਨੂੰ ਖ਼ੁਦ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਸੀ। ਉਹ ਆਖਦਾ ਸੀ ਕਿ ਖੇਤਾਂ ਦਾ ਕੰਮ ਅਤੇ ਸਕੂਲ ਦੀ ਪੜਾਈ ਨਾਲੋਂ ਨਾਲ ਚੱਲਦੇ ਸਨ। ਉਸ ਦਾ ਪਿਤਾ ਪੈਟਰੋਲ ਪੰਪ ’ਤੇ ਕਾਮਾ ਹੈ ਜਿਸ ਦੀ ਕਮਾਈ ਨਾਲ ਪਰਿਵਾਰ ਚੱਲਦਾ ਹੈ। ਉਸ ਨੇ ਹਾਲ ਹੀ ਵਿੱਚ ਜੇਈਈ ਦੀ ਪ੍ਰੀਖਿਆ ਵਿੱਚ ਕਾਮਯਾਬੀ ਪਾਈ ਹੈ ਪ੍ਰੰਤੂ ਅਸਲੀ ਪ੍ਰੀਖਿਆ ਉਦੋਂ ਸ਼ੁਰੂ ਹੋਵੇਗੀ ਜਦੋਂ ਕਿ ਉਚੇਰੀ ਸਿੱਖਿਆ ਦੇ ਖ਼ਰਚਿਆਂ ਨੇ ਰੰਗ ਦਿਖਾਏ।
ਅਜਿਹੀ ਕਹਾਣੀ ਇਨ੍ਹਾਂ ਸਕੂਲਾਂ ਦੇ ਤਕਰੀਬਨ ਹਰ ਵਿਦਿਆਰਥੀ ਦੀ ਹੈ।ਗੱਲ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੀ ਹੈ ਜਿਨ੍ਹਾਂ ਦੇ ਬੱਚਿਆਂ ਨੇ ਸਰਕਾਰੀ ਸਕੂਲਾਂ ਦਾ ਸਿਰ ਉੱਚਾ ਕਰ ਦਿੱਤਾ ਹੈ। ਜੇਈਈ ਦੀ ਪ੍ਰੀਖਿਆ ਦੇ ਹਾਲ ’ਚ ਹੀ ਜੋ ਨਤੀਜੇ ਆਏ ਹਨ, ਉਨ੍ਹਾਂ ’ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀ ਸਫਲ ਹੋਏ ਹਨ ਜਿਨ੍ਹਾਂ ਚੋਂ 131 ਵਿਦਿਆਰਥੀ ਇਕੱਲੇ 10 ਮੈਰੀਟੋਰੀਅਸ ਸਕੂਲਾਂ ਦੇ ਹਨ। ਮਤਲਬ ਕਿ ਮੈਰੀਟੋਰੀਅਸ ਸਕੂਲਾਂ ਦੇ 69 ਫ਼ੀਸਦੀ ਵਿਦਿਆਰਥੀ ਚਮਕੇ ਹਨ। ਸੂਬੇ ਦੇ ਮੈਰੀਟੋਰੀਅਸ ਸਕੂਲਾਂ ’ਚ ਕਰੀਬ 4600 ਸੀਟਾਂ ਹਨ ਜਿਨ੍ਹਾਂ ’ਚ ਦਾਖ਼ਲੇ ਲਈ ਪਹਿਲਾਂ ਦਾਖਲਾ ਪ੍ਰੀਖਿਆ ਹੁੰਦੀ ਹੈ।
ਸਰਕਾਰੀ ਸਕੂਲਾਂ ਚੋਂ ਪੜ੍ਹਨ ਵਾਲੇ 70 ਫ਼ੀਸਦੀ ਅੰਕਾਂ ਵਾਲੇ ਵਿਦਿਆਰਥੀ ਇਨ੍ਹਾਂ ਸਕੂਲਾਂ ’ਚ ਦਾਖ਼ਲੇ ਲਈ ਯੋਗ ਹੁੰਦੇ ਹਨ। ਆਮ ਤੌਰ ’ਤੇ ਇਨ੍ਹਾਂ ਸਕੂਲਾਂ ਵਿੱਚ ਗ਼ਰੀਬੀ ਨਾਲ ਦਸਤਪੰਜਾ ਲੈਣ ਵਾਲੇ ਹੀ ਵਿਦਿਆਰਥੀ ਹੁੰਦੇ ਹਨ। ਜੇਈਈ ਦੀ ਪ੍ਰੀਖਿਆ ’ਚ ਫ਼ਸਲ ਹੋਣ ਵਾਲੇ 28 ਵਿਦਿਆਰਥੀ ਮੁਹਾਲੀ ਸਕੂਲ ਦੇ ਹਨ ਜਦੋਂ ਕਿ ਬਠਿੰਡਾ ਦੇ 15 ਅਤੇ ਸੰਗਰੂਰ ਸਕੂਲ ਦੇ 14 ਵਿਦਿਆਰਥੀ ਹਨ। ਇਨ੍ਹਾਂ ਸਕੂਲਾਂ ਵਿੱਚ ਪੀਐੱਚਡੀ /ਨੈੱਟ/ ਗੋਲਡ ਮੈਡਲਿਸਟ ਉੱਚ-ਯੋਗਤਾ ਅਧਿਆਪਕ ਹਨ। ਬਿਨਾਂ ਕੋਈ ਫ਼ੀਸ ਦਿੱਤੇ ਬੱਚਿਆਂ ਵੱਲੋਂ ਅਜਿਹਾ ਟੈੱਸਟ ਪਾਸ ਕਰਨ ਦੀ ਮਿਸਾਲ ਵੱਖਰੀ ਕਿਸਮ ਦੀ ਹੈ।
ਅਧਿਆਪਕਾਂ ਨੂੰ ਰੈਗੂਲਰ ਕੌਣ ਕਰੂ : ਯੂਨੀਅਨ
ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਦਾ ਕਹਿਣਾ ਹੈ ਕਿ ਐਤਕੀਂ ਵੀ ਜੇਈਈ ਦੀ ਪ੍ਰੀਖਿਆ ਵਿੱਚ ਮੈਰੀਟੋਰੀਅਸ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ। ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੇ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦਾ ਮੁੱਲ ਨਹੀਂ ਪਾਇਆ ਜਿਸ ਕਰਕੇ ਹਾਲੇ ਤੱਕ ਇਨ੍ਹਾਂ ਸਕੂਲਾਂ ਦੇ ਅਧਿਆਪਕ ਰੈਗੂਲਰ ਨਹੀਂ ਹਨ। ਇੱਥੋਂ ਤੱਕ ਕਿ 10 ਸਾਲਾਂ ਤੋਂ ਤਨਖ਼ਾਹਾਂ ਦੇ ਵਾਧੇ ਵੀ ਰੋਕ ਹੋਏ ਹਨ।

Leave a Reply

Your email address will not be published. Required fields are marked *