ਟਾਪਦੇਸ਼-ਵਿਦੇਸ਼

 ਜਥੇਦਾਰ ਗੜਗੱਜ ਧਰਮ ਪਰਿਵਰਤਨ ਮਾਮਲੇ ‘ਤੇ ਗੈਰ-ਜ਼ਿੰਮੇਵਾਰ ਰਵੱਈਏ ਨਾਲ ਬੇਨਕਾਬ : ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ-ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਧਰਮ ਪਰਿਵਰਤਨ ਵਰਗੇ ਸੰਵੇਦਨਸ਼ੀਲ ਮਸਲੇ ਪ੍ਰਤੀ ਗੈਰ ਜਿੰਮੇਦਾਰਾਨਾ ਬਿਆਨ ਨਾਲ ਕੌਮ ਦੀ ਨੁਮਾਇੰਦਗੀ ਦਾ ਭਰਮ ਦੂਰ ਹੋ ਗਿਆ ਹੈ। ਉਹ ਸਿੱਖ ਕੌਮ ਦੀ ਨਿਰਪੱਖ ਰਹਿਨੁਮਾਈ ਕਰਨ ਦੀ ਬਜਾਇ ਅਕਾਲੀ ਦਲ ਬਾਦਲ ਦੇ ਪ੍ਰਵਕਤਾ ਵਜੋਂ ਭੂਮਿਕਾ ਨਿਭਾਅ ਦੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਗਿਆਨੀ ਗੜਗੱਜ ਦੇ ਬਿਆਨ ਅਕਾਲੀ ਦਲ ਬਾਦਲ ਵੱਲੋਂ ਰਾਜਨੀਤਿਕ ਸਵਾਰਥਾਂ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਘੜੇ ਗਏ ਬਿਰਤਾਂਤ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਹਨ।

ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਬੜੀ ਹੈਰਾਨੀ ਅਤੇ ਚਿੰਤਾ ਦੀ ਗੱਲ ਹੈ ਕਿ ਜਿੱਥੇ ਪੂਰੀ ਸਿੱਖ ਕੌਮ ਅਤੇ ਦੇਸ਼ ਦੀ ਕੇਂਦਰੀ ਲੀਡਰਸ਼ਿਪ ਤੱਕ ਵੱਲੋਂ ਪੰਜਾਬ ’ਚ ਹੋ ਰਹੇ ਗੈਰ ਕਾਨੂੰਨੀ ਅਤੇ ਗੈਰ-ਸਿਧਾਂਤਕ ਧਰਮ ਪਰਿਵਰਤਨ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ, ਉੱਥੇ ਗਿਆਨੀ ਗੜਗੱਜ ਵੱਲੋਂ ਇਸ ਮਸਲੇ ਨੂੰ ਗੈਰ ਗੰਭੀਰ ਤੇ ਗੈਰ ਮਾਮੂਲੀ ਵਰਤਾਰੇ ਵਜੋਂ ’ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੋ. ਖਿਆਲਾ ਨੇ ਇਸ਼ਾਰਾ ਕੀਤਾ ਕਿ ਇਕ ਪਾਸੇ ਗਿਆਨੀ ਗੜਗੱਜ ਖ਼ੁਦ ਪੰਜਾਬ ਵਿੱਚ ਵਧ ਰਹੇ ਧਰਮ ਪਰਿਵਰਤਨ ਨੂੰ ਮੰਨਦੇ ਹੋਏ ਲੋਕਾਂ ਨੂੰ ਸੁਚੇਤ ਕਰਦੇ ਹਨ, ਪਰ ਦੂਜੇ ਪਾਸੇ ਇਸ ਨੂੰ ਪੰਥ ਲਈ ਕੋਈ ਚੁਨੌਤੀ ਨਾ ਹੋਣ ਦਾ ਬਿਆਨ ਦੇਣਾ ਸਾਫ਼ ਤੌਰ ‘ਤੇ ਆਪਸੀ ਵਿਰੋਧਾਭਾਸ ਅਤੇ ਜਾਣਬੁੱਝ ਕੇ ਅਕਾਲੀਆਂ ਦੇ ਸਿਆਸੀ ਏਜੰਡੇ ਦੀ ਪੂਰਤੀ ਲਈ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਭਾਵੇਂ ਗਿਆਨੀ ਗੜਗੱਜ ਕਹਿੰਦੇ ਹਨ ਕਿ ਪੂਰੀ ਕੌਮ ਨੂੰ ਟਾਰਗੇਟ ਨਾ ਕੀਤਾ ਜਾਵੇ, ਪਰ ਅਸਲ ਵਿੱਚ ਉਹ ਅਕਾਲੀ ਦਲ ਬਾਦਲ ਨੂੰ ਬਚਾਉਣ ਲਈ ਇਹ ਸਾਰੀ ਕਸਰਤ ਕਰ ਰਹੇ ਹਨ। ਉਹਨਾਂ ਤਿੱਖੇ ਲਹਿਜ਼ੇ ਵਿੱਚ ਦੋਸ਼ ਲਾਇਆ ਕਿ ਗਿਆਨੀ ਗੜਗੱਜ ਦਾ ਬਿਆਨ ਸਿਆਸੀ ਪ੍ਰੇਰਿਤ ਹੈ ਅਤੇ ਉਨ੍ਹਾਂ ਵੱਲੋਂ ਉਹੀ ਕਿਹਾ ਜਾਂਦਾ ਹੈ ਜੋ ਅਕਾਲੀ ਦਲ ਬਾਦਲ ਨੂੰ ਸੁਹਾਵਣਾ ਤੇ ਫਿਟ ਬੈਠੇ। ਕਿਉਂਕਿ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੀ ਰਹਿਮੋ-ਕਰਮ ਤੋਂ ਬਿਨਾਂ ਕਿਸੇ ਦਾ ਵੀ ਤਖ਼ਤ ਦੇ ਜਥੇਦਾਰ ਬਣੇ ਰਹਿਣਾ ਨਾ ਮੁਮਕਿਨ ਹੈ, ਜਿਸ ਦੀ ਗਵਾਹੀ ਅਤੀਤ ਖ਼ੁਦ ਦਿੰਦਾ ਹੈ।

ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ‘ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਪ੍ਰੋ. ਖਿਆਲਾ ਨੇ ਕਿਹਾ ਕਿ ਜਿੱਥੇ ਇੱਕ ਦਹਾਕਾ ਪਹਿਲਾਂ ਇਸਾਈ ਭਾਈਚਾਰੇ ਦੀ ਅਬਾਦੀ ਲਗਭਗ 1.3 ਫ਼ੀਸਦੀ ਸੀ, ਉੱਥੇ ਹੁਣ ਇਹ ਅੰਕੜਾ 15-16 ਫ਼ੀਸਦੀ ਤੋਂ ਉੱਪਰ ਦੱਸਿਆ ਜਾ ਰਿਹਾ ਹੈ। ਉਹਨਾਂ ਗਿਆਨੀ ਗੜਗੱਜ ਨੂੰ ਸਿੱਧਾ ਸਵਾਲ ਕੀਤਾ ਕਿ ਜੇ ਧਰਮ ਪਰਿਵਰਤਨ ਪੰਥ ਲਈ ਚੁਨੌਤੀ ਨਹੀਂ, ਤਾਂ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਮੇਂ ਦੌਰਾਨ ਲਗਭਗ 300 ਪ੍ਰਚਾਰ ਕਮੇਟੀਆਂ ਕਿਉਂ ਬਣਾਈਆਂ ਗਈਆਂ ਅਤੇ ਇਹ ਟੀਮਾਂ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਕਿਉਂ ਭੇਜੀਆਂ ਗਈਆਂ?

ਪ੍ਰੋ. ਖਿਆਲਾ ਨੇ ਗਿਆਨੀ ਗੜਗੱਜ ਵੱਲੋਂ ਧਰਮ ਪਰਿਵਰਤਨ ਦੇ ਮਸਲੇ ‘ਤੇ ਜ਼ਿੰਮੇਵਾਰੀ ਲੈਣ ਤੋਂ ਕਿਨਾਰਾ ਕਰਨ ‘ਤੇ ਗੰਭੀਰ ਸਵਾਲ ਖੜੇ ਕਰਦਿਆਂ ਕਿਹਾ ਕਿ ਜੇ ਪੰਥ ਦੇ ਆਗੂ—ਖ਼ਾਸਕਰ ਤਖ਼ਤ ਦੇ ਜਥੇਦਾਰ—ਇਸ ਸੰਵੇਦਨਸ਼ੀਲ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਤੇ ਪੰਥਕ ਸਰੋਕਾਰ ਤੋਂ ਬਾਹਰੀ ਮੰਨਦੇ ਹਨ ਤਾਂ ਫਿਰ ਪੰਥ ਦੀ ਰੱਖਿਆ ਦੀ ਉਮੀਦ ਕਿਸ ਤੋਂ ਕੀਤੀ ਜਾਵੇ?

ਪ੍ਰੋ. ਖਿਆਲਾ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਸਿਰ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਅਤੇ ਮਰਿਆਦਾ ਦੀ ਰੱਖਿਆ ਦੀ ਜ਼ਿੰਮੇਵਾਰੀ ਹੈ, ਉਹੀ ਅੱਜ ਸਿਧਾਂਤਾਂ ਨਾਲ ਸਮਝੌਤਾ ਤੇ ਖਿਲਵਾੜ ਕਰਦੇ ਦਿੱਖ ਰਹੇ ਹਨ। ਉਹਨਾਂ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ “ਰਾਤ ਦੇ ਹਨੇਰੇ ਵਿੱਚ ਥਾਪੇ ਗਏ ਜਥੇਦਾਰ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।”
ਪ੍ਰੋ. ਖਿਆਲਾ ਨੇ ਯਾਦ ਦਿਵਾਇਆ ਕਿ ਪੰਥ ਦੀ ਪੁਰਾਤਨ ਰਵਾਇਤ ਅਨੁਸਾਰ ਜਿਸ ਵਿਅਕਤੀ ਨੂੰ ਪੰਥ ਵਿੱਚੋਂ ਛੇਕਿਆ ਜਾਵੇ, ਉਸ ਨਾਲ ਸੰਬੰਧ ਰੱਖਣਾ ਗੰਭੀਰ ਅਵੱਗਿਆ ਮੰਨੀ ਜਾਂਦੀ ਹੈ। ਇਸ ਸੰਦਰਭ ਵਿੱਚ ਉਹਨਾਂ ਕਿਹਾ ਕਿ 2010 ਵਿੱਚ ’ਪ੍ਰੋ. ਦਰਸ਼ਨ ਸਿੰਘ ਰਾਗੀ’ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ, ਪਰ ਉਸ ਸਮੇਂ ਵੀ ਗਿਆਨੀ ਗੜਗੱਜ ਨੇ ਨਾ ਕੇਵਲ ਉਹਨਾਂ ਨਾਲ ਮੇਲ-ਮਿਲਾਪ ਕੀਤਾ, ਸਗੋਂ ਉਹਨਾਂ ਦੇ ਪ੍ਰੋਗਰਾਮ ਕਰਾਉਣ ਵਿੱਚ ਅੱਗੇ ਰਹੇ। ਉਹਨਾਂ ਸਵਾਲ ਕੀਤਾ ਕਿ ਕੀ ਇਸ ਧਾਰਮਿਕ ਅਵੱਗਿਆ ਲਈ ਗਿਆਨੀ ਗੜਗੱਜ ਨੇ ਕਦੇ ਪੰਜ ਪਿਆਰਿਆਂ ਕੋਲੋਂ ਮਾਫ਼ੀ ਮੰਗੀ?

ਉਹਨਾਂ ਹਾਲ ਹੀ ਦੀ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਸਮਾਗਮ ਦੌਰਾਨ ਗਿਆਨੀ ਗੜਗੱਜ ਵੱਲੋਂ ਅਕਾਲੀ ਦਲ ਬਾਦਲ ਦੇ ਇੱਕ ਜ਼ਿਲ੍ਹਾ ਪ੍ਰਧਾਨ ਦੇ ਪੈਰੀਂ ਹੱਥ ਲਾਉਣ ਦੀ ਘਟਨਾ ਸਾਹਮਣੇ ਆਈ, ਜਿਸ ਨੂੰ ਬਾਅਦ ਵਿੱਚ ਝੂਠੇ ਸਪਸ਼ਟੀਕਰਨਾਂ ਨਾਲ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਵੀਡੀਓ ਸਬੂਤ ਸਭ ਕੁਝ ਸਪਸ਼ਟ ਦਿਖਾਉਂਦੇ ਹਨ। ਘੱਟੋ ਘਟ ਇਕ ਜਥੇਦਾਰ ਨੂੰ ਝੂਠ ਬੋਲਣਾ ਸੋਭਦਾ ਨਹੀਂ ਹੈ।

ਅੰਤ ਵਿੱਚ ਉਹਨਾਂ ਗਿਆਨੀ ਗੜਗੱਜ ਨੂੰ ਇਹ ਵੀ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਬੇਅਦਬੀ ਸਬੰਧੀ ਸ਼ੱਕੀ ਵੀਡੀਓ ਦਾ ਸੱਚ ਤਿੰਨ ਮਹੀਨੇ ਬਾਅਦ ਵੀ ਸੰਗਤ ਦੇ ਸਾਹਮਣੇ ਕਿਉਂ ਨਹੀਂ ਆਇਆ? ਉਸ ਵੀਡੀਓ ਦੀ ਫੋਰੈਂਸਿਕ ਰਿਪੋਰਟ ਕਿੱਥੇ ਹੈ? ਸੰਗਤ ਇਸ ਦਾ ਸੱਚ ਜਾਣਨਾ ਚਾਹੁੰਦੀ ਹੈ। ਜਾਂ ਫਿਰ ਸੌਦੇਬਾਜ਼ੀ ਕੀਤੀ ਜਾ ਚੁੱਕੀ ਹੈ

Leave a Reply

Your email address will not be published. Required fields are marked *