ਟਾਪਦੇਸ਼-ਵਿਦੇਸ਼

ਜ਼ੰਗਾਲੀ ਦਲ-ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਧਾਮੀ ਨੇ ਭਰ ਦਿੱਤੀ ਹਾਮੀ,
ਫੇਰ ਮੱਲੀ ਕੁਰਸੀ ਪਰਧਾਨੀ ਦੀ,
ਥੁੱਕ ਕੇ ਚੱਟਣਾ, ਚੱਟ ਕੇ ਥੁੱਕਣਾ,
ਕਿਆ ਬਾਤ ਹੈ ਇਸ ਕੁਰਬਾਨੀ ਦੀ।

ਬਾਦਲ, ਭੂੰਦੜ, ਚੀਮਾ, ਵਲਟੋਹਾ,
ਚੰਡਾਲ ਚੌਂਕੜੀ ਜੁੜ ਜੁੜ ਬਹਿੰਦੀ,
ਪੈਰ ਪੈਰ ‘ਤੇ ਜ਼ਮੀਰਾਂ ਹਰਦੀਆਂ,
ਨਿੱਤ ਹੁੰਦੀ ਜਿੱਤ ਸ਼ੈਤਾਨੀ ਦੀ।

ਜ਼ੰਗ ਬੜਾ ਹੀ ਨਾ ਮੁਰਾਦ ਹੈ,
ਜਿਸ ਵੀ ਪੁਰਜ਼ੇ ਨੂੰ ਲੱਗ ਜਾਵੇ,
ਨਹੀਂ ਰਹਿੰਦੀ ਕੋਈ ਹੋਂਦ ਫਿਰ ਬਾਕੀ,
ਨਹੀਂ ਬਚਦੀ ਸਾਖ ਨਿਸ਼ਾਨੀ ਦੀ।

ਕੈਂਸਰਾਂ ਵਰਗੇ ਭੈੜੇ ਰੋਗਾਂ ‘ਚੋਂ
ਕੈਂਸਰ ਖੂਨ ਦਾ ਮੰਨਿਆ ਜਾਂਦਾ,
ਇੱਕ ਵਾਰੀ ਜੇ ਲੱਗ ਜਾਵੇ,
ਫਿਰ ਆਸ ਨਹੀਂ ਜ਼ਿੰਦਗਾਨੀ ਦੀ।

ਦਲ ਚੋਂ ਨਿਕਲ ਦਲ ਕਈ ਬਣਕੇ,
ਦਲਦਲ ਦੇ ਵਿੱਚ ਧਸਦੇ ਜਾਵਣ,
ਪਾਟੋ ਧਾੜੀ ਕਰਤੂਤਾਂ ਰਾਹੀਂ,
ਗੱਲ ਕਰਦੇ ਪੰਚ ਪਰਧਾਨੀ ਦੀ।

ਬਾਗ਼ੀ ਦਾਗ਼ੀ ‘ਤੇ ਗ਼ਰਮ ਖ਼ਿਆਲੀ,
ਇੱਕੋ ਰੱਸੇ ਬੰਨ੍ਹਣ ਵਾਲ਼ੇ,
ਇੱਕ ਦੂਜੇ ਦੀ ਪਿੱਠ ਲਾਉਣ ਲਈ,
ਤੁਰਦੇ ਤੋਰ ਭਲਵਾਨੀ ਦੀ।

ਕਹਿਣ ਪੰਥ ਦੁਸ਼ਮਣਾਂ ਵਿੱਚ ਘਿਰਿਆ,
ਖ਼ਤਰਾ ਹਰ ਪਾਸੇ ਹੀ ਦੱਸਣ,
ਪਰ ਦੁਸ਼ਮਣ ਨੇ ਆਪਣੇ ਹੀ ਆਪੇ,
ਨਿਖੇਧੀ ਪਾਰਟੀ ਬੇਗਾਨੀ ਦੀ।

ਗੰਦੇ ਖੂਨ ਨਿੱਤ ਲਾਉਂਦੇ ਲੂਤੀਆਂ,
ਮਾਨਾ ਮੱਤੇ ਇਤਿਹਾਸ ਗਵਾ ਕੇ,
ਗੁਰੂਆਂ ਦੀਆਂ ਕੁਰਬਾਨੀਆਂ ਦੀ,
ਕਦਰ ਨਾ ਪਾਈ ਦੋਆਨੀ ਦੀ।

ਈਮਾਨਦਾਰੀ ਦੀ ਘਾਟ ਹਰ ਪਾਸੇ,
ਹਰ ਕਾੱਲੀ ਦਿਲੋਂ ਕਾਲ ਕਲੂਟਾ,
ਉੱਤੋਂ ਉੱਤਮ ਬਣ ਬਣ ਬਹਿੰਦੇ,
ਨੀਅਤ ਨਾ ਬਦਲੇ ਬੇਈਮਾਨੀ ਦੀ।

ਜ਼ੰਗ ਲੱਗੇ ਜ਼ੰਗਾਲੀ ਦਲ ਨੂੰ,
ਹੁਣ ਨਹੀਂ ਕੋਈ ਬਚਾ ਹੈ ਸਕਦਾ,
ਮਰਨਾਊ ਮਰੀਜ਼ ਨੂੰ ਹੁਣ ਕੋਈ,
ਲੋੜ ਨ੍ਹੀਂ ਹੋਰ ਨਿਗਰਾਨੀ ਦੀ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

Leave a Reply

Your email address will not be published. Required fields are marked *