ਟਾਪਦੇਸ਼-ਵਿਦੇਸ਼

ਜਿਮੀ ਪੁਛੈ ਅਸਮਾਨ-ਡਾ.ਆਸਮਾ ਕਾਦਰੀ ਪੰਜਾਬ ਯੂਨੀਵਰਸਟੀ ਲਹੌਰ-ਭਾਗ-2

ਜਿਮੀ ਪੁਛੈ ਅਸਮਾਨ ਨਾਮ ਦੀ ਪੁਸਤਕ ਡਾ.ਆਸਮਾ ਕਾਦਰੀ ਪੰਜਾਬ ਯੂਨੀਵਰਸਟੀ ਲਹੌਰ ਵਲੋਂ ਲਿਖੀ ਗਈ ਹੈ ਜਿਸਦਾ ਪੰਜਾਬੀ ਵਿਚ ਲਿੱਪੀ ਅੰਤਰ ਸ: ਗੁਰਚਰਨ ਸਿੰਘ ਜਿਉਣਵਾਲਾ ਨੇ ਕੀਤਾ ਹੈ।ਅਸੀਂ ਇਸ ਪੁਸਤਕ ਨੂੰ ਲੜੀਵਾਰ ਪ੍ਰਕਾਸ਼ਤ ਕਰਨ ਦੀ ਇਥੇ ਖੁਸ਼ੀ ਲੈ ਰਹੇ ਹਾਂ-ਸੰਪਾਦਕ

ਖੇਵਟ ਦੇ ਹੋਰ ਅਰਥ ਧਰਤੀ ਦਾ ਟੋਟਾ ਨੰਬਰ, ਟੋਟੇ ਕਰਨ ਵਾਲਾ ਤੇ ਰਜਿਸਟਰ ਮਾਲਗੁਜ਼ਾਰੀ ਦੇ ਨੇ। ਹਿਸਾਬ ਦੀ ਉਹ ਕਿਤਾਬ ਜਿਸ ਵਿਚ ਜ਼ਮੀਨਾਂ ਦੀ ਵੰਡ ਦਾ ਲੇਖਾ ਕੀਤਾ ਜਾਂਦਾ ਏ। ਕਿਹੜੀ ਜ਼ਮੀਨ ਦਾ, ਕਿਤਨਾ ਟੋਟਾ, ਕਿਸ ਦੇ ਖਾਤੇ ਵਿਚ ਏ, ਇਹ ਖੇਵਟ ਦੱਸਦਾ ਏ। ਖੇਵਟ ਬਣੇ ਜਦੋਂ ਜ਼ਮੀਨਾਂ ਵੰਡੀਆਂ ਗਈਆਂ। ਧਰਤੀ ਸਭ ਦੀ ਸਾਂਝੀ ਏ, ਜੋ ਸਭ ਲਈ ਸਾਂਝੀ ਉਪਜ ਕਰੇਂਦੀ ਏ। ਧਰਤੀ ਤਾਂ ਆਦਿ ਜੁਗਾਦਿ ਦੀ ਬਣੀ ਏ, ਖੇਵਟ ਤਾਂ ਅਜੇ ਕੱਲ੍ਹ ਦੀ ਗੱਲ ਏ। ਜਦੋਂ ਕਾਗ਼ਜ਼ ਬਣਿਆ ਤਾਂ ਜ਼ਮੀਨ ਦੇ ਲੇਖੇ ਹੋਵਣ ਲੱਗੇ। ਜ਼ਮੀਨ ਦੀ ਏਹੀ ਪੁੱਛ ਏ ਅਸਮਾਨ ਕੋਲੋਂ ਜੋ ਦੱਸ ਮੇਰੇ ਟੋਟੇ ਕਿਤਨੇ ਕੁ ਨੇਂ ਤੇ ਕਿਸ ਨੇ ਕੀਤੇ ਨੇਂ। ਧਰਤੀ ਕਦੋਂ ਕਿਸ ਦੇ ਨਾਵੇਂ ਲੱਗੀ ਜੋ ਅੱਗੋਂ ਧਰਤੀ ਦੇ ਹੋਰ ਟੋਟੇ ਹੋ ਕੇ ਵੰਡੀਜਨ ਲੱਗੇ? ਧਰਤੀ ਦੀ ਮਾਲਕੀ ਉਪਰ ਵੰਡਿਆਈਆਂ ਬਣੀਆਂ ਤੇ ਵੰਡਿਆਈਆਂ ਨੇ ਵੈਰ ਬਣਾਏ। ਵੈਰ ਨੇ ਦੁਸ਼ਮਣੀਆਂ ਜੰਮੀਆਂ ਤੇ ਮਨੁੱਖ ਮਨੁੱਖ ਦੇ ਲਹੂ ਦਾ ਤਰਿਹਾਇਆ ਹੋ ਗਿਆ। ਜਿਸ ਕੋਲ਼ ਜਿਤਨੀ ਮਾਲਕੀ ਵਧੀ ਉਸ ਦੀ ਭੁੱਖ ਵੀ ਉਤਨੀ ਹੋਰ ਵੱਧਦੀ ਗਈ। ਅੱਜ ਅਸੀਂ ਧਰਤੀ ਦੇ ਨਿੱਕੇ ਨਿੱਕੇ ਟੋਟੇ ਉਪਰ ਮੱਲ ਮਾਰਨ ਲਈ ਲੜਨ ਮਰਨ ਤੇ ਤੁਲੇ ਹੋਏ ਹਾਂ। ਇੱਕ ਨਿੱਕੇ ਜਿਤਨੇ ਪ੍ਰੀਵਾਰ ਤੋਂ ਲੈ ਕੇ ਵੱਡੇ ਤੋਂ ਵੱਡੇ ਤਾਕਤ ਵਾਲੇ ਮੁਲਕ ਤੀਕ ਸਾਰੀ ਲੜਾਈ ਕਬਜ਼ੇ ਦੀ ਏ। ਕਬਜ਼ਾ ਕਰਨ, ਵੰਡਿਆਈ ਬਣਾਵਣ ਤੇ ਵਿਖਾਵਣ, ਅੱਜ ਦੇ ਰਾਸਵਾਲ ਵਿਹਾਰ ਦਾ ਕੰਮ ਏ। ਰਾਸਵਾਲ ਵਿਹਾਰ ਇਸੇ ਕਬਜ਼ੇ ਤੇ ਧੌਂਸ ਉਪਰ ਖਲੋਤਾ ਏ। ਇਸੇ ਲਈ ਹਰ ਵੇਲੇ ਇਸ਼ਤਿਹਾਰਾਂ ਰਾਹੀਂ ਆਪਣੇ ਹੋਵਣ ਦਾ ਪ੍ਰਚਾਰ ਕਰੇਂਦਾ ਏ। ਜੋ ਅਸਲ ਵਿਚ ਹੁੰਦਾ ਏ ਉਸ ਨੂੰ ਆਪਣੇ ਐਲਾਨ ਦੀ ਲੋੜ ਨਹੀਂ ਪੈਂਦੀ। ਜਿਵੇਂ ਧਰਤ ਏ ਤੇ ਧਰਤ ਨੂੰ ਆਪਣੇ ਹੋਵਣ ਦਾ ਪੱਕ ਵੀ ਏ, ਏਸ ਲਈ ਅਸੀਂ ਕਦੀਂ ਧਰਤ ਦੀ ਵਾਜ ਨਹੀਂ ਸੁਣੀ। ਅਸੀਂ ਏਸ ਨੂੰ ਵਾਹੁਣੇ ਹਾਂ, ਗਾਹੁਣੇ ਹਾਂ, ਵੱਢਣੇ ਹਾਂ, ਰੱਦਨੇ ਹਾਂ ਪਰ ਧਰਤ ਚੁੱਪ ਚੁਪੀਤੀ ਆਪਣੀ ਸੇਵਾ ਕਰੀ ਜਾਂਦੀ ਏ। ਹੁਣ ਵੀ ਜ਼ਮੀਨ ਨੂੰ ਏਹੀ ਚਿੰਤਾ ਏ ਜੋ ਮੇਰੇ ਟੋਟੇ ਕਰਨਹਾਰ ਮਨੁੱਖ ਆਪ ਵੀ ਟੋਟੇ ਟੋਟੇ ਹੋ ਕੇ ਮਰ ਮੁੱਕ ਗਿਆ ਏ। ਮਿੱਟੀ ਤੋਂ ਬਣਿਆ ਇਨਸਾਨ ਆਪਣੀ ਅਸਲ ਨੂੰ ਭੁੱਲ ਕੇ ਜਿੰਦ ਨੂੰ ਰਾਸਵਾਲੀ ਦੀ ਚੱਕੀ ਪੀਹਣ ਤੇ ਲਾ ਕੇ, ਸਭ ਕਮਾ ਕੇ ਵੀ ਸੱਖਣਾ ਏ। ਚਾਲੂ ਵਿਹਾਰ ਦੀ ਬਣਾਈ ਇਕਲਾਪੇ ਦੀ ਕਬਰ ਵਿਚ ਪਿਆ ਮਨੁੱਖ ਉਲਾਹਮਿਆਂ ਜੋਗਾ ਏ। ਸਾਰੀ ਹਯਾਤੀ ਧਨ ਮਾਲ ਜੋੜ ਕੇ ਵੀ ਮਨ ਖ਼ਾਲੀ ਏ ਕਿਉਂ ਜੋ ਮੱਲਵਿਹਾਰ ਤਨ ਨੂੰ ਵਰਤਿਆ ਏ ਤੇ ਤਨ ਨੂੰ ਈ ਵਰਤਣ ਸਿਖਾਇਆ ਏ। ਮਨੁੱਖ ਨਿਰਾ ਤਨ ਨਹੀਂ ਏ, ਤਨ ਤੇ ਮਨ ਦੀ ਇਕਾਈ ਨਾਲ਼ ਮਨੁੱਖੀ ਹੋਂਦ ਏ ਤੇ ਮਨ ਦੀ ਮੰਗ ਪ੍ਰੇਮ ਪਿਆਰ ਏ, ਜੋ ਰਾਸਵਾਲ ਵਿਹਾਰ ਨਹੀਂ ਦੇ ਸਕਦਾ। ਰਾਸਵਾਲ ਵਿਹਾਰ ਦਾ ਅੰਨ੍ਹਾ ਖੂਹ ਤੇ ਗਿੱੜਦਾ ਈ ਖੋਹ ਖੱਸ ਨਾਲ਼ ਏ, ਜੇ ਪ੍ਰੇਮ ਪਿਆਰ ਦਾ ਲਾਗ ਹੋਵੇ ਤਾਂ ਮਨੁੱਖ ਦੂਜੇ ਮਨੁੱਖ ਤੋਂ ਖੋਹ ਨਹੀਂ ਸਕਦਾ। ਬਾਬਾ ਫ਼ਰੀਦ ਦਾ ਦੋਹੜਾ ਏਸੇ ਵੱਲ ਧਿਆਨ ਕਰਾਉਂਦਾ ਏ ਪਿਆ। ਹੁਣ ਟੋਟੇ ਹੋਈ ਧਰਤ ਦੀ ਪੁੱਛ ਏ ਅਸਮਾਨ ਤੋਂ ਯਾ ਧਰਤ ਰਮਜ਼ ਏ ਮੱਲਵਾਨ ਵਿਹਾਰ ਵਿਚ ਟੁੱਟੀ ਭੱਜੀ ਹਸਤੀ ਦੀ ਜੋ ਆਪਣੇ ਸਾਂਝੇ ਤੱਤ ਆਕਾਸ਼ ਅੱਗੇ ਪੁੱਛ ਲਈ ਖਲੋਤੀ ਏ।

ਬਾਬਾ ਫ਼ਰੀਦ ਤੋਂ ਟੁਰੀ ਸੱਚੇ ਜੀਵਨ ਦੀ ਵਿਚਾਰਲੀ ਨੂੰ ਅੱਗੇ ਟੋਰਿਆ ਗੁਰੂ ਨਾਨਕ ਨੇ ਤੇ ਨਾਮ ਦਾ ਦੀਵਾ ਬਾਲਿਆ। ਨਾਮ ਦੇ ਦੀਵੇ ਦੀ ਲੋਅ ਨੇ ਕੁੱਲ ਸੰਸਾਰ ਨੂੰ ਪਿਆਰ ਦਾ ਚਾਨਣ ਵੰਡਿਆ। ਨਜਮ ਹੁਸੈਨ ਦੀ ਸੰਗਤ ਸੰਗ ਪੜ੍ਹ ਵਿਚਾਰਿਆ ਅਸਾਂ ਗੁਰੂ-ਬਾਬੇ ਦੀ ਬਾਣੀ ਨੂੰ। ਜੋ ਨਿੱਕ ਸੁੱਕ ਜੁੜਿਆ ਇਹ ਸੰਗਤ ਦਾ ਦਾਨ ਏ, ਜੋ ਏਸ ਕਿਤਾਬ ਰਾਹੀਂ ਸਾਂਝਾ ਕੀਤਾ ਜਾ ਰਿਹਾ ਏ। ਮੁੱਢਲੀ ਗੱਲ ਜੋ ਬਾਬੇ ਨਾਨਕ ਨੇ ਦੱਸੀ ਉਹ “ਨਾਮ ਜਪਨ” ਏ। 49 ਜੇਲ੍ਹ ਰੋਡ ਤੇ ਨਜਮ ਹੁਸੈਨ ਨੇ ਸੰਗਤ ਦਾ ਧਿਆਨ ਨਾਮ ਦੇ ਅਸਲ ਅਰਥਾਂ ਵੱਲ ਕਰਵਾਇਆ ਤਾਂ ਗੁਰੂ ਗ੍ਰੰਥ ਸਾਹਿਬ ਵਿਚ “ ਨਾਮ ਰਤਨ ਸਭ ਜਗ ਮਹਿ ਲੋਅ ” ਦਾ ਚਾਨਣ ਸਹੀ ਹੋਇਆ। ਨਾਮ ਦੇ ਇੱਕ ਅਰਥ ਤਾਂ ਹੋਏ ਨਾਮ, “ਨੳਮੲ” ਜੋ ਆਮ ਵਰਤੋਂ ਵਿਚ ਨੇਂ। ਨਾਮ ਦੇ ਬੜੇ ਅਰਥ ਹਨ “ਨਾਂ” ਪਛਾਣ, ਸ਼ਨਾਖਤ, ਸ਼ੋਹਰਤ, ਕੁੱਲ ਨਾਵਾਂ ਦਾ ਨਾਂ ਸਾਂਝ ਪਛਾਣ, ਵੱਖ-ਵੱਖ ਹੋਂਦਾਂ ਨੂੰ ਜਦੋਂ ਇੱਕ ਕਰ ਵੇਖੀਏ ਤਾਂ ਨਾਮ ਬਣਦਾ ਏ। ਗੁਰਬਾਣੀ ਦੀਆਂ ਤੁਕਾਂ ਰਾਹੀਂ ਨਾਮ ਦੇ ਵੰਨੋ-ਵੰਨ ਰੰਗ ਵੇਖ ਲਈਏ ਪਹਿਲੋਂ। ਨਾਮ ਜਪਣ, ਨਾਮ ਚਿਤਾਰਨ ਜਾਂ ਨਾਮ ਨੂੰ ਦੋਹਰਾਉਣਾ ਨਹੀਂ ਸਗੋਂ ਨਾਮ ਨੂੰ ਕਰਨੀ ਬਣਾਉਣਾ ਏ। ਨਾਮ ਨੂੰ ਕਰਨੀ ਬਣਾਉਣ ਵਾਲੇ ਈ ਅੰਤ ਨਾਮ ’ਚ ਸਮਾਉਂਦੇ ਹਨ।

“ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ” ॥੧॥ ਪੰਨਾ 26 ਸਿਰੀਰਾਗੁ, ਮ: ੩॥

ਜੇਕਰ ਨਾਮ ਮਨ ਨੂੰ ਆਪਣੇ ਰੰਗ ਰਤ ਲਵੇ ਤਾਂ ਕਰਨੀ ਸੇਵਾ ਬਣ ਜਾਂਦੀ ਏ। “ਨਾਮ ਰਤੇ ਮਨੁ ਨਿਰਮਲੁ ਹੋਇ” ਨਾਮ ਦੇ ਰੰਗ-ਰੰਗੀ ਹਸਤੀ ਇਕਾਈ ਸਿਆਣ ਲੈਂਦੀ ਏ। ਜੀਵਨ ਵਿਚ ਇਕਾਈ ਏ ਤਾਂ ਸਭ ਆਪਣੇ ਨੇਂ ਕੋਈ ਓਪਰਾ ਜਾਂ ਪਰਾਇਆ ਨਹੀਂ ਏ। ਜਦੋਂ ਮਨ ਵਿਚੋਂ ਵੈਰ-ਵਿਰੋਧ ਤੇ ਕ੍ਰੋਧ ਨਿਕਲ ਜਾਵੇ ਤਾਂ ਮਨ ਨਿਰਮਲ ਕੋਮਲ ਹੋ ਜਾਂਦਾ ਏ। “ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ” ਪੰਨਾ 226। ਨਾਮ ਨੂੰ ਮਨ ਰੂਪੀ ਧਰਤੀ ਵਿਚ ਬੀਜੀਏ ਤਾਂ ਫਸਲ ਨਾਮ ਦੀ ਹੀ ਉਪਜਦੀ ਏ। ਨਾਮ ਮਨ ਵਸੇਂਦਾ ਏ ਤਾਂ ਮਨ ਨਾਮ ਵਿਚ ਵੱਸ ਜਾਂਦਾ ਏ।

ਨਾਨਕ ਜੀ ਨੇ ਇਸੇ ਨਾਮ ਦਾ ਦੀਵਾ ਬਣਾਇਆ ਤੇ ਦੀਵੇ ਨੂੰ ਬਾਲਣ ਵਾਸਤੇ ਦੁੱਖ ਦਾ ਤੇਲ ਬਣਾ ਕੇ ਦੀਵੇ ਵਿਚ ਪਾਇਆ। ਦੁੱਖ ਜਦੋਂ ਤੀਕ ਵੱਖੋ-ਵੱਖ ਸੀ ਤਾਂ ਹਸਤੀ ਦਾ ਰੋਗ ਸੀ। ਜਦੋਂ ਦੁੱਖ ਸਾਂਝਾ ਹੋਇਆ ਤਾਂ ਦੁੱਖ ਈ ਦਵਾ ਬਣਿਆ। ਹਰ ਵਿਹਾਰੀ ਹੋਂਦ ਦਾ ਸਭ ਤੋਂ ਵੱਡਾ ਰੋਗ ਦੁੱਖ ਮੁੱਕਾਣ ਦਾ ਏ। ਨਾਨਕ ਨੇ ਸਹਿਜ ਸਭਾਈਂ ਅਮਰ ਜੀਵਨ ਦਾ ਰੰਗ ਖੇਡ ਵਿਖਾਇਆ। ਨਾਮ ਜਪਣ ਦੀ ਮੱਤ ਦਿੱਤੀ ਏ। ਨਾਮ ਜਪਣਹਾਰ ਜਦੋਂ ਕੁੱਲ ਜੀਵਨ ਵਿਚ ਆਪਣੀ ਹੋਂਦ ਨੂੰ ਸਹੀ ਕਰੇਂਦਾ ਏ ਤਾਂ ਉਹ ਆਪਣੇ ਆਪ ਤੇ ਵਸਾਹ ਕਰੇਂਦਾ ਏ। ਆਪਣੇ ਵੱਖਰੇ ਨਾਂ ਨਾਲ ਜੁੜੇ ਵੱਖਰੇ ਨਾਵਾਂ ਤੋਂ ਆਜ਼ਾਦ ਹੋ ਕੇ ਹੀ ਨਾਮ ਦੀ ਸਿਆਣ ਹੁੰਦੀ ਏ। ਕੁੱਲ ਕੁਦਰਤ ਨਾਲ ਸੁਮੇਲ ਜੀਵਨ ਕਾਰ ਏ ਅਸਲੋਂ। ਮੌਤ ਉਸ ਹੋਂਦ ਲਈ ਏ ਜੋ ਵੱਖਰਾ ਨਾਂ ਬਣਾ ਕੇ ਤੇ ਨਾਵਾਂ ਜੋੜ ਕੇ ਕੈਦ ਹੋਈ ਏ। ਕੈਦ ਨਾਂ ਈ ਮੌਤ ਦਾ ਹੋਇਆ। ਜੀਵਨ ਨਾਂ ਏ ਆਜ਼ਾਦੀ ਦਾ। ਅਜਿਹੀ ਆਜ਼ਾਦ ਹਸਤੀ ਨੂੰ ਮੌਤ ਮਾਰ ਨਹੀਂ ਸਕਦੀ।

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥

ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥

(ਪੰਨਾ 358 ਆਸਾ, ਮ: ੧)

ਬਾਬੇ ਫਰੀਦ ਤੇ ਗੁਰੂ ਨਾਨਕ ਨੇ ਜੀਵਨ ਸਿਆਣ ਕੀਤੀ ਤੇ ਅੱਖਰਾਂ ਵਿਚ ਰੱਚ ਕੇ ਸੁਰਾਂ ਦੇ ਸੰਗ ਸੁਨੇਹਾ ਕੁੱਲ੍ਹ ਜੱਗ ਨੂੰ ਦਿੱਤਾ। ਜਦੋਂ ਤੀਕ ਇਨ੍ਹਾਂ ਦੇ ਅੱਖਰਾਂ ਦਾ ਚਾਨਣ ਜਿਉਂਦਾ ਏ ਕੁੱਲ੍ਹ ਖਲਕਤ ਦੇ ਜੀਵਨ ਵਿਚ ਚਾਨਣ ਕਰਦਾ ਰਹਿਸੀ। ਜਿੱਥੇ ਵੀ ਇਹ ਚਾਨਣ ਅੱਪੜਸੀ ਉੱਥੇ ਚਾਨਣ ਕਰਨਹਾਰ ਦਾ ਨਾਂ ਵੀ ਪੁੱਜਸੀ। ਜੋ ਸਮਝ ਬਾਬੇ ਫਰੀਦ ਤੇ ਗੁਰੂ ਨਾਨਕ ਦੀ ਬਾਣੀ ਤੋਂ ਸਾਨੂੰ ਬਣੀ ਸਰੀ ਉਹ ਏਸ ਕਿਤਾਬ ਰਾਹੀਂ ਪੜ੍ਹਨਹਾਰਾਂ ਦੇ ਨਾਲ ਸਾਂਝੀ ਕਰ ਦਿੱਤੀ ਏ।

Leave a Reply

Your email address will not be published. Required fields are marked *