ਟਾਪਦੇਸ਼-ਵਿਦੇਸ਼

ਜਿਮੀ ਪੁਛੈ ਅਸਮਾਨ ਨਾਮ ਦੀ ਪੁਸਤਕ ਡਾ.ਆਸਮਾ ਕਾਦਰੀ ਪੰਜਾਬ ਯੂਨੀਵਰਸਟੀ ਲਹੌਰ-3

 ਜਿਮੀ ਪੁਛੈ ਅਸਮਾਨ ਨਾਮ ਦੀ ਪੁਸਤਕ ਡਾ.ਆਸਮਾ ਕਾਦਰੀ ਪੰਜਾਬ ਯੂਨੀਵਰਸਟੀ ਲਹੌਰ ਵਲੋਂ ਲਿਖੀ ਗਈ ਹੈ ਜਿਸਦਾ ਪੰਜਾਬੀ ਵਿਚ ਲਿੱਪੀ ਅੰਤਰ ਸ: ਗੁਰਚਰਨ ਸਿੰਘ ਜਿਉਣਵਾਲਾ ਨੇ ਕੀਤਾ ਹੈ।ਅਸੀਂ ਇਸ ਪੁਸਤਕ ਨੂੰ ਲੜੀਵਾਰ ਪ੍ਰਕਾਸ਼ਤ ਕਰਨ ਦੀ ਇਥੇ ਖੁਸ਼ੀ ਲੈ ਰਹੇ ਹਾਂ-ਸੰਪਾਦਕ

ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ

ਗਹਿਲਾ ਲੋਕੁ ਜਾਣਦਾ ਹੰਸੁ ਕੋਧ੍ਰਾ ਖਾਇ ੬੫

ਪੰਨਾ 1381, ਫ਼ਰੀਦੂਦੀਨ ਮਸਊਦ

ਬਾਬਾ ਫ਼ਰੀਦ ਜੀ ਨੇ ਹੰਸ ਨੂੰ ਪਾਤਰ ਬਣਾ ਕੇ ਦੋਹੜਾ ਰਚਿਆ ਹੈ। ਹੰਸ ਦੀ ਕਰਨੀ ਕੋਈ ਗੁੱਝ ਸੈਂਤਰ ਏ ਜੋ ਸ਼ਿਅਰ ਦੇ ਰੂਪ ਰੰਗ ਵਿਖਾਈ ਏ ਫ਼ਰੀਦ ਜੀ ਨੇ। ਹੰਸ ਚਿੱਟੇ ਰੰਗ ਦਾ ਪੱਖੋ (ਪਰਿੰਦਾ) ਏ ਜੋ ਪਾਣੀ ਤੇ ਵਾਅ ਦੇ ਸੰਗ ਜੀਵਨ ਜਾਲਦਾ ਏ। ਲੋਕ ਰੀਤ ਦਸੀਂਦੀ ਏ ਕਿ ਹੰਸ ਮੋਤੀ- ਹੀਰੇ ਖਾਂਦਾ ਏ, ਘਾਹ-ਫੂਸ,ਮਾਸ ਦੇ ਲਾਗੇ ਨਹੀਂ ਲੱਗਦਾ, ਆਹਲਣਾ ਨਹੀਂ ਪਾਉਂਦਾ, ਅਜਬ ਭੇਤ ਭਰਿਆ ਜੀਵਨ ਹੈ ਹੰਸ ਦਾ। ਹੰਸ ਸ਼ਾਇਰੀ ਵਿਚ ਇਕੱਲਾ ਨਹੀਂ ਆਇਆ ਆਪਣੀਆਂ ਸਿਫ਼ਤਾਂ ਨਾਲ਼ ਲਿਆਇਆ ਏ। ਇਹ ਫ਼ਰੀਦੀ ਦੋਹੜਾ ਨਿੱਕਾ ਜੇਹਾ ਹੰਸ ਪੇਖਣਾ (ਡਰਾਮਾ) ਸਮਝੋ। ਹੌਲਾ ਫੁੱਲ ਵਰਗਾ ਇਹ ਪੱਖੋ ਉੱਡਿਆ ਤੇ ਸਾਵਧਾਨ ਕਰ ਗਿਆ ਲੋਕਾਂ ਨੂੰ ਕਿ ਆਪਣੀ ਕੀਤੀ ਪਰਖੋ, ਕੀ ਪਏ ਕਰੇਂਦੇ ਓ। ਹੰਸ ਨੇ ਜਿਸ ਪਾਸੇ ਉਡਾਰੀ ਮਾਰੀ ਏ ਉਧਰ ਕੋਧਰਾ ਏ। ਕੋਧਰਾ ਅਨਾਜ ਦੀ ਇੱਕ ਵੰਨਕ ਏ। ਲੋਕ ਹੰਸ ਨੂੰ ਡਰਾਉਣ ਅਤੇ ਉਡਾਵਨ ਲੱਗੇ ਨੇਂ ਕੋਧਰਾ ਬਚਾਉਣ ਕੀਤੇ। ਹੰਸ ਸੋਚੀਂ ਪਿਆ ਕਿ ਵੇਖੋ ਕਮਲੇ ਲੋਕੀਂ ਜਾਂਣਦੇ ਨਹੀਂ ਕਿ ਹੰਸ ਤਾਂ ਕੋਧਰਾ ਖਾਂਦਾ ਹੀ ਨਹੀਂ, ਤੇ ਹੰਸ ਤੋਂ ਡਰ ਕਾਹਦਾ ? ਹੰਸ ਦੀ ਖਾਹਦ ਖ਼ੁਰਾਕ ਕੀ ਏ, ਲੋਕਾਂ ਨੂੰ ਨਹੀਂ ਪਤਾ, ਫਿਰ ਹੰਸ ਤੋਂ ਲੋਕਾਂ ਨੂੰ ਡਰ ਕਾਹਦਾ? ਲੋਕ ਪਿੰਡ ਏ, ਵਸੋਂ ਯਾ ਚਾਲੂ ਵਿਹਾਰ, ਲੋਕ ਲੋਕਾਈ ਵੀ ਏ। ਕੋਧਰਾ ਰਮਜ਼ ਏ ਮੱਤਾਂ, ਮੱਲ ਵਿਹਾਰ ਦੀ। ਹੰਸ ਦੀ ਕੋਧਰੇ ਵੱਲ ਉਡਾਰੀ ਏਸ ਚਾਲੂ ਵਿਹਾਰ ਲਈ ਡਰਾਵਾ ਏ, ਆਪਣੀ ਮੱਲ ਦੇ ਖੁੱਸਣ ਦਾ। ਸੋ ਇਹ ਹੰਸ ਨੂੰ ਰੋਕਦੇ ਨੇਂ ਪਏ, ਉਡਾਉਂਦੇ ਨੇਂ ਪਏ। ਹੰਸ ਅੱਤ ਹੈਰਾਨ ਹੋ ਕੇ ਅੱਖੀਆਂ ਵਿਚ ਪੁੱਛ ਜਿਹੀ ਲੈ ਕੇ ਰਾਹ ਬਦਲ ਲੈਂਦਾ ਏ ਜਿਵੇਂ ਆਖਦਾ ਹੋਵੇ:

“ਭਲਿਓ ਲੋਕੋ ਰੌਲ਼ਾ ਕਿਉਂ ਪਏ ਪਾਉਂਦੇ ਓ ਮੈਂ ਤਾਂ ਕੋਧਰਾ ਖਾਂਦਾ ਨਹੀਂ ਮੈਥੋਂ ਡਰ ਕਾਹਦਾ”। ਜਾਪਦਾ ਏ ਫ਼ਰੀਦ ਆਪ ਪੱਖੋ ਬਣ ਕੇ ਲੱਥਾ ਏ ਦੋਹੜੇ ਵਿਚ ਤੇ ਕੋਧਰੇ ਨੂੰ ਰਮਜ਼ ਬਣਾ ਕੇ ਵਰਤਿਆ ਏ, ਖ਼ਾਸ ਅਤੇ ਆਮ ਦੀ ਨਿਖੇੜ ਕਰਨ ਲਈ। ਕੋਧਰਾ ਆਮ ਅਨਾਜ ਏ ਪਰ ਖ਼ਾਸਾਂ ਦੀ ਮੱਲ ਪਾਰੋਂ ਖ਼ਾਸ ਥੀਆ ਏ। ਕੋਧਰਾ ਮੱਤਾਂ ਰਮਜ਼ ਏ ਇਸ ਸ਼ੋਹਰਤ ਤੇ ਨਾਂ ਨਾਵੇਂ ਦੀ, ਜੋ ਲੋਕਾਂ ਦੀ ਮੰਗ ਏ। ਸਾਰਾ ਭੈੜ ਬਣਿਆ ਏਸ ਮੱਲ ਪਾਰੋਂ ਈ ਹੈ। ਫ਼ਰੀਦ ਏਸ ਸਭ ਤੋਂ ਵੱਖ ਹੋ ਕੇ ਮੁਲਤਾਨ ਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਅਜੋਧਨ ਆ ਡੇਰਾ ਲਾਉਂਦਾ ਏ। ਜਿਥੇ ਆਮ ਮਾੜੇ ਨਿਮਾਣੇ ਲੋਕ ਵਸੇਂਦੇ ਨੇਂ। ਫ਼ਰੀਦ ਦਾ ਨਿੱਘਾ ਮਿੱਠਾ ਸੁਭਾਅ ਏਸ ਥਾਂ ਨੂੰ ਆਬਾਦ ਕਰੇਂਦਾ ਏ ਤੇ ਦੂਰ ਦੂਰ ਤੋਂ ਖ਼ਲਕਤ ਫ਼ਰੀਦ ਕੋਲ਼ ਵੰਝ ਜੁੜਦੀ ਏ ਆਪਣੇ ਦੁੱਖ ਸੁੱਖ ਸਾਂਝੇ ਕਰਨ ਲਈ। ਫ਼ਰੀਦ ਦੀ ਮੰਗ ਹੈ ਈ ਨਹੀਂ ਕੋਈ, ਜੋ ਉਸ ਦੇ ਆਪਣੇ ਕੋਲ਼ ਹੈ, ਸਭ ਵੰਡਦਾ ਹੈ, ਦਿਨ ਭਰ ਰਾਤ, ਤੇ ਲੋਕਾਈ ਦੇ ਦਿਲਾਂ ਵਿਚ ਵਸੇਂਦਾ ਹੈ। ਫ਼ਰੀਦ ਹੰਸ ਵਾਂਗ ਆਜ਼ਾਦ ਏ ਆਪਣੀ ਉਡਾਰੀ ਵਿਚ। ਫ਼ਰੀਦ ਦੀ ਸ਼ੋਹਰਤ ਦਿਨੋ ਦਿਨ ਪਈ ਵੱਧਦੀ ਏ। ਸ਼ੋਹਰਤ ਤੇ ਆਪਣੇ ਨਾਂ ਦੀ ਵਡਿਆਈ ਲਈ ਤਾਂ ਮੱਲ ਵਿਹਾਰ ਕਮਲਾ ਹੋਇਆ ਫਿਰਦਾ ਏ। ਫ਼ਰੀਦ ਲਈ ਇਹ ਸ਼ੋਹਰਤ ਤੇ ਨਾਂ ਬੇਈਮਾਨੀ ਹੋਏ। ਇਨ੍ਹਾਂ ਨੂੰ ਛੱਡਾ ਕੇ ਈ ਤਾਂ ਓਸ ਅਜੋਧਨ ਡੇਰਾ ਲਾਇਆ ਏ।

ਅਜੋਧਨ ਦਾ ਕਾਜ਼ੀ ਜੋ ਸ਼ੋਹਰਤ ਦਾ ਭੁੱਖਾ ਸੀ, ਫਰੀਦ ਨਾਲ ਖਲਕਤ ਦੇ ਪਿਆਰ ਤੋਂ ਸੜਦਾ ਸੀ। ਖਲਕਤ ਦੇ ਮਨ ਅੰਦਰ ਫਰੀਦ ਦੀ ਵੱਧਦੀ ਹੋਈ ਮਾਨਤਾ ਤੋਂ ਖਾਰ ਖਾਉਂਦਾ ਸੀ। ਅਖ਼ੀਰ ਜਦੋਂ ਕਾਜ਼ੀ ਤੋਂ ਜਰਨ ਨਾ ਹੋਇਆ ਤਾਂ ਮੁਲਤਾਨ ਦਰਬਾਰ ਅਪੜਿਆ ਤੇ ਜਾ ਸ਼ਿਕਾਇਤ ਕੀਤੀ, ਪਈ ਇੱਕ ਬੰਦਾ ਮਸੀਤੇ ਵੀ ਬਹਵੇ, ਸਮਾ ਵੀ ਸੁਣੇ ਤੇ ਕਦੀਂ ਨੱਚੇ ਵੀ, ਕੀ ਇਹ ਠੀਕ ਗੱਲ ਏ? ਦਰਬਾਰੀ ਅਹੁਦੇਦਾਰਾਂ ਆਖਿਆ ਕਾਜ਼ੀ ਸਾਹਿਬ ਬੁਝਾਰਤਾਂ ਨਾ ਪਾਓ, ਖੁੱਲ੍ਹ ਕੇ ਗੱਲ ਕਰੋ ਕਿਸ ਦੀ ਸ਼ਿਕਾਇਤ ਲੈ ਕੇ ਆਏ ਓ। ਕਾਜ਼ੀ ਆਖਣ ਲੱਗਾ ਫ਼ਰੀਦੂਦੀਨ ਮਸਊਦ ਦੀ ਜੋ ਅਜੋਧਨ ਰਹਿੰਦਾ ਏ। ਉਨ੍ਹਾਂ ਫ਼ਰੀਦ ਦਾ ਨਾਂ ਸੁਣਿਆ ਤਾਂ ਗੱਲ ਗਉਲੀ ਕੋਈ ਨਾ, ਤੇ ਕਾਜ਼ੀ ਦਾ ਮਕਸਦ ਨਾ ਪੂਰਾ ਹੋਇਆ।

ਫ਼ਰੀਦ ਤਾਂ ਹਰ ਦਿਲ ਅੰਦਰ ਵਸੇਂਦਾ ਹੋਇਆ। ਫ਼ਰੀਦ ਦੇ ਪ੍ਰੀਤ ਸਾਂਗਿਓਂ ਵਾਂਝਾ ਹੈ, ਇਹ ਕਾਜ਼ੀ ਜੋ ਨੇੜੇ ਬੈਠਾ ਹੈ। ਦਰਬਾਰੀ ਅਹੁਦੇਦਾਰ ਦੂਰ ਹੋ ਕੇ ਵੀ ਫ਼ਰੀਦ ਦੀ ਕਰਨੀ ਦੇ ਜਾਣੂ ਨੇਂ। ਫ਼ਰੀਦ ਦਾ ਰਿਸ਼ਤਾ ਕੁੱਲ ਮਖ਼ਲੂਕ ਨਾਲ਼ ਤਿਵੇਂ ਹੈ ਜਿਵੇਂ ਹੰਸ ਦਾ ਪਾਣੀ ਵਾਅ ਨਾਲ਼। ਹੰਸ ਵਾਂਗ ਈ ਫ਼ਰੀਦ ਵੀ ਕੋਧਰਾ ਨਹੀਂ ਖਾਂਦਾ ਤੇ ਅਜਿਹੀਆਂ ਮੋਹ ਭਰੀਆਂ ਵਸਤਾਂ ਤੋਂ ਦੁਰਾਡਾ ਏ ਜਿਹਨਾਂ ਪਿੱਛੇ ਕਾਜ਼ੀ ਵਰਗੇ ਹੋਰ ਅਨੇਕਾਂ ਸਿਕਦੇ ਨੇਂ। ਸੋ ਫ਼ਰੀਦ ਤੋਂ ਧੜਕਾ ਏ ਕਾਜ਼ੀਆਂ, ਜਾਗੀਰਦਾਰਾਂ ਤੇ ਨਾਂ ਨਾਵੇਂ ਵਾਲਿਆਂ ਨੂੰ। ਇਹ ਵਿਹਾਰੀ ਲੋਕ ਜੋ ਆਪ ਚੋਰ ਏ ਇਸ ਨੂੰ ਕੁੱਲ ਮਖ਼ਲੂਕ ਚੋਰ ਈ ਦਿਸਦੀ ਏ। ਈਹਾ ਲੋਕ ਏ ਨਾਂ ਨਾਵੇਂ ਵਾਲਿਆਂ ਦਾ, ਜੋ ਹੰਸ ਨਿਮਾਣੇ ਨੂੰ ਹੱਥਾਂ ਨਾਲ਼ ਤੇ ਟਾਹਰਾਂ ਨਾਲ਼ ਉਡਾਉਂਦਾ ਏ ਪਿਆ। ਚੋਰੀ ਵਿਜੋਗ ਏ, ਓਪਰ ਏ, ਦੂਈ ਏ। ਚੋਰੀ ਕੀਤੀ ਹੀ ਦੂਜੇ ਦੀ ਜਾਂਦੀ ਏ ਆਪਣੀ ਤੇ ਚੋਰੀ ਕਰਦਾ ਈ ਕੋਈ ਨਹੀਂ। ਹੰਸ ਓਪਰਾ ਏ ਏਸ ਚਾਲੂ ਵਿਹਾਰ ਲਈ ਸੋ ਇਸ ਦੇ ਕੋਧਰਾ ਖਾਵਣ ਦਾ ਭੈ ਹੈ ਲੋਕਾਂ ਨੂੰ। ਕਮਲੇ ਲੋਕ ਕਿਵੇਂ ਜਾਨਣ ਕਿ ਹੰਸ ਕੋਧਰਾ ਨਹੀਂ ਖਾਂਦਾ ਤੇ ਜੇ ਖਾ ਵੀ ਲਿਆ ਤੇ ਕਿਤਨਾ ਕੁ ਖਾ ਲੈਸੀ ? ਕੁਦਰਤ ਦੀ ਮਿੱਟੀ, ਵਾਅ, ਪਾਣੀ ਤੇ ਸੂਰਜ ਦੀ ਗਰਮੀ ਦੇ ਸਾਂਝ ਵਰਤਾਰੇ ਨਾਲ਼ ਪੱਕੀ ਫ਼ਸਲ ਵਿਚ ਕੁਦਰਤ ਦੀ ਬਣਾਈ ਸਾਰੀ ਮਖ਼ਲੂਕ ਦਾ ਹਿੱਸਾ ਨਾ ਹੋਏ ਤਾਂ ਉਹ ਉਪਜ ਵਿਸ ਹੋ ਜਾਂਦੀ ਏ। ਜਦੋਂ ਏਸ ਉਪਜ ਵਿਚੋਂ ਨਿਮਾਣੇ ਨੂੰ ਭੁੱਖ ਲੱਭੀ ਤਾਂ ਉਸ ਨੂੰ ਸਾਂਭਣ ਵਾਲੇ ਤੇ ਖਾਵਣ ਵਾਲੇ ਜ਼ਹਿਰ ਈ ਖਾਵਸਣ ਤੇ ਜੀਵਸਣ ਕੋਈ ਨਾ। ਏਸ ਕੋਧਰੇ ਨੂੰ ਖਾ ਕੇ ਮੱਤ ਹੋਰ ਮਾਰੀ ਜਾਣੀ ਏ। ਜਿਸ ਮੋਹ ਨੇ ਅੱਖੀਆਂ ਤੇ ਪੱਟੀ ਬੰਨ੍ਹੀ ਉਸੇ ਮੋਹ ਨੇ ਹਵਸ ਬਣ ਕੇ ਮਨ ਅੰਦਰ ਘਰ ਕਰ ਲੈਣਾ ਏ। ਅਜਿਹੀ ਮੋਹ ਤੇ ਹਵਸ ਜਿਸ ਨੇ ਥੁੜ੍ਹ ਦੇ ਖੱਪੇ ਨੂੰ ਪੂਰਨ ਈ ਨਹੀਂ ਹੋਵਣ ਦੇਣਾ। ਹੁਣ ਜਿਤਨਾ ਧਨ ਜੁੜਸੀ ਉਤਨੀ ਥੁੜ੍ਹ ਹੋਰ ਵੱਧਸੀ। ਮਨ ਦੀ ਭੁੱਖ ਮਨੁੱਖਤਾ ਵਿਚ ਵੰਡ ਕੇ ਖਾਵਣ, ਰੱਜ ਨਹੀਂ ਹੋਵਣ ਦਿੰਦੀ। ਇਹ ਜਿਤਨਾ ਖਾਵਸਣ, ਭੁੱਖ ਉਤਨੀ ਵੱਧਸੀ। ਫ਼ਰੀਦ ਜਾਣੂ ਏ ਏਸ ਭੇਤ ਦਾ ਸੌ ਪਿੰਡਾਂ ਦੀ ਮਾਲਕੀ ਦੇ ਕਾਗ਼ਜ਼ ਚਾ ਮੋੜੇ ਬਾਦਸ਼ਾਹ ਨੂੰ ਕਿ ਇਨ੍ਹਾਂ ਦੇ ਚਾਹੀਵਾਨ ਬਥੇਰੇ ਹੋਸਨ, ਇਹ ਅਸਾਡੀ ਲੋੜ ਨਹੀਂ। ਇਹ ਪਿੰਡਾਂ ਦੀ ਮਾਲਕੀ ਤੇ ਉਪਜ ਸਿਰ ਜੁੜਿਆ ਸਭ ਕੋਧਰਾ ਏ। ਰਾਸਵਾਲ ਵਿਹਾਰ ਨਹੀਂ ਜਾਣਦਾ ਕਿ ਫ਼ਰੀਦ ਨੂੰ ਸਿਕ ਨਹੀਂ, ਇਨ੍ਹਾਂ ਸ਼ੈਵਾਂ ਦੀ। ਏਸ ਸ਼ੋਹਰਤ ਤੇ ਨਾਂ ਨੇ “ਮੈਂ” ਦੇ ਬੰਨ੍ਹ ਵਿਚ ਬੰਨ੍ਹ ਮਾਰਨਾ ਏ, ਜਿਉਂਦੀ ਹੋਂਦ ਨੂੰ। ਏਸ ਕੋਧਰੇ ਸਿਰ ਜੁੜੇ ਧਨ ਦੇ ਜ਼ੋਰ ਉਪਰ ਧਿਗਾਣ, ਧ੍ਰੋ ਤੇ ਧੱਕਾ ਥੀਵਣਾ ਏ, ਸੋ ਫ਼ਰੀਦ ਏਸ ਤੋਂ ਦੁਰਾਡਾ ਚੰਗਾ ਏ।

ਹੰਸ ਦੇ ਚਿੱਟੇ ਰੰਗ ਤੇ ਉਸ ਦੇ ਧਿਆਨ ਲਾਵਣ ਪਾਰੋਂ ਉਸ ਨੂੰ ਦਰਵੇਸ਼ ਸਾਧੂ ਸੰਤ ਆਖਿਆ ਜਾਂਦਾ ਏ। ਧਨਵਾਨ ਏਸ ਚਾਲੂ ਵਿਹਾਰ ਵਿਚ ਆਪਣੇ ਆਪ ਨੂੰ ਹੰਸ ਵਿਖਾਉਣ ਕੀਤੇ ਚਿੱਟੇ ਲੀੜੇ ਤਾਂ ਪਾਉਂਦਾ ਏ, ਪਰ ਹੰਸ ਕਿਵੇਂ ਹੋਏ। ਹੰਸ ਪਿਆਰ ਦਾ ਨਿਸ਼ਾਨ ਏ, ਅਮਨ ਦਾ, ਸਫ਼ਾਈ ਦਾ। ਚਿੱਟ ਰੰਗ ਏ, ਜਿਸ ਰੰਗ ਚਾਹੋ, ਰੰਗ ਲਵੋ। ਹੰਸ ਇਨਕਾਰ ਏ ਇਸ ਖ਼ੁਰਾਕ ਦਾ, ਜਿਸਦੀ ਖੋਹ ਖੱਸ ਪਿੱਛੇ ਲੜਾਈ ਦੇ ਪਿੜ ਬੱਝੇ ਹੋਏ ਨੇਂ। ਹੰਸ ਇਨਕਾਰ ਏ ਏਸ ਚਾਲੂ ਵਿਹਾਰ ਦਾ ਜੋ ਕੁਦਰਤ ਤੋਂ ਵੱਖ ਹੋ ਕੇ ਉਸਾਰਿਆ ਗਿਆ ਏ। ਜਿਸ ਵਿਚ ਸਬੰਧ ਨਫ਼ੇ ਕੁ ਨਫ਼ੇ ਨਾਲ਼ ਜੁੜੇ ਹੋਏ ਨੇਂ। ਹੰਸ ਇਕਾਈ ਦਾ ਨਿਸ਼ਾਨ ਬਣ ਲੱਥਾ ਏ ਦੋਹੜੇ ਵਿਚ, ਵਾਅ, ਪਾਣੀ, ਮਿੱਟੀ ਨਾਲ਼ ਇੱਕ ਸੁਰ ਏ ਸੋ ਉਹ ਵਾਅ ਦੇ ਸੰਗ ਉੱਡਦਾ ਤੇ ਪਾਣੀ ਸੰਗ ਤਰਦਾ ਏ, ਬੇਚਿੰਤ ਹੋ ਕੇ। ਫ਼ਰੀਦ ਤਾਂ ਕੁਰਬਾਨ ਹੈ ਇਨ੍ਹਾਂ ਪੱਖੋਆਂ ਤੋਂ ਜੋ ਜੰਗਲ਼ ਵਾਸੀ ਨੇਂ ਤੇ ਜੋ ਖਾਵਣ ਨੂੰ ਲੱਭ ਜਾਵੇ ਖਾ ਕੇ ਰਾਜ਼ੀ ਰਹਿੰਦੇ ਨੇਂ। ਸਾਂਭ ਜੋੜ ਕੇ ਜਮ੍ਹਾਂ ਨਹੀਂ ਕਰਦੇ ਇਸੇ ਲਈ ਚੋਰੀ ਦਾ ਧੜਕਾ ਵੀ ਨਹੀਂ ਹੁੰਦਾ। ਇਹੀ ਆਜ਼ਾਦੀ ਏ ਪੱਖੋਆਂ ਦੀ, ਇਹੀ ਜੀਵਨ ਜੋ ਕੁਦਰਤ ਦਾਨ ਕੀਤਾ। ਖ਼ਬਰੇ ਫ਼ਰੀਦ ਪੱਖੋ ਦਾ ਜੀਵਨ ਵਿਖਾਲ ਕੇ ਸੰਗ ਜੁੜਿਆਂ ਨੂੰ ਸੋਚ, ਸੇਧ ਦਿੱਤੀ ਏ। ਲੋਕਾਈ ਨੂੰ ਸਾਵਧਾਨ ਕੀਤਾ ਏ ਜੋ ਆਪਣੀ ਕੀਤੀ ਪਰਖੋ ਤੇ ਵੇਖੋ ਜੀਵਨ ਰੰਗ ਹੰਸ ਦਾ।

ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥ ਪੰਨਾ 1383, ਬਾਬਾ ਫਰੀਦ ਜੀ

 

-0-

Leave a Reply

Your email address will not be published. Required fields are marked *