ਟਾਪਪੰਜਾਬ

ਤੇਰੀ ਸਾਦਗੀ ਤੋਂ ਜਾਵਾਂ ਕੁਰਬਾਨ ਹੀਰੇ..! ਸਿੱਖਿਆ ਕ੍ਰਾਂਤੀ ਰਿਬਨਾਂ ਦਾ ਹੜ੍ਹ, ਪੱਥਰਾਂ ਦੀ ਹਨੇਰੀ..! ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ’ਚ ‘ਪੰਜਾਬ ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਤਹਿਤ ਉਦਘਾਟਨੀ ਪੱਥਰਾਂ ਦੀ ਹਨੇਰੀ ਲਿਆਏਗੀ। ਸੱਤ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਇਹ ਪ੍ਰੋਗਰਾਮ 31 ਮਈ ਤੱਕ ਸਕੂਲਾਂ ’ਚ ਚੱਲਣਗੇ ਅਤੇ ਇਨ੍ਹਾਂ 55 ਦਿਨਾਂ ’ਚ ਸਰਕਾਰੀ ਸਕੂਲਾਂ ’ਚ ਮੁੱਖ ਮਹਿਮਾਨਾਂ ਵੱਲੋਂ ਰਿਬਨ ਕੱਟੇ ਜਾਣਗੇ, ਉਦਘਾਟਨੀ ਪੱਥਰਾਂ ਤੋਂ ਪਰਦੇ ਹਟਣਗੇ ਅਤੇ ਸਕੂਲਾਂ ’ਚ ਉਤਸਵੀ ਮਾਹੌਲ ਬੱਝੇਗਾ। ਲੰਘੇ ਤਿੰਨ ਵਰਿ੍ਹਆਂ ’ਚ ਜਿੰਨੇ ਕੰਮ ਵੀ ਸਕੂਲਾਂ ਵਿੱਚ ਹੋਏ ਹਨ, ਉਨ੍ਹਾਂ ਦੇ ਉਦਘਾਟਨੀ ਦਾ ਮਹੂਰਤ 7 ਅਪਰੈਲ ਤੋਂ ਹੋਵੇਗਾ। ਮੁੱਖ ਮੰਤਰੀ, ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਮੇਅਰ ਆਦਿ ਇਨ੍ਹਾਂ ਸਮਾਗਮਾਂ ਦੇ ਮੁੱਖ ਮਹਿਮਾਨ ਹੋਣਗੇ।
ਸਿੱਖਿਆ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਸ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ। ਉਪਰੋਕਤ 55 ਦਿਨਾਂ ’ਚ 10,500 ਸਕੂਲਾਂ ਵਿੱਚ ਸਮਾਗਮ ਹੋਣਗੇ ਜਿਨ੍ਹਾਂ ’ਚ ਕਰੀਬ 25 ਹਜ਼ਾਰ ਕੰਮਾਂ ਦੇ ਉਦਘਾਟਨ ਹੋਣਗੇ। ਛੇ ਹਜ਼ਾਰ ਐਲੀਮੈਂਟਰੀ ਸਕੂਲ ਹਨ। ਕੇਂਦਰੀ ਅਤੇ ਸੂਬਾਈ ਫ਼ੰਡਾਂ ਨਾਲ ਲੰਘੇ ਤਿੰਨ ਵਰਿ੍ਹਆਂ ’ਚ ਕਰੀਬ ਇੱਕ ਹਜ਼ਾਰ ਕਰੋੜ ਦੇ ਫ਼ੰਡਾਂ ਨਾਲ ਸਕੂਲਾਂ ਵਿੱਚ ਕੰਮ ਹੋਏ ਹਨ। ਉਦਘਾਟਨੀ ਪੱਥਰ ਲਈ ਪੰਜ ਹਜ਼ਾਰ ਰੁਪਏ ਵੱਖਰੇ ਦਿੱਤੇ ਜਾਣਗੇ। ਮਿਸਾਲ ਦੇ ਤੌਰ ’ਤੇ ਅਗਰ ਇੱਕ ਸਕੂਲ ’ਚ ਤਿੰਨ ਵੱਖ ਵੱਖ ਕੰਮ ਹੋਏ ਹਨ ਤਾਂ ਤਿੰਨ ਵੱਖੋ ਵੱਖਰੇ ਕੰਮਾਂ ਦੇ ਪੱਥਰ ਰੱਖੇ ਜਾਣਗੇ।
ਸੂਤਰ ਦੱਸਦੇ ਹਨ ਕਿ ਇਨ੍ਹਾਂ ਸਮਾਗਮਾਂ ਲਈ ਕਰੀਬ 25 ਕਰੋੜ ਦੇ ਫ਼ੰਡ ਰੱਖੇ ਗਏ ਹਨ। ਪੱਤਰ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਨੂੰ 20 ਹਜ਼ਾਰ ਰੁਪਏ, ਸੈਕੰਡਰੀ ਸਕੂਲ ਨੂੰ 10 ਹਜ਼ਾਰ ਰੁਪਏ ਅਤੇ ਐਲੀਮੈਂਟਰੀ ਸਕੂਲ ਨੂੰ ਪੰਜ ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ ਪ੍ਰਤੀ ਪੱਥਰ ਪੰਜ ਹਜ਼ਾਰ ਰੁਪਏ ਵੱਖਰੇ ਰੱਖੇ ਗਏ ਹਨ। ਸਟੈਂਡਰਡ ਸਾਈਜ਼ ’ਤੇ ਗ੍ਰੇਨਾਈਟ ਪੱਥਰ ਹੋਣਗੇ। ਉਦਘਾਟਨੀ ਸਮਾਗਮਾਂ ਲਈ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਕਪਤਾਨਾਂ ਦੀ ਵੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਸਮਾਗਮਾਂ ਵਾਲੇ ਸਕੂਲ ਦਾ ਮਾਹੌਲ ਉਤਸਵੀ ਬਣਾਉਣ ਲਈ ਕਿਹਾ ਗਿਆ ਹੈ।
ਸਮਾਗਮਾਂ ਵਾਲੇ ਦਿਨ ਰਿਬਨ ਕੱਟਣ ਦੀ ਰਸਮ ਹੋਵੇਗੀ। ਜਗ੍ਹਾ ਸਜਾਈ ਜਾਵੇਗੀ ਅਤੇ ਰੰਗੋਲੀ ਬਣਾਉਣ ਲਈ ਕਿਹਾ ਗਿਆ ਹੈ। ਫੁੱਲ ਤੇ ਬੈਨਰ ਮਾਹੌਲ ’ਚ ਰੰਗ ਭਰਨਗੇ। ਚੰਗੀ ਕੁਆਲਿਟੀ ਦੇ ਸਪੀਕਰ ਅਤੇ ਸਾਊਂਡ ਸਿਸਟਮ ਸਮੇਤ ਮਾਈਕ੍ਰੋਫ਼ੋਨ ਦਾ ਪ੍ਰਬੰਧ ਕਰਨ ਦੀ ਹਦਾਇਤ ਹੈ। ਸਮਾਗਮਾਂ ਦੀਆਂ ਹਾਈ ਕੁਆਲਿਟੀ ਤਸਵੀਰਾਂ ਅਤੇ ਵੀਡੀਓਜ਼ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਗਰੁੱਪ ਫ਼ੋਟੋ ਵੀ ਹੋਵੇਗੀ। ਸਕੂਲ ਮੁਖੀ ਨੂੰ ਸਮਾਗਮ ਦੇ ਸਮੁੱਚੇ ਪ੍ਰਚਾਰ ਕਰਨ ਦੀ ਡਿਊਟੀ ਵੀ ਲਗਾਈ ਗਈ ਹੈ। ਸਮਾਗਮਾਂ ਦੌਰਾਨ ਵਿਦਿਆਰਥੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ ਅਤੇ ਇਸ ਮੌਕੇ ਰਿਫਰੈਸ਼ਮੈਂਟ ਵੀ ਦਿੱਤੀ ਜਾਣੀ ਹੈ।
ਇਨ੍ਹਾਂ ਸਮਾਗਮਾਂ ਦੀ ਭੱਲ ਬਣਾਉਣ ਲਈ ਸਕੂਲ ਮੁਖੀ ਬੱਚਿਆਂ ਦੇ ਮਾਪਿਆਂ ਜਾਂ ਗਰੈਂਡ ਪੇਰੈਂਟਸ ਦੀ ਹਾਜ਼ਰੀ ਯਕੀਨੀ ਬਣਾਉਣਗੇ। ਇਲਾਕੇ ਦੇ ਪੰਚ ਸਰਪੰਚ, ਕੌਂਸਲਰ ਅਤੇ ਹੋਰ ਹਸਤੀਆਂ ਦੀ ਸ਼ਮੂਲੀਅਤ ਕਰਾਉਣ ਦੀ ਵੀ ਹਦਾਇਤ ਹੈ। ਸਮਾਗਮ ਤੋਂ ਇੱਕ ਦਿਨ ਪਹਿਲਾਂ ਸਕੂਲ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਫ਼ੋਨ ਕਾਲ ਕਰਕੇ ਵੀ ਸਮਾਗਮ ਦਾ ਚੇਤਾ ਵੀ ਕਰਾਉਣਗੇ। ਸਮਾਗਮਾਂ ਵਾਲੇ ਦਿਨ ‘ਮਾਪੇ ਅਧਿਆਪਕ ਮਿਲਣੀ’ ਪ੍ਰੋਗਰਾਮ ਕਰਨ ਦੀ ਵੀ ਹਦਾਇਤ ਹੈ।
ਪੱਤਰ ਅਨੁਸਾਰ ਲੰਘੇ ਤਿੰਨ ਸਾਲਾਂ ’ਚ 6812 ਸਕੂਲਾਂ ’ਚ ਨਵੀਂ ਚਾਰਦੀਵਾਰੀ ਜਾਂ ਚਾਰਦੀਵਾਰੀ ਦੀ ਮੁਰੰਮਤ ਹੋਈ ਹੈ ਅਤੇ 5399 ਨਵੇਂ ਕਲਾਸ ਰੂਮ ਤਿਆਰ ਕੀਤੇ ਗਏ ਹਨ। 2934 ਸਕੂਲਾਂ ਵਿੱਚ 2976 ਪਖਾਨੇ ਬਣਾਏ ਗਏ ਹਨ ਜਦੋਂ ਕਿ 7166 ਪਖਾਨੇ ਮੁਰੰਮਤ ਕੀਤੇ ਗਏ ਹਨ। ਇਸੇ ਤਰ੍ਹਾਂ 1.16 ਲੱਖ ਡਬਲ ਡੈਸਕ, ਟੇਬਲ ਅਤੇ ਕੁਰਸੀਆਂ ਦਿੱਤੀਆਂ ਗਈਆਂ ਹਨ। 359 ਸਕੂਲਾਂ ਵਿਚ ਖੇਡ ਦੇ ਮੈਦਾਨ ਬਣਾਏ ਗਏ ਹਨ। ਜਾਣਕਾਰੀ ਅਨੁਸਾਰ ਪਹਿਲੀ ਵਾਰ ਏਨੀ ਵੱਡੀ ਪੱਧਰ ’ਤੇ ਸਰਕਾਰ ਵੱਲੋਂ ਉਦਘਾਟਨੀ ਪੱਥਰ ਰੱਖੇ ਜਾਣੇ ਹਨ।
ਮਾਹੌਲ ਨੂੰ ਸਿਆਸੀ ਪੁੱਠ ਚੜ੍ਹੇਗੀ : ਡੀਟੀਐਫ
ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ 55 ਦਿਨ ਦਾ ਪ੍ਰੋਗਰਾਮ ਵੀਆਈਪੀ ਕਲਚਰ ਦੀ ਮਿਸਾਲ ਬਣੇਗੀ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਪੁੱਠ ਚੜ੍ਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਇੱਕ ਤਰੀਕੇ ਨਾਲ ‘ਈਵੈਂਟ ਮੈਨੇਜਰ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ਜ਼ੂਲ ਖ਼ਰਚੀ ਦੀ ਥਾਂ ਸਕੂਲੀ ਭਲਾਈ ਲਈ ਫ਼ੰਡ ਦੇਣੇ ਚਾਹੀਦੇ ਹਨ।

Leave a Reply

Your email address will not be published. Required fields are marked *