ਟਾਪਫ਼ੁਟਕਲ

ਦਫਤਰਾਂ ‘ਚ ਕੰਮ ਕਰਦੀਆਂ ਕੁੜੀਆਂ ?? ਡਾ.ਦਵਿੰਦਰ ਖੁਸ਼ ਧਾਲੀਵਾਲ

ਭਾਰਤ ‘ਚ ਪਹਿਲਾਂ ਤਾਂ ਨੌਜਵਾਨਾਂ ਨੂੰ ਨੌਕਰੀ ਹੀ ਬੜੀ ਘੱਟ ਮਿਲ਼ਦੀ ਹੈ, ਸਰਕਾਰੀ ਅਦਾਰੇ ਤਾਂ ਭੁੱਲ ਹੀ ਜਾਓ ਨਿੱਜੀ ਖੇਤਰਾਂ ‘ਚ ਵੀ ਔਖੀ ਹੀ ਮਿਲ਼ਦੀ ਹੈ ਤੇ ਜੇ ਮਿਲ਼ ਵੀ ਜਾਵੇ ਤਾਂ ਵੀ ਨੌਕਰੀ ਕਰਨੀ ਕੋਈ ਬਹੁਤੀ ਸੌਖੀ ਨਹੀਂ ਹੈ ਉਹ ਵੀ ਖਾਸ ਕਰ ਕੁੜੀਆਂ ਲਈ। ਕਿਉਂਕਿ ਭਾਰਤ ਵਿੱਚ ਕੁੜੀਆਂ ਦੀ ਹਾਲਤ ਤਾਂ ਇਹ ਹੈ ਕਿ ਬਹੁਤੇ ਮਰਦ, ਨਹੀਂ ਸਿਰਫ ਮਰਦ ਹੀ ਨਹੀਂ ਪਿਛਲੀ ਪੀੜੀ ਦੇ ਬਹੁਤੇ ਮਰਦ-ਔਰਤਾਂ ਦੋਵੇਂ ਹੀ ਇਹੋ ਸਮਝਦੇ ਹਨ ਕਿ ਕੁੜੀਆਂ ਦਾ ਕੰਮ ਭਾਡਿਆਂ-ਟੀਂਡਿਆਂ ਦਾ ਹੀ ਹੁੰਦਾ ਹੈ। ਭਾਵੇਂ ਸਮੇਂ ਦੀ ਚਾਲ ਨੇ ਲੋਕਾਂ ਦੀ ਇਹ ਧਾਰਨਾ ਤਾਂ ਕਾਫੀ ਹੱਦ ਤੱਕ ਬਦਲੀ ਹੈ ਪਰ ਉਹਨਾਂ ਦੇ ਅੰਦਰ ਵਸਦਾ ਮੱਧਯੁੱਗੀ ਭਾਰਤੀ ਅੱਜ ਵੀ ਖੁੱਲ ਕੇ ਇਹ ਮੰਨਣ ਨੂੰ ਤਿਆਰ ਨਹੀਂ ਕਿ ਕੁੜੀਆਂ ਦਾ ਬਾਹਰ ਕੰਮ ਕਰਨਾ ਠੀਕ ਹੈ। ਉਹ ਚਾਹੁੰਦਾ ਹੈ ਕਿ ਕੁੜੀ ਘਰੇ ਹੀ ਥੋੜਾ ਬਹੁਤਾ ਟਿਊਸ਼ਨ ਵਗੈਰਾ ਜਾਂ ਸਿਲਾਈ-ਕਢਾਈ ਦਾ ਕੰਮ ਕਰਦੀ ਰਹੇ ਤੇ ਡੰਗ ਟਪਾਉਂਦੀ ਰਹੇ ਪਰ ਸਮੇਂ ਦੀ ਚਾਲ ਤੇ ਸਮੇਂ ਦੀਆਂ ਲੋੜਾਂ ਉਸ ਦੀ ਏਸ ਸੋਚ ‘ਤੇ ਕੁਹਾੜਾ ਤਾਂ ਮਾਰ ਹੀ ਰਹੀਆਂ ਹਨ। ਤੇ ਕੁੜੀਆਂ ਹੁਣ ਕਈ ਅਦਾਰਿਆਂ ‘ਚ ਕੰਮ ਕਰ ਵੀ ਰਹੀਆਂ ਹਨ ਪਰ ਜਿਵੇਂ ਹੀ ਕੁੜੀ ਕੰਮ ਲਈ ਘਰੋਂ ਨਿੱਕਲ਼ਦੀ ਹੈ ਉਸ ਬਾਰੇ ਰਾਹ ‘ਚ ਖੜੇ ਲੋਕ ਅੰਦਾਜ਼ਾ ਲਾਉਣ ਲੱਗਦੇ ਹਨ। ਇਹ ਅੰਦਾਜ਼ੇ ਲਾਉਣ ਵਾਲ਼ਿਆਂ ਨੂੰ ਲੱਗਦਾ ਹੈ ਕਿ ਕੰਮ ‘ਤੇ ਜਾਂਦੀਆਂ ਕੁੜੀਆਂ ਲਗਭਗ ਚਰਿੱਤਰਹੀਣ ਹੀ ਹੁੰਦੀਆਂ ਹਨ ਤੇ ਉਹਨਾਂ ਦੀਆਂ ਇਹਨਾਂ ਧਾਰਨਾਵਾਂ ਨੂੰ ਪੱਕਿਆਂ ਕਰਦੀਆਂ ਹਨ ਸਾਡੇ ਦੇਸ਼ ਦੀਆਂ ਬਹੁਤੀਆਂ ਫਿਲਮਾਂ। ਜਿੱਥੇ ਦਫ਼ਤਰ ‘ਚ ਕੰਮ ਕਰਨ ਵਾਲ਼ੀ ਕੁੜੀ ਦਾ ਉਸਦੇ ਬੌਸ ਨਾਲ਼ ਜਾਂ ਤਾਂ ਚੱਕਰ ਹੁੰਦਾ ਹੈ ਤੇ ਜਾਂ ਉਹ ਚੱਕਰ ਚਲਾਉਣਾ ਚਾਹੁੰਦੀ ਹੁੰਦੀ ਹੈ। ਤੇ ਇਵੇਂ ਹੀ ਇਹ ਫਿਲਮਾਂ ਨਾਟਕ ਘਰਾਂ ‘ਚ ਕੰਮ ਕਰਨ ਵਾਲ਼ੀਆਂ ਔਰਤਾਂ ਬਾਰੇ ਪਰਦਾਪੇਸ਼ੀ ਕਰਦੇ ਹਨ। ਉਸ ਵਿੱਚ ਵੀ ਕੰਮ ਕਰਨ ਆਈ ਔਰਤ ਬਾਰੇ ਵੀ ਇਵੇਂ ਹੀ ਦਿਖਾਇਆ ਜਾਂਦਾ ਹੈ ਜੋ ਹਮੇਸ਼ਾਂ ਆਪਣੇ ਮਾਲਕ ਨੂੰ ਰਿਝਾਉਣ ‘ਚ ਜਾਂ ਹੋਰ ਘਟੀਆ ਉਹਨਾਂ ਨੂੰ ਚੋਰੀਆਂ, ਚਲਾਕੀ ਕਰਦਿਆਂ ਬਹੁਤ ਦਿਖਾਇਆ ਜਾਂਦਾ ਹੈ। ਮੁੜ ਇਹ ਫਿਲਮਾਂ ਨਾਟਕ ਵੱਖ-ਵੱਖ ਤਬਕਿਆਂ ਦੀਆਂ ਔਰਤਾਂ ਬਾਰੇ ਵੱਖ-ਵੱਖ ਰਾਇ ਆਮ ਲੋਕਾਈ ‘ਚ ਬਣਾ ਜਾਂਦੀਆਂ ਹਨ। ਜਿਵੇਂ ਨਾਟਕਾਂ ‘ਚ ਸਹੀ ਔਰਤ ਉਹੋ ਹੁੰਦੀ ਹੈ ਜੋ ਗਹਿਣਾ ਗੱਟਾ ਪਾ ਰੇਸ਼ਮੀ ਸਾੜੀ ਲਾ ਸੱਸ ਦੇ ਸਵੇਰੇ-ਸਵੇਰੇ ਪੈਰੀਂ ਹੱਥ ਲਾਵੇ। ਤੇ ਨਾਟਕਾਂ ਫਿਲਮਾਂ ‘ਚ ਮਰਦ ਹੀ ਸਾਰੇ ਦਫ਼ਤਰੀ ਤੇ ਬਾਹਰੀ ਕੰਮ ਕਰਦੇ ਹਨ। ਔਰਤਾਂ ਨਾਲ਼ ਉਹਨਾਂ ਦੀ ਬਹੁਤੀ ਲੱਫਾਜੀ ਹੁੰਦੀ ਹੀ ਨਹੀਂ ਕਿਉਂਕਿ ਇਹ ਬਹੁਤ ਬੇਲੋੜਾ ਬੋਲਦੀਆਂ ਹਨ। ਇਸੇ ਤਰਾਂ ਔਰਤਾਂ ‘ਚ ਦੇਖੇ ਜਾਣ ਵਾਲ਼ੇ ਇਹ ਨਾਟਕ ਔਰਤਾਂ ਵਿੱਚ ਔਰਤ ਵਿਰੋਧੀ ਸੋਚ ਭਰ ਜਾਂਦੇ ਹਨ ਤੇ ਘਰਾਂ ਦੇ ਬਾਹਰ ਬੈਠਿਆਂ ਨੂੰ ਰਾਹ ‘ਚ ਖੜਿਆਂ ਨੂੰ ਜਾਂ ਹੱਟੀ ‘ਤੇ ਅਇਆਂ ਨੂੰ ਸਵੇਰੇ-ਸਵੇਰੇ ਕੰਮ ਲਈ ਦੇਰ ਹੋਣ ਕਾਰਨ ਕਾਹਲੀ-ਕਾਹਲੀ ਭੱਜੀ ਜਾਂਦੀ ਕੁੜੀ ਕੋਈ ਗਲ਼ਤ ਜਿਹੀ ਸ਼ੈਅ ਲੱਗਦੀ ਹੈ। ਜਿਸ ਵੱਲ ਦੇਖ ਉਹਨਾਂ ਦੇ ਮੂੰਹ ਖੁੱਲੇ ਤੇ ਅੱਖਾਂ ਬਾਹਰ ਰਹਿ ਜਾਂਦੀਆਂ ਹਨ।

ਇਹ ਤਾਂ ਸਿਰਫ਼ ਬਾਹਰ ਤੁਰੇ ਜਾਂਦੇ ਮੁਸ਼ਟੰਡੇ, ਘਰੇਲੂ ਜਾਂ ਰਿਟਾਇਰਡ ਲੋਕਾਂ ਦੇ ਵਿਚਾਰ ਸਨ। ਦਫ਼ਤਰਾਂ ਦੇ ਅੰਦਰ ਵੀ ਕੁੜੀਆਂ ਦੀ ਜ਼ਿੰਦਗੀ ਕੋਈ ਅਸਲੋਂ ਸੌਖੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਮਿਹਨਤਾਨੇ ‘ਤੇ ਰੱਖਿਆ ਜਾਂਦਾ ਹੈ ਕਿਉਂਕਿ ਕੁੜੀਆਂ ਨੂੰ ਇੰਨਾ ਕਾਬਿਲ ਸਮਝਿਆ ਹੀ ਨਹੀਂ ਜਾਂਦਾ ਕਿ ਉਹ ਕੰਮ ਕਰ ਸਕਣਗੀਆਂ। ਦੂਜਾ ਉਹਨਾਂ ਨੂੰ ਬਹੁਤ ਹੀ ਅਕਾਊ ਤੇ ਕਾਗਜ਼ੀ ਜਿਹੇ ਕੰਮ ਹੀ ਦਿੱਤੇ ਜਾਂਦੇ ਹਨ, ਜਿੱਥੇ ਉਹ ਕਦੇ ਆਪਣੀ ਕਾਬਲੀਅਤ ਦਿਖਾ ਵੀ ਨਹੀਂ ਸਕਦੀਆਂ। ਕੁੜੀਆਂ ਨੂੰ ਕਾਬਲ ਨਾ ਸਮਝਣਾ, ਬੇਵਕੂਫ ਸਮਝਣ ਦਾ ਵੀ ਰੁਝਾਨ ਆਮ ਜਿਹਾ ਹੀ ਹੈ। ਹੁਣ ਤਾਂ ਇਹ ਸੋਸ਼ਲ ਮੀਡੀਆ ‘ਤੇ ਹੋਰ ਘਿਣਾਉਣੇ ਤਰੀਕੇ ਨਾਲ਼ ਪੇਸ਼ ਕੀਤਾ ਜਾਂਦਾ ਹੈ। ਫਿਲਮਾਂ ‘ਚ ਵੀ ਕੁੱਝ ਘੱਟ ਨਹੀਂ ‘ਪਿਆਰ ਕਾ ਪੰਚਨਾਮਾਂ’ ਫਿਲਮ ਦੀ ਸੀਰੀਜ਼ ਇਸੇ ਦੀ ਉਦਾਹਰਣ ਹੈ। ਇਹ ਫਿਲਮਾਂ ਕੁੜੀਆਂ ਨੂੰ ਬੇਵਕੂਫ ਸਿਰਫ ਦੱਸਦੀਆਂ ਹੀ ਨਹੀਂ ਸਗੋਂ ਸਿੱਧ ਕਰਨ ਤੱਕ ਜਾਂਦੀਆਂ ਹਨ। ਹੱਸਦੇ-ਹੱਸਦੇ ਲੋਕ ਕਦੋਂ ਔਰਤਾਂ ਬਾਰੇ ਭੱਦੇ ਮਜ਼ਾਕ ਕਰਨ ਲੱਗ ਜਾਂਦੇ ਹਨ ਸਾਨੂੰ ਪਤਾ ਹੀ ਨਹੀਂ ਲੱਗਦਾ।

ਨੌਕਰੀ ਲੱਭਦੀਆਂ ਜਾਂ ਇੰਟਰਵਿਊ ਦਿੰਦੀਆਂ ਕੁੜੀਆਂ ਬਹੁਤੇ ਅਫਸਰਾਂ ਨੂੰ ਉਪਲਬਧ ਹੀ ਲੱਗਦੀਆਂ ਹਨ। ਕੁੜੀਆਂ ਨੂੰ ਦਫ਼ਤਰਾਂ ਵਿੱਚ ਕਈ ਅਫ਼ਸਰਾਂ ਵੱਲੋਂ ਲਗਾਤਾਰ ਸ਼ੋਸ਼ਣ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਵਿੱਚ ਉਹਨਾਂ ‘ਤੇ ਭੱਦੀਆਂ ਟਿੱਪਣੀਆਂ ਤੋਂ ਲੈ ਕੇ ਤਾੜਣ ਤੱਕ ਸਭ ਦਾ ਸਾਹਮਣਾ ਹੁੰਦਾ ਹੈ। ਕਈ ਵਾਰ ਤਾਂ ਅਫ਼ਸਰ ਇਸੇ ਮੌਕੇ ਦੀ ਤਾੜ ‘ਚ ਹੀ ਰਹਿੰਦੇ ਹਨ ਕਿ ਕੁੜੀ ਨੂੰ ਉਹਨਾਂ ਤੱਕ ਕੋਈ ਕੰਮ ਪਵੇ ਹੀ ਸਹੀ। ਸਿਰਫ ਅਫ਼ਸਰ ਹੀ ਨਹੀਂ ਕਈ ਨਾਲ਼ ਦਾ ਸਟਾਫ਼ ਵੀ ਕੁੜੀ ਦੇ ਹੁੰਦੇ ਪ੍ਰਮੋਸ਼ਨ ਜਾਂ ਉਸਦੀ ਤਨਖ਼ਾਹ ਵਧਣ ਨੂੰ ਉਸਦੇ ਚਰਿੱਤਰ ਨਾਲ਼ ਜੁੜਿਆ ਵੇਖਦੇ ਹਨ। ਤੇ ਇਸ ਸਭ ਦਾ ਜੇ ਉਹ ਵਿਰੋਧ ਕਰਨ ਤਾਂ ਨੌਕਰੀ ‘ਤੇ ਸਦਾ ਤਲਵਾਰ ਲਟਕਦੀ ਹੀ ਰਹਿੰਦੀ ਹੈ। ਕਈ ਭਲੇ ਜਿਹੇ ਲੋਕ ਏਸ ਮਾਮਲੇ ਵਿੱਚ ਇਹ ਰਾਇ ਰੱਖਦੇ ਹਨ ਕਿ ਕੁੜੀਆਂ ਲਈ ਪ੍ਰਾਈਵੇਟ ਦਫ਼ਤਰਾਂ, ਕੰਪਨੀਆਂ ‘ਚ ਕੰਮ ਕਰਨ ਨਾਲ਼ੋਂ ਸਕੂਲਾਂ, ਕਾਲਜਾਂ ‘ਚ ਪੜਾਉਣਾ ਹੀ ਠੀਕ ਹੈ। ਪਰ ਇਹ ਰਾਇ ਵੀ ਤਾਂ ਗਲਤ ਹੀ ਹੈ। ਹੁਣ ਇੱਕ ਗੱਲ ਤਾਂ ਇਹ ਵੀ ਹੈ ਕਿ ਸਿੱਖਿਆ ਖੇਤਰ ‘ਚ ਸਰਕਾਰੀ ਨੌਕਰੀਆਂ ਨਾਂਹ ਬਰਾਬਰ ਹੀ ਹਨ ਤੇ ਨਿੱਜੀ ‘ਚ ਮਿਹਨਤਾਨਾ ਹੀ ਇੰਨਾਂ ਘੱਟ ਹੁੰਦਾ ਜੋ ਇਕੱਲੇ ਦੇ ਡੰਗ ਟਪਾਉਣ ਲਈ ਵੀ ਨਕਾਫੀ ਹੁੰਦਾ ਹੈ। ਸਰਕਾਰ ਵੀ ਭਾਵੇਂ ਕਿੰਨਾ ‘ਬੇਟੀ ਬਚਾਉ, ਬੇਟੀ ਪੜਾਉ’ ਦੇ ਰਾਗ ਅਲਾਪਦੀ ਰਵੇ ਪਰ ਅੰਦਰੋਂ ਇਹ ਕਿੰਨਾਂ ਕੁ ਕੁੜੀਆਂ ਦੀ ਸਮਾਜਿਕ ਆਰਥਕ ਬਰਾਬਰੀ ਦੀ ਗੱਲ ਕਰਦੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਦੀ ਏਸ ਟਿੱਪਣੀ ਤੋਂ ਹੀ ਪਤਾ ਲੱਗਦਾ ਹੈ: “ਜੇ ਕੁੜੀ ਜੰਮੇ ਤਾਂ ਪੰਜ ਰੁੱਖ ਲਗਾਓ, ਇਹ ਉਸਦੇ ਵਿਆਹ ਵੇਲ਼ੇ ਪੈਸੇ ਜਟਾਉਣ ‘ਚ ਤੁਹਾਡੀ ਮਦਦ ਕਰਨਗੇ”। ਸੰਘ ਦੀ ਛਤਰ ਛਾਇਆ ਹੇਠ ਪਲ਼ੇ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ। ਹੁਣ ਏਸ ਟਿੱਪਣੀ ਨੂੰ ਹੀ ਦੇਖੀਏ ਤਾਂ ਕਿ ਕੁੜੀ ਦੀ ਜ਼ਿੰਦਗੀ ਦਾ ਇੱਕੋ-ਇੱਕ ਟੀਚਾ ਵਿਆਹ ਹੀ ਹੈ? ਇਹੋ ਜਿਹਿਆਂ ਲਈ ਕੁੜੀ ਦੀ ਜ਼ਿੰਦਗੀ ਦੇ ਤਿੰਨ ਕਾਲ ਬਚਪਨ, ਵਿਆਹ ਤੇ ਬੁਢਾਪਾ ਹੁੰਦੇ ਹਨ। ਜਦ ਇਹ ਔਰਤ ਦੀ ਮਾਣ-ਸਨਮਾਨ ਦੀ ਗੱਲ ਕਰਦਾ ਹੈ ਤਾਂ ਇਸ ਦੇ ਕਹਿਣ ਦਾ ਭਾਵ ਉਹਨਾਂ ਔਰਤਾਂ ਤੋਂ ਹੁੰਦਾ ਹੈ ਜੋ ਸਿਰ ਕੱਜ ਕੇ ਰੱਖਦੀਆਂ, ਚੁੱਪ ਰਹਿੰਦੀਆਂ ਘਰੇ ਰੋਟੀ ਟੁੱਕਰ ਦਾ ਕੰਮ ਕਰਦੀਆਂ ਹਨ। ਬੜਬੋਲੀਆਂ, ਸਿਆਸੀ ਰਾਇ ਰੱਖਣ ਵਾਲ਼ੀਆਂ ਅਤੇ ਬਾਹਰ ਕੰਮ ਕਰਨ ਵਾਲ਼ੀਆਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਇਹੋ ਜਿਹੀ ਸੌੜੀ ਸੋਚ ਵਾਲ਼ਿਆਂ ਦਾ ਇਲਾਜ਼ ਤੇ ਆਪਣੀਆਂ ਇਹਨਾਂ ਹਾਲਤਾਂ ਦੇ ਹੱਲ ਵੀ ਹੁਣ ਕੁੜੀਆਂ ਨੂੰ ਆਪ ਹੀ ਕਰਨੇ ਪੈਣਗੇ ਤੇ ਇਹ ਕਿਸੇ ਨਾਰੀਵਾਦੀ ਨਜ਼ਰੀਏ ਤੋਂ ਕਦੇ ਵੀ ਸੰਭਵ ਨਹੀਂ ਕਿਉਂਕਿ ਬਹੁਤੇ ਨਾਰੀਵਾਦੀ ਕਦੇ ਵੀ ਔਰਤਾਂ ਦੇ ਮਿਹਨਤਾਨੇ ਤੇ ਕਿਰਤ ਦੀ ਲੁੱਟ ਦੀ ਲੜਾਈ ਨਾ ਲੜ ਕੇ ਵੀ ਮੌਜੂਦਾ ਨਿਜ਼ਾਮ ਦੇ ਹੱਕ ਵਿੱਚ ਹੀ ਭੁਗਤ ਜਾਂਦੇ ਨੇ। ਉਹ ਇਹ ਭੁੱਲ ਜਾਂਦੇ ਨੇ ਕਿ ਕੋਈ ਵੀ ਸਮਾਜਿਕ ਅਜ਼ਾਦੀ ਆਰਥਿਕ ਅਜ਼ਾਦੀ ਤੋਂ ਬਿਨਾਂ ਸੰਭਵ ਨਹੀਂ। ਤਾਂ ਅਜਿਹੇ ਦਮਘੋਟੂ ਮਹੌਲ ‘ਚ ਜਿਉਣ ਨਾਲ਼ੋਂ ਕੁੜੀਆਂ ਲਈ ਇਹ ਜਰੂਰੀ ਹੋ ਗਿਆ ਹੈ ਕਿ ਉਹ ਇਸ ਗੈਰ-ਬਰਾਬਰੀ ਦਾ ਸਮਾਜਿਕ ਤੌਰ ‘ਤੇ ਵਿਰੋਧ ਕਰਨ ਤੇ ਆਪਣੀ ਸਮਾਜਿਕ ਬਰਾਬਰੀ ਦੇ ਨਾਲ਼-ਨਾਲ਼ ਆਰਥਿਕ ਬਰਾਬਰੀ ਦੀ ਲੜਾਈ ਦੁਨੀਆਂ ਭਰ ਦੇ ਮਜ਼ਦੂਰਾਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਲੜਣ। ਉਹਨਾਂ ਦੀਆਂ ਇਹੋ ਲੜਾਈਆਂ ਉਹਨਾਂ ਬਾਰੇ ਲੋਕਾਂ ਦੀਆਂ ਮਿੱਥਾਂ, ਤੁਅੱਸਬ ਤੋੜਣਗੀਆਂ ਤੇ ਉਹਨਾਂ ਲਈ ਤੇ ਪੂਰੇ ਸਮਾਜ ਲਈ ਸੱਚੇ ਸ਼ਬਦਾਂ ‘ਚ ਅਜ਼ਾਦੀ, ਬਰਾਬਰਤਾ ਲੈ ਕੇ ਆਉਣਗੀਆਂ।

Leave a Reply

Your email address will not be published. Required fields are marked *