ਨੈਤਿਕ ਨਾਬਰੀ ਦੀ ਤਾਸੀਰ ਦਾ ਮਾਲਕ-ਦੁੱਲਾ ਭੱਟੀ-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਪੰਜਾਬੀ ਆਪਣੇ ਸੁਭਾਅ ਅਨੁਸਾਰ ਸੋਚ ਕੇ ਉਸ ਕੰਮ ਨੂੰ ਆਪਣੀ ਆਦਤ ਮੁਤਾਬਿਕ ਨੇਪਰੇ ਚਾੜਦੇ ਹਨ ਜਿਸ ਨੂੰ ਠਾਣ ਲੈਣ। ਇਸੇ ਕਰਕੇ ਪੰਜਾਬੀਆਂ ਨੂੰ ਨਾਬਰ ਮੰਨਿਆ ਜਾਂਦਾ ਹੈ। “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਦਾ ਆਗਾਜ਼ ਵੀ ਇਸੇ ਕਰਕੇ ਹੋਇਆ ਹੈ। ਇਸੇ ਪ੍ਰਸੰਗ ਵਿੱਚ ਨੈਤਿਕ ਨਾਬਰੀ ਦੀ ਤਾਸੀਰ ਦੇ ਮਾਲਕ ਦੁੱਲਾ ਭੱਟੀ ਦੀ ਗੱਲ ਕਰਦੇ ਹਾਂ। ਦੁੱਲਾ ਪੁਰਾਤਨ ਪੰਜਾਬ ਦਾ ਪ੍ਰਸਿੱਧ ਰਾਜਪੂਤ ਨਾਇਕ ਸੀ ਜਿਸ ਨੇ ਅਕਬਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਦੀ ਮਾਂ ਦਾ ਨਾਂ ਲੱਧੀ ਅਤੇ ਪਿਓ ਦਾ ਨਾਂ ਫਰੀਦ ਸੀ। ਅਕਬਰ ਦੇ ਸਮੇਂ ਦੁਲੇ ਦਾ ਬਾਪ ਅਤੇ ਦਾਦਾ ਵੀ ਅਕਬਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸਨ। ਜਦੋਂ ਦੁੱਲਾ ਪੰਜ ਮਹੀਨੇ ਦੇ ਗਰਭ ਵਿੱਚ ਸੀ, ਤਾਂ ਅਕਬਰ ਦੇ ਲਗਾਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਕਰਕੇ ਮੁਗਲ ਫੌਜਾਂ ਨੇ ਦੁੱਲੇ ਦੇ ਪਿਓ ਦਾਦੇ ਦੇ ਸਿਰ ਕਲਮ ਕਰਕੇ ਉਨਾਂ ਦੇ ਸਿਰ ਵਿੱਚ ਘਾਹ ਫੂਸ ਭਰ ਕੇ ਲਾਹੌਰ ਵਿੱਚ ਟੰਗ ਦਿੱਤੇ ਸਨ। ਇਹਨਾਂ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਲੱਧੀ ਦੀ ਕੁੱਖੋਂ ਦੁੱਲੇ ਭੱਟੀ ਨੇ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਸਾਂਦਲ ਬਾਰ ਵਿੱਚ1547 ਨੂੰ ਜਨਮ ਲਿਆ। ਇੱਕ ਦੰਦ ਕਥਾ ਵੀ ਹੈ ਕਿ ਜੋ ਘਰ ਵਿੱਚ ਸੁਣਿਆ ਜਾਂਦਾ ਹੈ ਉਸੇ ਤਰ੍ਹਾਂ ਦਾ ਜਨਮ ਹੁੰਦਾ ਹੈ। ਦੁੱਲੇ ਦੇ ਗਰਭ ਵਿੱਚ ਬੀਰਤਾ ਵਾਲੀਆਂ ਗੱਲਾਂ ਹੀ ਸੁਣੀਆਂ ਸਨ। ਇਸੇ ਸਮੇਂ ਦੌਰਾਨ ਅਕਬਰ ਦੇ ਘਰ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਸ਼ੇਖੂ ਰੱਖਿਆ ਗਿਆ ਸੀ। ਉਸ ਨੇ ਮਜੂੰਮੀਆਂ ਨੂੰ ਪੁੱਛਿਆ ਕਿ ਉਪਾਅ ਦੱਸੋ ਕਿ ਮੇਰਾ ਸ਼ੇਖੂ ਪੁੱਤਰ ਬਲਵਾਨ ਅਤੇ ਬੀਰਤਾ ਭਰਪੂਰ ਹੋਵੇ। ਅਕਬਰ ਨੂੰ ਦੱਸਿਆ ਗਿਆ ਕਿ, “ਕਿਸੇ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ” ਔਰਤ ਉਹੀ ਹੋਵੇ ਜਿਸ ਨੇ ਸ਼ੇਖੂ ਦੇ ਸਮੇਂ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ। ਸਾਰੇ ਪਾਸੇ ਖੰਗਾਲੇ ਗਏ। ਨਿਗਾਹ ਮਾਰੀ ਗਈ ਤਾਂ ਦੁੱਲਾ ਹੀ ਸ਼ੇਖੂ ਦਾ ਸਮਕਾਲੀ ਸੀ। ਲੱਧੀ ਨੂੰ ਸੇਖੂ ਨੂੰ ਦੁੱਧ ਪਿਲਾਉਣ ਲਈ ਕਿਹਾ ਗਿਆ। ਉਹ ਰਾਜੀ ਹੋ ਗਈ। ਦੋਵੇਂ ਇਕੱਠੇ ਦੁੱਧ ਚੁੰਘਣ ਲੱਗੇ। ਇੱਕ ਦਿਨ ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲੈਣ ਦੀ ਠਾਣ ਲਈ। ਬੀਰਤਾ ਭਰੀ ਪ੍ਰੀਖਿਆ ਵਿੱਚ ਦੁੱਲੇ ਨੇ ਸ਼ੇਖੂ ਨੂੰ ਮਾਤ ਦੇ ਦਿੱਤੀ। ਅਕਬਰ ਨੇ ਸੋਚਿਆ ਕਿ ਲੱਧੀ ਨੇ ਮੇਰੇ ਪੁੱਤ ਨੂੰ ਦੁੱਧ ਚੁੰਘਾਉਣ ਵਿੱਚ ਵਿਤਕਰਾ ਕੀਤਾ ਹੈ। ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਪਾ ਦਿੱਤਾ। ਇਕ ਦਿਨ ਆਪਣੇ ਸੁਭਾਅ ਮੁਤਾਬਕ ਦੁੱਲਾ ਕਾਜੀ ਨੂੰ ਕੁੱਟ ਕੇ ਆ ਗਿਆ।
ਦੁੱਲੇ ਨੇ ਜਵਾਨੀ ਚ ਪੈਰ ਧਰਿਆ ਤਾਂ ਸਰੂ ਵਰਗਾ ਸਰੀਰ ਨਿਕਲਿਆ। ਉਹ ਗਲੇਲ ਨਾਲ ਤੀਵੀਆਂ ਦੇ ਪਾਣੀ ਭਰੇ ਘੜੇ ਫੁੰਡਣ ਲੱਗਾ। ਔਰਤਾਂ ਨੇ ਦੁਖੀ ਹੋ ਗਈਆਂ। ਆਖਿਰ ਇੱਕ ਭੜਕੀ ਔਰਤ ਨੇ ਉਸਦੇ ਬਾਪ ਦਾਦੇ ਦਾ ਤਾਅਨਾ ਮਾਰ ਦਿੱਤਾ। ਦੁੱਲੇ ਦੇ ਸਰੀਰ ਚ ਕਰੰਟ ਆ ਗਿਆ। ਨੰਦੀ ਮਹਿਰੀ ਔਰਤ ਨੇ ਦੁੱਲੇ ਨੂੰ ਮਿਹਣਾ ਮਾਰਿਆ ਜੋ ਇਸ ਪ੍ਰਕਾਰ ਸੀ,
“ਬੋਲੀ ਮਾਰ ਕੇ ਨੰਦੀ ਫਨਾਹ ਕਰਦੀ, ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ, ਬਾਪ ਦਾਦਾ ਇਹਦਾ ਤੇ ਸੂਰਮਾ ਏ, ਕਾਹਨੂੰ ਨਿਤ ਗਰੀਬ ਦੁਖਾਂਵਦਾ ਜੇ, ਇੱਥੇ ਜੋਰ ਦਿਖਾਵਦਾ ਔਰਤਾਂ ਨੂੰ, ਤੈਨੂੰ ਰੱਤੀ ਹਯਾ ਨਾ ਆਵਦਾ ਜੇ, ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ,ਖੱਲਾਂ ਪੁੱਠੀਆਂ ਦਾ ਲੁਹਾਵਦਾ ਜੇ, ਅੱਜ ਤੀਕਰ ਲਾਹੌਰ ਵਿੱਚ ਲਟਕ ਰਹੀਆਂ, ਉੱਥੇ ਜੋਰ ਨਾ ਕਾਸ ਨੂੰ ਜਾਵਦਾ ਜੇ,
ਬਸ ਫਿਰ ਕੀ ਸੀ? ਦੁੱਲੇ ਨੇ ਆ ਕੇ ਲੱਧੀ ਨੂੰ ਪੁੱਛਿਆ। ਉਸਨੇ ਸਾਰਾ ਕਿੱਸਾ ਦੁੱਲੇ ਨੂੰ ਸੁਣਾ ਦਿੱਤਾ। ਦੁੱਲੇ ਵਿੱਚ ਬਦਲੇ ਦੀ ਭਾਵਨਾ ਪੈਦਾ ਹੋ ਗਈ। ਨਿਤ ਦਿਨ ਉਸ ਦੀ ਬਹਾਦਰੀ ਦੇ ਕਿੱਸੇ ਦਿਖਣ ਲੱਗੇ। ਉਹ ਅਮੀਰਾਂ ਤੋਂ ਲੁੱਟ ਕੇ ਗਰੀਬਾਂ ਨੂੰ ਵੰਡਣ ਲੱਗਾ।
ਲੋਹੜੀ ਨਾਲ ਦੁੱਲੇ ਦਾ ਖਾਸ ਸੰਬੰਧ ਹੈ। ਇੱਕ ਗਰੀਬ ਬ੍ਰਾਹਮਣ ਦੇ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਹੋਈਆਂ ਹਨ। ਧੀਆਂ ਦੀ ਇੱਜ਼ਤ ਕਰਕੇ ਬਾਪ ਦੁੱਲੇ ਕੋਲ ਗਿਆ। ਦੁੱਲੇ ਨੇ ਵਿਆਹ ਕਰਨ ਦੀ ਹਾਮੀ ਭਰ ਦਿੱਤੀ। ਬਰਾਹਮਣ ਪਿਤਾ ਨੇ ਹਾਕਮ ਤੋਂ ਡਰਦੇ ਹੋਏ ਰਾਤ ਨੂੰ ਵਿਆਹ ਕਰ ਦਿੱਤਾ ਗਿਆ। ਇਹ ਸਮੇਂ ਅੱਗ ਬਾਲ ਕੇ ਰੋਸ਼ਨੀ ਕੀਤੀ ਗਈ।ਦੁੱਲੇ ਨੇ ਆਲੇ ਦੁਆਲੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਜਿਸ ਵਿੱਚ ਘਿਓ ਗੁੜ ਸ਼ੱਕਰ ਸਨ। ਆਖਰ ਧੀਆਂ ਦਾ ਡੋਲਾ ਤੋਰ ਦਿੱਤਾ ਗਿਆ। ਬ੍ਰਾਹਮਣ ਨੇ ਦੁੱਲੇ ਦਾ ਧੰਨਵਾਦ ਕੀਤਾ।ਉਦੋਂ ਤੋਂ ਹੀ ਲੋਹੜੀ ਦਾ ਰਿਵਾਜ਼ ਪੈ ਗਿਆ। ਇੱਥੇ ਹੀ ਇੱਕ ਲੋਕ ਗੀਤ ਲੋਹੜੀ ਲਈ ਘੜਿਆ ਗਿਆ,
,”ਸੁੰਦਰ ਮੁੰਦਰੀ ਹੋ,ਤੇਰਾ ਕੌਣ ਵਿਚਾਰਾ ਹੋ, ਦੁਲਾ ਭੱਟੀ ਵਾਲਾ ਹੋ, ਦੁਲੇ ਨੇ ਧੀ ਵਿਆਹੀ ਹੋ, ਦੁੱਲੇ ਨੇ ਧੀ ਵਿਆਹੀ ਹੋ, ਸੇ਼ਰ ਸ਼ੱਕਰ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ, ਕੁੜੀ ਦਾ ਸਾਲੂ ਪਾਟਾ ਹੋ,ਸਾਲੂ ਕੌਣ ਸਮੇਟੇ ਹੋ, ਚਾਚਾ ਗਾਲੀ ਦੇਸੇ, ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ, ਜਿਮੀਦਾਰ ਸੁਧਾਏ, ਗਿਣ ਗਿਣ ਪਉਲੇ ਪਾਏ, ਇਕ ਪੋਲਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ, ਭਾਵੇਂ ਰੌਅ ਤੇ ਭਾਵੇਂ ਪਿੱਟ ਸਾਨੂੰ ਦੇ ਦੇ ਲੋਹੜੀ, ਤੇਰੀ ਜੀਵੇ ਜੋੜੀ”
ਮੁਗਲਾਂ ਨੇ ਧੋਖੇ ਨਾਲ 1599ਵਿੱਚ ਦੁੱਲੇ ਨੂੰ ਸ਼ਹੀਦ ਕਰ ਦਿੱਤਾ।ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ।ਪੰਜਾਬ ਵੰਡਿਆ ਗਿਆ, ਪਰ ਦੁੱਲਾ ਭੱਟੀ ਅੱਜ ਤੱਕ ਵੰਡਿਆ ਨਹੀਂ ਗਿਆ। ਦੁਲਾ ਭੱਟੀ ਅਮਰ ਹੋ ਕੇ ਪੰਜਾਬ ਦੀ ਨੈਤਿਕ ਨਾਬਰੀ ਨੂੰ ਚਿਰੰਜੀਵ ਕਰ ਗਿਆ।ਉਸ ਦੀ ਅਣਖ ਦੀ ਖੁਸ਼ਬੂ ਅੱਜ ਵੀ ਪੰਜਾਬ ਦੇ ਬੂਹੇ ਤੇ ਦਸਤਕ ਦਿੰਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
