ਟਾਪਭਾਰਤ

ਪਾਣੀ ਮਨੁੱਖ ਦੀਆਂ ਬੁਨਿਆਦੀ ਲੋੜਾਂ ‘ਚੋਂ ਇੱਕ-ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ

ਬੋਤਲ ਬੰਦ ਪਾਣੀ ਦੀ ਸ਼ੁਰੂਆਤ 19ਵੀਂ ਸਦੀ ਦੇ ਅੱਧ ‘ਚ ਲਗਭਗ 1845 ‘ਚ ਅਮਰੀਕਾ ‘ਚ ਇੱਕ ਰਿੱਕਰ ਨਾਮੀ ਪਰਿਵਾਰ ਨੇ ਕੀਤੀ ਜੋ ਆਪਣੇ ਪਾਣੀ ‘ਚ ਦਵਾਈਆਂ ਵਾਲ਼ੇ ਗੁਣ ਹੋਣ ਦਾ ਦਾਅਵਾ ਕਰਦੇ ਸਨ। ਇਹ ਬਾਅਦ ਵਿੱਚ ਪੋਲੈਂਡ ਸਪਰਿੰਗ ਨਾਮ ਦੀ ਕੰਪਨੀ ਦੇ ਨਾਮ ਨਾਲ਼ ਮਸ਼ਹੂਰ ਹੋਈ, ਇਸੇ ਨੂੰ ਦੇਖਦੇ ਹੋਏ 1905 ਵਿੱਚ ਓਜ਼ਾਰਕ ਸਪਰਿੰਗ ਵਾਟਰ ਕੰਪਨੀ ਬਣੀ। ਪਰ ਇਹਨਾਂ ਦਾ ਬਹੁਤਾ ਫੈਲਾਅ ਨਹੀਂ ਸੀ ਹੋਇਆ। ਸੰਸਾਰ ਪੱਧਰ ‘ਤੇ ਇਸਦਾ ਤੇਜ਼ੀ ਨਾਲ਼ ਫੈਲਾਅ 1970 ਵਿਆਂ ਤੋਂ ਬਾਅਦ ਹੀ ਸ਼ੁਰੂ ਹੋਇਆ ਜਦੋਂ ਸੁਚੇਤ ਰੂਪ ਵਿੱਚ ਗਰੁੱਪ ਬਣਾ ਕੇ ਇਸਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸੇ ਦੌਰਾਨ ਪੋਲੈਂਡ ਸਪਰਿੰਗ ਅਤੇ ਓਜ਼ਾਰਕ ਸਪਰਿੰਗ ਨੂੰ ਨੈੱਸਲੇ ਵੱਲੋਂ ਖ੍ਰੀਦ ਲਿਆ ਗਿਆ। ਅੱਜ ਨੈੱਸਲੇ ਇਸ ਖੇਤਰ ਦਾ ਸਭ ਤੋਂ ਵੱਡਾ ਖਿਡਾਰੀ ਹੈ, ਇਸਦੇ ਬੋਤਲ ਬੰਦ ਪਾਣੀ ਦੇ 9 ਕੌਮਾਂਤਰੀ ਅਤੇ 71 ਕੌਮੀ ਬਰਾਂਡ ਹਨ। ਇਸ ਤੋਂ ਬਿਨਾਂ ਇਸ ਖੇਤਰ ਵਿੱਚ ਹੋਰ ਵੱਡੇ ਖਿਡਾਰੀ ਹਨ ਡੈਨਨੇ, ਕੋਕਾ-ਕੋਲਾ, ਪੈਪਸੀ, ਫੀਜ਼ੀ, ਏਵੀਅਨ, ਮਾਊਂਟੇਨ ਵੈਲੀ, ਵੋਲਵਿਕ, ਪਾਰਲੇ, ਬ੍ਰੀਵੇਰਜ਼ ਅਤੇ ਹਿਲਡਨ ਆਦਿ। ਹੋਰ ਨਿੱਕੀਆਂ-ਮੋਟੀਆਂ ਕੌਮੀ ਤੇ ਕੌਮਾਂਤਰੀ ਕੰਪਨੀਆਂ ਦੀ ਗਿਣਤੀ ਸੈਂਕੜੇ ਵਿੱਚ ਹੈ। ਇਕੱਲੇ ਭਾਰਤ ਵਿੱਚ ਇਸ ਸਮੇਂ 200 ਤੋਂ ਵਧੇਰੇ ਕੰਪਨੀਆਂ ਹਨ। ਪਿਛਲੇ ਤਿੰਨ ਦਾਹਕਿਆਂ ਵਿੱਚ ਨਵ-ਉਦਾਰਵਾਦੀ ਨੀਤੀਆਂ ਦੀ ਸ਼ੁਰੂਆਤ ਤੋਂ ਬਾਅਦ ਇਸ ਵਿੱਚ ਹੋਰ ਜ਼ਿਆਦਾ ਤੇਜੀ ਆਈ ਹੈ। ਪਹਿਲਾਂ-ਪਹਿਲ ਲੋਕਾਂ ਪਾਣੀ ਮੁੱਲ ਵਿਕਣ ਦੀ ਗੱਲ ਸੁਣ ਕੇ ਹੱਸ ਛੱਡਦੇ ਸਨ ਪਰ ਅੱਜ ਇਹ ਵੱਡੇ ਪੱਧਰ ‘ਤੇ ਲੋਕਾਂ ਦੀ ਸੁਭਾਵਿਕ ਲੋੜ ਬਣਾ ਦਿੱਤਾ ਗਿਆ ਹੈ। ਇਹ ਲੋਕਾਂ ਦੀਆਂ ਪਸੰਦ, ਨਾਪਸੰਦ, ਸ਼ੌਕ, ਰੁਝੇਵੇਂ ਆਦਿ ਤੈਅ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਦਿਲ-ਖਿੱਚਵੇਂ ਵਿਗਿਆਪਨਾਂ, ਪ੍ਰੋਗਰਾਮਾਂ, ਅਖ਼ਬਾਰਾਂ, ਮੈਗਜ਼ੀਨਾਂ ਤੇ ਸੜਕ ਕਿਨਾਰੇ ਲੱਗੇ ਬੈਨਰਾਂ ਰਾਹੀਂ ਲੋਕਾਂ ਨੂੰ ਡਰਾਇਆ ਗਿਆ ਅਤੇ ਭਰਮਾਇਆ ਗਿਆ ‘ਖ਼ਬਰਦਾਰ! ਤੁਸੀਂ ਅਸ਼ੁੱਧ ਪਾਣੀ ਪੀ ਕੇ ਆਪਣੀ ਸਿਹਤ ਦਾ ਨੁਕਸਾਨ ਕਰ ਰਹੇ ਹੋ, ਸਾਡੇ ਕੋਲ਼ੋਂ ਸਾਫ਼ ਪਾਣੀ ਖ੍ਰੀਦ ਕੇ ਪੀਓ, ਸਾਡੇ ਕੋਲ਼ ਚਸ਼ਮਿਆਂ ਦਾ ਸ਼ੁੱਧ ਪਾਣੀ ਹੈ, ਸਾਡਾ ਪਾਣੀ ਪੂਰੀ ਤਰ੍ਹਾਂ ਸ਼ੁੱਧ ਕੀਤਾ ਹੋਇਆ ਹੈ।’ ਇਸ ਤਰ੍ਹਾਂ ਬੋਤਲ ਬੰਦ ਪਾਣੀ ਨੂੰ ਲੋੜ ਬਣਾ ਦਿੱਤਾ ਗਿਆ। ਇਹਦੇ ਲਈ ਵੱਡੇ ਪੱਧਰ ‘ਤੇ ਵਿਗਿਆਪਨਾਂ ਵਿੱਚ ਪੈਸਾ ਝੋਕਿਆ ਗਿਆ। ਕੋਕਾ-ਕੋਲਾ ਨੇ ਸਾਲ 2024 ਦੌਰਾਨ 5.7 ਕਰੋੜ ਡਾਲਰ ਇਕੱਲੇ ਡਾਸਿਨੀ ਨਾਮੀਂ ਬੋਤਲ ਬੰਦ ਪਾਣੀ ਦੇ ਪ੍ਰਚਾਰ ਲਈ ਖਰਚੇ, ਇਸੇ ਤਰ੍ਹਾਂ ਪੈਪਸੀ ਨੇ 4.1 ਕਰੋੜ ਰੁਪਏ ਆਪਣੇ ਐਕੁਆਫਿਨਾ ਨਾਮੀ ਬਰਾਂਡ ਦੇ ਵਿਗਿਆਪਨਾਂ ਲਈ ਖਰਚੇ। ਇਸ ਤਰ੍ਹਾਂ ਸਾਲ 2024 ਦੌਰਾਨ 19 ਕਰੋੜ ਡਾਲਰ ਤੋਂ ਵਧੇਰੇ ਰਾਸ਼ੀ ਸਿਰਫ ਬੋਤਲ ਬੰਦ ਪਾਣੀ ਦੇ ਵਿਗਿਆਪਨਾਂ ਲਈ ਖਰਚੀ ਗਈ। ਉਸ ਵੇਲ਼ੇ ਇਹਨਾਂ ਖਰਚਿਆਂ ਦੀ ਵਾਧਾ ਦਰ 15 ਫੀਸਦੀ ਸੀ। ਇਹਨਾਂ ਵਿਗਿਆਪਨਾਂ ਦੀ ਬਦੌਲਤ ਹੀ ਬੋਤਲ ਬੰਦ ਪਾਣੀ ਦੀ ਮੰਡੀ ਵਿੱਚ ਉਸ ਸਮੇਂ 47 ਫੀਸਦੀ ਵਾਧਾ ਦੇਖਿਆ ਗਿਆ।
ਬੋਤਲ ਬੰਦ ਪਾਣੀ ਦੀ ਖਪਤ ਸਾਲ 2000 ‘ਚ 108.5 ਬਿਲੀਅਨ ਲਿਟਰ ਸੀ ਜੋ ਵਧ ਕੇ 2002 ‘ਚ 128.8 ਬਿਲੀਅਨ ਲਿਟਰ, 2005 ‘ਚ 164.5 ਬਿਲੀਅਨ ਲਿਟਰ ਅਤੇ 2024 ਵਿੱਚ 900.57 ਬਿਲੀਅਨ ਲਿਟਰ ਹੋ ਗਈ। ਅੱਜ ਸੰਸਾਰ ਭਰ ਵਿੱਚ ਇਹ ਖਪਤ 500 ਬਿਲੀਅਨ ਤੋਂ ਉੱਪਰ ਹੈ। ਇਸਦੀ ਸਭ ਤੋਂ ਵੱਧ ਖਪਤ ਅਮਰੀਕਾ ਵਿੱਚ ਹੈ ਜਿੱਥੇ 110 ਬਿਲੀਅਨ ਦੇ ਕਰੀਬ ਬੋਤਲਾਂ ਦੀ ਖਪਤ ਹੈ। ਪ੍ਰਤੀ ਵਿਅਕਤੀ ਖਪਤ ਵਿੱਚ ਇਟਲੋ ਦਾ ਪਹਿਲਾ ਸਥਾਨ ਜਿੱਥੇ ਸਾਲ 2010 ‘ਚ ਪ੍ਰਤੀ ਵਿਅਕਤੀ ਬੋਤਲ ਬੰਦ ਪਾਣੀ ਦੀ ਖਪਤ 184 ਲਿਟਰ ਸੀ। ਇਸ ਤੋਂ ਬਾਅਦ ਮੈਕਸਿਕੋ ਵਿੱਚ ਇਹ 169 ਲਿਟਰ ਪ੍ਰਤੀ ਵਿਅਕਤੀ, ਫਿਰ ਸੰਯੁਕਤ ਅਰਬ ਇਮੀਰਾਤ ਵਿੱਚ 153 ਲਿਟਰ ਪ੍ਰਤੀ ਵਿਅਕਤੀ ਹੈ। ਇਸੇ ਤਰ੍ਹਾਂ ਸਿਖ਼ਰਲੇ 10 ਦੇਸ਼ਾਂ ਵਿੱਚ ਇਹ ਖਪਤ ਪ੍ਰਤੀ ਵਿਅਕਤੀ 100 ਲਿਟਰ ਸਲਾਨਾ ਤੋਂ ਵੱਧ ਹੀ ਹੈ। ਭਾਰਤ ‘ਚ ਬੋਤਲ ਬੰਦ ਪਾਣੀ ਦੀ ਸਨਅੱਤ 1000 ਕਰੋੜ ਰੁਪਏ ਦੇ ਕਰੀਬ ਹੈ ਜੋ ਕਿ 40 ਫੀਸਦੀ ਦੀ ਦਰ ਨਾਲ਼ ਵਧ ਰਹੀ ਹੈ। ਭਾਰਤ ਵਿੱਚ ਇਸਦੀਆਂ 200 ਤੋਂ ਵੱਧ ਕੰਪਨੀਆਂ ਅਤੇ 1200 ਹਜ਼ਾਰ ਦੇ ਕਰੀਬ ਕਾਰਖਾਨੇ ਹਨ। ਇਸ ਤਰ੍ਹਾਂ ਅੱਜ ਇਸਦਾ ਕਾਰੋਬਾਰ 10 ਬਿਲੀਅਨ ਡਾਲਰ ਤੋਂ ਵੀ ਉੱਪਰ ਪੁੱਜ ਚੁੱਕਾ ਹੈ। ਨੈੱਸਲੇ ਇਸ ਕਾਰੋਬਾਰ ਦੇ 12 ਫੀਸਦੀ ਹਿੱਸੇ ‘ਤੇ ਕਾਬਜ਼ ਹੈ, ਇਸਦਾ 3500 ਕਰੋੜ ਡਾਲਰ ਦਾ ਬੋਤਲ ਬੰਦ ਪਾਣੀ ਦਾ ਕਾਰੋਬਾਰ ਹੈ। ਇਸ ਤੋਂ ਬਿਨਾਂ ਡੈਨਨੇ 10 ਫੀਸਦੀ, ਕੋਕਾ-ਕੋਲਾ 7 ਫੀਸਦੀ ਅਤੇ ਪੈਪਸੀ 5 ਫੀਸਦੀ ਹਿੱਸੇ ‘ਤੇ ਕਾਬਜ਼ ਹਨ।
ਹੁਣ ਕਿਸੇ ਨੂੰ ਲੱਗ ਸਕਦਾ ਹੈ ਕਿ ਜੇ ਪੈਸੇ ਦੇ ਕੇ ਸ਼ੁੱਧ ਪਾਣੀ ਮਿਲ਼ ਰਿਹਾ ਹੈ ਤਾਂ ਕੀ ਬੁਰਾ ਹੈ? ਪਰ ਸੱਚ ਤਾਂ ਇਹ ਹੈ ਕਿ ਇਹ ਪਾਣੀ ਵੀ ਸ਼ੁੱਧ ਨਹੀਂ, ਇਸ ਵਿੱਚ ਵੱਡੇ ਪੱਧਰ ‘ਤੇ ਧੋਖਾਧੜੀ ਹੁੰਦੀ ਹੈ। ਪਾਣੀ ਦੀਆਂ ਬੋਤਲਾਂ ਅਤੇ ਇਹਨਾਂ ਸਬੰਧੀ ਵਿਗਿਆਪਨਾਂ ਵਿੱਚ ਕਲ-ਕਲ ਕਰਦੇ ਝਰਨੇ ਤੇ ਬਰਫ਼ ਦੇ ਪਹਾੜ ਦਿਖਾਏ ਜਾਂਦੇ ਹਨ, ਪਰ ਇਹਨਾਂ ‘ਚੋਂ ਜ਼ਿਆਦਾਤਰ ਦੇ ਪਾਣੀ ਦਾ ਸ੍ਰੋਤ ਨਗਰ ਨਿਗਮ ਵੱਲੋਂ ਸਪਲਾਈ ਕੀਤੇ ਜਾਂਦੇ ਪਾਣੀ ਦੀਆਂ ਟੂਟੀਆਂ ਹਨ! ਇੱਕ ਅਧਿਐਨ ਵਿੱਚ ਇਹ ਪਤਾ ਲੱਗਿਆ ਕਿ ਲਗਭਗ ਅੱਧੀਆਂ ਬੋਤਲਾਂ ਵਿੱਚ ਸਿਰਫ ਇਹ ਟੂਟੀ ਦਾ ਪਾਣੀ ਹੀ ਸੀ। ਇਹਨਾਂ ਵਿੱਚ ਕੋਕਾ-ਕੋਲਾ ਦੀ ਡਾਸਿਨੀ ਅਤੇ ਪੈਪਸੀ ਦੀ ਐਕੁਆਫਾਈਨਾ ਜਿਹੀਆਂ ਨਾਮੀਂ ਕੰਪਨੀਆਂ ਵੀ ਸਨ। ਇਸੇ ਤਰ੍ਹਾਂ ਇੱਕ ਹੋਰ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਕਿ ਇੱਕ ਤਿਹਾਈ ਬੋਤਲਾਂ ਵਿੱਚ ਪਾਣੀ ਵਿੱਚ ਘੁਲ਼ੇ ਤੱਤ ਦੀ ਮਾਤਰਾ ਲੋੜੋਂ ਵੱਧ ਸੀ ਜੋ ਕਿ ਹਾਨੀਕਾਰਕ ਹੈ, ਇਸ ਤੋਂ ਬਿਨਾਂ ਕਈ ਬੋਤਲਾਂ ਵਿੱਚ ਹੋਰ ਗੈਰ-ਜ਼ਰੂਰੀ ਰਸਾਇਣ, ਬੈਕਟੀਰੀਆ ਅਤੇ ਸਿੰਥੈਟਿਕ ਯੌਗਿਕ ਵੀ ਮਿਲ਼ੇ ਹਨ। ਸਾਰੀਆਂ ਪ੍ਰਮੁੱਖ ਕੰਪਨੀਆਂ ਸਮੇਤ ਜ਼ਿਆਦਾਤਰ ਕੰਪਨੀਆਂ ਇਹ ਨਹੀਂ ਦੱਸਦੀਆਂ ਕਿ ਉਹਨਾਂ ਦੇ ਪਾਣੀ ਦਾ ਸ੍ਰੋਤ ਕੀ ਹੈ? ਇਸਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਕੀ ਅਸ਼ੁੱਧੀਆਂ ਮੌਜੂਦ ਹਨ, ਜੇ ਵਿਕਸਤ ਦੇਸ਼ਾਂ ਵਿੱਚ 2 ਵਿੱਚੋਂ 1 ਬੋਤਲ ਵਿੱਚ ਟੂਟੀ ਦਾ ਪਾਣੀ ਹੈ ਤਾਂ ਭਾਰਤ ਸਮੇਤ ਹੋਰ ਪਛੜੇ ਦੇਸ਼ਾਂ ਵਿੱਚ ਕੀ ਹਾਲ ਹੋਵੇਗਾ! ਇੱਥੇ ਤੁਸੀਂ ”ਰੇਲ ਨੀਰ” ਤੇ ਬੱਸਾਂ-ਰੇਲਾਂ ‘ਚ ਵਿਕਦੇ ਇਹ-ਜਿਹੀਆਂ ਹੋਰ ਬੋਤਲਾਂ ‘ਤੇ ਕਿੰਨਾ ਭਰੋਸਾ ਕਰ ਸਕਦੇ ਹੋ? ਬੋਤਲ ਬੰਦ ਪਾਣੀ ਦੀ ਇੱਕੋ-ਇੱਕ ਖਾਸੀਅਤ ਇਹ ਹੈ ਕਿ ਤੁਹਾਨੂੰ ਇਹਦੇ ਲਈ ਆਮ ਪਾਣੀ ਨਾਲ਼ੋਂ 2000 ਗੁਣਾ ਵਧੇਰੇ ਖਰਚਾ ਕਰਨਾ ਪੈਂਦਾ ਹੈ!!!
ਇਹਨਾਂ ਕੰਪਨੀਆਂ ਵੱਲੋਂ ਬੋਤਲ ਬੰਦ ਪਾਣੀ ਤਿਆਰ ਕਰਨ ਲਈ ਕਈ ਗੁਣਾ ਪਾਣੀ ਬਰਬਾਦ ਕੀਤਾ ਜਾਂਦਾ ਹੈ ਤੇ ਪ੍ਰਦੂਸ਼ਤ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਮੁੜ ਪਾਣੀ ਦੇ ਕੁਦਰਤੀ ਸ੍ਰੋਤਾਂ ਝੀਲਾਂ, ਨਦੀਆਂ ਆਦਿ ਵਿੱਚ ਵਹਾ ਦਿੱਤਾ ਜਾਂਦਾ ਹੈ। ਜਿੱਥੇ ਕਿਤੇ ਵੀ ਇਹਨਾਂ ਕੰਪਨੀਆਂ ਦੇ ਬੋਟਲਿੰਗ ਪਲਾਂਟ ਲੱਗੇ ਹਨ ਉੱਥੇ ਦਿਨ-ਰਾਤ ਲਗਾਤਾਰ ਲੱਖਾਂ ਲਿਟਰ ਪਾਣੀ ਰੋਜ਼ਾਨਾ ਕੱਢਿਆ ਜਾਂਦਾ ਹੈ, ਜਿਸ ਕਾਰਨ ਉਹਨਾਂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੇਠਾਂ ਚਲਿਆ ਗਿਆ ਹੈ। ਉੱਥੋਂ ਦੇ ਲੋਕਾਂ ਨੂੰ ਪਾਣੀ ਹਾਸਲ ਕਰਨ ਵਿੱਚ ਔਖ ਹੋ ਰਹੀ ਹੈ, ਕਿਸਾਨਾਂ ਲਈ ਸਿੰਚਾਈ ਔਖੀ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਕੰਪਨੀਆਂ ਪਾਣੀ ਦੇ ਇਹਨਾਂ ਸ੍ਰੋਤਾਂ ‘ਤੇ ਕਬਜ਼ਾ ਲਗਭਗ ਮੁਫਤ ਵਿੱਚ ਕਰ ਰਹੀਆਂ ਹਨ ਅਤੇ ਸਰਕਾਰਾਂ ਇਸ ਲੁੱਟ ‘ਚ ਕੰਪਨੀਆਂ ਦਾ ਪੂਰਾ ਸਾਥ ਦੇ ਰਹੀਆਂ ਹਨ। ਭਾਰਤ ਵਿੱਚ ਇਸਦੀਆਂ ਕੁਝ ਉਦਾਹਰਨਾਂ ਦੇਖੀਏ। ਰਾਜਸਥਾਨ ਦੇ ਜੈਪੁਰ ਦੇ ਨੇੜੇ ਕਾਲਗ੍ਰਸਤ ਇਲਾਕੇ ਕਾਲਾ ਡੇਰਾ ਦੀ ਹੀ ਗੱਲ ਕਰ ਲਈ ਜਾਵੇ। ਇੱਥੇ ਕੋਕਾ ਕੋਲਾ ਦਾ ਬੋਟਲਿੰਗ ਪਲਾਂਟ ਹੈ। ਇਹ ਹਰ ਰੋਜ਼ 5 ਲੱਖ ਲਿਟਰ ਪਾਣੀ ਧਰਤੀ ਹੇਠੋਂ ਕੱਢਦਾ ਹੈ। ਇੱਕ ਲਿਟਰ ਬੋਤਲ-ਪਾਣੀ ਲਈ ਦੋ ਜਾਂ ਤਿੰਨ ਲਿਟਰ ਆਮ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਪਾਣੀ ਨੂੰ ਕੱਢਣ ਦਾ ਖਰਚਾ ਕੁੱਝ ਪੈਸੇ ਹੀ ਆਉਂਦਾ ਹੈ ਜਿਸਨੂੰ ਇਹ ਕੰਪਨੀਆਂ ਬੋਤਲਾਂ ਵਿੱਚ ਭਰ ਕੇ 10 ਤੋਂ 20 ਰੁਪਏ ‘ਚ ਵੇਚ ਕੇ ਬੇਹਿਸਾਬ ਮੁਨਾਫ਼ਾ ਕਮਾ ਰਹੀਆਂ ਹਨ। ਛੱਤੀਸਗੜ੍ਹ ਵਿੱਚ ਹੋਰ ਵੀ ਕਈ ਪ੍ਰੋਜੈਕਟ ਗਿਣਾਏ ਜਾ ਸਕਦੇ ਹਨ — ਰਾਜਗੜ੍ਹ ਵਿੱਚ ਕੀਲੋ ਅਤੇ ਖਰਿਕਰ ਨਦੀਆਂ ਉੱਤੇ, ਜਗਜ਼ੀਰ ਵਿੱਚ ਮੰਡ ਉੱਤੇ, ਰਾਏਪੁਰ ਵਿਖੇ ਖੈਰੋਂ ਨਦੀ ਉੱਤੇ, ਦਾਂਤੇਵਾੜਾ ਵਿਖੇ ਸਾਵਰੀ ਨਦੀ ਉੱਤੇ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਸਰਕਾਰ ਨੇ ਸੰਨ 2000 ਵਿੱਚ ਰੇਡੀਅਸ ਵਾਟਰ ਲਿਮਟਡ ਨੂੰ ਸ਼ਿਵਨਾਥ ਨਦੀ ਦਾ 23.6 ਕਿਲੋਮੀਟਰ ਦਾ ਹਿੱਸਾ 22 ਸਾਲਾਂ ਲਈ ਦੇ ਦਿੱਤਾ। ਕੰਪਨੀ ਨੂੰ ਪਾਣੀ ਸਪਲਾਈ ਦੀ ਇਜ਼ਾਰੇਦਾਰੀ ਦੀ ਗਰੰਟੀ ਕੀਤੀ ਗਈ। ਸਰਕਾਰ ਦੁਆਰਾ ਇਸ ਕੰਪਨੀ ਨੂੰ ਇਸਤੇਮਾਲ ਲਈ ਜ਼ਮੀਨ ਬਿਨਾਂ ਕਿਸੇ ਕੀਮਤ ਤੋਂ ਸੌਂਪੀ ਗਈ। ਇਸ ਕੰਪਨੀ ਨਾਲ਼ ਸਮਝੌਤੇ ਮੁਤਾਬਕ ਹਰ ਰੋਜ਼ 40 ਲੱਖ ਲਿਟਰ ਪਾਣੀ ਖਰੀਦੇਗੀ ਅਤੇ ਘੱਟ ਪਾਣੀ ਖਰੀਦਣ ਦੀ ਹਾਲਤ ਵਿੱਚ 40 ਲੱਖ ਲਿਟਰ ਦੇ ਹੀ ਪੈਸੇ ਦੇਣੇ ਹੋਣਗੇ। ਕੌਮਾਂਤਰੀ ਪੱਧਰ ‘ਤੇ ਵੀ ਇਹੋ ਹਾਲ ਹੈ। ਕੁਝ ਸਾਲ ਪਹਿਲਾਂ ਹੀ ਨੈੱਸਲੇ ਨੇ ਕੋਲੋਰਾਡੋ ਵਿੱਚ ਅਰਕਾਨਸਸ ਨਦੀ ਦਾ ਇੱਕ ਹਿੱਸਾ ਕੌਡੀਆਂ ਦੇ ਭਾਅ ਖਰੀਦ ਲਿਆ। 10 ਸਾਲ ਲਈ ਹੋਏ ਇਸ ਸੌਦੇ ਮੁਤਾਬਕ ਕੰਪਨੀ ਹਰ ਸਾਲ 2.45 ਬਿਲੀਅਨ ਲਿਟਰ ਪਾਣੀ ਕੱਢ ਸਕਦੀ ਹੈ ਜਿਸ ਲਈ ਸਿਰਫ 1.6 ਲੱਖ ਡਾਲਰ ਸਲਾਨਾ ਦਾ ਭੁਗਤਾਨ ਕਰਨਾ ਹੋਵੇਗਾ। ਇਸੇ ਤਰ੍ਹਾਂ ਹੀ 2023 ਵਿੱਚ ਇਕੱਲੇ ਅਮਰੀਕਾ ਵਿੱਚ ਨੈੱਸਲੇ ਵੱਲੋਂ ਸਾਲ ਵਿੱਚ 69 ਬਿਲੀਅਨ ਲਿਟਰ ਪਾਣੀ ਕੱਢਿਆ ਗਿਆ।
ਬੋਤਲ ਬੰਦ ਪਾਣੀ ਦਾ ਇਹ ਗੋਰਖ ਧੰਦਾ ਕੁਦਰਤੀ ਸ੍ਰੋਤਾਂ ਨੂੰ ਗੰਧਲ਼ਾ ਕਰਨ ਤੋਂ ਬਿਨਾਂ ਵੀ ਹੋਰ ਕਈ ਤਰੀਕਿਆਂ ਨਾਲ਼ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪਹਿਲੀ ਵੱਡੀ ਸਮੱਸਿਆ ਇਸ ਤੋਂ ਪੈਦਾ ਹੋਣ ਵਾਲ਼ਾ ਪਲਾਸਟਿਕ ਕਚਰਾ ਹੈ। 2001 ਦੀ ਰਿਪੋਰਟ ਮੁਤਾਬਕ ਹਰ ਸਾਲ 89 ਬਿਲੀਅਨ ਬੋਤਲਾਂ ਦੇ ਰੂਪ ਵਿੱਚ 15 ਲੱਖ ਟਨ ਪਲਾਸਟਿਕ ਕਚਰਾ ਪੈਦਾ ਹੁੰਦਾ ਹੈ। ਇਹਨਾਂ ਬੋਤਲਾਂ ਵਿੱਚੋਂ 10 ਤੋਂ 15 ਫੀਸਦੀ ਦੀ ਹੀ ਮੁੜ ਵਰਤੋਂ ਹੁੰਦੀ ਹੈ ਬਾਕੀ ਕਚਰੇ ਦੇ ਰੂਪ ਵਿੱਚ ਜਾਂਦੀਆਂ ਹਨ। ਲੈਡਫਿਲ ਨੱਕੋ-ਨੱਕ ਭਰ ਚੁੱਕੇ ਹਨ ਅਤੇ ਇਸ ਕਚਰੇ ਨੂੰ ਸਮੋਣ ਯੋਗ ਨਹੀਂ ਰਹੇ। ਇਸ ਲਈ ਵੱਡੇ ਪੱਧਰ ‘ਤੇ ਇਹ ਕਚਰਾ ਸਮੁੰਦਰਾਂ ਵਿੱਚ ਸੁੱਟ ਕੇ ਇਸਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ ਅਤੇ ਇਸਦਾ ਇੱਕ ਹਿੱਸਾ ਜਲ਼ਾਇਆ ਜਾਂਦਾ ਹੈ ਜਿਸ ਨਾਲ਼ ਵਾਤਾਵਰਨ ਵਿੱਚ ਖਤਰਨਾਕ ਗੈਸਾਂ ਛੱਡੀਆਂ ਜਾਂਦੀਆਂ ਹਨ। ਦੂਜਾ ਵੱਡਾ ਨੁਕਸਾਨ ਤੇਲ ਦਾ ਹੈ। ਪਾਣੀ ਨੂੰ ਧਰਤੀ ਵਿੱਚੋਂ ਕੱਢਣ ‘ਤੇ, ਫਿਰ ਬੋਤਲਾਂ ਬਣਾਉਣ ਲਈ ਪਲਾਸਟਿਕ ਤਿਆਰ ਕਰਨ ‘ਤੇ, ਫਿਰ ਤਿਆਰ ਬੋਤਲਾਂ ਦੀ ਢੋਆ-ਢੁਆਈ ‘ਤੇ ਅਤੇ ਫਿਰ ਖਾਲੀ ਬੋਤਲਾਂ ਦੇ ਨਿਪਟਾਰੇ ‘ਤੇ ਬਹੁਤ ਜ਼ਿਆਦਾ ਤੇਲ ਦੀ ਖਪਤ ਹੁੰਦੀ ਹੈ। ਇੱਕ ਸਰਵੇਖਣ ਮੁਤਾਬਕ ਇਕੱਲੇ ਅਮਰੀਕਾ ਵਿੱਚ ਬੋਤਲ ਬੰਦ ਪਾਣੀ ਦੀ ਸਨਅੱਤ ਵਿੱਚ ਤੇਲ ਦੀ ਖਪਤ 1.5 ਬਿਲੀਅਨ ਬੈਰਲ ਹੈ ਜੋ ਕਿ ਇੱਕ ਸਾਲ ਲਈ 1 ਲੱਖ ਕਾਰਾਂ ਲਈ ਕਾਫੀ ਹੈ। ਸੰਸਾਰ ਪੱਧਰ ‘ਤੇ ਕਿੰਨਾ ਤੇਲ ਬਰਬਾਦ ਕੀਤਾ ਜਾਂਦਾ ਹੈ।
ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਨਦੀਆਂ ਦੇ ਵੱਡੇ ਨੈੱਟਵਰਕ ਅਤੇ ਲੰਮੇ ਸਮੁੰਦਰੀ ਤੱਟ ਦੇ ਬਾਵਜੂਦ ਇਹ ਕਹਿਣਾ ਕਿ ਇੱਥੇ ਕੁਦਰਤੀ ਰੂਪ ‘ਚ ਪਾਣੀ ਦੀ ਕਮੀ ਹੈ, ਸਰਮਾਏਦਾਰਾ ਲੁੱਟ ਅਤੇ ਲੋਕਾਂ ਨਾਲ਼ ਕੀਤੇ ਜਾ ਰਹੇ ਜ਼ੁਲਮਾਂ ‘ਤੇ ਪਰਦਾ ਪਾਉਂਦਾ ਹੈ। ਮੀਂਹ ਦਾ ਪਾਣੀ ਅਤੇ ਹਿਮਪਾਤ ਭਾਰਤ ‘ਚ ਜਲ ਦੇ ਪ੍ਰਮੁੱਖ ਸ੍ਰੋਤ ਹਨ। ਲਗਭਗ 4200 ਅਰਬ ਘਣ ਮੀਟਰ ਜਲ ਹਰ ਵਰ੍ਹੇ ਵਰਖਾ ਨਾਲ਼ ਹਾਸਲ ਹੁੰਦਾ ਹੈ। ਔਸਤ ਸਾਲਾਨਾ ਵਰਖਾ 1170 ਮਿਲੀਮੀਟਰ ਹੈ। ਮਾੜੇ ਪ੍ਰਬੰਧਾਂ ਕਰਕੇ ਵਰਖਾ ਜਲ ਦਾ ਵੱਧ ਤੋਂ ਵੱਧ ਹਿੱਸਾ ਵਹਿ ਕੇ ਸਮੁੰਦਰ ‘ਚ ਮਿਲ਼ ਜਾਂਦਾ ਹੈ। ਭਾਰਤ ‘ਚ ਵਰਤੋਂ ਯੋਗ ਜਲ ਦੀ ਮਿਕਦਾਰ 1122 ਅਰਬ ਘਣ ਮੀਟਰ ਹੈ ਜਿਸਦਾ ਮਹਿਜ਼ 1.9 ਫੀਸਦੀ ਭਾਗ ਹੀ ਅੱਜ ਦੇ ਸਮੇਂ ਵਰਤੋਂ ‘ਚ ਆਉਂਦਾ ਹੈ। ਕੇਂਦਰੀ ਜਲ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕੁਦਰਤੀ ਜਲ ਸ੍ਰੋਤ ਦੇ ਰੂਪ ‘ਚ ਨਦੀਆਂ ਦਾ ਸਲਾਨਾ ਵਹਾਅ ਲਗਭਗ 186.9 ਘਣ ਕਿਲੋਮੀਟਰ ਹੈ। ਦੇਸ਼ ‘ਚ ਉਪਲੱਭਧ ਭੂਜਲ ਦੀ ਕੁੱਲ ਮਿਕਦਾਰ 931.88 ਅਰਬ ਘਣ ਮੀਟਰ ਹੈ ਜਿਸ ‘ਚ 360.80 ਘਣ ਮੀਟਰ ਸਿੰਜਾਈ ਅਤੇ 70.93 ਅਰਬ ਘਣ ਮੀਟਰ ਸਨਅੱਤੀ ਕਾਰਜਾਂ ਲਈ ਵਰਤੋਂ ਕੀਤੀ ਜਾਂਦੀ ਹੈ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ ਅਨੁਸਾਰ, 980 ਬਿਲੀਅਨ ਲਿਟਰ ਜਲ ਵਰਖਾ ਜਲ਼ ਸੰਗ੍ਰਿਹ ‘ਚ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਜ ਜੇਕਰ ਪੂਰੇ ਦੇਸ਼ ਦੀ ਵਸੋਂ ਨੂੰ ਪੀਣ ਦਾ ਪਾਣੀ ਉਪਲਬਧ ਕਰਵਾਉਣਾ ਹੋਵੇ ਤਾਂ ਪ੍ਰਤੀ ਵਿਅਕਤੀ ਪ੍ਰਤੀ ਦਿਨ 150-200 ਲਿਟਰ ਪਾਣੀ ਦੀ ਲੋੜ ਹੋਵੇਗੀ। ਇਹ ਮਿਕਦਾਰ ਵੱਡੇ ਸ਼ਹਿਰਾਂ ਲਈ ਹੈ ਜਦੋਂ ਕਿ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ‘ਚ ਇਹ ਪੈਮਾਨਾ ਘੱਟ ਹੈ। ਹੁਣ ਜੇਕਰ 200 ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਅਨੁਸਾਰ ਦੇਸ਼ ਦੀ 121 ਕਰੋੜ ਵਸੋਂ ਲਈ ਇੱਕ ਵਰ੍ਹੇ ਤੱਕ ਪਾਣੀ ਦੀ ਲੋੜ ਕੱਢੀ ਜਾਵੇ ਤਾਂ ਉਹ 88.33 ਅਰਬ ਘਣ ਮੀਟਰ ਹੋਵੇਗਾ। ਜਦਕਿ ਉਪਲਬਧ ਵਰਤੋਂ ਯੋਗ ਵਰਖਾ ਜਲ਼ ਦੀ ਮਿਕਦਾਰ 1122 ਅਰਬ ਘਣ ਮੀਟਰ ਅਤੇ ਭੂ-ਜਲ ਦੀ ਮਿਕਦਾਰ 931.88 ਅਰਬ ਘਣ ਮੀਟਰ ਹੈ। ਇਹ ਮਾਤਰਾ ਪੂਰੇ ਸੰਸਾਰ ਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਵਾਧੂ ਹੈ। ਜੇ ਪੂਰੇ ਸੰਸਾਰ ਭਰ ਵਿੱਚ ਪਾਣੀ ਦੇ ਸ੍ਰੋਤਾਂ ਨੂੰ ਦੇਖੀਏ ਤਾਂ ਇਹ ਮਾਤਰਾ ਹੋਰ ਵੀ ਨਿਗੂਣੀ ਲੱਗੇਗੀ। ਇਸ ਤਰ੍ਹਾਂ ਅਸਲ ਸੰਕਟ ਪੀਣ ਦੇ ਪਾਣੀ ਸਣੇ ਸਾਰੇ ਵਰਤੋਂ ਯੋਗ ਜਲ ਦੀ ਕਮੀ ਦਾ ਸੰਕਟ ਨਹੀਂ ਹੈ। ਲੋੜ ਹੈ ਪਾਣੀ ਦੇ ਸ੍ਰੋਤਾਂ ਦਾ ਨਿੱਜੀਕਰਨ ਅਤੇ ਸਨਅੱਤੀਕਰਨ ਬੰਦ ਕਰਕੇ ਇਹਨਾਂ ਨੂੰ ਸਾਰੇ ਲੋਕਾਂ ਦੀ ਸਾਂਝੀ ਦੌਲਤ ਬਣਾਉਣ ਦੀ, ਹਰ ਵਿਅਕਤੀ ਤੱਕ ਪਾਣੀ ਪਹੁੰਚਾਉਣ ਦੇ ਉਚੇਰੇ ਪ੍ਰਬੰਧ ਕਰਨ ਦੀ।
ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ, ਖੋਜ ਕਰਤਾ, ਧੂਰਕੋਟ ਮੋਗਾ 8847227740

Leave a Reply

Your email address will not be published. Required fields are marked *