ਪੁਸਤਕ- ਸਮੀਖਿਆ-ਲੇਖਕ- ਅਨਿਲ ਕੁਮਾਰ ਸੌਦਾ
ਪੁਸਤਕ- ਸਮੀਖਿਆ
ਪੁਸਤਕ- ਮਾਣੋ ਬਿੱਲੀ (ਬਾਲ ਕਾਵਿ- ਸੰਗ੍ਰਹਿ)
ਲੇਖਕ- ਅਨਿਲ ਕੁਮਾਰ ਸੌਦਾ
ਪੰਨੇ- 72, ਮੁੱਲ- 150/- ਰੁਪਏ, ਸਾਲ- 2025
ਪ੍ਰਕਾਸ਼ਨ- ਨਵਰੰਗ ਪਬਲੀਕੇਸ਼ਨ, ਸਮਾਣਾ।
ਇਸ ਸਾਲ- 2025 ਵਿਚ ਅਨਿਲ ਕੁਮਾਰ ਸੌਦਾ ਦਾ ਸੱਜਰਾ ਬਾਲ ਕਾਵਿ- ਸੰਗ੍ਰਹਿ ‘ਮਾਣੋ ਬਿੱਲੀ’ ਪ੍ਰਕਾਸ਼ਿਤ ਹੋ ਕੇ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ। ਹਰਿਆਣੇ ਦੇ ਕੈਥਲ ਜ਼ਿਲ੍ਹੇ ਨਾਲ ਸੰਬੰਧਤ ਅਨਿਲ ਕੁਮਾਰ ਸੌਦਾ ਬਤੌਰ ਪੰਜਾਬੀ ਪ੍ਰੋਫ਼ੈਸਰ ਸੇਵਾਮੁਕਤ ਹੋਏ ਹਨ। ਪਰ! ਸੇਵਾਮੁਕਤੀ ਤੋਂ ਉਪਰੰਤ ਵੀ ਉਹ ਸਾਹਿਤ ਸਿਰਜਣਾ ਦੇ ਖ਼ੇਤਰ ਵਿਚ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਹੁਣ ਤੱਕ ਪੰਜ ਪੰਜਾਬੀ ਕਿਤਾਬਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਹਰਿਆਣਾ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ (ਪੰਚਕੁਲਾ) ਵੱਲੋਂ ਉਨ੍ਹਾਂ ਨੂੰ ਬਾਲ ਪੁਸਤਕ ’ਤੇ ਇਨਾਮ ਵੀ ਐਲਾਨਿਆ ਗਿਆ ਹੈ।
ਹੱਥਲੀ ਪੁਸਤਕ ਮਾਣੋ ਬਿੱਲੀ (ਬਾਲ ਕਾਵਿ- ਸੰਗ੍ਰਹਿ) ਵਿਚ ਕੁਲ- 48 ਬਾਲ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹਨਾਂ ਕਵਿਤਾਵਾਂ ਦੀ ਭਾਸ਼ਾ ਸਰਲ ਅਤੇ ਸਹਿਜ ਹੈ। ਅਨਿਲ ਕੁਮਾਰ ਸੌਦਾ ਦੀਆਂ ਕਵਿਤਾਵਾਂ ਦੇ ਵਿਸ਼ੇ ਆਮ ਜੀਵਨ ਵਿਚੋਂ ਲਏ ਗਏ ਹੁੰਦੇ ਹਨ। ਉਹ ਜਿੱਥੇ ਬੱਚਿਆਂ ਨੂੰ ਰੁੱਖ ਲਗਾਉਣ ਦੀ ਸਿੱਖਿਆ ਦਿੰਦਾ ਹੈ ਉੱਥੇ ਹੀ ਵਾਤਾਵਰਣ ਸੰਭਾਲ ਬਾਰੇ ਵੀ ਜਾਗਰੁਕ ਕਰਦਾ ਹੈ;
“ਮਿਲਕੇ ਸਭ ਪ੍ਰਣ ਕਰਦੇ ਹਾਂ
ਇਕ- ਇਕ ਪੇੜ ਜ਼ਰੂਰ ਲਗਾਵਾਂਗੇ।
ਧਰਤੀ ਨੂੰ ਮੁੜ ਫੇਰ ਦੁਬਾਰਾ
ਹਰਿਆ- ਭਰਿਆ ਬਣਾਵਾਂਗੇ।” (ਮਾਣੋ ਬਿੱਲੀ, ਪੰਨਾ- 23)
ਮਾਣੋ ਬਿੱਲੀ ਬਾਲ ਕਾਵਿ- ਸੰਗ੍ਰਹਿ ਵਿਚ ਲੇਖਕ ਨਿੱਕੇ ਬੱਚਿਆਂ ਨੂੰ ਮਾਂ- ਬਾਪ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕਰਦਾ ਦਿਖਾਈ ਦਿੰਦਾ ਹੈ। ਉਹ ਬੱਚਿਆਂ ਨੂੰ ਆਪਣੇ ਮਾਂ- ਬਾਪ ਦੀ ਗੱਲ ਮੰਨਣ ਲਈ ਸਿੱਖਿਆ ਦਿੰਦਾ ਹੈ;
“ਪਹਿਲਾਂ ਹੋਮਵਰਕ ਨੂੰ ਨਿਪਟਾਓ
ਫੇਰ ਟੈਲੀਵਿਜ਼ਨ ਨੂੰ ਹੱਥ ਲਗਾਓ।” (ਮਾਣੋ ਬਿੱਲੀ, ਪੰਨਾ- 43)
ਮਾਣੋ ਬਿੱਲੀ ਬਾਲ ਕਾਵਿ- ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਛੋਟੇ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਤਾਕੀਦ ਵੀ ਕੀਤੀ ਗਈ ਹੈ ਅਤੇ ਠੰਢ ਤੋਂ ਬਚਣ ਲਈ ਗਰਮ ਕੱਪੜੇ ਪਹਿਨਣ ਬਾਰੇ ਵੀ ਜਾਗਰੁਕ ਕੀਤਾ ਗਿਆ ਹੈ;
“ਮੰਮੀ ਨੇ ਮੇਰੇ ਲਈ ਇਕ ਜਰਸੀ ਬਣਾਈ
ਸੋਹਣੀ- ਸੋਹਣੀ ਉਸ ’ਚ ਬੁਣਤੀ ਪਾਈ।
ਪਿਆਰ ਦੀਆਂ ਤੰਦਾਂ ਨਾਲ ਸਜਾਈ
ਆਪਣੇ ਹੱਥਾਂ ਦੀ ਨਿੱਘ ਪਾਈ।” (ਮਾਣੋ ਬਿੱਲੀ, ਪੰਨਾ- 22)
ਅਨਿਲ ਕੁਮਾਰ ਸੌਦਾ ਕਿਉਂਕਿ ਹਰਿਆਣੇ ਦੇ ਜੰਮਪਲ ਹਨ ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਬਹੁਤ ਸਾਰੇ ਸ਼ਬਦ ਹਿੰਦੀ ਭਾਸ਼ਾ ਦੇ ਦੇਖਣ- ਪੜ੍ਹਨ ਨੂੰ ਮਿਲਦੇ ਹਨ; ਹਾਲਾਂਕਿ ਇਹਨਾਂ ਹਿੰਦੀ ਸ਼ਬਦਾਂ ਦੇ ਪੰਜਾਬੀ ਸ਼ਬਦ ਆਮ ਹੀ ਪ੍ਰਚੱਲਿਤ ਹਨ ਪਰ! ਇਲਾਕੇ ਦੇ ਪ੍ਰਭਾਵ ਕਰਕੇ ਅਨਿਲ ਕੁਮਾਰ ਸੌਦਾ ਇਹਨਾਂ ਸ਼ਬਦਾਂ ਨੂੰ ਦਰੁਸਤ ਢੰਗ ਨਾਲ ਵਰਤ ਨਹੀਂ ਪਾਉਂਦੇ। ਮਿਸਾਲ ਲਈ-
ਉਹਨਾਂ ਆਪਣੀਆਂ ਕਵਿਤਾਵਾਂ ਵਿਚ ਹਰ ਥਾਂ ਤੇ ‘ਪੇੜ’ ਸ਼ਬਦ ਵਰਤਿਆ ਹੈ ਹਾਲਾਂਕਿ ਪੰਜਾਬੀ ਵਿਚ ਰੁੱਖ, ਬੂਟਾ ਜਾਂ ਦਰਖ਼ਤ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਖਾਂਸੀ ਲਈ ਖੰਘ, ਜਰਸੀ ਲਈ ਕੋਟੀ- ਸਵੈਟਰ, ਉੱਛਲ- ਕੁੱਦ ਲਈ ਟਪੂਸੀਆਂ ਮਾਰਨਾ ਆਦਿਕ ਪੰਜਾਬੀ ਸ਼ਬਦ ਵਰਤੇ ਜਾ ਸਕਦੇ ਸਨ। ਪਰ! ਲੇਖਕ ਇਹਨਾਂ ਸ਼ਬਦਾਂ ਨੂੰ ਵਰਤ ਨਹੀਂ ਪਾਉਂਦਾ। ਖ਼ੈਰ!
ਆਖ਼ਰ ਵਿਚ ‘ਮਾਣੋ ਬਿੱਲੀ’ ਬਾਲ ਕਾਵਿ- ਸੰਗ੍ਰਹਿ ਨੂੰ ਹਰਿਆਣੇ ਦੇ ਪੰਜਾਬੀ ਸਾਹਿਤ ਜਗਤ ਵਿਚ ਆਮਦ ‘ਤੇ ਖੁਸ਼ਆਮਦੀਦ ਅਤੇ ਅਨਿਲ ਕੁਮਾਰ ਸੌਦਾ ਨੂੰ ਬਹੁਤ ਮੁਬਾਰਕਾਂ। ਸ਼ਾਲਾ! ਹਰਿਆਣੇ ਅੰਦਰ ਪੰਜਾਬੀ ਮਾਂ ਬੋਲੀ ਦਾ ਦੀਵਾ ਇੰਜ ਹੀ ਜਗਦਾ ਰਹੇ ਅਤੇ ਸਾਹਿਤ ਸਿਰਜਣਾ ਦਾ ਇਹ ਕਾਰਜ ਇੰਜ ਹੀ ਚਲਦਾ ਰਹੇ।