ਟਾਪਪੰਜਾਬ

ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਸ੍ਰੀ ਜਰਨੈਲ ਸਿੰਘ ਨਾਲ ਰੁਬਰੂ ਦਾ ਆਯੋਜਨ 

ਅੰਮ੍ਰਿਤਸਰ( ਕੁਲਜੀਤ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ  ਦੇ ਮਾਣਯੋਗ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ  ਅਤੇ ਡਾ. ਮਨਜਿੰਦਰ ਸਿੰਘ (ਮੁਖੀ,ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੀ ਅਗਵਾਈ ਹੇਠ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਸ੍ਰੀ ਜਰਨੈਲ ਸਿੰਘ ਨਾਲ ਰੁਬਰੂ ਦਾ ਆਯੋਜਨ ਕੀਤਾ ਗਿਆ। ਆਰੰਭ ਵਿੱਚ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਸਵਾਗਤ ਕੀਤਾ ।  ਆਪਣੇ ਸਵਾਗਤੀ ਸ਼ਬਦਾਂ ਵਿਚ ਉਹਨਾਂ ਕਿਹਾ ਕਿ ਪਰਵਾਸ ਕੇਵਲ ਭੌਤਿਕ ਹੀ ਨਹੀਂ ਬਲਕਿ ਇਸ ਤੋਂ ਵੀ ਵਧੇਰੇ ਇਕ ਮਨੋਵਿਗਿਆਨਕ ਵਰਤਾਰਾ ਹੈ। ਇਸ ਲਈ ਵਰਤਮਾਨ ਸਮੇਂ ਵਿੱਚ ਇਸਦਾ ਬਹੁ-ਅਨੁਸ਼ਾਸਨੀ ਅਧਿਐਨ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜਰਨੈਲ ਸਿੰਘ  ਨਾਮਵਰ ਪਰਵਾਸੀ ਪੰਜਾਬੀ ਕਹਾਣੀਕਾਰ ਹਨ । ਉਹਨਾਂ ਦੀਆਂ ਦੀਆ ਕਹਾਣੀਆਂ ਉੱਤਰੀ-ਅਮਰੀਕਾ ਵਿੱਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ। ਉਪਰੰਤ ਸ੍ਰੀ ਜਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਦਾ ਜਨਮ 15 ਜੂਨ 1944 ਨੂੰ, ਜ਼ਿਲਾ ਹੁਸ਼ਿਆਰਪੁਰ  ਵਿਖੇ ਹੋਇਆ। ਦਸਵੀਂ ਤੱਕ ਦੀ ਪੜ੍ਹਾਈ ਉਹਨਾਂ ਨੇ ਨਸਰਾਲਾ ਹਾਈ ਸਕੂਲ ਤੋਂ ਕੀਤੀ। ਹੁਸ਼ਿਆਰ ਵਿਦਿਆਰਥੀ ਹੋਣ ਦੇ ਨਾਤੇ, ਉਹਨਾਂ ਨੇ ਦਸਵੀਂ ਹਾਈ ਫਸਟ ਡਵੀਜ਼ਨ ‘ਚ ਪਾਸ ਕੀਤੀ ਸੀ।ਸਾਹਿਤ ਦੀ ਚੇਟਕ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਹੀ ਲੱਗੀ। ਆਪਣੇ ਦਾਦਾ ਜੀ ਦੀਆਂ ਸੁਣਾਈਆਂ ਬਾਤਾਂ ਤੋਂ ਉਹਨਾਂ ਨੂੰ ਬਿਰਤਾਂਤ ਦੀਆਂ ਕਈ ਬਾਰੀਕੀਆਂ ਦਾ ਪਤਾ ਲੱਗਿਆ। ਉਹਨਾਂ ਦੀ ਅਗਾਂਹ ਪੜ੍ਹਨ ਦੀ ਬਹੁਤ ਰੀਝ ਸੀ ਪਰ ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਾਰਨ ਉਸ ਸਮੇਂ ਉੱਚ-ਸਿੱਖਿਆ ਦੀ ਪੜ੍ਹਾਈ ਨਸੀਬ ਨਾ ਹੋਈ। ਉਹ 1962 ਵਿੱਚ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋ ਗਏ।ਹਵਾਈ ਸੈਨਾ ਵਿਚ ਸ਼ਾਮਿਲ ਹੋ ਕੇ ਉਹਨਾਂ ਨੇ ਯੁੱਧ ਦੀ ਕਰੂਰਤਾ ਨੂੰ ਬੜਾ ਨੇੜਿਉਂ ਤੱਕਿਆ ਹੈ। ਨੌਕਰੀ ਦੇ ਦੌਰਾਨ ਉਹਨਾਂ ਨੂੰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਅਤੇ ਗੁਰਦਿਆਲ ਸਿੰਘ ਦੇ ਨਾਵਲ ਪੜ੍ਹਨ ਦਾ ਮੌਕਾ ਪ੍ਰਾਪਤ ਹੋਇਆ।  ਇਸੇ ਸਿਲਸਿਲੇ ਵਿਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਨਿੱਕੀ ਕਹਾਣੀ ਦੀ ਵਿਧਾ ਮਾਨਵੀ ਸੰਵੇਦਨਾ ਨੂੰ ਅਭਿਵਿਅਕਤ ਕਰਨ ਦਾ ਬੇਹਤਰੀਨ ਮਾਧਿਅਮ ਹੈ। ਉਹਨਾਂ ਦਾ ਵਿਆਹ 1967 ਵਿਚ ਕੁਲਵੰਤ ਕੌਰ ਨਾਲ਼ ਹੋਇਆ। ਉੱਚ-ਵਿਦਿਆ ਦੀ ਰੀਝ, ਉਹਨਾਂ ਏਅਰ ਫੋਰਸ ਦੀ ਸਰਵਿਸ ਕਰਦਿਆਂ ਪੂਰੀ ਕੀਤੀ। ਉਹਨਾਂ ਨੇ ਪਹਿਲਾਂ ਇੰਟਰਮੀਡੀਏਟ, ਉਸ ਤੋਂ ਬਾਅਦ ਬੀ.ਏ ਤੇ ਫਿਰ ਦੋ ਮਾਸਟਰਜ਼ ਅੰਗਰੇਜ਼ੀ ਤੇ ਪੰਜਾਬੀ ਵਿਚ ਕੀਤੀਆਂ । 15 ਸਾਲਾਂ ਬਾਅਦ ਉਸਨੇ ਏਅਰ ਫੋਰਸ ਛੱਡ ਦਿੱਤੀ। ਫਿਰ ਗਿਆਰਾਂ ਸਾਲ, ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਵਿਖੇ ਅਕਾਊਂਟੈਂਟ ਦੇ ਗਰੇਡ ਵਿਚ ‘ਫੀਲਡ ਇਕਨਾਮਿਕਸ ਇਨਵੈਸਟੀਗੇਟਰ’ ਦੀ ਨੌਕਰੀ ਕੀਤੀ। 1988 ਵਿੱਚ ਉਹਨਾਂ ਕੈਨੇਡਾ ਵਿਖੇ ਪਰਵਾਸ ਧਾਰਨ ਕੀਤਾ। ਉਹਨਾਂ ਨੇ ਟਰਾਂਟੋ ਵਿਖੇ ਕਨੇਡਾ ਦੇ ਸਾਬਕਾ ਫੌਜੀਆਂ ਦੀ ਨਾਮਵਰ ਸਕਿਉਰਟੀ ਕੰਪਨੀ ਵਿਚ, ਬਤੌਰ ਸੁਪਰਵਾਈਜ਼ਰ 20 ਸਾਲ ਜ਼ਿੰਮੇਵਾਰੀਆਂ ਨਿਭਾਈਆਂ। ਇਸ ਸਮੇਂ ਸੰਘਰਸ਼, ਕਿਰਤ, ਮਿਹਨਤ, ਅਤੇ ਸੁਹਿਰਦਤਾ ਉਹਨਾਂ ਦੀ ਜ਼ਿੰਦਗੀ ਦੇ ਮੁੱਖ ਸਿਧਾਂਤ ਰਹੇ ਹਨ। ਆਪਣੀ ਸਿਰਜਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਕਹਾਣੀ ਕਲਾ ਦੇ ਤਿੰਨ ਪੜਾਅ ਮੰਨੇ ਜਾ ਸਕਦੇ ਹਨ। ਉਹਨਾਂ ਭਾਰਤ ਵਿਚ ਤਿੰਨ ਕਹਾਣੀ ਸੰਗ੍ਰਹਿ – ‘ਮੈਨੂੰ ਕੀ’, ‘ਮਨੁੱਖ ਤੇ ਮਨੁੱਖ’ ਅਤੇ ‘ਸਮੇਂ ਦੇ ਹਾਣੀ’ ਲਿਖੇ। ਇਹ ਸੰਗ੍ਰਹਿ ਮੁੱਖ ਤੌਰ ‘ਤੇ ਕਿਸਾਨੀ ਤੇ ਫੌਜੀ ਜੀਵਨ ਬਾਰੇ ਹਨ।  ਅਗਲੇ ਤਿੰਨ ਸੰਗ੍ਰਹਿ – ‘ਦੋ ਟਾਪੂ’, ‘ਟਾਵਰਜ਼’ ਅਤੇ ‘ਕਾਲ਼ੇ ਵਰਕੇ’ ਉਹਨਾਂ ਕੈਨੇਡਾ ਵੱਸਦਿਆਂ ਲਿਖੇ ਹਨ।  ਇਹ ਕਹਾਣੀਆਂ ਪੰਜਾਬੀ ਕੈਨੇਡੀਅਨਾਂ ਤੱਕ ਹੀ ਸੀਮਤ ਨਹੀਂ, ਇਨ੍ਹਾਂ ਵਿਚ ਗੋਰੇ ਪਾਤਰ ਵੀ ਭਰਵੇਂ ਰੂਪ ਵਿਚ ਪੇਸ਼ ਹੋਏ ਹਨ। ਉਹਨਾਂ ਦੀਆਂ ਕਹਾਣੀਆਂ ਵਿਚ ਪੂਰਬੀ ਤੇ ਪੱਛਮੀ ਸਭਿਆਚਾਰਾਂ ਵਿਚ ਟਕਰਾਉ-ਤਣਾਉ ਵੀ ਹੈ ਤੇ ਰਲੇਵਾਂ ਵੀ ਹੈ । ਨਿਵੇਕਲੀ ਕਥਾ-ਸ਼ੈਲੀ, ਗਲਪ-ਚੇਤਨਾ ਅਤੇ ਰਚਨਾ-ਦ੍ਰਿਸ਼ਟੀ ਵਾਲ਼ੀਆਂ ਇਹ ਕਹਾਣੀਆਂ ਉਹਨਾਂ ਦੀ ਕਹਾਣੀ-ਕਲਾ ਦਾ ਦੂਜਾ ਪੜਾਅ ਬਣਦੀਆਂ ਹਨ। ਤੀਜੇ ਪੜਾਅ ਦੀਆਂ ਕਹਾਣੀਆਂ ਵਿਚ ਉਹਨਾਂ ਪੂੰਜੀਵਾਦ ਅਤੇ ਨਵ-ਬਸਤੀਵਾਦ ਦੇ ਉਨ੍ਹਾਂ ਕੋਝੇ-ਕਰੂਰ ਮਨੋਰਥਾਂ ਨੂੰ ਬੇਪਰਦ ਕੀਤਾ ਹੈ ਜਿਹੜੇ ਮਨੁੱਖ ਨੂੰ ਉਸਦੇ ਮਾਨਵੀ ਗੁਣਾਂ ਤੇ ਮਾਨਵੀ ਗੌਰਵ ਤੋਂ ਵੰਚਿਤ ਕਰ ਰਹੇ ਹਨ। ਇਹਨਾਂ ਕਹਾਣੀਆਂ ਦਾ ਸੰਬੰਧ ਅੰਤਰਰਾਸ਼ਟਰੀ ਮਸਲਿਆਂ ਨਾਲ਼ ਹੈ। ਇਸ ਤੋਂ ਬਾਅਦ ਡਾ. ਬਲਵਿੰਦਰ ਸਿੰਘ ( ਮੁਖੀ , ਪੰਜਾਬੀ ਵਿਭਾਗ, ਗੁਰੂ ਨਾਨਕ ਖ਼ਾਲਸਾ ਕਾਲਜ, ਡਰੌਲੀ ਕਲਾਂ) ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਕਹਾਣੀਆਂ ਵਿਚ ਉਹਨਾਂ ਨੇ 9/11, ਫੈਸ਼ਨ ਤੇ ਮਾਡਲਿੰਗ ਦੇ ਨਾਂ ਉੱਤੇ ਔਰਤ ਦੇ ਜਿਸਮ ਦੀ ਪ੍ਰਦਰਸ਼ਨੀ, ਗੋਰੇ ਬਸਤੀਵਾਦੀਆਂ ਵੱਲੋਂ ਕੈਨੇਡਾ ਦੇ ਨੇਟਿਵਾਂ ਨਾਲ਼ ਹੋਏ ਅਣਮਨੁੱਖੀ ਵਿਵਹਾਰ, ਅਮਰੀਕਾ ਦੀਆਂ ਅਫਗਾਨਿਸਤਾਨ ਤੇ ਇਰਾਕ ਦੀਆਂ ਜੰਗਾਂ ਦੀ ਅਨੈਤਿਕਤਾ, ਵਾਤਾਵਰਣ ਅਤੇ ਮਨੁੱਖੀ ਆਚਰਣ ਵਿਚ ਫੈਲੇ ਪ੍ਰਦੂਸ਼ਣ, ਖਪਤਵਾਦ ਤੇ ਮੁਨਾਫਾਖੋਰੀ ਆਦਿ ਮਸਲਿਆਂ ਨੂੰ ਗਲਪ ਵਿਚ ਢਾਲ਼ਿਆ ਹੈ। ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਹਰਿੰਦਰ ਕੌਰ ਸੋਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਰਨੈਲ ਸਿੰਘ ਸੁਹਿਰਦਤਾ ਮਿਸਾਲੀ ਅਤੇ ਕਾਬਲ-ਇ-ਤਾਰੀਫ਼ ਹੈ। ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ। ਉਹਨਾਂ ਕਿਹਾ ਕਿ ਜਰਨੈਲ ਸਿੰਘ ਅੰਤਰਰਾਸ਼ਟਰੀ ਮਸਲਿਆਂ ਨਾਲ਼ ਸੰਬੰਧਿਤ ਅਣਛੋਹੇ ਵਿਸ਼ਿਆਂ ਨੂੰ ਕਲਾਤਮਿਕ ਬਿਰਤਾਂਤਕਾਰੀ ਵਿਚ ਢਾਲਣ ਵਾਲਾ ਅਜਿਹਾ ਪਹਿਲਾ ਕਹਾਣੀਕਾਰ ਹੈ, ਜਿਸਨੇ ਪਰਵਾਸੀ ਪੰਜਾਬੀ ਕਹਾਣੀ ਦੇ ਥੀਮਿਕ ਘੇਰੇ ਨੂੰ ਵਿਸ਼ਾਲ ਕੀਤਾ ਹੈ। ਇਸ ਸਮੇਂ ਡਾ. ਰਾਜਵਿੰਦਰ ਕੌਰ, ਸ੍ਰੀ ਪ੍ਰਵੀਨ ਪੁਰੀ (ਡਾਇਰੈਕਟਰ,ਲੋਕ ਸੰਪਰਕ) ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ,ਡਾ. ਅੰਜੂ ਬਾਲਾ,ਪ੍ਰੋ. ਰਵਿੰਦਰ ਕੌਰ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ  ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ

Leave a Reply

Your email address will not be published. Required fields are marked *