ਪੰਥ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਸਾਹਮਣਾ ਸ. ਤੇਜਾ ਸਿੰਘ ਸਮੁੰਦਰੀ ਦੇ ਜਜ਼ਬੇ ਨਾਲ ਕੀਤਾ ਜਾ ਸਕਦਾ ਹੈ: ਹਰਨਾਮ ਸਿੰਘ ਖ਼ਾਲਸਾ ।
ਅੰਮ੍ਰਿਤਸਰ,: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਰੂਹ-ਏ-ਰਵਾਂ, ਪੰਥ ਪ੍ਰਸਿੱਧ ਸੇਵਕ ਅਤੇ ਮਹਾਨ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਨਿਸ਼ਕਾਮ ਸੇਵਾ, ਤਿਆਗ, ਕੁਰਬਾਨੀ ਅਤੇ ਪੰਥਕ ਸਮਰਪਣ ਦੀ ਅਦੁੱਤੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਪੰਥ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਸਾਹਮਣਾ ਵੀ ਉਸੇ ਜਜ਼ਬੇ ਨਾਲ ਕੀਤਾ ਜਾ ਸਕਦਾ ਹੈ, ਜਿਸ ਦੀ ਪ੍ਰੇਰਣਾ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਤੋਂ ਮਿਲਦੀ ਹੈ। ਹਰ ਸਿੱਖ ਨੂੰ ਪੰਥਕ ਏਕਤਾ, ਗੁਰਮਤਿ ਸਿਧਾਂਤਾਂ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਗਏ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਆਪਣੇ ਆਪ ਵਿੱਚ ਉਸ ਮਹਾਨ ਸ਼ਹੀਦ ਦੀ ਸਦੀਵੀ ਯਾਦਗਾਰ ਹੈ, ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਜੀਵਨ ਗੁਰੂ ਘਰ ਅਤੇ ਪੰਥ ਦੀ ਸੇਵਾ ਲਈ ਸਮਰਪਿਤ ਕੀਤਾ, ਪੰਥ ਨੇ ਸਦਾ ਉਨ੍ਹਾਂ ਨੂੰ ਸਿਰਮੌਰ ਸਥਾਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਨੌਜਵਾਨੀ ਵਿੱਚ ਹੀ ਗੁਰਦੁਆਰਾ ਸੁਧਾਰ ਲਹਿਰ, ਰਕਾਬਗੰਜ ਸਾਹਿਬ ਮੋਰਚੇ, ਚਾਬੀਆਂ ਦੇ ਮੋਰਚੇ ਅਤੇ ਹੋਰ ਇਤਿਹਾਸਕ ਸੰਘਰਸ਼ਾਂ ਵਿੱਚ ਅਗਵਾਈ ਭੂਮਿਕਾ ਨਿਭਾਈ। ਅੰਗਰੇਜ਼ ਹਕੂਮਤ ਦੀਆਂ ਜੇਲ੍ਹਾਂ, ਗ੍ਰਿਫ਼ਤਾਰੀਆਂ ਅਤੇ ਜ਼ੁਲਮਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਜਦੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਦਮਦਮੀ ਟਕਸਾਲ ਦੇ ਗਿਆਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਂਵਾਲਿਆਂ ਨਾਲ ਉਨ੍ਹਾਂ ਦੀ ਇਤਿਹਾਸਕ ਮੁਲਾਕਾਤ ਹੋਈ। ਉਸ ਵੇਲੇ ਸਰਦਾਰ ਸਮੁੰਦਰੀ ਨੇ ਸੰਤਾਂ ਨੂੰ ਕੌਮ ਨੂੰ ਜਗਾਉਣ, ਗੁਰਸਿੱਖੀ ਦੇ ਪ੍ਰਚਾਰ ਅਤੇ ਗ਼ੁਲਾਮੀ ਤੋਂ ਮੁਕਤੀ ਲਈ ਵੱਡਾ ਸ਼ਾਂਤਮਈ ਅੰਦੋਲਨ ਚਲਾਉਣ ਦੀ ਅਪੀਲ ਕੀਤੀ। ਇਸ ਸਦਕਾ ਟਕਸਾਲ ਨੇ ਗੁਰਮਤਿ ਪ੍ਰਚਾਰ ਅਤੇ ਪੰਥ ਜਾਗਰੂਕਤਾ ਦਾ ਵਿਸ਼ਾਲ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਾਇਆ।
ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਸਿਰਫ਼ ਮਹਾਨ ਸੰਘਰਸ਼ੀ ਹੀ ਨਹੀਂ, ਸਗੋਂ ਸਿੱਖਿਆ ਅਤੇ ਪੰਥਕ ਪੱਤਰਕਾਰੀ ਦੇ ਵੀ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕੀਤੀ, ਸਰਹਾਲੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਦੀ ਨੀਂਹ ਰੱਖੀ, ਮਾਸਟਰ ਤਾਰਾ ਸਿੰਘ ਵਰਗੇ ਆਗੂਆਂ ਨੂੰ ਅੱਗੇ ਲਿਆਇਆ ਅਤੇ ‘ਅਕਾਲੀ’ ਅਖ਼ਬਾਰ ਰਾਹੀਂ ਪੰਥ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ। ਅੰਗਰੇਜ਼ ਸਰਕਾਰ ਵੱਲੋਂ 40 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ‘ਤੇ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਉਹ ਰਕਮ ਅਦਾ ਕੀਤੀ, ਪਰ ਪੰਥ ਦੀ ਆਵਾਜ਼ ਨੂੰ ਦੱਬਣ ਨਹੀਂ ਦਿੱਤਾ। ਨਾਭਾ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਆਪਣੀ 50 ਏਕੜ ਜ਼ਮੀਨ ਗਿਰਵੀ ਰੱਖ ਕੇ ਪੰਥਕ ਸੰਘਰਸ਼ ਦਾ ਸਾਥ ਦਿੱਤਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਰਦੁਆਰਾ ਐਕਟ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਐਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਲਿਆਉਣ, ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਅਤੇ ਗੁਰੂ ਘਰ ਦੀ ਮਾਇਆ ਨੂੰ ਧਰਮ ਪ੍ਰਚਾਰ ਤੇ ਲੋਕ ਭਲਾਈ ਲਈ ਵਰਤਣ ਵਰਗੀਆਂ ਇਤਿਹਾਸਕ ਸੋਧਾਂ ਲਈ ਸਰਦਾਰ ਸਮੁੰਦਰੀ ਨੇ ਅਹਿਮ ਭੂਮਿਕਾ ਨਿਭਾਈ। ਇਹ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਪੰਥਕ ਸੋਚ ਦਾ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ 17 ਜੁਲਾਈ 1926 ਨੂੰ ਲਾਹੌਰ ਜੇਲ੍ਹ ਵਿੱਚ ਸਾਜ਼ਿਸ਼ੀ ਹਾਲਾਤਾਂ ਵਿੱਚ ਕੇਵਲ 44 ਸਾਲ ਦੀ ਉਮਰ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸ਼ਹਾਦਤ ਪ੍ਰਾਪਤ ਕਰਕੇ “ਮੈਂ ਮਰਾਂ, ਪੰਥ ਜੀਵੇ” ਦੇ ਸਿਧਾਂਤ ਨੂੰ ਆਪਣੇ ਜੀਵਨ ਨਾਲ ਸਾਕਾਰ ਕਰ ਦਿੱਤਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਆਯੋਜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬਾਨ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਸ਼ਹੀਦਾਂ ਦੇ ਜੀਵਨ, ਕੁਰਬਾਨੀਆਂ ਅਤੇ ਪੰਥਕ ਆਦਰਸ਼ਾਂ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਹਰ ਸਿੱਖ ਲਈ ਸਦਾ ਪ੍ਰੇਰਣਾ ਸਰੋਤ ਰਹੇਗਾ।
